ਚੁੰਝਾਂ-ਪ੍ਹੌਂਚੇ - (ਨਿਰਮਲ ਸਿੰਘ ਕੰਧਾਲਵੀ)
ਧਾਮੀ ਦੀ ਜਿੱਤ ਅਤੇ ਬੀਬੀ ਜਗੀਰ ਕੌਰ ਦੀ ਹਾਰ ਨਾਲ ਕਈ ਸਵਾਲ ਉਭਰੇ- ਇਕ ਖ਼ਬਰ
ਕਾਰਵਾਂ ਗੁਜ਼ਰ ਗਿਆ, ਗੁਬਾਰ ਦੇਖਤੇ ਰਹੇ।
‘ਆਪ’ ਸਰਕਾਰ ਨੇ ਪੰਜਾਬ ਨੂੰ ਕਰਜ਼ੇ ਹੇਠ ਦੱਬਿਆ- ਰਾਜਾ ਵੜਿੰਗ
ਜਿਹੜੇ ਚੀਕੂ ਤੇ ਸੀਤਾ ਫਲ਼ ਖਾ ਕੇ ਤੁਰਦੇ ਬਣੇ, ਉਨ੍ਹਾਂ ਬਾਰੇ ਕੀ ਖ਼ਿਆਲ ਐ ਜੀ?
ਦੀਵਾਲੀ ਦੇ ਮੱਦੇਨਜ਼ਰ ਬੇਗੋਵਾਲ ‘ਚ ਪੁਲਿਸ ਵਲੋਂ ਫਲੈਗ ਮਾਰਚ- ਇਕ ਖ਼ਬਰ
ਕੀ ਗੱਲ ਬਈ, ਬੀਬੀ ਜਗੀਰ ਕੌਰ ਤੋਂ ਏਨਾ ਖ਼ਤਰੈ?
ਧਾਮੀ ਨੇ ਚੌਥੀ ਵਾਰੀ ਪ੍ਰਧਾਨ ਬਣ ਕੇ ਆਪਣੀ ਕਾਬਲੀਅਤ ਦੀ ਮੋਹਰ ਲੁਆਈ- ਚਾਵਲਾ, ਲਾਲੀਆਂ
ਧਾਮੀ ਦੀ ਕਾਬਲੀਅਤ ਨਾਲੋਂ 107 ‘ਮੂਰਤੀਆਂ’ ਦੀ ਨਜ਼ਰ-ਏ-ਇਨਾਇਤ ਦਾ ਕ੍ਰਿਸ਼ਮਾ ਹੈ।
ਰਿਸ਼ੀ ਸੂਨਕ ਨੇ ਵਿਰੋਧੀ ਧਿਰ ਦੇ ਨੇਤਾ ਵਜੋਂ ਦਿਤਾ ਅਸਤੀਫ਼ਾ- ਇਕ ਖ਼ਬਰ
ਚਾਰੇ ਕੰਨੀਆਂ ਮੇਰੀਆਂ ਦੇਖ ਬਾਬਲ, ਅਸੀਂ ਨਾਲ਼ ਨਹੀਂ ਕੁਝ ਲੈ ਚੱਲੇ।
ਸਕਾਲਰਸ਼ਿੱਪ ਦਾ ਭੁਗਤਾਨ ਨਾ ਹੋਣ ਕਾਰਨ ਪੀ.ਯੂ. ਨੇ ਰੋਕੀਆਂ ਐੱਸ.ਸੀ. ਵਿਦਿਆਰਥੀਆਂ ਦੀਆਂ ਡਿਗਰੀਆਂ- ਇਕ ਖ਼ਬਰ
ਕਿਉਂ ਬਈ ‘ਆਪ’ ਵਾਲਿਉ ਕੀ ਤੁਹਾਡੇ ‘ਚ ਵੀ ਕੋਈ ‘ਧਰਮਸੋਤ’ ਆ ਵੜਿਐ ?
ਮੰਡੀਆਂ ‘ਚ ਰੁਲ਼ ਰਹੇ ਕਿਸਾਨਾਂ ‘ਤੇ ਸਰਕਾਰ ਨੂੰ ਤਰਸ ਕਿਉਂ ਨਹੀਂ ਆਉਂਦਾ?- ‘ਆਪ’ ਦਾ ਇਕ ਸਮਰਥਕ
ਸਿਆਸਤਦਾਨ ਤਾਂ ਲਾਸ਼ਾਂ ‘ਤੇ ਕੁਰਸੀਆਂ ਡਾਹ ਲੈਂਦੇ ਆ, ਪਿਆਰਿਉ।
ਸਲਾਹਕਾਰ ਬੋਰਡ ਬਣਾਉਣ ਬਾਰੇ ਭੁਲੇਖੇ ਪੈਦਾ ਕਰਨੇ ਠੀਕ ਨਹੀਂ-ਧਾਮੀ
ਤੁਹਾਨੂੰ ਭੁਲੇਖਾ ਲੱਗ ਸਕਦੈ ਧਾਮੀ ਜੀ, ਸਾਰੀ ਕੌਮ ਨੂੰ ਭੁਲੇਖਾ ਨਹੀਂ ਲੱਗ ਸਕਦਾ।
ਕਿਸੇ ਵੀ ਸਮਾਜ ਦੇ ਪਛੜੇਪਣ ਨੂੰ ਦੂਰ ਕਰਨ ਲਈ ਸਿੱਖਿਆ ਸਭ ਤੋਂ ਅਹਿਮ-ਰਣਬੀਰ ਗੰਗਵਾ।
ਜੇ ਇਹ ਗੱਲ ਹੈ ਤਾਂ ਇਸ ਦਾ ਗਲ਼ ਕਿਉਂ ਘੁੱਟਿਆ ਜਾ ਰਿਹੈ?
ਕੌਮ ਤਾ ਜਾਗੀ ਹੈ ਪਰ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਜ਼ਮੀਰ ਮਰ ਗਈ- ਬੀਬੀ ਜਾਗੀਰ ਕੌਰ
ਬੇਅਸਲਾਂ ਦੇ ਅਸਲ ਨਹੀਂ ਬਣਦੇ, ਭਾਵੇਂ ਚਾਰੇ ਇਲਮ ਪੜ੍ਹਾਈਏ।
ਸਲਾਹਕਾਰ ਬੋਰਡ ਬਣਾਉਣ ਪਿੱਛੇ ਜਥੇਦਾਰਾਂ ਦੇ ਖੰਭ ਕੁਤਰਨ ਤੇ ਸੁਖਬੀਰ ਬਾਦਲ ਨੂੰ ਬਚਾਉਣ ਦੀ ਚਾਲ- ਜਥੇਦਾਰ ਵਡਾਲਾ
ਇਕ ਪੰਥ ਦੋ ਕਾਜ।
ਹਰਿਆਣਾ ਚੋਣਾਂ ਨਾਲ ਸਬੰਧਤ ਸ਼ਿਕਾਇਤਾਂ ਬਾਰੇ ਚੋਣ ਕਮਿਸ਼ਨ ਦਾ ਜਵਾਬ ਸਪਸ਼ਟ ਨਹੀਂ- ਕਾਂਗਰਸ
ਨਗਰਾਂ ‘ਚ ਨ੍ਹੇਰ ਪੈ ਗਿਆ, ਸਭ ਬੈਠ ਗਏ ਢੇਰੀਆਂ ਢਾਅ ਕੇ।
ਅਮਰੀਕੀਆਂ ਨੂੰ ਇਕ ਦੂਜੇ ਵਿਰੁੱਧ ਖੜ੍ਹਾ ਕਰ ਰਹੇ ਹਨ ਟਰੰਪ- ਕਮਲਾ ਹੈਰਿਸ
ਪਿੰਡ ‘ਚ ਲੜਾਈਆਂ ਪਾਉਂਦਾ ਨੀ ਮਰ ਜਾਣਾ ਅਮਲੀ।
ਨਹੀਂ ਰੁਕ ਰਹੀ ਮੰਡੀਆਂ ‘ਚ ਕਿਸਾਨਾਂ ਦੀ ਹੋ ਰਹੀ ਲੁੱਟ ਖਸੁੱਟ- ਸੁਖਦੇਵ ਸਿੰਘ (ਐਸ.ਕੇ.ਐਮ.)
ਜ਼ਾਲਮ ਜ਼ੁਲਮ ਕਰੇ ਦਿਨ ਰਾਤੀਂ, ਵਸਦਾ ਮੁਲਕ ਉਜਾੜੇ।
ਬੀਕੇਯੂ ਉਗਰਾਹਾਂ ਵਲੋਂ ‘ਆਪ’ ਤੇ ਭਾਜਪਾ ਉਮੀਦਵਾਰਾਂ ਦੇ ਘਰਾਂ ਅੱਗੇ ਪੱਕੇ ਮੋਰਚੇ ਦਾ ਐਲਾਨ- ਇਕ ਖ਼ਬਰ
ਦਾਰੂ ਪੀ ਕੇ ਮਿੱਤਰਾਂ ਨੇ, ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ।
==============================================================================