"ਜਰਾ ਠਹਿਰ ਸਖੀ" - ਰਣਜੀਤ ਕੌਰ ਗੁੱਡੀ ਤਰਨ ਤਾਰਨ
'ਦੋ ਪਲ ਜਰਾ ਠਹਿਰ ਸਖੀ ਆਹ ਪੜ੍ਹ ਕੇ ਚਲ ਨਿਕਲੀਂ -ਰਹਾਓ
'ਕੱਲਕੱਤੇ ਦੇ ਮਹਾਨ ਰਬਿੰਦਰਨਾਤ ਟੈਗੋਰ ਦੇ ਘਰ ਮੈਂ ਇਕ ਪੰਛੀ ਦਾ ਚਿੱਤਰ ਵੇਖਿਆ।ਅਜਿਹਾ ਚਿੱਤਰ ਧਰਤੀ ਤੇ ਕਿਤੇ ਵੀ ਨਹੀਂ ਹੈ ਅਤੇ ਨਾਂ ਹੀ ਕਦੇ ਸੀ।ਟੈਗੋਰ ਦੀ ਆਤਮਾ ਵਿੱਚ ਉਹਦਾ ਜਨਮ ਹੋਇਆ ਤੇ ਉਥੇ ਹੀ ਉਸਦਾ ਵਾਸਾ ਵੀ ਰਿਹਾ।ਉਹ ਉਹਨਾਂ ਦੀ ਕਲਪਨਾ ਦਾ ਨਤੀਜਾ ਸੀ ।ਪਰ ਸਪਸ਼ਟ ਹੇੈ ਕਿ ਜੇ ਟੈਗੋਰ ਨੇ ਸਾਡੀ ਦੁਨੀਆ ਦੇ ਅਸਲੀ ਪਰਿੰਦੇ ਨਾਂ ਵੇਖੇ ਹੁੰਦੇ ਤਾਂ ਉਹ ਆਪਣੇ ਇਸ ਵਿਲੱਖਣ ਪੰਛੀ ਦੀ ਕਲਪਨਾ ਵੀ ਨਾਂ ਕਰ ਪਾਉਂਦੇ !
ਧਰਤੀ ਆਪਣੀ ਬਾਰੇ ਚਾਹ ਕੇ ਵੀ
ਕਦੇ ਮੈਂ ਕੁੱਝ ਕਹਿ ਨਾਂ ਸਕਿਆ
ਸਿਰ ਰੱਖੀਆਂ ਭਰੀਆਂ ਪੰਡਾਂ,
ਹਾਏ! ਕਦੇ ਮੈਂ ਖੋਲ੍ਹ ਨਾਂ ਸਕਿਆ ॥
ਆਪਣੀ ਮਾਂ ਬੋਲੀ 'ਚ ਧਰਤ ਬਾਰੇ ਟੁਣਕਵਾਂ ਗੀਤ
ਹ੍ਹਾਏ ! ਮੈਂ ਹਾਲੇ ਵੀ ਗਾ ਨਾਂ ਸਕਿਆ
ਉਂਝ ਮੋਢੇ ਲੱਦਿਆ ਸੰਦੂਕ ਏ-
ਮੈਂ ਮੰਦਭਾਗਾ ਉਹਨੁੰ ਖੋਲ੍ਹ ਨਾਂ ਸਕਿਆ॥।
ਆਪਣੇ ਵਿਚਾਰਾਂ ਨੂੰ ਚੋਣਵੇਂ ਘੋੜਿਆਂ ਦੇ ਝੂੰਡ ਵਿੱਚ ਇਕੱਠਾ ਕਰ ਲਓ।ਅਜਿਹੇ ਝੁੰਡ ਵਿੱਚ ਜਿਸ ਵਿੱਚ ਇਕ ਤੋਂ ਵੱਧ ਤੇਜ਼ ਘੋੜਾ ਹੋਵੇ ਘਟੀਆ ਘੋੜੇ ਦਾ ਨਾਮੋ -ਨਿਸ਼ਾਨ ਵੀ ਨਾਂ ਹੋਵੇ । ਤੁਹਾਡੇ ਵਿਚਾਰ ਸਹਿਮੇ ਹੋਏ ਘੋੜਿਆਂ ਜਾਂ ਬੱਕਰਿਆਂ ਦੇ ਵੱਗ ਵਾਂਗ ਵਰਕਿਆਂ ਤੇ ਸਰਪੱਟ ਦੌੜਦੇ ਹੋਏ ਆਉਣ।।'
ਆਪਣੇ ਵਿਚਾਰ ਦੂਜਿਆਂ ਨੂੰ ਵੀ ਨਾਂ ਦਿਓ।ਖਿਡੌਣੇ ਦੀ ਉਮਰ ਵਿਚ ਬੱਚੇ ਨੂੰ ਕੀਮਤੀ ਸਾਜ਼ ਨਾਂ ਦਿਓ
'ਪਿਤਾ ਦੀ ਪਗਡੰਡੀ ਪਿਤਾ ਲਈ ਈ ਰਹਿਣ ਦੇ,ਆਪਣੇ ਲਈ ਦੂਜੀ ਪਗਡੰਡੀ ਲੱਭ ਲੈ"।
ਅਸੀਂ ਕੌਮੀਅਤਾਂ ਵਿੱਚ ਦੋਸਤੀ ਪੱਕੀ ਕਰਨ ਲਈ ਹਰ ਦਿਨ ਅਣਥੱਕ ਸੰਘਰਸ਼ ਕਰ ਰਹੇ ਹਾਂ ਪਰ ਫਿਰ ਵੀ ਸਾਡੇ ਇਥੇ ਕਿੰਨੇ ਹੀ ਅਲੱਗ ਅਲੱਗ ਕਬਰਿਸਤਾਨ ਨੇ ।ਹੁਣ ਇਕ ਸਾਂਝਾ ਕਬਰਿਸਤਾਨ ਬਣਾਉਣ ਦਾ ਵੇਲਾ ਆ ਗਿਐ।
ਕਹਿੰਦੇ ਨੇ ਕਿ ਥੋੜਾ ਹੀ ਸਮਾਂ ਪਹਿਲਾਂ ਉਹ ਵਿਚਾਰਾ ਚੱਲ ਵਸਿਆ ,ਅਤੇ ਨਵਾਂ ਕਬਰਿਸਤਾਨ ਵੇਖ ਨ੍ਹੀਂ ਪਾਇਆ।
ਸਬਰ ਦੀ ਮਹੱਤਤਾ-'ਸ਼ਿਕਾਰੀਆਂ ਤੋਂ ਬਚਣ ਲਈ ਬਘਿਆੜ ਗੁਫਾ ਵਿੱਚ ਜਾ ਲੁਕਿਆ।ਉਹਦੇ ਵੜਨ ਦਾ ਇਕੋ ਤੇ ਉਹ ਵੀ ਭੀੜਾ ਜਿਹਾ ਰਾਹ ਸੀ-ਬੰਦੇ ਦਾ ਸਿਰ ਤਾਂ ਉਸ ਵਿਚੋਂ ਲੰਘ ਸਕਦਾ ਪਰ ਮੋਢੇ ਨਹੀਂ।ਸ਼ਿਕਾਰੀ ਪੱਥਰਾਂ ਪਿਛੈ ਲੁਕ ਗਏ ਆਪਣੀਆਂ ਬੰਦੂਕਾਂ ਉਹਨਾਂ ਨੇ ਗੁਫਾ ਦੇ ਮੂੰਹ ਵਲ ਤਾਣ ਲਈਆਂ ਤੇ ਬਘਿਆੜ ਦੇ ਬਾਹਰ ਆਉਣ ਦੀ ਉਡੀਕ ਕਰਨ ਲਗੇ ਪਰ ਲਗਦਾ ਹੈ ਬਘਿਆੜ ਵੀ ਮੂਰਖ ਨਹੀਂ ਹੈ।ਉਹ ਆਰਾਮ ਨਾਲ ਅੰਦਰ ਬੈਠਾ ਰਿਹਾ।ਮਤਲਬ ਹਾਰ ਉਸੇ ਦੀ ਹੋਵੇਗੀ ਜਿਸਦੇ ਸਬਰ ਦਾ ਬੰਨ੍ਹ ਟੁੱਟ ਜਾਵੇਗਾ।
ਇਕ ਸ਼ਿਕਾਰੀ ਅੱਕ ਗਿਆ,ਉਹਨੇ ਕਿਸੇ ਨਾ ਕਿਸੇ ਤਰਾਂ ਬਘਿਆੜ ਨੂੰ ਗੁਫਾ ਵਿਚੋਂ ਕੱਢ ਲਿਆਉਣ ਦਾ ਫੇਸਲਾ ਕੀਤਾ।ਗੁਫਾ ਦੇ ਮੂੰਹ ਕੋਲ ਜਾ ਕੇ ਉਹਨੇ ਆਪਣਾ ਸਿਰ ਅੰਦਰ ਵਾੜ ਦਿੱਤਾ। ਬਾਕੀ ਦੇ ਸਾਥੀ ਦੇਰ ਤਕ ਵੇਖਦੇ ਰਹੇ ਕਿ ਉਹ ਅੱਗੇ ਖਿਸਕਣ ਜਾਂ ਸਿਰ ਬਾਹਰ ਕੱਢਣ ਦੀ ਕੋਸ਼ਿਸ਼ ਕਿਉਂ ਨਹੀ ਸੀ ਕਰ ਰਿਹਾ? ਆਖਿਰ ਉਹ ਵੀ ਉਡੀਕ ਕਰਦੇ ਕਰਦੇ ਥੱਕ ਤੰਗ ਆ ਗਏ। ਉਹਨਾਂ ਨੇ ਸ਼ਿਕਾਰੀ ਨੂੰ ਖਿਚ ਕੇ ਬਾਹਰ ਕੱਢਿਆ ਤਾਂ ਉਹਨਾਂ ਨੂੰ ਇਸ ਗਲ ਦਾ ਪਤਾ ਲਗਾ ਕਿ ਉਹਦਾ ਸਿਰ ਹੀ ਨਹੀਂ ਹੈ।
ਹੁਣ ਉਹ ਸੋਚਣ ਲਗੇ -ਗੁਫਾ ਵਿੱਚ ਵੜਨ ਤੋਂ ਪਹਿਲਾਂ ਉਹਦਾ ਸਿਰ ਹੈ ਸੀ ਜਾਂ ਨਹੀਂ?ਇਕ ਨੇ ਕਿਹਾ ਸ਼ਾਇਦ ਸੀ ਤੇ ਦੂਸਰੇ ਨੇ ਬੋਲਿਆ ਸ਼ਾਇਦ ਨਹੀਂ ਸੀ।
ਬਿਨਾ ਸਿਰ ਦੇ ਧੜ ਨੂੰ ਉਹ ਪਿੰਡ ਲਿਆਏ, ਇਕ ਬਜੁਰਗ ਨੇ ਕਿਹਾ ਉਹ ਪੈਦਾਇਸ਼ ਤੋਂ ਹੀ ਬਿਨਾ ਸਿਰ ਹੋਵੇਗਾ ,ਗਲ ਸਾਫ ਕਰਨ ਲਈ ਉਹ ਉਹਦੀ ਪਤਨੀ ਦੇ ਕੋਲ ਗਏ ।
ਮੈਨੂੰ ਕੀ ਪਤੈ ਕਿ ਮੇਰੇ ਪਤੀ ਦਾ ਸਿਰ ਸੀ ਜਾਂ ਨਹੀਂ? ਸਿਰਫ਼ ਇੰਨਾ ਹੀ ਯਾਦ ਹੈ ਕਿ ਹਰ ਸਾਲ ਉਹ ਆਪਣੇ ਲਈ ਨਵੀਂ ਟੋਪੀ ਦਾ ਆਰਡਰ ਦਿੰਦਾ ਸੀ।- ਪਤਨੀ ਨੇ ਕਿਹਾ-
ਅਲੜ੍ਹ ਬਾਲ ਦੀ ਛਾਤੀ ਤੇ ਅਕਸਰ ਤਵੀਤ ਟੰਗ ਦਿਤਾ ਜਾਂਦਾ ਹੈ ਤਾਂ ਕਿ ਉਹਦੀ ਜਿੰਦਗੀ ਚੈਨ ਨਾਲ ਕਟੇ ,ਤਵੀਤ ਦਾ ਕੋਈ ਫਾਇਦਾ ਹੁੰਦਾ ਹੈ ਜਾਂ ਨਹੀਂ ਪਰ ਇੰਨਾ ਜਰੂਰ ਹੇ ਕਿ ਉਸਨੂੰ ਕਮੀਜ ਦੇ ਹੇਠੋਂ ਪਾਇਆ ਜਾਂਦਾ ਹੈ ਉਹਦੀ ਬਾਹਰ ਨੁਮਾਇਸ਼ ਨਹੀਂ ਕੀਤੀ ਜਾਂਦੀ।
ਹ੍ਹਰ ਕਿਤਾਬ ਵਿੱਚ ਇਸ ਤਰਾਂ ਦਾ ਤਵੀਤ ਹੋਣਾ ਚਾਹੀਦਾ ਹੈ,ਜਿਸ ਬਾਰੇ ਲੇਖਕ ਨੂੰ ਪਤਾ ਹੋਵੇ ,ਜਿਹਦੇ ਬਾਰੇ ਪਾਠਕ ਅਨੁਮਾਨ ਲਾਵੇ,ਪਰ ਜੋ ਕਮੀਜ ਦੇ ਹੇਠ ਲੁਕਿਆ ਹੋਵੇ।
ਜਾਂ ਫਿਰ ਬੰਬਈ ਵਿੱਚ ਇਕ ਬਾਗ ਹੈ ਜੋ ਸਦਾ ਹਰਿਆ ਭਰਿਆ ਰਹਿੰਦਾ ਹੈ।ਆਸ ਪਾਸ ਖੁਸ਼ਕੀ ਅਤੇ ਬੇਹੱਦ ਗਰਮੀ ਦੇ ਬਾਵਜੂਦ ਉੁਹ ਨਾਂ ਤਾਂ ਕਦੇ ਮੁਰਝਾਉਂਦਾ ਹੈ ਅਤੇ ਨਾਂ ਸੁਕਦਾ ਹੈ।ਮਾਮਲਾ ਇਹ ਹੈ ਕਿ ਬਾਗ ਦੇ ਹੇਠਾਂ ਨਾਂ ਨਜ਼ਰ ਆਉਣ ਵਾਲਾ ਛੱਪੜ ਹੈ ਜੋ ਦਰੱਖਤਾਂ ਨੂੰ ਠੰਢੀ,ਜਾਨ ਫੁਕਣ ਵਾਲੀ ਨਮੀਂ ਪ੍ਰਦਾਨ ਕਰਦਾਾ ਹੈ।
ਵਿਚਾਰ ਉਹ ਪਾਣੀ ਨਹੀਂ ਹੈ ਜੋ ਰੌਲਾ ਪਾਉਂਦਾ ਹੋਇਆ ਪੱਥਰਾਂ ਤੇ ਦੌੜ ਲਾਉਂਦਾ ਤੇ ਛਿੱਟੇ ਉਡਾਉਂਦਾ ਹੈ,ਸਗੋਂ ਉਹ ਪਾਣੀ ਹੈ ਜੋ ਅਦਿੱਖ ਰੂਪ ਵਿੱਚ ਮਿੱਟੀ ਨੂੰ ਨਮ ਕਰਦੈ ਤੇ ਦਰਖੱਤਾਂ,ਪੌਦਿਆਂ ਦੀਆਂ ਜੜਾਂ ਨੂੰ ਪਾਲਦਾ ਹੈ।
ਮੈਂ ਅਜਿਹੇ ਲੋਕ ਵੇਖੇ ਨੇ ਜੋ ਜਦੋਂ ਤੱਕ ਅਪਣੇ ਘਰ ਅਪਣੇ ਪਰਿਵਾਰ ਆਪਣੇ ਦੋਸਤਾਂ ਵਿੱਚ ਹੁੰਦੇ ਨੇ ਲੋਕ ਰਹਿੰਦੇ ਨੇ ਪਰ ਜਿਵੇਂ ਹੀ ਆਪਣੇ ਦਫ਼ਤਰ ਦੀ ਕੁਰਸੀ ਤੇ ਜਾ ਬੈਠਦੇ ਨੇ,ਖੁਸ਼ਕ,ਕੁਰੱਖਤ ਤੇ ਬੇਰਿਹਮ ਹੋ ਜਾਂਦੇ ਨੇ।ਉਹਨਾਂ ਦੀ ਤਾਂ ਜਿਵੇਂ ਕਾਇਆਪਲਟ ਹੋ ਜਾਂਦੀ ਹੇੈ।ਹਰ ਨਵੇਂ ਅਹੁਦੇ,ਹਰ ਨਵੀਂ ਕੁਰਸੀ ਦੇ ਨਾਲ ਉਹਨਾਂ ਦਾ ਕਿਰਦਾਰ, ਵਤੀਰਾ ਤੇ ਚਿਹਰਾ ਵੀ ਬਦਲ ਜਾਂਦਾ ਹੈ।
ਬੇਸ਼ੱਕ ਇਹ ਸਹੀ ਹੈ ਕਿ ਵਧੀਆ ਵਿਚਾਰ ਲਈ ਬਹੁਤ ਹੀ ਬੇਜਾਨ ਭਾਸ਼ਾ ਤਾਂ ਇੰਝ ਹੀ ਹੈ 'ਜਿਵੇਂ ਮੇਮਣੇ ਲਈ ਬਘਿਆੜ:
ਨੋਟ ਬੁਕ ਵਿਚੋਂ-ਸਾਹਿਤ ਇੰਨਸਟੀਚਿਉਟ ਵਿੱਚ ਇਕ 'ਅਵਾਰ' ਕੋਲੋਂ ਪ੍ਰੀਖਿਆ ਸਮੇਂ ਇਹ ਪੁਛਿਆ ਗਿਆ ਕਿ ਯਥਾਰਥਵਾਦ ਤੇ ਰੋਮਾਂਸਵਾਦ ਵਿੱਚ ਕੀ ਅੰਤਰ ਹੈ? ਅਵਾਰ ਨੇ ਇਸ ਵਿਸ਼ੇ ਤੇ ਕੋਈ ਕਿਤਾਬ ਪੜ੍ਹੀ ਨਹੀਂ ਸੀ।ਉਹਨੇ ਸੋਚਿਆ ਤੇ ਪ੍ਰਫੈਸਰ ਨੂੰ ਜਵਾਬ ਦਿਤਾ-
ਜਦੋਂ ਅਸੀਂ ਉਕਾਬ ਨੁੰ ਉਕਾਬ ਕਹਿੰਨੇ ਆਂ ਤਾਂ ਉਹ ਯਥਾਰਥਵਾਦ ਹੁੰਦੈ ਅਤੇ ਜਦੋਂ ਮੁਰਗੇ ਨੂੰ ਉਕਾਬ ਕਹਿੰਨੇ ਆਂ ਤਾਂ ਉਹ ਰੋਮਾਂਸਵਾਦ ਹੁੰਦੈ।ਪ੍ਰੋਫੈਸਰ ਦਾ ਹਾਸਾ ਨਿਕਲ ਗਿਆ ਤੇ ਉਸਨੇ ਅਵਾਰ ਨੂੰ ਪਾਸ ਕਰ ਦਿੱਤਾ।
ਖੁਦ ਅੱਗ ਬਾਲਣ ਲਈ ਆਦਮੀ ਦਾ ਆਪਣਾ ਚੁਲ੍ਹਾ ਹੋਣਾ ਚਾਹੀਦਾ ਹੈ।
ਪਹਿਲੇ ਪਹਾੜੀ ਲੋਕ ਪਾਣੀ ਤੇ ਜੜ੍ਹੀ ਬੂਟੀਆਂ ਨਾਲ ਸਾਰੀਆਂ ਬੀਮਾਰੀਆਂ ਦਾ ਇਲਾਜ ਕਰਦੇ ਸਨ।
ਪੁੱਤਾਂ ਲਈ ਪਿਤਾ ਦੇ ਅਲਫ਼ਾਜ਼ ਕਾਨੂੰਨ ਹੁੰਦੇ ਨੇ।
ਪੈਂਡੇ ਪੈਣ ਤੋਂ ਪਹਿਲ਼ਾਂ ਰਾਹੀ ਨਾਲ ਲੈ ਜਾਵੇ ਕੀ
ਨਾਲ ਅਸਾਡੇ ਨੇ ਅਦਭੂੱਤ ਗੀਤ,ਇਹਨਾਂ ਦਾ ਨਹੀਂ ਕੋਈ ਪਾਰ
ਬੇਸ਼ੱਕ ਨਾਲ ਲੈ ਜਾ ਇਹਨਾਂ ਨੂੰ,ਤੈਨੂੰ ਕੋਈ ਨਾਂ ਲਗੇ ਭਾਰ ॥
" ਦੇਹ ਸਾਨ੍ਹ ਦੀ ,ਦਿਮਾਗ ਵੱਛੇ ਦਾ "
ਕਹਿੰਦੇ ਨੇ -ਉਕਾਬ ਨੂੰ ਤੂੜੀ ਤੇ ਖੋਤੇ ਨੂੰ ਮਾਸ ਨਾਂ ਖਵਾਓ॥
ਕਹਿੰਦੇ ਨੇ -ਕਿ ਮੁਰਗੀ ਨੂੰ ਮਾਦਾ .ਉਕਾਬ ਹੋਣ ਦਾ ਸੁਪਨਾ ਆਇਆ,ਚਟਾਨ ਤੋਂ ਉੱਡੀ ਤੇ
ਖੰਭ ਤੁੜਵਾ ਬੈਠੀ।
ਛੋਟੇ ਜਿਹੇ ਸੋਮੇ ਨੇ ਇਹ ਸੁਪਨਾ ਵੇਖਿਆ ਕਿ ਉਹ ਵੱਡਾ ਦਰਿਆ ਹੈ,ਰੇਤ ਵਿੱਚ ਤੁਰਿਆ ਤੇ ਥਾਂਏ ਸੁੱਕ ਗਿਆ॥
ਸ਼ਬਦ ,ਬੋਲੀ-"ਦੁਨੀਆ ਵਿੱਚ ਜੇ ਸ਼ਬਦ ਨਾਂ ਹੁੰਦਾ ਤਾਂ ਉਹ ਅਜਿਹੀ ਨਾਂ ਹੁੰਦੀ ਜਿਹੀ ਉਹ ਅੱਜ ਵੇ॥
'ਉਪਰੋਕਤ ਕੁੱਝ ਅੰਸ਼ ਰਸੂਲ ਹਮਜ਼ਾਤੋਵ ਦੇ
" ਮੇਰਾ ਦਾਗਿਸਤਾਨ ਵਿਚੋਂ"
ਪੰਜਾਬੀ ਅਨੁਵਾਦ-ਕਮਲਜੀਤ
ਸੰਪਾਦਕ----ਅਮਿਤ ਮਿੱਤਰ( 2018)
ਰਣਜੀਤ ਕੌਰ ਗੁੱਡੀ ਤਰਨ ਤਾਰਨ