'ਰੱਬ ਦਾ ਫ਼ਕੀਰ' - ਮੇਜਰ ਸਿੰਘ 'ਬੁਢਲਾਡਾ'
ਓਹੀ ਹੁੰਦਾ ਸੱਜਣਾਂ ਓਏ! ਰੱਬ ਦਾ ਫ਼ਕੀਰ।
ਜੋ ਭਾਣੇ ਵਿੱਚ ਰਹੇ, ਨਾ ਹੋਵੇ ਦਲਗੀਰ।
ਓਹੀ ਹੁੰਦਾ ਸੱਜਣੋਂ ਓਏ...
ਜਿਹਨੂੰ ਹੋਵੇ ਨਾ ਸਕਾਇਤ,ਕਦੇ ਕਿਸੇ ਨਾਲ।
ਹੁੰਦਾ ਇਹਨਾਂ ਨੂੰ ਕਬੂਲ, ਭਾਵੇਂ ਕੈਸਾ ਹੋਵੇ ਹਾਲ ।
ਸਮਾਨ ਦੁੱਖ ਸੁੱਖ ਸਮਝੇ, ਨਾ ਕੋਸੇ ਤਕਦੀਰ।
ਓਹੀ ਹੁੰਦਾ ਸੱਜਣਾਂ ਓਏ...
ਕੋਈ ਬੋਲੇ ਚੰਗਾ ਮਾੜਾ, ਇਹ ਰੱਖਦੇ ਨਾ ਸਾੜਾ।
ਰਹਿੰਦਾ ਰੱਬ ਦੀ ਰਜ਼ਾ 'ਚ, ਹਰ ਭਗਤ ਵਿਚਾਰਾ।
ਵੈਰੀ ਮੰਨਕੇ ਕਿਸੇ ਨੂੰ, ਜੋ ਖਿੱਚੇ ਨਾ ਲਕੀਰ।
ਓਹੀ ਹੁੰਦਾ ਸੱਜਣਾਂ ਓਏ...
ਕਿਸੇ ਦੇ ਸਤਾਉਣ ਤੇ ਇਹ, ਦਿੰਦੇ ਨਾ ਸਰਾਪ।
ਦਿਲ ਕਿਸੇ ਦਾ ਦੁਖਾਉਣਾ,ਇਹ ਸਮਝਣ ਪਾਪ।
ਜੋ ਦੁੱਖੀ ਹੋਕੇ ਕੇਰਦਾ ਨਾ ਅੱਖੀਆਂ 'ਚੋਂ ਨੀਰ।
ਓਹੀ ਹੁੰਦਾ ਸੱਜਣਾਂ ਓਏ...
ਫ਼ਕੀਰਾਂ ਵਾਲੇ ਚੋਲੇ ਪਾਈ ਫਿਰਦੇ ਅਨੇਕ।
ਇਹ ਮਿਲਦੇ ਸਬੱਬੀਂ, ਸਾਧੂ ਹੁੰਦਾ ਨਾ ਹਰੇਕ।
ਇਹਨਾਂ ਦੀ ਨਾ ਹੁੰਦੀ ਕਦੇ ਵੀ ਵਹੀਰ।
ਓਹੀ ਹੁੰਦਾ ਸੱਜਣਾਂ ਓਏ...
ਜਿਹਨੇ ਜਾਣ ਲਿਆ ਸੱਚ, ਬਣ ਜਾਂਦਾ ਇਨਸਾਨ।
'ਮੇਜਰ' ਜਾਣਦਾ ਏ ਸਾਰਿਆਂ ਨੂੰ ਇਕ ਹੀ ਸਮਾਨ।
ਚਾਹੇ ਸਭ ਦਾ ਭਲਾ, ਕਦੇ ਮਾਰੇ ਨਾ ਜ਼ਮੀਰ।
ਓਹੀ ਹੁੰਦਾ ਸੱਜਣਾਂ ਓਏ..
ਮੇਜਰ ਸਿੰਘ 'ਬੁਢਲਾਡਾ'
94176 42327