'ਇੰਡੀਅਨ ਸਟੇਟ' ਵੱਲੋਂ ਕੀਤੀ ਗਈ ਸਿੱਖ ਨਸਲਕੁਸ਼ੀ ਦੇ 40 ਸਾਲ ਸਿੱਖ ਡਾਇਸਪੋਰਾ ਨੂੰ ਸਾਵਧਾਨ ਹੋਣ ਦੀ ਲੋੜ -ਡਾ . ਗੁਰਵਿੰਦਰ ਸਿੰਘ
“ਮਿਸਲ ਵੰਡ ਅਬ ਕਬੇ ਨਾ ਪਾਵੋ, ਰਲ ਮਿਲ ਖੜ ਤੁਰ ਪੰਥ ਬਚਾਵੋ”
40 ਸਾਲ ਪਹਿਲਾਂ ਇਨੀਂ ਦਿਨੀਂ, ਦਿੱਲੀ ਸਮੇਤ ਭਾਰਤ ਦੇ ਕੋਨੇ-ਕੋਨੇ ਵਿੱਚ ਸਿੱਖ ਨਸਲਕੁਸ਼ੀ ਦੌਰਾਨ, ਇੰਡੀਅਨ ਸਟੇਟ ਦੀ ਦਹਿਸ਼ਤਗਰਦੀ ਦੀ ਅਗਵਾਈ ਵਿੱਚ ਹਿੰਦੂਤਵੀ ਕੱਟੜਪੰਥੀਆ ਨੇ 20 ਹਜ਼ਾਰ ਤੋਂ ਵੱਧ ਸਿੱਖਾਂ ਦਾ ਕਤਲੇਆਮ ਕੀਤਾ, ਹਜ਼ਾਰਾਂ ਧੀਆਂ ਭੈਣਾਂ ਦਾ ਸਮੂਹਿਕ ਬਲਾਤਕਾਰ ਕੀਤਾ।ਦੇਸ਼ ਦੇ ਕੋਨੇ ਕੋਨੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਅਤੇ ਸੈਂਕੜੇ ਗੁਰਦੁਆਰੇ ਸਾੜੇ ਗਏ, ਪਰ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੇ ਸਿੱਖਾਂ ਵੱਲੋਂ ਪੰਜਾਬ ਵਿੱਚ ਜਾਂ ਦੇਸ਼ ਵਿੱਚ ਕਿਸੇ ਹਿੰਦੂ ਮੰਦਿਰ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ, ਇਹ ਖਾਲਸਾਈ ਵਿਰਾਸਤ ਹੈ।
40 ਸਾਲ ਪਹਿਲਾਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੀ ਜਾਨ ਆਪ ਗਵਾਈ ਸੀ। ਉਸ ਨੂੰ ਹਿੰਦੂ ਕਰਕੇ ਨਹੀਂ ਮਾਰਿਆ ਗਿਆ, ਉਸ ਨੂੰ ਭਾਰਤ ਦੀ ਉਸ ਪ੍ਰਧਾਨ ਮੰਤਰੀ ਕਰਕੇ ਮਾਰਿਆ ਗਿਆ, ਜਿਸ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਅਤੇ ਅਕਾਲ ਤਖਤ ਨੂੰ ਢਹਿ ਢੇਰੀ ਕੀਤਾ। ਸਿਤਮਜ਼ਰੀਫੀ ਦੇਖੋ ਕਿ ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਭਾਰਤੀ ਸਟੇਟ ਨੇ ਹਜ਼ਾਰਾਂ ਸਿੱਖਾਂ ਨੂੰ ਮਾਰਿਆ, ਹਜ਼ਾਰਾਂ ਘਰ ਸਾੜੇ, ਗੁਰਦੁਆਰੇ, ਸਕੂਲ, ਹਸਪਤਾਲ ਸਾੜੇ, ਇਹ ਹੈ ਭਾਰਤੀ ਸਟੇਟ ਕਿਰਦਾਰ !
ਅਸੀਂ ਕੈਨੇਡਾ ਵਿੱਚ ਬੈਠੇ ਹਾਂ। ਸਿੱਖ ਨਸਲਕੁਸ਼ੀ ਦੇ 40ਵੇਂ ਵਰੇ 'ਤੇ ਇੱਥੋਂ ਦੇ ਸਨਾਤਨੀ ਭਾਈਚਾਰੇ ਵੱਲੋਂ ਪਹਿਲੀ, ਦੂਜੀ ਜਾਂ ਤੀਜੀ ਨਵੰਬਰ ਨੂੰ ਸਿੱਖ ਨਸਲਕੁਸ਼ੀ 1984 ਅਤੇ ਹਜ਼ਾਰਾਂ ਸਿੱਖਾਂ ਦੇ ਕਤਲ ਤੇ ਇੱਕ ਹੰਝੂ ਵੀ ਨਹੀਂ ਕੇਰਿਆ ਗਿਆ ਹੋਵੇ, ਬਲਕਿ ਇੰਨਾ ਜਰੂਰ ਪ੍ਰਚਾਰ ਕੀਤਾ ਗਿਆ ਕਿ '31 ਅਕਤੂਬਰ ਨੂੰ ਸਾਡੀ ਮਾਂ ਮਾਰੀ ਗਈ, ਅਸੀਂ ਪਹਿਲੀ ਨਵੰਬਰ ਨੂੰ ਦਿਵਾਲੀ ਮਨਾਵਾਂਗੇ' ਕਿਹੋ ਜਿਹੀ ਨਫਰਤ ਭਰੀ ਗੱਲ ਹੈ!
ਕੈਨੇਡਾ ਵਿੱਚ ਭਾਰਤੀ ਸਟੇਟ ਦੀ ਧੱਕੇਸ਼ਾਹੀ ਖਿਲਾਫ ਪ੍ਰਦਰਸ਼ਨ ਕਰ ਰਹੇ ਸਿੱਖਾਂ ਦੇ ਸਾਹਮਣੇ, ਪ੍ਰੇਰਨਾਦਾਇਕ ਇਤਿਹਾਸ ਹੈ। ਗੁਰਦੁਆਰਾ ਸੁਧਾਰ ਲਹਿਰ ਦੌਰਾਨ ਮੋਰਚਿਆਂ ਦਾ ਇਤਿਹਾਸ ਹੈ ਕਿ ਸਿੱਖਾਂ ਨੇ ਪ੍ਰੇਮ ਅਤੇ ਸ਼ਾਂਤਮਈ ਸੰਘਰਸ਼ਾਂ ਰਾਹੀਂ ਜਿੱਤਿਆ।
ਕੈਨੇਡਾ ਵਿੱਚ ਗੱਲ ਕਹਿਣ ਦੀ ਆਜ਼ਾਦੀ ਹੈ ਤੇ ਭਾਰਤੀ ਸਟੇਟ ਦੀ ਦਖਲ-ਅੰਦਾਜ਼ੀ ਖਿਲਾਫ ਕੈਨੇਡਾ-ਅਮਰੀਕਾ ਸਮੇਤ, ਵੱਖ ਵੱਖ ਦੇਸ਼ ਜਦੋਂ ਆਵਾਜ਼ ਬਣ ਰਹੇ ਹਨ, ਤਾਂ ਇਹਨਾਂ ਸਮਿਆਂ ਵਿੱਚ ਸਿੱਖ-ਵਿਰੋਧੀ ਤਾਕਤਾਂ ਸਿੱਖ ਸੰਘਰਸ਼ ਨੂੰ ਨੁਕਸਾਨ ਪਹੁੰਚਾਉਣ ਲਈ, ਸਿੱਖਾਂ ਨੂੰ ਉਕਸਾ ਰਹੀਆਂ ਹਨ, ਇਥੋਂ ਸਬਕ ਲੈਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਟਰੂਡੋ ਦਾ ਕਹਿਣਾ ਜਾਇਜ਼ ਹੈ ਕਿ ਕਿਸੇ ਦੇ ਧਾਰਮਿਕ ਅਸਥਾਨ ਤੇ ਧਾਰਮਿਕ ਆਜ਼ਾਦੀ ਤੇ ਦਖਲ ਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਸੈਂਕੜੇ ਸਾਲ ਪਹਿਲਾਂ ਸ਼ਹਾਦਤ ਦੇ ਕੇ ਧਾਰਮਿਕ ਆਜ਼ਾਦੀ ਦੇ ਸਿਧਾਂਤ ਅਤੇ ਇਤਿਹਾਸ ਦੀ ਬੁਨਿਆਦ ਰੱਖੀ ਸੀ। ਫਿਰ ਕੋਈ ਸਿੱਖ ਕਿਸੇ ਮੰਦਿਰ ਤੇ ਹਮਲਾ ਕਿਵੇਂ ਕਰ ਸਕਦਾ ਹੈ ਅਤੇ ਨਾ ਹੀ ਕਿਸੇ ਮੰਦਿਰ ਜਾਂ ਹਿੰਦੂਆਂ ਦੇ ਖਿਲਾਫ ਕੋਈ ਹਮਲਾ ਹੋਇਆ ਹੈ, ਜਦਕਿ ਪਾਰਕਿੰਗ ਲਾਟ ਵਿੱਚ ਹੋਈ ਇੱਕ ਝੜਪ ਨੂੰ 'ਮੰਦਿਰ 'ਤੇ ਹਮਲਾ' ਕਰਾਰ ਦਿੱਤਾ ਗਿਆ। ਗੋਦੀ ਮੀਡੀਏ ਨੇ ਇਸ ਦਾ ਰੱਜ ਕੇ ਪ੍ਰਚਾਰ ਕੀਤਾ ਹੈ। ਇਹ ਰੋਸ ਮੰਦਿਰ ਵਿੱਚ ਆਏ ਇੰਡੀਅਨ ਸਟੇਟ ਦੇ ਕਰਿੰਦਿਆਂ ਖਿਲਾਫ ਸੀ, ਨਾ ਕਿ ਹਿੰਦੂਆਂ ਖਿਲਾਫ।
ਦੂਜੇ ਪਾਸੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ 'ਤੇ ਹਮਲਾ ਕਰਨ ਦੀਆਂ ਸਾਜਿਸ਼ਾਂ ਦੀਆਂ ਵੀਡੀਓ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਤੋਂ ਇਲਾਵਾ ''ਇੰਡੀਅਨ ਸਟੇਟ ਪੱਖੀ ਵੈਨਕੂਵਰ ਦਾ ਇੱਕ ਭਾਰਤ ਸਰਕਾਰ ਪੱਖੀ ਆਗੂ ਸ਼ਰੇਆਮ ਕਹਿ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਤੇ ਗੱਡੀ ਚੜਾ ਦੇਵਾਂ ਜਾਂ ਪੁੱਲ ਤੋਂ ਛਾਲ ਮਾਰ ਦੇਵਾਂ।'' ਇਹ ਸਾਰੀਆਂ ਸਿੱਖਾਂ ਨੂੰ ਉਕਸਾਉਣ ਦੀਆਂ ਚਾਲਾਂ ਹਨ, ਪਰ ਸਿੱਖਾਂ ਨੂੰ ਇਸ ਦਾ ਪ੍ਰਤੀਕਰਮ ਦੇਣ ਤੋਂ ਬਚਣਾ ਚਾਹੀਦਾ ਹੈ।
ਕੈਨੇਡਾ ਵਿੱਚ ਫਿਰਕੂ ਹਿੰਦੂਤਵੀਆਂ ਵੱਲੋਂ ''ਸਿੱਖਾਂ ਨੂੰ 84 ਦੁਬਾਰਾ ਯਾਦ ਕਰਾਉਣ'' ਅਤੇ ਮਾਰ-ਮਾਰ ਕੇ ਭਜਾਉਣ ਦੀਆਂ ਫਿਰਕੂ ਟਿੱਪਣੀਆਂ ਦੀ ਸ਼ਰਮਨਾਕ ਕਾਰਵਾਈ ਬਾਰੇ ਨਾ ਇੰਡੀਅਨ ਗੋਦੀ ਮੀਡੀਆ ਤੇ ਨਾ ਕੈਨੇਡਾ ਦਾ ਦੇਸੀ ਮੀਡੀਆ ਬਿਆਨ ਕਰ ਰਿਹਾ ਹੈ।
ਕੈਨੇਡਾ ਅਤੇ ਭਾਰਤ ਦੇ ਹਾਲਾਤ, ਭਾਰਤੀ ਸਟੇਟ ਦੀ ਕੈਨੇਡਾ ਵਿੱਚ ਸਿੱਖ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਅਤੇ ਦਖਲਅੰਦਾਜ਼ੀ ਕਾਰਨ, ਸੁਖਾਵੇਂ ਨਹੀਂ। ਉਸ ਸਮੇਂ ਮਿਥ ਕੇ ਤੇ ਜਾਣ-ਬੁਝ ਕੇ ਕੁਝ ਗੁਰਦੁਆਰਿਆਂ, ਮੰਦਿਰਾਂ ਵੱਲੋਂ ਭਾਰਤੀ ਕੌਂਸਲ ਖਾਨਿਆਂ ਦੇ ਸਟਾਫ ਨੂੰ ਸੱਦਣਾ ਵੀ ਸਾਜਿਸ਼ ਹੈ, ਜਦੋਂ ਕਿ ਕੈਨੇਡਾ ਸਰਕਾਰ ਸਪਸ਼ਟ ਕਰ ਚੁੱਕੀ ਹੈ ਕਿ ਇਹਨਾਂ ਕੌਂਸਲਖਾਨਿਆਂ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਅਤੇ ਮਾਰਨ ਦੀਆਂ ਯੋਜਨਾਵਾਂ ਘੜੀਆਂ ਜਾਂਦੀਆਂ ਹਨ।
ਜਿਹੜੇ ਗੁਰਦੁਆਰੇ ਤੇ ਮੰਦਰ ਇਹਨਾਂ ਨੂੰ ਇਹਨਾਂ ਦਿਨਾਂ 'ਚ ਜਾਣ ਬੁਝ ਕੇ ਸਫਾਰਤਖਾਨੇ ਦੇ ਸਟਾਫ ਨੂੰ ਬੁਲਾ ਰਹੇ ਹਨ, ਉਹ ਬਲਦੀ 'ਤੇ ਤੇਲ ਪਾ ਰਹੇ ਹਨ ਅਤੇ ਅੱਗ ਲਾ ਕੇ ਤਮਾਸ਼ਾ ਦੇਖ ਰਹੇ ਹਨ। ਸਾਮ, ਦਾਮ, ਦੰਡ, ਭੇਦ ਨੀਤੀ ਦੀਆਂ ਚਾਲਾਂ ਨੂੰ ਸਮਝਦਿਆਂ ਹੋਇਆਂ, ਇਹਨਾਂ ਗੁਰਦੁਆਰਿਆਂ, ਮੰਦਿਰਾਂ ਆਦਿਕ ਧਾਰਮਿਕ ਅਸਥਾਨਾਂ ਦੇ ਬਾਹਰ ਰੋਸ ਤੋਂ ਗੁਰੇਜ ਕਰਨਾ ਚਾਹੀਦਾ ਹੈ।
ਸਰੀ ਵਿੱਚ ਜਦੋਂ ਐਤਵਾਰ ਨੂੰ ਭਾਰਤੀ ਕੌਂਸਲ ਖਾਨੇ ਦੇ ਅਧਿਕਾਰੀਆਂ ਦੇ ਆਉਣ 'ਤੇ ਰੋਸ ਪ੍ਰਦਰਸ਼ਨ ਹੋ ਰਿਹਾ ਸੀ ਤੇ ਸੜਕ ਦੇ ਪਰਲੇ ਪਾਸੇ ਪ੍ਰਦਰਸ਼ਨਕਾਰੀ ਖੜੇ ਸਨ। ਪੁਲਿਸ ਸੱਜੇ ਪਾਸੇ ਖੜੀ ਸੀ, ਪੁਲਿਸ ਦੇ ਅਧਿਕਾਰੀਆਂ ਦੇ ਵਿੱਚ ਦਸਤਾਰਧਾਰੀ ਤੇ ਕਲੀਨ ਸ਼ੇਵਨ ਸਿੱਖ ਵੀ ਸਨ। ਵੀਡੀਓ ਚ ਸ਼ਰੇਆਮ ਹਿੰਦੂਤਵੀ ਕੱਟੜਪੰਥੀ ਉਹਨਾਂ ਨੂੰ ਗਾਲਾਂ ਕੱਢ ਰਹੇ ਹਨ, ਖਾਲਿਸਤਾਨੀ, ਅੱਤਵਾਦੀ ਕਹਿ ਰਹੇ ਹਨ।
ਜਦੋਂ ਇਹ ਕੱਟੜਪੰਥੀ ਪੁਲਿਸ ਨਾਲ ਹੱਥੋਪਾਈ ਹੋ ਪਏ, ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਵਿੱਚੋਂ ਕੁਝ ਨੂੰ ਗਰਿਫਤਾਰ ਕੀਤਾ, ਜਦ ਕਿ ਦੇਸੀ ਇੰਡੀਅਨ ਮੀਡੀਆ ਅਤੇ ਭਾਰਤੀ ਗੋਦੀ ਮੀਡੀਆ ਕਹਿ ਰਿਹਾ ਹੈ ਕਿ ਮੰਦਿਰ ਵਿੱਚ ਜਾ ਕੇ 'ਪੁਲਿਸ ਨੇ ਹਿੰਦੂ ਭਗਤਾਂਂ' ਨੂੰ ਕੁੱਟਿਆ, ਜੋ ਕਿ ਹਕੀਕਤ ਤੋਂ ਕੋਹਾਂ ਦੂਰ ਹੈ।
ਗੋਦੀ ਮੀਡੀਆ ਅਤੇ ਇੰਡੀਅਨ ਸਟੇਟ ਨੇ ਇਹ ਬਿਰਤਾਂਤ ਸਿਰਜਣਾ ਹੀ ਹੈ, ਪਰ ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਅਤੇ ਇਸ ਲਈ ਸਮੂਹ ਸੰਸਥਾਵਾਂ ਨੂੰ ਇੱਕ ਮੁੱਠ ਹੋਣ ਦੀ ਲੋੜ ਹੈ। ਚੰਗੀ ਗੱਲ ਹੈ ਵਿਸ਼ਵ ਸਿੱਖ ਸੰਸਥਾ, ਓਂਟਾਰੀਓ ਗੁਰਦੁਆਰਾ ਕਮੇਟੀ, ਬੀਸੀ ਗੁਰਦੁਆਰਾ ਕੌਂਸਲ, ਕਿਊਬੈਕ ਐਲਬਰਟਾ ਅਤੇ ਬਾਕੀ ਸਾਰੇ ਕੈਨੇਡਾ ਦੀਆਂ ਸਿੱਖ ਸੰਸਥਾਵਾਂ ਇੱਕ ਮੁੱਠ ਹੋਈਆਂ ਹਨ। ਸਾਰਿਆਂ ਨੂੰ ਮਿਲ ਕੇ ਅਤੇ ਆਪੋ-ਆਪਣੀਆਂ ਵੰਡੀਆਂ ਛੱਡ ਕੇ, ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਇਸ ਬਾਰੇ ਵਧੇਰੇ ਸੇਧ ਲੈਣ ਲਈ ਸਿਖੀ ਵਿਰਸੇ ਦੇ ਇਤਿਹਾਸਿਕ ਬਿਰਤਾਂਤ 'ਤੇ ਗੌਰ ਕਰੀਏ ਜਿਵੇਂ ਕਿ ਵੱਡੇ ਘਲੁਘਾਰੇ ਦੇ ਸਮੇਂ ਜਦੋ ਸਿੱਖ ਜਰਨੈਲ ਮਿਸਲਾਂ ਵੰਡ ਕੇ ਲੜਨ ਦੀ ਸੋਚ ਰਹੇ ਸਨ, ਤਾਂ ਕੌਮ ਦੇ ਜਥੇਦਾਰ ਸਾਹਿਬ ਨੇ ਸੂਝ-ਬੂਝ ਭਰੇ ਸ਼ਬਦ ਕਹੇ ਸਨ ਕਿ ਜਦ ਵੈਰੀ ਸਿਰੇ ਦਾ ਦੁਸ਼ਟ ਅਤੇ ਸ਼ਾਤੁਰ ਹੋਵੇ, ਫਿਰ ਆਪਸੀ ਮਤਭੇਦ ਮਿਟਾ ਕੇ ਇਕ ਮੁਠ ਹੋ ਜਾਣਾ ਚਾਹੀਦਾ ਹੈ |
“ਮਿਸਲ ਵੰਡ ਅਬ ਕਬੇ ਨਾ ਪਾਵੋ
ਰਲ ਮਿਲ ਖੜ ਤੁਰ ਪੰਥ ਬਚਾਵੋ” |
(ਰਤਨ ਸਿੰਘ ਭੰਗੂ)