ਪ੍ਰਧਾਨਗੀ ਦਾ ਡਰਾਮਾ - ਨਿਰਮਲ ਸਿੰਘ ਕੰਧਾਲਵੀ

ਹੁਣੇ ਹੁਣੇ 28 ਅਕਤੂਬਰ 2024 ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਦਾ ਡਰਾਮਾ ਖੇਡਿਆ ਗਿਆ। ਬਾਦਲ ਦਲ ਉਸੇ ਦਿਨ ਤੋਂ ਹੀ ਜਸ਼ਨ ਮਨਾ ਰਿਹੈ ਕਿ ਇਹ ਪੰਥ ਦੀ ਜਿੱਤ ਹੋਈ ਐ। ਕਿਹੜੇ ਪੰਥ ਦੀ ਜਿੱਤ ਬਈ? ਕੀ ਬਾਦਲ ਦਲ ਇਕੱਲਾ ਹੀ ਪੰਥ ਹੈ? ਪੰਥ ਤਾਂ ਬਾਹਰ ਬੈਠਾ ਹੈ ਜਿਸ ਨੇ ਇਨ੍ਹਾਂ ਨੂੰ 2017 ਤੋਂ ਅੱਜ ਤਾਈਂ ਚੋਣਾਂ ‘ਚ ਧੂੜ ਚਟਾਈ ਹੈ। ਹੁਣ ਤਾਂ ਇਹ ਹਾਲ ਹੋ ਗਿਐ ਕਿ ਬਾਦਲ ਦਲ ਜ਼ਿਮਨੀ ਚੋਣਾਂ ‘ਚੋਂ ਹੀ ਭਗੌੜਾ ਹੋ ਗਿਐ। ਵਿਰੋਧੀ ਇਨ੍ਹਾਂ ਨੂੰ ਬੋਲੀਆਂ ਮਾਰ ਰਹੇ ਹਨ। ਸਿਆਸੀ ਮਾਹਰ ਇਹ ਵੀ ਕਹਿ ਰਹੇ ਹਨ ਕਿ ਬਾਦਲ ਦਲ ਇਹ ਚਾਲ ਚਲ ਕੇ ਆਪਣੇ ਧੜੇ ਦੀ ਸਾਰੀ ਵੋਟ ਭਾਜਪਾ ਉਮੀਦਵਾਰਾਂ ਨੂੰ ਭੁਗਤਾ ਕੇ ਉਸ ਨਾਲ ਨੇੜਤਾ ਵਧਾਉਣ ਦੇ ਯਤਨ ‘ਚ ਹੈ। ਜਿਵੇਂ ਪਿੰਡਾਂ ਵਿਚ ਕਿਸਾਨਾਂ ਦਾ ਵੱਟ ਦਾ ਰੌਲ਼ਾ ਹੁੰਦਾ ਹੈ, ਇਹ ਚੋਣ ਵੀ ਇਨ੍ਹਾਂ ਦਾ ਏਸੇ ਪ੍ਰਕਾਰ ਦਾ ਮਸਲਾ ਸੀ। ਸੂਝਵਾਨ ਲੋਕਾਂ ਨੂੰ ਤਾਂ ਇਸ ਚੋਣ ਦੇ ਨਤੀਜੇ ਦਾ ਪਹਿਲਾਂ ਹੀ ਪਤਾ ਸੀ ਪਰ ਕੁਝ ਲੋਕ ਹਵਾ ‘ਚ ਤਰਦੇ ਅੱਖਰਾਂ ਨੂੰ ਹੀ ਜੋੜ ਕੇ ਸਮਝ ਰਹੇ ਸਨ ਕਿ ਸ਼ਾਇਦ ਕੋਈ ਬਦਲਾਅ ਆ ਜਾਵੇਗਾ। ਬੀਬੀ ਜਗੀਰ ਕੌਰ ਨੇ ਆਪਣੇ ਧੜੇ ਦੀ ਹਾਰ ਦਾ ਭਾਂਡਾ ਮਰੀ ਹੋਈ ਜ਼ਮੀਰ ਵਾਲੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਸਿਰ ਭੰਨਿਆਂ ਹੈ। ਬਾਦਲ ਦਲ ਦੀ ਇਸ ਜਿੱਤ ਨੂੰ ਚੰਗੀ ਤਰ੍ਹਾਂ ਸਮਝਣ ਲਈ ਹੇਠ ਲਿਖੀ ਕਹਾਣੀ ਪਾਠਕਾਂ ਲਈ ਹਾਜ਼ਰ ਹੈ।
ਮੁਗ਼ਲਾਂ ਦੇ ਦੌਰ ਦੀ ਗੱਲ ਹੈ ਕਿ ਇਕ ਤੇਲੀ ਅਤੇ ਜੁਲਾਹੇ ਦਾ ਥਾਂ ਦਾ ਝਗੜਾ ਸੀ, ਅਸਲ ‘ਚ ਤੇਲੀ ਧੱਕੇ ਨਾਲ ਹੀ ਜੁਲਾਹੇ ਦਾ ਥੋੜ੍ਹਾ ਜਿਹਾ ਥਾਂ ਦੱਬ ਰਿਹਾ ਸੀ। ਜੁਲਾਹੇ ਨੇ ਕਾਜ਼ੀ ਕੋਲ ਸ਼ਿਕਾਇਤ ਕੀਤੀ। ਉਨ੍ਹਾਂ ਸਮਿਆਂ ‘ਚ ਜੱਜਾਂ ਦਾ ਕੰਮ ਕਾਜ਼ੀ ਹੀ ਕਰਿਆ ਕਰਦੇ ਸਨ। ਜੁਲਾਹੇ ਨੂੰ ਪਤਾ ਸੀ ਕਿ ਕਾਜ਼ੀ ਰਿਸ਼ਵਤਖੋਰ ਹੈ। ਉਸ ਗ਼ਰੀਬ ਬੰਦੇ ਨੇ ਬੜੀ ਮਿਹਨਤ ਨਾਲ ਆਪਣੀ ਖੱਡੀ ‘ਤੇ ਇਕ ਪੱਗ ਤਿਆਰ ਕੀਤੀ ਤੇ ਕਾਜ਼ੀ ਨੂੰ ਭੇਂਟ ਕੀਤੀ ਤੇ ਬੇਨਤੀ ਕੀਤੀ ਕਿ ਉਸ ਨਾਲ਼ ਇਨਸਾਫ਼ ਕੀਤਾ ਜਾਵੇ। ਵੱਢੀਖੋਰ ਕਾਜ਼ੀਆਂ ਬਾਰੇ ਤਾਂ ਗੁਰੂ ਪਾਤਸ਼ਾਹ ਨੇ ਵੀ ਆਪਣੀ ਬਾਣੀ ‘ਚ ਲਿਖਿਆ ਹੈ, ‘…… ਕਾਜ਼ੀ ਹੋਇ ਕੈ ਬਹੈ ਨਿਆਇ।। ਫੇਰੇ ਤਸਬੀ ਕਰੇ ਖੁਦਾਇ।। ਵਢੀ ਲੈ ਕੇ ਹਕ ਗਵਾਇ।।............ਗੁ.ਗ੍ਰੰ.ਸਾ. ਅੰਗ 951
ਉਧਰ ਤੇਲੀ ਵੀ ਕਾਜ਼ੀ ਦੇ ਕਿਰਦਾਰ ਨੂੰ ਜਾਣਦਾ ਸੀ। ਉਸ ਪਾਸ ਇਕ ਬਹੁਤ ਵਧੀਆ ਨਸਲ ਦਾ ਬਲਦ ਸੀ। ਤੇਲੀ ਨੇ ਇਕ ਦਿਨ ਉਹ ਬਲਦ ਕਾਜ਼ੀ ਦੇ ਤਬੇਲੇ ‘ਚ ਜਾ ਬੰਨ੍ਹਿਆਂ ਤੇ ਕਾਜ਼ੀ ਨੂੰ ਅਰਜ਼ ਕੀਤੀ ਕਿ ਫ਼ੈਸਲਾ ਉਸ ਦੇ ਹੱਕ ਵਿਚ ਕਰੇ।
ਖ਼ੈਰ, ਮਿਥੇ ਦਿਨ ‘ਤੇ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਈ। ਕਾਜ਼ੀ ਦਾ ਝੁਕਾਉ ਵਾਰ ਵਾਰ ਤੇਲੀ ਵਲ ਨੂੰ ਜਾਵੇ। ਉਧਰ ਜੁਲਾਹਾ ਵੀ ਆਪਣੀ ਪੱਗ ਨੂੰ ਹੱਥ ਲਾ ਕੇ ਕਾਜ਼ੀ ਨੂੰ ਦਿਤੀ ਹੋਈ ਪੱਗ ਯਾਦ ਕਰਵਾਵੇ ਤੇ ਇਸ਼ਾਰੇ ਨਾਲ ਕਹੇ ਕਿ ਉਹ ਉਸ ਦੀ ਪੱਗ ਦੀ ਲਾਜ ਰੱਖੇ ਤੇ ਫ਼ੈਸਲਾ ਉਸ ਦੇ ਹੱਕ ‘ਚ ਦੇਵੇ, ਪਰ ਕਾਜ਼ੀ ਉਸ ਦੀ ਗੱਲ ਹੀ ਨਾ ਸੁਣੇ ਤੇ ਤੇਲੀ ਦੇ ਹੱਕ ਵਿਚ ਹੀ ਦਲੀਲਾਂ ਦੇਵੇ। ਜੁਲਾਹੇ ਦੇ ਮਿੰਨਤ ਤਰਲੇ ਕੁਝ ਨਹੀਂ ਸਨ ਕਰ ਰਹੇ। ਪਰ੍ਹਿਆ ‘ਚ ਬੈਠੇ ਇਕ ਸੱਜਣ ਨੂੰ ਤੇਲੀ ਵਲੋਂ ਕਾਜ਼ੀ ਨੂੰ ਦਿਤੇ ਗਏ ਬਲਦ ਬਾਰੇ ਪਤਾ ਸੀ। ਉਸ ਨੇ ਹੌਲੀ ਜਿਹੇ ਜੁਲਾਹੇ ਦੇ ਕੰਨ ‘ਚ ਕਿਹਾ, ‘ ਭਲਿਆ ਲੋਕਾ, ਤੈਨੂੰ ਇਥੋਂ ਕੁਝ ਨਹੀਂ ਲੱਭਣਾ, ਤੇਰੀ ਪੱਗ ਨੂੰ ਬਲਦ ਖਾ ਗਿਐ।“
ਸੋ ਬੀਬੀ ਜਗੀਰ ਕੌਰ ਜੀ, ਜਿਹੜੇ ਕਮੇਟੀ ਮੈਂਬਰਾਂ ਨੇ ਪਿਛਲੇ ਪੱਚੀ ਤੀਹ ਸਾਲਾਂ ‘ਚ ਮੈਂਬਰੀ ਰਾਹੀਂ ਆਪਣੀਆਂ ਨਿੱਕੀਆਂ ਨਿੱਕੀਆਂ ਸਲਤਨਤਾਂ ਕਾਇਮ ਕੀਤੀਆਂ ਹੋਈਆਂ ਹਨ, ਜਿੱਥੇ ਉਹ ਬੁੱਲ੍ਹੇ ਵੱਢ ਰਹੇ ਹਨ, ਕਿਹੜਾ ਮੂਰਖ ਚਾਹੇਗਾ ਕਿ ਉਹ ਆਪਣੇ ਹੱਥੀਂ ਆਪ ਹੀ ਆਪਣੀ ਸਲਤਨਤ ਨੂੰ ਤਬਾਹ ਕਰ ਲਵੇ। ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਸਾਰਾ ਹੀਜ-ਪਿਆਜ਼ ਸੋਸ਼ਲ ਮੀਡੀਆ ‘ਤੇ ਉਘਾੜ ਕੇ ਸੰਗਤਾਂ ਦੇ ਸਾਹਮਣੇ ਰੱਖ ਦਿਤਾ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਜਾਇਦਾਦਾਂ ਦੀ ਬਾਂਦਰ-ਵੰਡ ਕਿਵੇਂ ਹੁੰਦੀ ਹੈ। ਇਸ ਚੋਣ ਵਿਚ ਵੀ ਸੁਣਿਆਂ ਜਾਂਦਾ ਹੈ ਕਿ ਕਰੋੜਾਂ ਰੁਪਏ ਦੀ ਖੇਡ ਹੋਈ ਹੈ। ਅੱਜ ਹੀ ਇਕ ਰੇਡੀਉ ‘ਤੇ ਪੰਜਾਬ ਤੋਂ ਇਕ ਬੁਲਾਰਾ ਦੱਸ ਰਿਹਾ ਸੀ ਕਿ ਕਈ ਸ਼੍ਰੋਮਣੀ ਕਮੇਟੀ ਮੈਂਬਰ ਦੋਵਾਂ ਪਾਸਿਉਂ ਤੋਂ ਹੀ ਗੱਫੇ ਲੈ ਗਏ। ਬਾਕੀ ਰਹੀ ਜ਼ਮੀਰਾਂ ਦੀ ਗੱਲ! ਲੋਕ ਇਹ ਵੀ ਕਹਿ ਰਹੇ ਹਨ ਕਿ ਇਹ ਸੁਧਾਰ ਲਹਿਰ ਵਾਲੇ ਵੀ ਤਾਂ ਉਸ ਵੇਲੇ ਬਾਦਲਾਂ ਦੀ ਜੀ ਹਜ਼ੂਰੀ ‘ਚ ਸਨ ਜਦੋਂ ਬੇਅਦਬੀਆਂ ਹੋਈਆਂ, ਜਦੋਂ ਰਾਮ ਰਹੀਮ ਕੋਲ ਵੋਟਾਂ ਲਈ ਲੇਲ੍ਹੜੀਆਂ ਕੱਢਣ ਜਾਂਦੇ ਸੀ ਤੇ ਉਸ ਨੁੰ ਮੁਆਫ਼ੀਆਂ ਦਿੰਦੇ ਸੀ, ਪਾਠ ਕਰਦੀਆਂ ਸੰਗਤਾਂ ‘ਤੇ ਪੁਲਿਸ ਗੋਲੀਆਂ ਵਰ੍ਹਾਉਂਦੀ ਸੀ ਤੇ ਇਹ ਵੀ ਇਲਜ਼ਾਮ ਹੈ ਕਿ ਸੌਦਾ ਸਾਧ ਨੂੰ ਪੁਸ਼ਾਕ ਵੀ ਤੁਹਾਡੇ ਵਿਚੋਂ ਹੀ ਕੋਈ ਜਣਾ ਦੇਣ ਗਿਆ ਸੀ। ਬੀਬੀ ਜੀ, ਉਸ ਵੇਲੇ ਤੁਹਾਡੀਆਂ ਸਭ ਦੀਆਂ ਹੀ ਜ਼ਮੀਰਾਂ ਮਰੀਆਂ ਹੋਈਆਂ ਸਨ। ਹੁਣ ਤਾਂ ਗੁਰੂ ਸਾਹਿਬ ਨੂੰ ਹੀ ਸੰਗਤਾਂ ਬੇਨਤੀ ਕਰਨ ਕਿ ਉਹ ਪੰਥ ਨੂੰ ਕੋਈ ਰਾਹ ਦਿਖਾਵੇ।
===================================================================