ਮਹਾਂ-ਦਾਨੀ - ਨਿਰਮਲ ਸਿੰਘ ਕੰਧਾਲਵੀ
ਮੈਂ ਆਪਣੇ ਦੋਸਤ ਨਾਲ਼ ਉਸ ਦੇ ਜਾਣੂੰ, ਇਕ ਬਹੁਤ ਹੀ ਅਮੀਰ ਪਰਵਾਰ ਦੇ ਘਰੇ ਬੈਠਾ ਸਾਂ, ਜਿਨ੍ਹਾਂ ਦਾ ਕਾਫ਼ੀ ਵੱਡਾ ਕਾਰੋਬਾਰ ਹੈ। ਅਜੇ ਥੋੜ੍ਹਾ ਚਿਰ ਹੀ ਬੈਠਿਆਂ ਨੂੰ ਹੋਇਆ ਸੀ ਕਿ ਦਰਵਾਜ਼ੇ ‘ਤੇ ਘੰਟੀ ਖੜਕੀ। ਘਰ ਦੇ ਮਾਲਕ ਨੇ ਉਨ੍ਹਾਂ ਦੀ ਪੁੱਛ-ਗਿੱਛ ਕੀਤੀ ਅਤੇ ਸੀ.ਸੀ.ਟੀ.ਵੀ. ਤੋਂ ਚੰਗੀ ਤਰ੍ਹਾਂ ਉਨ੍ਹਾਂ ਦੀਆਂ ਸ਼ਕਲਾਂ ਦੇਖਣ ਤੋਂ ਬਾਅਦ ਇਲੈਕਟਰਾਨਿਕ ਦਰਵਾਜ਼ਾ ਖੋਲ੍ਹਿਆ ਤਾਂ ਦੋ ਸੱਜਣ ਅੰਦਰ ਆਏ। ਜਾਣ ਪਛਾਣ ਤੋਂ ਪਤਾ ਚਲਿਆ ਕਿ ਆਉਣ ਵਾਲੇ ਦੋਵੇਂ ਸੱਜਣ ਇਕ ਚੈਰਿਟੀ ਸੰਸਥਾ ਨਾਲ ਸਬੰਧਤ ਸਨ ਜਿਹੜੀ ਇਥੇ ਅਤੇ ਪੰਜਾਬ ਵਿਚ ਅਨੇਕਾਂ ਹੀ ਲੋੜਵੰਦ ਪਰਵਾਰਾਂ ਦੀ ਸਹਾਇਤਾ ਕਰਦੀ ਹੈ ਤੇ ਉਹ ਇਸੇ ਸਬੰਧ ਵਿਚ ਮਾਇਆ ਇਕੱਤਰ ਕਰ ਰਹੇ ਸਨ।
ਉਨ੍ਹਾਂ ਨੇ ਅੰਗਰੇਜ਼ੀ ਤੇ ਪੰਜਾਬੀ ‘ਚ ਲਿਖੇ ਹੋਏ ਪੈਂਫ਼ਲਿਟ ਦਿਤੇ ਜਿਨ੍ਹਾਂ ‘ਚ ਕੀਤੇ ਗਏ ਕੰਮਾਂ ਦੇ ਅਤੇ ਚਲ ਰਹੇ ਪਰਾਜੈਕਟਾਂ ਬਾਰੇ ਵੇਰਵੇ ਦਿਤੇ ਹੋਏ ਸਨ। ਉਨ੍ਹਾਂ ਨੇ ਬੜੀ ਨਿਮਰਤਾ ਨਾਲ ਘਰ ਦੇ ਮਾਲਕ ਮੀਆਂ ਬੀਵੀ ਨੂੰ ਵਧ ਚੜ੍ਹ ਕੇ ਮਾਇਆ ਦਾ ਯੋਗਦਾਨ ਪਾਉਣ ਲਈ ਬੇਨਤੀ ਕੀਤੀ।
ਘਰ ਦਾ ਮਾਲਕ, ਜੋ ਕਿ ਵੱਡੀ ਸਾਰੀ ਟੀ.ਵੀ.ਸਕਰੀਨ’ਤੇ ਕਰਿਕਟ ਦਾ ਮੈਚ ਵੇਖਣ ‘ਚ ਮਸਰੂਫ਼ ਸੀ, ਖੰਘੂਰਾ ਮਾਰ ਕੇ ਕਹਿਣ ਲੱਗਾ, “ ਅਸੀਂ ਤਾਂ ਜੀ ਚੈਰਿਟੀ ਦੇ ਕੰਮਾਂ ‘ਚ ਪਹਿਲਾਂ ਹੀ ਬਹੁਤ ਹਿੱਸਾ ਪਾ ਰਹੇ ਹਾਂ,” ਕਹਿ ਕੇ ਉਸ ਨੇ ਆਪਣੀ ਪਤਨੀ ਵਲ ਵੇਖਿਆ ਜਿਵੇਂ ਆਪਣੀ ਗੱਲ ‘ਤੇ ਮੋਹਰ ਲੁਆਉਣੀ ਚਾਹੁੰਦਾ ਹੋਵੇ। ਮੇਰੇ ਦੋਸਤ ਨੇ ਪੁੱਛ ਹੀ ਲਿਆ ਕਿ ਉਹ ਕਿਹੜੀ ਚੈਰਿਟੀ ਦੀ ਸਹਾਇਤਾ ਕਰਦੇ ਹਨ।
ਘਰ ਦੀ ਮਾਲਕਣ ਬੋਲੀ, “ ਭਾ ਜੀ, ਸਾਡੇ ਘਰ ਦੇ ਨਾਲ਼ ਹੀ ਯੂਨੀਵਰਸਿਟੀ ਦੀ ਗਰਾਊਂਡ ਲਗਦੀ ਹੈ, ਮੈਂ ਤੇ ਤੇਰੇ ਭਾ ਜੀ, ਅਸੀਂ ਦੋਵੇਂ ਜਣੇ ਸਵੇਰੇ ਸ਼ਾਮ ਉਥੇ ਸੈਰ ਕਰਨ ਜਾਂਦੇ ਹਾਂ। ਯੂਨੀਵਰਸਿਟੀ ‘ਚ ਪੜ੍ਹਦੇ ਬੱਚੇ ਵੀ ਉਥੇ ਘੁੰਮਣ ਫਿਰਨ ਆਉਂਦੇ ਹਨ, ਤੁਹਾਨੂੰ ਤਾਂ ਪਤਾ ਈ ਐ ਕਿ ਅੱਜ ਕਲ ਦੇ ਬੱਚੇ ਥੋੜ੍ਹੀ ਬਹੁਤੀ ਡਿਗੀ ਹੋਈ ਚੇਂਜ ਦੀ ਤਾਂ ਪ੍ਰਵਾਹ ਹੀ ਨਹੀਂ ਕਰਦੇ। ਅਸੀਂ ਉਹ ਚੇਂਜ ਇਕੱਠੀ ਕਰਦੇ ਰਹੀਦਾ ਤੇ ਮਨੀ-ਬਾਕਸ ‘ਚ ਪਾਈ ਜਾਈਦੀ ਐ। ਸਾਲ ਬਾਅਦ ਤਕਰੀਬਨ ਪੱਚੀ ਤੀਹ ਪੌਂਡ ਇਕੱਠੇ ਹੋ ਜਾਂਦੇ ਐ ਤੇ ਇਹ ਸਾਰੇ ਪੈਸੇ ਅਸੀਂ ਦੋ ਤਿੰਨ ਚੈਰਿਟੀਆਂ ਨੂੰ ਬਰਾਬਰ ਬਰਾਬਰ ਵੰਡ ਦਿੰਨੇ ਆਂ। ਵੀਰ ਜੀ, ਸਹੁੰ ਬਾਬੇ ਦੀ ਸਾਨੂੰ, ਜੇ ਅਸੀਂ ਇਨ੍ਹਾਂ ਪੈਸਿਆਂ ‘ਚੋਂ ਕਦੀ ਇਕ ਪੈਨੀ ਵੀ ਰੱਖੀ ਹੋਵੇ,” ਇੰਨਾ ਕਹਿ ਕੇ ਉਸ ਨੇ ਬੜੇ ਜੇਤੂ ਅੰਦਾਜ਼ ਨਾਲ਼ ਆਪਣੇ ਪਤੀ ਵਲ ਦੇਖਿਆ।
ਸਮਾਜ ਸੇਵੀ ਸੱਜਣਾਂ ਨੇ ਇਕ ਦੂਜੇ ਨੂੰ ਇਸ਼ਾਰਾ ਕੀਤਾ ਤੇ ਸਾਰਿਆਂ ਨੂੰ ਸਤਿ ਸ੍ਰੀ ਬੁਲਾ ਕੇ ਜਾਣ ਦੀ ਆਗਿਆ ਲਈ।
ਨਿਰਮਲ ਸਿੰਘ ਕੰਧਾਲਵੀ