ਮੰਡੀਆਂ ਚ ਜੱਟ ਰੁਲਦਾ - ਸੁਖਪਾਲ ਸਿੰਘ ਗਿੱਲ

ਉਂਝ ਤਾਂ ਰੁਲਣਾ ਸ਼ਬਤ ਜੱਟ ਦੀ ਕਿਸਮਤ ਦਾ ਵਰਕਾ ਹੀ ਹੈ।ਜੱਟ ਇੱਕ ਕਿੱਤਾ ਅਤੇ ਵਿਚਾਰਧਾਰਾ ਹੀ ਹੁੰਦੀ ਹੈ ਜੋ ਖੇਤੀ ਤੇ ਨਿਰਭਰ ਹੈ।ਸੁਵੱਖਤੇ ਤੋਂ ਆਥਣ ਤੱਕ ਦੁਨਿਆਵੀਂ ਨਿਤਨੇਮ ਵਾਂਗ  ਕਿਸਾਨ ਅਤੇ ਸੁਆਣੀ ਘਰਾਂ, ਖੇਤਾਂ ਅਤੇ ਮੰਡੀਆਂ ਵਿੱਚ ਰੁਲਦੇ ਹੋਏ ਮਨੁੱਖਤਾ ਦਾ ਢਿੱਡ ਭਰਦੇ ਹਨ।ਗੋਹਾ-ਕੂੜਾ, ਰੋਟੀ-ਟੁੱਕ, ਭਾਂਡੇ-ਟੀਂਡੇ ਅਤੇ ਖੇਤਾਂ ਦਾ ਗੇੜਾ ਕਿਸਾਨੀ ਜਿੰਦਗੀ ਦਾ ਅੰਗ ਹਨ, ਇਹਨਾਂ ਬਦਲੇ ਮਿਹਨਤਾਨਾ ਘੱਟ ਮਿਲਦਾ ਹੈ। ਰੋਜ਼ੀ ਰੋਟੀ ਦੀ ਚਿੰਤਾ ਦਾ ਅਲਾਰਮ ਰਾਤਾਂ ਦੀ ਨੀਂਦ ਹਰਾਮ ਕਰ ਦਿੰਦਾ ਹੈ। ਕਿਸਾਨੀ ਦਾ ਸਿਰੜ, ਪਹਿਰੇਦਾਰੀ, ਅਣਸੋਧੇ ਸਾਹੇ ਅਤੇ ਅਣ ਕਿਆਸੀਆਂ ਅਲਾਮਤਾਂ ਕਿਸਾਨ ਦਾ ਸਮਾਂ ਅਤੇ ਸਬਰ ਮੰਗਦੇ ਹਨ। ਆਦਿ ਕਾਲ ਤੋਂ ਕਿਸਾਨ ਆਪਣੀ ਫ਼ਸਲ ਨੂੰ ਸਮੇਂ ਦੀ ਮੰਗ ਅਨੁਸਾਰ ਵੇਚ ਵੱਟ ਕਰਦੇ ਹਨ। ਪੁਰਾਤਨ ਸਮੇਂ ਕਿਸਾਨ ਜਿਣਸ ਨੂੰ ਆਪਣੇ ਆਲੇ ਦੁਆਲੇ, ਪ੍ਰਚੂਨ ਰੂਪ ਵਿੱਚ ਘਰੋਂ ਲੌੜੀਂਦੇ ਸਮਾਨ ਲੈਣ ਲਈ ਵੇਚਦੇ ਸਨ। ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਮਾਨ ਚੀਜ਼ਾਂ  ਦਾਣਿਆਂ ਦੀ ਆਧੀ ਜਾਂ ਦਾਣਿਆਂ ਦੇ ਬਰਾਬਰ ਲੈ ਕੇ ਜੀਵਨ ਜੀਉਂਦੇ ਸਨ। ਹੌਲੀ ਹੌਲੀ ਸੁਧਾਰ ਸ਼ੁਰੂ ਹੋਏ, ਇਸ ਦੇ ਨਤੀਜੇ ਵਜੋਂ ਜੱਟਾਂ ਦੀ ਜਿਣਸ ਨੂੰ ਸਹੀ ਢੰਗ ਨਾਲ ਵੇਚਣ ਲਈ ਮੰਡੀਆਂ ਦੀ ਸ਼ੁਰੂਆਤ ਹੋਈ ਜੋ ਅੱਜ ਤੱਕ ਜਾਰੀ ਹੈ।
 ਹਰੀਕ੍ਰਾਂਤੀ  ਨੇ ਜਿਣਸਾਂ ਦੀ ਫ਼ਸਲ ਭਰਭੂਰਤਾ  ਅਤੇ ਨਵੀਂਆਂ ਤਕਨੀਕਾਂ ਨਾਲ ਮੰਡੀਆਂ ਨੂੰ ਹੁਲਾਰਾ ਦੇ ਕੇ ਲੋੜ ਮਹਿਸੂਸ ਕਰਵਾਈ। ਮੰਡੀਆਂ ਨੇ ਜੱਟਾਂ ਦੀਆਂ ਜਿਣਸਾਂ ਨਾਲ ਮਿਲ ਕੇ ਸੱਭਿਆਚਾਰ ਨੂੰ ਹੋਰ ਵੀ ਪੑਫੁੱਲਿਤ ਕੀਤਾ। ਪੰਜਾਬ ਵਿੱਚ ਮੰਡੀਆਂ ਰਾਹੀਂ ਕਣਕ ਅਤੇ ਝੋਨਾ ਤੈਅ ਕੀਤੇ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦਿਆ ਜਾਂਦਾ ਹੈ। ਇਸ ਪਿੱਛੇ ਪੰਜਾਬ ਮੰਡੀ ਬੋਰਡ ਅਤੇ ਪੰਜਾਬ ਖੇਤੀਬਾੜੀ ਐਕਟ 1961 ਕੰਮ ਕਰਦਾ ਹੈ। ਇਸੇ ਕਰਕੇ ਕਿਸਾਨ ਨੂੰ ਆਪਣੀ ਫ਼ਸਲ ਦੀ ਵਿੱਕਰੀ ਸਰੁੱਖਿਤ ਵੀ ਲੱਗਣ ਲੱਗੀ।ਜੱਟ ਦੀ ਜਿਣਸ  ਆਪਣੇ ਆਖਰੀ ਪੜਾਅ ਤੇ ਮੰਡੀ ਵਿੱਚ ਪਹੁੰਚਣ ਨਾਲ ਚਿੰਤਾ ਮੁਕਤੀ ਦੀ ਸੰਭਾਵਨਾ ਵਧ ਜਾਂਦੀ ਹੈ। ਫ਼ਸਲ ਬੀਜਣ, ਵੱਢਣ ਅਤੇ ਵੇਚਣ ਤੱਕ ਘਰ ਦੀ ਸੁਆਣੀ ਦਾ ਵੱਡਾ ਯੋਗਦਾਨ ਹੁੰਦਾ ਹੈ। ਇੱਥੇ ਕਹਾਵਤ ਵੀ ਢੁੱਕਦੀ ਹੈ, "ਕਿਸੇ ਕਾਮਯਾਬ ਮਨੁੱਖ ਦੇ ਪਿੱਛੇ, ਇੱਕ ਔਰਤ ਦਾ ਹੱਥ ਹੁੰਦਾ ਹੈ " ਜੇ ਕਿਸਾਨ ਅਤੇ ਸੁਆਣੀ ਨੂੰ ਕੀਤੀ ਮਿਹਨਤ ਦਾ ਮੁੱਲ ਨਾ ਮਿਲੇ ਅਤੇ ਮਿਹਨਤ ਨਾਲ ਤਿਆਰ ਕੀਤੀ ਫ਼ਸਲ ਸਰੁੱਖਿਤ ਨਾ ਹੋਵੇ ਤਾਂ ਛਿਮਾਹੀ ਦਾ ਬੋਝ ਦੁੱਗਣਾ ਹੋ ਜਾਂਦਾ ਹੈ। ਇਸ ਨਾਲ ਆਰਥਿਕ ਅਤੇ ਸਿਹਤ ਪੱਖ ਝੰਜੋੜੇ ਜਾਂਦੇ ਹਨ।
  ਹਾੜੀ ਅਤੇ ਸਾਉਣੀ ਦੀ ਫ਼ਸਲ ਹਰ ਵਾਰ ਸਮੇਂ ਤੇ ਸਹੀ ਤਰੀਕੇ ਨਾਲ ਨਾ ਵਿਕਣ ਕਰਕੇ ਚਰਚਾ ਵਿੱਚ ਰਹਿੰਦੀ ਹੈ। ਇਸ ਨਾਲ ਕਿਸਾਨ ਅਤੇ ਸਰਕਾਰ ਆਪਣੀ ਮਜਬੂਰੀ ਕਰਕੇ ਆਹਮਣੇ ਸਾਹਮਣੇ ਰਹਿੰਦੇ ਹਨ। ਆਨੇ ਬਹਾਨੇ, ਲਟਕਵੀਂ ਅਤੇ ਖੱਜਲ ਖੁਆਰੀ ਨਾਲ ਫ਼ਸਲਾਂ ਚੁੱਕਣ ਦਾ ਤਾਂ ਰਿਵਾਜ਼ ਹੀ ਪੈ ਗਿਆ ਹੈ। ਛਿਮਾਹੀ ਤੇ ਲਿਫ਼ਟਿੰਗ ਦੀ ਔਝੜ ਅਤੇ ਔਕੜ ਨਾਲ ਛੇ ਮਹੀਨੇ ਦੀਆਂ ਕਿਸਾਨ ਹਿਤੈਸ਼ ਵਾਲੀਆਂ ਸਰਕਾਰੀ ਸਹੂਲਤਾਂ, ਸੁਝਾਅ ਅਤੇ ਉੱਪਰਾਲਿਆਂ ਤੇ ਪਾਣੀ ਫਿਰ ਜਾਂਦਾ ਹੈ। ਜੱਟ ਮਿਹਨਤ, ਇਤਬਾਰ ਅਤੇ ਇੰਤਜਾਰ ਦਾ ਸੁਭਾਅ ਚੱਕੀ ਫਿਰਨ ਕਰਕੇ ਵੀ  ਮੰਡੀਆਂ ਵਿੱਚ ਮੰਡੀਆਂ ਵਿੱਚ ਖੱਜਲ ਹੁੰਦਾ ਹੈ। ਮੰਡੀ ਦੀ ਸਥਿੱਤੀ ਸਰਕਾਰ ਅਤੇ ਕੁਦਰਤ ਦੇ ਰਹਿਮੋ ਕਰਮ ਤੇ ਨਿਰਭਰ ਕਰਦੀ ਹੈ। ਜੇ ਇਹ ਦੋਨੋਂ ਨਰਾਜ਼ ਹੋ ਜਾਣ ਤਾਂ ਕਿਸਾਨ ਖ਼ੁਦਕੁਸ਼ੀ ਦੇ ਰਾਹ ਤੁਰ ਪੈਂਦਾ ਹੈ। ਮੰਡੀਆਂ ਵਿੱਚ ਹੋਰ ਵੀ ਚਾਲਬਾਜੀਆਂ ਅਤੇ ਤਰੁੱਟੀਆਂ ਹੁੰਦੀਆਂ ਹਨ, ਇਹ ਕਿਸਾਨੀ ਸੂਝ ਤੋਂ ਬਾਹਰ ਹੁੰਦੀਆਂ ਹਨ। ਕਿਸਾਨ ਦੀ ਦਸਾਂ ਨਹੂੰਆਂ ਦੀ ਕਿਰਤ ਹੀ ਇਸ ਨੂੰ ਅੰਨਦਾਤੇ ਦਾ ਰੁੱਤਬਾ ਦਿੰਦੀ ਹੈ। ਇਸ ਲਈ ਧਾਰਮਿਕ ਉਪਦੇਸ਼ ਵੀ ਹੈ, " ਕੰਮ ਕਰੇ ਜੋ ਹਿੱਤੂ ਨਿਰਮਲ ਉਹੀ ਹੈ, ਸੰਨਿਆਸੀ ਯੋਗੀ ਕੇਵਲ ਅਗਨੀ ਦਿ੍ਆਂ ਤਿਆਗੀ ਬਣ ਨਾ ਸਕੇ ਹਰਗਿਜ਼ ਧਰਮੀ"
 ਐਂਤਕੀ ਵੀ ਮੰਡੀਆਂ ਚ ਲੱਗੇ ਅੰਬਾਰ ਸਰਕਾਰ ਦੀ ਸਾਰਥਿਕ ਪਹੁੰਚ ਕਰਕੇ ਵੀ ਚਰਚਾ ਵਿੱਚ ਹਨ। ਇਹ ਸਮੱਸਿਆ ਯੱਕਲਖ਼ਤ ਨਹੀਂ ਆਉਂਦੀ ਇਸ ਪਿੱਛੇ ਲੰਬਾ ਪੈਂਡਾ ਹੁੰਦਾ ਹੈ। ਇਹ ਕੰਮ ਤਾਂ ਭਵਿੱਖੀ ਸੁਚੇਤਤਾ ਮੰਗਦਾ ਹੈ। " ਗੱਲ ਵਿਹੜੇ ਆਈ ਜੰਨ੍ਹ ਵਿੰਨੋ ਕੁੜੀ ਦੇ ਕੰਨ" ਵਾਲੀ ਨਹੀਂ ਹੋਣੀ ਚਾਹੀਦੀ। ਅੰਕੜੇ ਦੱਸਦੇ ਹਨ ਕਿ ਅਕਤੂਬਰ ਢੱਲਦੇ ਦੂਜੇ ਪੰਦਰਵਾੜੇ ਵਿੱਚ 24.43 ਲੱਖ ਮੀਟਰਿਕ ਟੰਨ ਝੋਨੇ ਦੀ ਫ਼ਸਲ ਮੰਡੀਆਂ ਚ ਆਈ। 21.93  ਮੀਟਰਿਕ ਟੰਨ ਤੇ ਸਰਕਾਰੀ ਮਿਹਰ ਹੋਈ। ਚਿੰਤਾ ਅਤੇ ਅਸਰੁੱਖਿਆ ਤਾਂ ਲੱਗਦੀ ਹੈ ਕਿ ਮੰਡੀ ਵਿੱਚੋਂ ਚੁੱਕੀ ਫ਼ਸਲ ਦਾ ਅੰਕੜਾ 15.69 ਮੀਟਰਿਕ ਟੰਨ ਹੈ। ਪਿਛਲੇ ਵਰੇ 7.96 ਲੱਖ ਕਿਸਾਨ ਝੋਨੇ ਦੇ ਪਿੜ ਵਿੱਚ ਨਿੱਤਰੇ, ਪਰ ਇਸ ਵਾਰ ਘੱਟ ਕਿਸਾਨ ਨਿੱਤਰੇ। ਮੰਡੀਆਂ ਚ ਰੁਲਦੀ ਫ਼ਸਲ ਨਾਲ ਜਿੱਥੇ ਕਿਸਾਨ ਰੁਲਦਾ ਹੈ, ਉੱਥੇ ਭਵਿੱਖੀ ਅਲਾਮਤਾਂ ਵੀ ਜੁੜੀਆਂ ਹਨ। ਤਿਓਹਾਰਾਂ ਦੇ ਦਿਨ, ਪਰਾਲੀ ਦੀ ਸਾਂਭ ਸੰਭਾਲ ਅਤੇ ਕਣਕ ਦੀ ਬਿਜਾਈ ਵੀ ਪੑ੍ਭਾਵਿਤ ਹੋਵੇਗੀ। ਸਰਕਾਰ ਹਰ ਸਾਲ ਪੂਰੇ ਉਪਰਾਲੇ ਫਸਲ ਦੀ ਲਿਫ਼ਟਿੰਗ ਲਈ ਕਰਦੀ ਹੈ, ਇਸ ਵਾਰ ਵੀ ਮੁੱਖ ਮੰਤਰੀ ਸਾਹਿਬ ਨੇ ਵਿਸੇਸ਼ ਮੀਟਿੰਗਾਂ ਕੀਤੀਆਂ। ਮੰਡੀਆਂ ਵਿੱਚ ਭਟਕੇ ਪੰਛੀ ਵਾਲੇ ਲੱਛਣ ਮੀਡੀਆ ਦੱਸ ਰਿਹਾ ਹੈ। ਕਿਸਾਨ ਦਾ ਸੱਭਿਆਚਾਰ ਖੇਤੀ, ਫ਼ਸਲਾਂ, ਪਸੂ ਧੰਨ ਆਦਿ ਉੱਤੇ ਸਿਰਜਿਆ ਜਾਂਦਾ ਹੈ। ਇਸੇ ਲਈ ਖੇਤਾਂ, ਮੰਡੀਆਂ ਵਿੱਚ ਜੱਟ, ਘਰੇ ਚੁੱਲੇ ਮੂਹਰੇ ਸੁਆਣੀ ਦੇ ਰੁਲਣ ਦੀ ਦਾਸਤਾਨ ਸੱਭਿਆਚਾਰ ਵਿੱਚ ਗੂੰਜਦੀ ਹੈ, " ਮੰਡੀਆਂ ਚ ਜੱਟ ਰੁਲਦਾ ਚੁੱਲੇ ਮੂਹਰੇ ਰੁਲਦੀ ਰਕਾਨ "
   ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ ਰੂਪਨਗਰ
9878111445