ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
28.10.2024
ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰੇਗੀ- ਕੈਪਟਨ ਅਮਰਿੰਦਰ ਸਿੰਘ
ਕੈਪਟਨ ਜੀ, ਕੇਂਦਰ ਤੋਂ ਏਨਾ ਹੀ ਪੁੱਛ ਕੇ ਦਸ ਦਿਉ ਕਿ ਉਨ੍ਹਾਂ ਨੇ ਪਿਛਲੇ ਸਾਲ ਦਾ ਸਟਾਕ ਕਿਉਂ ਨਹੀਂ ਚੁੱਕਿਆ?
ਬਾਦਲ ਅਕਾਲੀ ਦਲ ਜਥੇਦਾਰਾਂ ਦੇ ਫ਼ੈਸਲੇ ਨੂੰ ਢਾਲ ਬਣਾ ਕੇ ਚੋਣਾਂ ਤੋਂ ਭੱਜਿਆ- ਮਾਲਵਿੰਦਰ ਸਿੰਘ ਕੰਗ
ਖਾਲੀ ਘੋੜੀ ਹਿਣਕਦੀ, ਉੱਤੇ ਨਹੀਂ ਦੀਂਹਦਾ ਵੀਰ ਸੁਖਬੀਰ।
ਦਿੱਲੀ ‘ਚ ਹੋਏ ਕਿਸਾਨ ਅੰਦੋਲਨ ਦਾ ਬਦਲਾ ਪੰਜਾਬ ਤੋਂ ਲੈ ਰਹੀ ਹੈ ਭਾਜਪਾ- ਹਰਪਾਲ ਚੀਮਾ
ਜੱਗ ਭਾਵੇਂ ਕਰੇ ਨਿੰਦਿਆ, ਸੱਸ ਪਿੱਟਣੀ ਪੰਜੇਬਾਂ ਪਾ ਕੇ।
ਭਾਜਪਾ ਦਾ ਕਿਸਾਨ ਵਿਰੋਧੀ ਚੇਹਰਾ ਆਇਆ ਸਾਹਮਣੇ- ਕੁਮਾਰੀ ਸ਼ੈਲਜਾ
ਬੀਬੀ ਜੀ, ਬੜੀ ਦੇਰ ਬਾਅਦ ਦਿਸਿਆ ਤੁਹਾਨੂੰ ਇਹ ਚੇਹਰਾ।
ਐਤਕੀਂ ਦਿਲਚਸਪ ਹੋਣਗੇ ਸ਼੍ਰੋਮਣੀ ਕਮੇਟੀ ਦੇ ਚੋਣ ਨਤੀਜੇ- ਇਕ ਖ਼ਬਰ
ਕੁੰਢੀਆਂ ਦੇ ਸਿੰਙ ਫ਼ਸਣੇ, ਕੋਈ ਨਿੱਤਰੂ ਵੜੇਵੇਂ ਖਾਣੀ।
ਨਸ਼ਾ ਤੇ ਗੈਂਗਸਟਰਵਾਦ ਰੋਕਣ ’ਚ ਨਾਕਾਮ ਰਹੀ ਹੈ ਸੂਬਾ ਸਰਕਾਰ- ਬੀਬੀ ਜਤਿੰਦਰ ਕੌਰ
ਬੀਬੀ ਜੀ, ਤੁਹਾਡੇ ਮੁੱਖ ਮੰਤਰੀ ਨੇ ਤਾਂ ਇਕ ਮਹੀਨੇ ‘ਚ ਇਨ੍ਹਾਂ ਦਾ ਲੱਕ ਤੋੜਨ ਦੀ ਸਹੁੰ ਚੁੱਕੀ ਸੀ।
ਨਾਮ ਲਿਖਣ ‘ਚ ਪੰਜਾਬੀ ਭਾਸ਼ਾ ਨੂੰ ਪਹਿਲ ਦਿਤੀ ਜਾਵੇ- ਜਿਲ੍ਹਾ ਭਾਸ਼ਾ ਅਫ਼ਸਰ
ਸਿਰਫ਼ ਨਾਮ ਲਿਖਣ ‘ਚ ਹੀ ਪਹਿਲ ਕਿਉਂ, ਬਾਕੀ ਥਾਈਂ ਪੰਜਾਬੀ ਦੰਦੀਆਂ ਵੱਢਦੀ ਐ।
ਮੇਰੇ ਕੋਲ ਸਿਆਸਤ ‘ਚ 35 ਸਾਲਾਂ ਦਾ ਤਜਰਬਾ ਹੈ- ਪ੍ਰਿਅੰਕਾ ਗਾਂਧੀ
ਮੈਨੂੰ ਨਰਮ ਕੁੜੀ ਨਾ ਜਾਣੀ, ਲੜ ਜੂੰ ਭ੍ਰਿੰਡ ਬਣ ਕੇ।
ਭਾਜਪਾ ਨੇ ਠੰਡਲ ਨੂੰ ਅਕਾਲੀ ਦਲ ’ਚੋਂ ਨਿੱਕਲਦਿਆਂ ਸਾਰ ਹੀ ਚੱਬੇਵਾਲ ਤੋਂ ਉਮੀਦਵਾਰ ਐਲਾਨਿਆਂ-ਇਕ ਖ਼ਬਰ
ਝੱਟ ਮੰਗਣੀ, ਪੱਟ ਸ਼ਾਦੀ।
ਅਕਾਲੀ ਦਲ ਵਲੋਂ ਚੋਣ ਨਾ ਲੜਨ ਦਾ ਫ਼ੈਸਲਾ ਨਮੋਸ਼ੀ ਵਾਲ਼ੀ ਗੱਲ- ਭਾਈ ਮਨਜੀਤ ਸਿੰਘ
ਹੁਣ ਤੂੰ ਕਿਧਰ ਗਿਆ, ਜੇਠ ਬੋਲੀਆਂ ਮਾਰੇ।
ਗਰਾਂਟਾਂ ਦੇਣ ‘ਚ ਕੋਈ ਕਮੀ ਨਹੀਂ ਛੱਡੀ ਜਾਵੇਗੀ- ‘ਆਪ’ ਵਿਧਾਇਕ ਰਾਇ
ਚੋਰਾਂ ਦੇ ਕੱਪੜੇ, ਡਾਂਗਾਂ ਦੇ ਗਜ਼।
ਸੁਖਬੀਰ ਬਾਦਲ ਵੀਰ ਜੀ ਚੋਣ ਮੈਦਾਨ ਛੱਡ ਕੇ ਨਾ ਭੱਜੋ-ਅੰਮ੍ਰਿਤਾ ਵੜਿੰਗ
ਜੇ ਤੂੰ ਚੁੰਘੀਆਂ ਬੂਰੀਆਂ ਤਾਂ ਵਿਚ ਮੈਦਾਨੇ ਆ।
ਕੇਂਦਰ ਸਰਕਾਰ ਨੇ ਇਕ ਸਾਜ਼ਿਸ਼ ਅਧੀਨ ਪੰਜਾਬ ‘ਚ ਝੋਨੇ ਦੀ ਸਮੱਸਿਆ ਪੈਦਾ ਕੀਤੀ- ਪਰਤਾਪ ਸਿੰਘ ਬਾਜਵਾ
ਕੁੜਤਾ ਹਰੀ ਦਰਿਆਈ ਦਾ ਵੇ, ਤੈਨੂੰ ਇਸ਼ਕ ਵੱਡੀ ਭਰਜਾਈ (ਕਾਰਪੋਰੇਟ) ਦਾ ਵੇ।
ਮੋਗਾ ‘ਚ ਕਿਸਾਨ ਅਤੇ ਵਪਾਰੀ ਆਪਸ ‘ਚ ਭਿੜੇ, ਆੜ੍ਹਤੀਆ ਐਸੋਸੀਏਸ਼ਨ ਦਾ ਆਗੂ ਜ਼ਖ਼ਮੀ- ਇਕ ਖ਼ਬਰ
ਚੰਦ ਕੌਰ ਚੱਕਵਾਂ ਚੁੱਲ੍ਹਾ, ਕਿਤੇ ਯਾਰਾਂ ਨੂੰ ਭਿੜਾ ਕੇ ਮਾਰੂ।
ਜਥੇਦਾਰ ਦੀ ਚੇਤਾਵਨੀ ਤੋਂ ਬਾਅਦ ਰਾਜਾ ਵੜਿੰਗ ਨੇ ਮੰਗੀ ਮੁਆਫ਼ੀ- ਇਕ ਖ਼ਬਰ
ਬੜ੍ਹਕਾਂ ਕਿਉਂ ਮਾਰਦੈਂ? ਅਸੀਂ ਸਾਨ੍ਹ ਹੁੰਨੇ ਆਂ! ਹੁਣ ਮੋਕ ਕਿਉਂ ਮਾਰਦੈਂ? ਗਊ ਦਾ ਜਾਇਆ ਜੁ ਹੋਇਆ।
------------------------------------------------------------------------------------------------------------------------