ਨਾਮ ਸਿਮਰਨ - ਮੇਜਰ ਸਿੰਘ ਬੁਢਲਾਡਾ

ਪਿਛਲੇ ਦਿਨੀਂ ਮੇਰੇ ਸਾਹਮਣੇ ਇਕ ਵੀਡੀਓ ਆਈ, ਜਿਸ ਵਿੱਚ ਇੱਕ ਬੀਬੀ ਆਪਣੇ ਬਾਬੇ ਨੂੰ  ਵਾਸਤਾ ਪਾਕੇ ਆਖ ਰਹੀ ਹੈ- "ਬਾਬਾ ਜੀ ਅੰਦਰ ਤੜਫ ਬਹੁਤ ਹੈ,ਪਰ ਸਿਮਰਨ ਨਹੀਂ ਹੁੰਦਾ।"
ਬਾਬਾ- ਬੇਟਾ,ਫਿਰ ਤੜਫ਼ ਕਾਹਦੀ ਹੋਈ? ਇਹ ਤਾਂ ਉਹੀ ਗੱਲ ਹੋਈ, ਮੈਂ ਮਾਂ ਪਿਓ ਨੂੰ ਪਿਆਰ ਤਾਂ ਬਹੁਤ ਕਰਦਾ ਪਰ ਕਹਿਣਾ ਨੀ ਮੰਨਦਾ।
ਬੀਬੀ - ..... ਦਸ ਕੁ ਮਿੰਟ ਤਾਂ ਬਹਿੰਦੇ ਹਾਂ, ਤੁਸੀਂ ਇਥੇ ਆਜਿਆ ਕਰੋ , ਫਿਰ ਅਸੀਂ ਘੰਟਿਆਂ ਦੇ ਘੰਟੇ ਬੈਠੇ ਰਹਿਣਾ।
ਬਾਬਾ- ਬੇਟਾ ਜ਼ਿੰਦਗੀ 'ਚ ਤੁਸੀਂ ਉਸ ਘਰ ਜਾਵੋਂਗੇ, ਜਿਥੇ ਸੋਡੀ ਕਦਰ ਨਾ ਹੋਵੇ?
ਬੀਬੀ- ਕਦਰ ਤਾਂ... ਹੈਗੀ
ਬਾਬਾ- ਕਾਹਦੀ ਕਦਰ ਆ? ਫਿਰ ਆਪਦੀ ਲੋੜ ਨੂੰ ਬੈਠਦੇ...
ਬੀਬੀ -ਨਹੀਂ ਬਾਬਾ ਜੀ ਬੈਠਦੇ ਤਾਂ ਹਾਂ... ਪਰ ਲੰਮਾ ਸਮਾਂ ਨੀ ਬੈਠਿਆਂ ਜਾਂਦਾ ...ਦਸ ਪੰਦਰਾਂ ਮਿੰਟ ਬੈਠਕੇ...
ਬਾਬਾ-ਕੋਈ ਨੌਕਰੀ ਕਰਦਾ ਹੋਵੇ, ਦਸ ਮਿੰਟ ਹਾਜ਼ਰੀ ਲਾਕੇ ਆਜੇ, ਉਹਨੂੰ ਕੋਈ ਤਨਖਾਹ ਦੇਵੇਗਾ ਪੂਰੀ ? ਆਦਿ ਆਦਿ,...........?
ਬੀਬੀ - ਪਰ ਬਾਬਾ ਜੀ ਤੁਸੀਂ ਅੰਦਰੋਂ ਇਕ ਵਾਰੀ ਨਜ਼ਾਰਾ ਜਾ ਵਿਖਾ ਦੋ ...
ਬਾਬਾ - ਜਣੀ ਕਮੀ ਮੇਰੀ ਆ,ਤੁਹਾਡੀ ਕੋਈ ਕਮੀ ਨਹੀਂ?ਮੈ ਨੀ ਨਜ਼ਾਰਾ ਦਿੰਦਾ,ਮੈਂ ਨੀ ਆਂਦਾ, ਤੁਸੀਂ ਸਾਰਾ ਕੁਝ ਕਰਦੇ ਓਂ
ਬੀਬੀ- ਪਰ ਬਾਬਾ ਜੀ,ਇਕ ਵਾਰੀ ਤਾਂ "ਨਜ਼ਾਰਾ" ਦਿਖਾਓ, ਦੇਖੀਏ ਕਿੱਦਾਂ ਦਾ ...
ਬਾਬਾ - ਓ ਪਹਿਲਾਂ ਕਦਰ ਤਾਂ ਕਰੋ।
ਬੀਬੀ - ਨਹੀਂ, ... ਕਦਰ ਤਾਂ ਹੈਗੀ ਬਾਬਾ ਜੀ।
ਬਾਬਾ-ਕਾਹਦੀ ਕਦਰ ਆ? ਜਦ ਬੈਠਦੇ ਨਹੀਂ ਹੋ।"
ਇਸ ਵਾਰਤਾਲਾਪ ਵਿੱਚ ਇਹ ਬਾਬਾ (ਮੇਰੇ 'ਚ ਕਮੀ ਹੈ, ਮੈਂ ਨੀ ਆਂਦਾ, ਮੈਂ ਨੀ ਨਜ਼ਾਰੇ ਦਿੰਦਾ) ਆਪਣੇ ਆਪ ਨੂੰ ਪ੍ਰਮਾਤਮਾ/ਰੱਬ ਹੋਣ ਦਾ ਪ੍ਰਗਟਾਵਾ ਕਰ ਰਿਹਾ ਹੈ ਅਤੇ ਇਸ ਗੱਲ ਤੇ ਜ਼ੋਰ ਦੇ ਰਿਹਾ,ਕਿ ਤੁਸੀਂ ਲੰਮਾਂ ਸਮਾਂ ਬੈਠਕੇ ਨਾਮ ਸਿਮਰਨ ਕਰੋ। ਇਹਦਾ ਮਤਲਬ ਹੈ, ਫਿਰ ਮੇਰੀ ਇੱਜ਼ਤ ਹੋਵੇਗੀ, ਫਿਰ ਮੈਂ ਆਵਾਂਗਾ; ਕਹਿੰਦਾ ਨਜ਼ਰ ਆ ਰਿਹਾ ਹੈ।
ਗੁਰਬਾਣੀ ਅੰਦਰ ਬਹੁਤ ਥਾਂ ਫੁਰਮਾਨ ਕੀਤਾ ਹੋਇਆ ਹੈ,
ਪ੍ਰਮਾਤਮਾ ਦੇ ਹੁਕਮ ਬਿਨਾਂ ਇਹ ਜੀਵ ਕੁਝ ਵੀ ਨਹੀਂ ਕਰ ਸਕਦਾ। ਪਰ ਇਸ ਬਾਬੇ ਨੇ ਉਸ ਪ੍ਰਮਾਤਮਾ ਨੂੰ ਇਕ ਆਕੜਖੋਰ ਆਮ ਇਨਸਾਨ ਵਰਗਾ ਜਿਹਾ ਬਣਾ ਦਿੱਤਾ, ਜਿਹੜਾ ਵੈਰ ਭਾਵਨਾ ਰੱਖਦਾ ਹੋਇਆ ਦੂਜੇ ਦੇ ਘਰ ਬਿਨਾਂ ਬੁਲਾਇਆ ਨਹੀਂ ਜਾਂਦਾ ਜਦੋਂ ਕਿ ਪ੍ਰਮਾਤਮਾ ਨੂੰ ਗੁਰਬਾਣੀ ਅੰਦਰ 'ਨਿਰਵੈਰ' ਦੱਸਿਆ ਗਿਆ ਹੈ।
  ਮੈਂ ਕ‌ਈ ਸਾਲਾਂ ਤੋਂ ਅਨੇਕਾਂ ਸਿੱਖ ਵਿਦਵਾਨਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਨੂੰ ਅਖ਼ਬਾਰਾਂ ਰਸਾਲਿਆਂ ਅਤੇ ਨੈੱਟ ਤੇ ਪੜ੍ਹਿਆ ਹੈ, ਨੈੱਟ ਤੇ ਵੀ ਸਰਚ ਕੀਤਾ, ਮੈਨੂੰ ਕਿਤੋਂ ਇਹ ਜਾਣਕਾਰੀ ਨਹੀਂ ਮਿਲੀ, ਕਿ ਇਨਸਾਨ ਨੂੰ  ਕਿਸੇ ਵਿਸ਼ੇਸ਼ ਥਾਂ ਜਾਂ ਇਕਾਂਤ ਵਿੱਚ ਬੈਠਕੇ ਵੱਧ ਤੋਂ ਵੱਧ ਸਮੇਂ ਲਈ ਨਾਮ ਸਿਮਰਨ ਕਰਨ ਨੂੰ ਆਖਿਆ ਗਿਆ ਹੋਵੇ।
ਗੁਰੂ ਗ੍ਰੰਥ ਸਾਹਿਬ ਵਿੱਚ ਮੰਗਲਾਚਰਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦਾ ਤਾਂ ਪਹਿਲਾ ਫੁਰਮਾਨ ਹੀ ਇਹੋ ਹੈ
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥4।।
ਬਹੁਤਾ ਕਰਮੁ ਲਿਖਿਆ ਨਾ ਜਾਇ ॥ ਵਡਾ ਦਾਤਾ ਤਿਲੁ ਨ ਤਮਾਇ ॥ (ਪੰਨਾ 5)
ਅਕਾਲ ਪੁਰਖ ਤਾਂ ਵੱਡੀਆਂ ਦਾਤਾਂ ਦੇਣ ਵਾਲਾ ਹੈ, । ਉਸ ਨੂੰ ਕਿਸੇ ਕਿਸਮ ਦਾ ਤਿਲ ਭਰ ਭੀ ਲਾਲਚ ਨਹੀਂ ਹੈ।
ਜਦ ਪ੍ਰਮਾਤਮਾ ਨੂੰ ਕਿਸੇ ਕਿਸਮ ਦਾ ਲਾਲਚ ਨਹੀਂ ਹੈ।
ਫਿਰ ਉਸ ਨੂੰ ਆਪਣਾ ਸਿਮਰਨ ਕਰਾਉਣ ਦਾ ਲਾਲਚ ਕਿਵੇਂ ਹੋ ਗਿਆ?
ਚਲੋ ਇਕ ਮਿੰਟ ਲਈ ਇਹਨਾਂ ਬਾਬਿਆਂ ਮੁਤਾਬਿਕ ਮੰਨ ਲਵੋ, ਪ੍ਰਮਾਤਮਾ ਨੂੰ ਨਾਮ ਜਪਾਉਣ ਦਾ ਲਾਲਚ ਜਾਗ ਪਿਆ। ਫਿਰ ਪ੍ਰਮਾਤਮਾ ਆਪਣਾ ਲਾਲਚ ਪੂਰਾ ਕਰਨ ਲਈ, ਕਰੋੜਾਂ ਲੋਕਾਂ ਨੂੰ ਚੌਵੀ ਘੰਟੇ ਬਿਠਾਕੇ ਆਪਣਾ ਲਾਲਚ ਪੂਰਾ ਕਰ ਸਕਦਾ ਸੀ ਤੇ ਕਰ ਸਕਦਾ ਹੈ, ਉਸਨੂੰ ਕੀ ਦਿੱਕਤ ਹੈ?
ਦੂਜੀ ਗੱਲ, ਕਰੋੜਾਂ ਲੋਕ, ਉਹ (ਪ੍ਰਮਾਤਮਾ) ਦੀ ਹੋਂਦ ਤੋਂ ਇਨਕਾਰੀ ਨੇ, ਬਹੁਤ ਸਾਰੇ ਗਾਲ਼ਾਂ ਦੇਣ ਵਾਲੇ ਵੀ ਹਨ।  ਉਹ ਵੀ ਤਾਂ ਇਸੇ ਦੇ ਸਾਜੇ ਹੋਏ ਹਨ।ਜੇ ਪ੍ਰਮਾਤਮਾ ਨੂੰ ਆਪਣਾ ਨਾਮ ਜਪਾਉਣ ਦਾ ਲਾਲਚ ਹੁੰਦਾ ਉਹਨਾਂ ਨੂੰ ਪੈਂਦਾ ਹੀ ਕਿਉਂ ਕਰਦਾ ਜਾ ਉਹਨਾਂ ਤੋਂ ਵੀ ਨਾਮ ਸਿਮਰਨ ਕਰਵਾ ਸਕਦਾ ਸੀ।
ਕਿਉਂਕਿ ਉਹ ਦੁਨੀਆਵੀ ਵਿਗਿਆਨੀ ਥੋੜਾ ? ਜਿਸ ਨੂੰ ਬਹੁਤ ਸਾਰੇ ਰੋਬੋਟ ਤਿਆਰ ਕਰਨ ਲਈ ਕਿਸੇ ਕਿਸਮ ਦੀ ਕਮੀਂ ਹੋ ਸਕਦੀ ਹੈ। ਪਰ ਉਹ ਤੇ ਬੇਅੰਤ ਖ਼ਜ਼ਾਨੇ ਦਾ ਮਾਲਕ ਪ੍ਰਮਾਤਮਾ, ਉਹ ਵਿਗਿਆਨੀ ਹੈ, ਜਿਸ ਨੇ ਅਣਗਿਣਤ ਰੋਬੋਟ ਰੂਪੀ ਇਨਸਾਨ ਦੇ ਅੰਦਰ ਜਿਹੋ ਜਿਹੇ ਫੰਕਸ਼ਨ (ਗੁਣ) ਪਾ ਦਿਤੇ, ਇਹ ਰੋਬੋਟ ਰੂਪੀ ਇਨਸਾਨ ਉਸੇ ਤਰਾਂ ਵਿਚਰ ਰਹੇ ਹਨ,ਕੰਮ ਕਰ ਰਹੇ ਹਨ,ਜਿਸ ਤਰਾਂ ਦੇ ਉਸ ਅੰਦਰ ਫੰਕਸ਼ਨ ਪਾਏ ਦਿੱਤੇ ਹਨ। ਜਦ ਕਿਸੇ ਅੰਦਰ ਸਿਮਰਨ ਵਾਲਾ ਫੰਕਸ਼ਨ (ਗੁਣ) ਪਾਇਆ ਹੀ ਨਹੀਂ, ਉਹ ਸਿਮਰਨ ਕਿਵੇਂ ਕਰੇਗਾ ਵੀ ਕਿਵੇਂ ?
"ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥ ਇਕਨ੍ਹ੍ਹੀ ਦੁਧੁ ਸਮਾਈਐ ਇਕਿ ਚੁਲ੍ਹ੍ਹੈ ਰਹਨ੍ਹ੍ਹਿ ਚੜੇ ॥ (ਪੰਨਾ 475)
"ਨਾਨਕ ਜੋ ਤਿਸੁ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ॥" (ਪੰਨਾ 55)
ਇਸ ਤਰਾਂ ਦੇ ਅਨੇਕਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹਨ ਪ੍ਰਮਾਤਮਾ ਦੀ ਪ੍ਰਾਪਤੀ,ਉਸਦਾ ਸਿਮਰਨ ਉਸਦੀ ਬਖਸ਼ਿਸ਼ ਬਿਨਾਂ ਨਹੀਂ ਹੁੰਦਾ।
ਇਕ ਹੋਰ ਅਸਚਰਜ ਗੱਲ ਵੇਖੋ, ਇਧਰ ਇਹ ਬਾਬਾ ਇਕ ਜੀਭ ਦੇ ਸਿਮਰਨ ਦੀ ਗੱਲ ਕਰਦਾ ਤੇ ਸਾਡਾ ਵੱਡਾ ਬਾਬਾ ਨਾਨਕ ਜੀ ਕਹਿੰਦੇ ਹਨ-
ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥ (ਪੰਨਾ 7)
ਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ, (ਇਹਨਾਂ ਵੀਹ ਲੱਖ ਜੀਭਾਂ ਨਾਲ ਜੇ) ਅਕਾਲ ਪੁਰਖ ਦੇ ਇਕ ਨਾਮ ਨੂੰ ਇਕ ਇਕ ਲੱਖ ਵਾਰੀ ਆਖੀਏ (ਤਾਂ ਭੀ ਕੂੜੇ (ਝੂਠੇ) ਮਨੁੱਖ ਦੀ ਇਹ ਕੂੜੀ ਹੀ ਠੀਸ (ਦਾਅਵਾ)ਹੈ, ਭਾਵ, ਜੇ ਮਨੁੱਖ ਇਹ ਖ਼ਿਆਲ ਕਰੇ ਕਿ ਮੈਂ ਆਪਣੇ ਉੱਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਝੂਠਾ ਅਹੰਕਾਰ ਹੈ।ਪ੍ਰੋ: ਸ.ਸ.)
'ਨਾਮ ਸਿਮਰਨ' ਨੂੰ ਹੋਰ ਸੌਖੇ ਢੰਗ ਨਾਲ ਸਮਝਣ ਲਈ ਤੁਸੀਂ ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦੀ ਵਾਰਤਾਲਾਪ ਤੇ ਧਿਆਨ ਦਿਓ। ਨਾਮਦੇਵ ਜੀ ਭਗਤ 'ਤ੍ਰਿਲੋਚਨ' ਜੀ ਨੂੰ ਕਹਿੰਦੇ ਹਨ -
ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥ ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥੧॥ ਮਨੁ ਰਾਮ ਨਾਮਾ ਬੇਧੀਅਲੇ ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥੧॥ ਰਹਾਉ ॥
(ਹੇ ਤ੍ਰਿਲੋਚਨ! ਵੇਖ, ਮੁੰਡਾ) ਕਾਗ਼ਜ਼ ਲਿਆਉਂਦਾ ਹੈ, ਉਸ ਦੀ ਗੁੱਡੀ(ਪਤੰਗ)ਕੱਟਦਾ (ਬਣਾਉਂਦਾ)ਹੈ ਤੇ ਗੁੱਡੀ ਨੂੰ ਅਸਮਾਨ ਵਿਚ ਉਡਾਉਂਦਾ ਹੈ, ਸਾਥੀਆਂ ਨਾਲ ਗੱਪਾਂ ਭੀ ਮਾਰੀ ਜਾਂਦਾ ਹੈ, ਪਰ ਉਸ ਦਾ ਮਨ (ਗੁੱਡੀ ਦੀ) ਡੋਰ ਵਿਚ ਟਿਕਿਆ ਰਹਿੰਦਾ ਹੈ।1।
(ਹੇ ਤ੍ਰਿਲੋਚਨ!) ਜਿਵੇਂ ਸੁਨਿਆਰੇ ਦਾ ਮਨ (ਹੋਰਨਾਂ ਨਾਲ ਗੱਲਾਂ-ਬਾਤਾਂ ਕਰਦਿਆਂ ਭੀ, ਕੁਠਾਲੀ ਵਿਚ ਪਾਏ ਹੋਏ ਸੋਨੇ ਵਿਚ) ਜੁੜਿਆ ਰਹਿੰਦਾ ਹੈ, ਤਿਵੇਂ ਮੇਰਾ ਮਨ ਪਰਮਾਤਮਾ ਦੇ ਨਾਮ ਵਿਚ ਵਿੱਝਾ ਹੋਇਆ ਹੈ।1। ਰਹਾਉ।
ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥ ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥
(ਹੇ ਤ੍ਰਿਲੋਚਨ!) ਜੁਆਨ ਕੁੜੀਆਂ ਸ਼ਹਿਰ ਵਿਚੋਂ (ਬਾਹਰ ਜਾਂਦੀਆਂ ਹਨ) ਆਪੋ ਆਪਣਾ ਘੜਾ ਚੁੱਕ ਲੈਂਦੀਆਂ ਹਨ, ਪਾਣੀ ਨਾਲ ਭਰਦੀਆਂ ਹਨ, (ਆਪੋ ਵਿਚ) ਹੱਸਦੀਆਂ  ਹਨ, ਹਾਸੇ ਦੀਆਂ ਗੱਲਾਂ ਤੇ ਹੋਰ ਕਈ ਵਿਚਾਰਾਂ ਕਰਦੀਆਂ ਹਨ, ਪਰ ਆਪਣਾ ਚਿੱਤ ਆਪੋ ਆਪਣੇ ਘੜੇ ਵਿਚ ਰੱਖਦੀਆਂ ਹਨ।2।
ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥ ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥੩॥
(ਹੇ ਤ੍ਰਿਲੋਚਨ!) ਇੱਕ ਘਰ ਹੈ ਜਿਸ ਦੇ ਦਸ ਬੂਹੇ ਹਨ, ਇਸ ਘਰੋਂ ਮਨੁੱਖ ਗਊਆਂ ਚਾਰਨ ਲਈ ਛੱਡਦਾ ਹੈ; ਇਹ ਗਾਈਆਂ ਚਾਹੇ ਪੰਜਾਂ ਕੋਹਾਂ ਤੇ ਜਾ ਚੁਗਦੀਆਂ ਹਨ, ਪਰ ਆਪਣਾ ਚਿੱਤ ਆਪਣੇ ਵੱਛੇ ਵਿਚ ਰੱਖਦੀਆਂ ਹਨ (ਤਿਵੇਂ ਹੀ ਦਸ-ਇੰਦ੍ਰਿਆਂ-ਵਾਲੇ ਇਸ ਸਰੀਰ ਵਿਚੋਂ ਮੇਰੇ ਗਿਆਨ-ਇੰਦ੍ਰੇ ਸਰੀਰ ਦੇ ਨਿਰਬਾਹ ਲਈ ਕੰਮ-ਕਾਰ ਕਰਦੇ ਹਨ, ਪਰ ਮੇਰੀ ਸੁਰਤ ਆਪਣੇ ਪ੍ਰਭੂ-ਚਰਨਾਂ ਵਿਚ ਹੀ ਹੈ) ।3।
ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥ ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥੪॥(ਪੰਨਾ 972)
ਹੇ ਤ੍ਰਿਲੋਚਨ! ਸੁਣ, ਨਾਮਦੇਵ (ਇਕ ਹੋਰ ਦ੍ਰਿਸ਼ਟਾਂਤ) ਆਖਦਾ ਹੈ– ਮਾਂ ਆਪਣੇ ਬਾਲ ਨੂੰ ਪੰਘੂੜੇ ਵਿਚ ਪਾਂਦੀ ਹੈ, ਅੰਦਰ ਬਾਹਰ ਘਰ ਦੇ ਕੰਮਾਂ ਵਿਚ ਰੁੱਝੀ ਰਹਿੰਦੀ ਹੈ, ਪਰ ਆਪਣੀ ਸੁਰਤ ਆਪਣੇ ਬੱਚੇ ਵਿਚ ਰੱਖਦੀ ਹੈ।4।।
ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦੀ ਵਾਰਤਾਲਾਪ ਦੀ ਕੁਝ ਚਰਚਾ ਕਬੀਰ ਸਾਹਿਬ ਜੀ ਨੇ ਆਪਣੇ ਦੋ ਸਲੋਕਾਂ ਵਿੱਚ ਕੀਤੀ ਹੈ।
"ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥ ੨੧੨॥
ਤ੍ਰਿਲੋਚਨ ਜੀ ਆਖਦਾ ਹੈ-ਹੇ ਮਿੱਤ੍ਰ ਨਾਮਦੇਵ! ਤੂੰ ਤਾਂ ਮਾਇਆ ਵਿਚ ਫਸਿਆ ਜਾਪਦਾ ਹੈਂ। ਇਹ ਅੰਬਰੇ ਕਿਉਂ ਠੇਕ ਰਿਹਾ ਹੈਂ? ਪਰਮਾਤਮਾ ਦੇ ਚਰਨਾਂ ਨਾਲ ਚਿੱਤ ਕਿਉਂ ਨਹੀਂ ਜੋੜਦਾ?
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥ (ਪੰਨਾ 1375)
ਅੱਗੋਂ ਨਾਮਦੇਵ ਕਹਿੰਦਾ ਹੈ- ਹੇ ਤ੍ਰਿਲੋਚਨ! ਮੂੰਹ ਨਾਲ ਪਰਮਾਤਮਾ ਦਾ ਨਾਮ ਲੈ; ਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ, ਅਤੇ ਆਪਣਾ ਚਿਤ ਮਾਇਆ-ਰਹਿਤ ਪਰਮਾਤਮਾ ਨਾਲ ਜੋੜ।( ਪ੍ਰੋ: ਸਾਹਿਬ ਸਿੰਘ)
ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ ॥ (ਪੰਨਾ 972)
ਜਗਤ ਦੇ ਲੋਕੋ! ਸੁਚੇਤ ਰਹੋ, ਜਾਗਦੇ ਰਹੋ, ਤੁਸੀ ਤਾਂ ਭਾਈ ਜਾਗਦੇ ਹੀ ਲੁੱਟੇ ਜਾ ਰਹੇ ਹੋ।
ਨਾਮ ਦਾ ਅਰਥ ਪ੍ਰਮਾਤਮਾ ਵੀ ਹੈ ਅਤੇ ਸਿਮਰਨ ਦਾ ਮਤਲਬ ਯਾਦ ਕਰਨਾ, ਚੇਤੇ ਰੱਖਣਾ ਵੀ ਹੁੰਦਾ ਹੈ।
ਇਸ ਲਈ ਪ੍ਰਮਾਤਮਾ ਨੂੰ ਚੇਤੇ ਰੱਖਦੇ ਹੋਏ, ਸੱਚੀ ਸੁੱਚੀ ਕਿਰਤ ਕਰਨਾ, ਹਰ ਕੰਮ ਇਮਾਨਦਾਰੀ ਨਾਲ ਕਰਨਾ, ਕਿਸੇ ਦਾ ਹੱਕ ਨਾ ਮਾਰਨਾ, ਕਿਸੇ ਦਾ ਦਿਲ ਨਾ ਦਿਖਾਉਣਾ, ਕਿਸੇ ਦਾ ਭਲਾ ਕਰਨਾ ਵੀ ਨਾਮ ਸਿਮਰਨ ਕਰਨਾ ਹੀ ਹੁੰਦਾ ਹੈ।
ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥ (ਪੰਨਾ 1245)
ਨਾ ਕਿ ਸਿਰਫ਼ ਇਕਾਂਤ ਵਿੱਚ ਬਹਿਕੇ ਕਿਸੇ ਸ਼ਬਦ ਨੂੰ ਵਾਰ ਵਾਰ ਦੁਹਰਾਉਣਾ।
ਮੇਜਰ ਸਿੰਘ ਬੁਢਲਾਡਾ
94176 42327