ਮਿਲਾਵਟਖੋਰੀ - ਗੋਬਿੰਦਰ ਸਿੰਘ ਢੀਂਡਸਾ
ਖਾਣ ਪੀਣ ਦੀਆਂ ਵਸਤਾਂ ਅਤੇ ਹੋਰ ਵਸਤਾਂ ਜਿੱਥੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਮਿਲਾਵਟ ਕਰਨੀ ਸੰਭਵ ਹੈ, ਉਨ੍ਹਾਂ ਵਿੱਚ ਮਿਲਾਵਟਖੋਰੀ ਬੜੀ ਗੰਭੀਰ ਸਮੱਸਿਆ ਬਣੀ ਹੋਈ ਹੈ। ਮਿਲਾਵਟ ਤੋਂ ਭਾਵ ਕੁਦਰਤੀ ਜਾਂ ਸ਼ੁੱਧ ਪਦਾਰਥਾਂ ਵਿੱਚ ਬਾਹਰੀ, ਬਨਾਉਟੀ ਜਾਂ ਹੋਰ ਪਦਾਰਥਾਂ ਦਾ ਮਿਸ਼ਰਣ ਕਰ ਦੇਣਾ ਹੈ। ਮਿਲਾਵਟਖੋਰੀ ਦੇ ਕਿੰਨੇ ਗੰਭੀਰ ਅਤੇ ਜਾਨਲੇਵਾ ਨਤੀਜੇ ਨਿਕਲ ਸਕਦੇ ਹਨ, ਇਹਨਾਂ ਦਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ। ਅਜਿਹਾ ਕੁਝ ਸਵਾਰਥੀ ਵਪਾਰੀ ਵਰਗ ਤਰਫੋਂ ਵੱਧ ਮੁਨਾਫ਼ੇ ਲਈ ਕੀਤਾ ਜਾਂਦਾ ਹੈ। ਜੇਕਰ ਕਹਿ ਲਿਆ ਜਾਵੇ ਕਿ ਅੱਜ ਕੱਲ੍ਹ ਬਾਜ਼ਾਰਾਂ ਵਿੱਚ ਕੋਈ ਹੀ ਚੀਜ਼ ਸ਼ੁੱਧ ਮਿਲਦੀ ਹੈ ਤਾਂ ਕੋਈ ਅੱਤਕੱਥਨੀ ਨਹੀਂ ਹੋਵੇਗੀ।
ਕੁਝ ਮਹੀਨੇ ਪਹਿਲਾਂ ਆਈ ਸੀ.ਏ.ਜੀ. ਦੀ ਰਿਪੋਰਟ ਇੱਕ ਭਿਆਨਕ ਤਸਵੀਰ ਪੇਸ਼ ਕਰਦੀ ਹੈ। ਇਸਦੇ ਮੁਤਾਬਿਕ ਐੱਫ.ਐੱਸ.ਐੱਸ.ਏ.ਆਈ. ਵਿੱਚ ਲਾਪਰਵਾਹੀ ਦਾ ਆਲਮ ਇਹ ਹੈ ਕਿ ਹੋਟਲਾਂ-ਰੇਸਤਰਾਂ ਜਾਂ ਭੋਜਨ ਕਿੱਤੇ ਨਾਲ ਜੁੜੀਆਂ ਹੋਰ ਗਤੀਵਿਧੀਆਂ ਦੇ ਲਈ ਲਾਈਸੈਂਸ ਦਿੰਦੇ ਸਮੇਂ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਰਸਮੀ ਕਾਰਵਾਈ ਵੀ ਪੂਰੀ ਨਹੀਂ ਕੀਤੀ ਜਾਂਦੀ। ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ਤੇ ਸਿਹਤ ਲਈ ਨੁਕਸਾਨਦੇਹ ਖਾਧ ਪਦਾਰਥਾਂ ਨੂੰ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ। ਰਿਪੋਰਟ ਦੇ ਅਨੁਸਾਰ ਐੱਫ.ਐੱਸ.ਐੱਸ.ਏ.ਆਈ. ਦੇ ਅਧਿਕਾਰੀ ਜਿਨ੍ਹਾਂ 72 ਪ੍ਰਯੋਗਸ਼ਾਲਾਵਾਂ ਵਿੱਚ ਜਾਂਚ ਦੇ ਲਈ ਨਮੂਨੇ ਭੇਜਦੇ ਹਨ ਉਹਨਾਂ ਵਿੱਚੋਂ ਲੱਗਭਗ 65 ਦੇ ਕੋਲ ਆਧਿਕਾਰਿਕ ਮਾਨਤਾ ਵੀ ਨਹੀਂ ਹੈ।
ਦੁੱਧ ਅਤੇ ਦੁੱਧ ਤੋਂ ਤਿਆਰ ਉਤਪਾਦਾਂ ਵਿੱਚ ਮਿਲਾਵਟਖੋਰੀ ਕਿਸੇ ਤੋਂ ਛੁਪੀ ਨਹੀਂ। ਹਾਲੀਆ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਭਾਰਤ ਸਰਕਾਰ ਨੂੰ ਐੱਡਵਾਇਜਰੀ ਭੇਜੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਮਿਲਾਵਟੀ ਦੁੱਧ ਅਤੇ ਇਸਦੇ ਉਤਪਾਦਾਂ ਵਿੱਚ ਤਤਕਾਲ ਰੋਕ ਨਾ ਲਗਾਈ ਗਈ ਤਾਂ ਸਾਲ 2025 ਤੱਕ ਭਾਰਤ ਦੀ 87 ਫੀਸਦੀ ਜਨਸੰਖਿਆ ਕੈਂਸਰ ਵਰਗੇ ਜਾਨਲੇਵਾ ਰੋਗਾਂ ਦੀ ਗ੍ਰਿਫਤ ਵਿੱਚ ਹੋਵੇਗੀ। ਸਰਕਾਰ ਨੇ ਲੋਕ ਸਭਾ ਵਿੱਚ 17 ਮਾਰਚ 2015 ਨੂੰ ਮੰਨਿਆ ਸੀ ਕਿ ਦੇਸ਼ ਵਿੱਚ ਵਿਕਣ ਵਾਲਾ 68 ਫੀਸਦੀ ਦੁੱਧ ਦੂਸ਼ਿਤ ਹੀ ਹੁੰਦਾ ਹੈ।
ਤਿਉਹਾਰਾਂ ਦਾ ਸਮਾਂ ਹੈ ਅਤੇ ਤਿਉਹਾਰਾਂ ਦੇ ਸਮੇਂ ਮਿਠਾਈਆਂ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟਖੋਰੀ ਸਿਖ਼ਰਾਂ ਤੇ ਹੁੰਦੀ ਹੈ। ਸਿਹਤਮੰਦ ਜ਼ਿੰਦਗੀ ਲਈ ਜ਼ਰੂਰੀ ਹੈ ਕਿ ਸੰਤੁਲਿਤ ਅਤੇ ਸ਼ੁੱਧ ਖਾਣ ਪੀਣ ਨੂੰ ਪਹਿਲ ਦਿੱਤੀ ਜਾਵੇ। ਮਿਲਾਵਟਖੋਰੀ ਦੇ ਇਸ ਦੌਰ ਵਿੱਚ ਚੰਗੀ ਸਿਹਤਯਾਬੀ ਲਈ ਜ਼ਰੂਰੀ ਹੈ ਕਿ ਬਾਜ਼ਾਰੋਂ ਖਾਣ ਪੀਣ ਦੀਆਂ ਚੀਜਾਂ ਘੱਟ ਤੋਂ ਘੱਟ ਖਰੀਦੋ। ਮਿਲਾਵਟਖੋਰੀ ਖਿਲਾਫ਼ ਕਾਨੂੰਨ ਵੀ ਬਣਿਆ ਹੋਇਆ ਹੈ ਅਤੇ ਲੋੜ ਹੈ ਕਾਨੂੰਨ ਨੂੰ ਸਖਤੀ ਨਾਲ ਅਮਲੀ ਰੂਪ ਦੇਣ ਦੀ ਤਾਂ ਜੋ ਕਿਸੇ ਦਾ ਮਿਲਾਵਟਖੋਰੀ ਕਰਕੇ ਨੁਕਸਾਨ ਨਾ ਹੋਵੇ।
ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ. ਬਰੜ੍ਹਵਾਲ ਲੰਮਾ ਪੱਤੀ
ਈਮੇਲ bardwal.gobinder@gmail.com
24 Oct. 2018