26 ਅਕਤੂਬਰ ਨੂੰ ਜਨਮ ਦਿਹਾੜੇ ਤੇ ਵਿਸ਼ੇਸ਼ - ਕੰਵਲਜੀਤ ਕੌਰ ਢਿੱਲੋਂ
ਧੰਨੁ ਧੰਨੁ ਰਾਮਦਾਸ ਗੁਰੂ ਜਿਨਿ ਸਿਰਿਆ ਤਿਨੈ ਸਵਾਰਿਆ॥
ਪਵਿੱਤਰ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਕਿ ਪਹਿਲਾ ਰਾਮਦਾਸਪੁਰ ਅਤੇ ਉਸ ਤੋਂ ਪਹਿਲਾ ਗੁਰੂ ਕਾ ਚੱਕ ਨਾਮ ਨਾਲ ਜਾਣੀ ਜਾਂਦੀ ਸੀ ਦੇ ਰਚਣਹਾਰ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਹਨ। ਗੁਰੂ ਰਾਮਦਾਸ ਜੀ ਦਾ ਸਾਦਗੀ ਭਰਪੂਰ ਜੀਵਨ ਅਤੇ ਉਹਨਾਂ ਦੁਆਰਾ ਰਚਿਤ ਬਾਣੀ ਅੱਜ ਵੀ ਸਾਨੂੰ ਜਿੱਥੇ ਚੰਗੀ ਜੀਵਨ ਜਾਚ ਸਿਖਾਉਂਦੀ ਹੈ, ਉਥੇ ਹੀ ਸਾਡਾ ਮਾਰਗਦਰਸ਼ਨ ਕਰਦੀ ਹੈ।
ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਇਤਿਹਾਸ ਅਨੁਸਾਰ 24 ਸਤੰਬਰ 1534 ਈ: ਨੂੰ ਪਿਤਾ ਹਰਿਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਯਾ ਜੀ ਦੀ ਕੁੱਖੋਂ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਆਪ ਦਾ ਬਚਪਨ ਦਾ ਨਾਮ ਭਾਈ ਜੇਠਾ ਸੀ। ਬਚਪਨ ਵਿੱਚ ਹੀ ਆਪ ਦੇ ਮਾਤਾ-ਪਿਤਾ ਅਕਾਲ ਚਲਾਣਾ ਕਰ ਗਏ। ਆਪ ਨੇ ਆਪਣਾ ਬਚਪਨ ਨਾਨਕੇ ਘਰ ਪਿੰਡ ਬਾਸਰਕੇ ਗਿੱਲਾਂ ਜਿਲ੍ਹਾ ਅੰਮ੍ਰਿਤਸਰ ਵਿਖੇ ਬਤੀਤ ਕੀਤਾ। ਘਰ ਵਿੱਚ ਬਹੁਤ ਗਰੀਬੀ ਹੋਣ ਕਾਰਨ ਆਪ ਨੂੰ ਜੀਵਨ ਨਿਰਵਾਹ ਲਈ ਘੁੰਗਣੀਆਂ ਵੇਚਣੀਆਂ ਪਈਆ। ਇਸ ਪ੍ਰਕਾਰ ਆਪ ਬਚਪਨ ਤੋਂ ਹੀ ਹੱਥੀ ਕਿਰਤ ਕਰਨ ਲੱਗ ਪਏ ਸੀ। ਮਨ ਵਿੱਚ ਗੁਰੂ ਅਮਰਦਾਸ ਜੀ ਨੂੰ ਮਿਲਣ ਦੀ ਤਾਂਘ ਲੈ ਆਪ ਗੋਇੰਦਵਾਲ ਸਾਹਿਬ ਪਹੁੰਚ ਗਏ। ਉਥੇ ਆਪ ਦਿਨ ਰਾਤ ਕੀਰਤਨ ਸੁਣਦੇ ਅਤੇ ਗੁਰੂ ਘਰ ਦੀ ਸੇਵਾ ਕਰਦੇ। ਇਥੇ ਵੀ ਆਪ ਨੇ ਆਪਣਾ ਜੀਵਨ ਨਿਰਵਾਹ ਘੁੰਗਣੀਆਂ ਵੇਚ ਕੇ ਹੀ ਕੀਤਾ। ਅਮਰਦਾਸ ਜੀ ਨੇ ਭਾਈ ਜੇਠਾ ਜੀ ਦੀ ਕਿਰਤ ਕਰਨ ਦੀ ਲਗਨ ਅਤੇ ਗੁਰੂ ਘਰ ਨਾਲ ਸ਼ਰਧਾ ਨੂੰ ਵੇਖਦਿਆ ਹੋਇਆ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਨਾਲ ਕਰ ਦਿੱਤਾ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਦਾ ਨਾਮ ਬਦਲ ਕੇ ਰਾਮਦਾਸ ਰੱਖ ਦਿੱਤਾ। ਗੁਰੂ ਅਮਰਦਾਸ ਜੀ ਨੇ ਗੁਰਿਆਈ ਦੇਣ ਲਈ ਭਾਈ ਰਾਮਾ ਅਤੇ ਭਾਈ ਜੇਠਾ(ਰਾਮਦਾਸ) ਜੀ ਦੀ ਪ੍ਰੀਖਿਆ ਲਈ। ਗੁਰੂ ਜੀ ਨੇ ਦੋਵਾਂ ਨੂੰ ਹੀ ਥੜ੍ਹਾ ਬਣਾਉਣ ਲਈ ਕਿਹਾ। ਗੁਰੂ ਅਮਰਦਾਸ ਜੀ ਕੋਈ ਨਾ ਕੋਈ ਕਮੀ ਕੱਢ ਥੜ੍ਹਾ ਢੁਆ ਦਿੰਦੇ ਰਹੇ। ਅਜਿਹਾ ਦੇਖ ਭਾਈ ਰਾਮਾ ਜੀ ਦਾ ਸਿਦਕ ਡੋਲ ਗਿਆ ਪਰੰਤੂ ਭਾਈ ਜੇਠਾ ਜੀ ਹਰ ਵਾਰੀ 'ਸਤਿ ਬਚਨ' ਕਹਿ ਦੁਬਾਰਾ ਥੜ੍ਹਾ ਬਣਾਉਣ ਲੱਗ ਪੈਂਦੇ। ਇਸ ਪ੍ਰਕਾਰ ਗੁਰੂ ਅਮਰਦਾਸ ਜੀ ਦੀ ਗੁਰਿਆਈ ਲਈ ਯੋਗ ਵਿਅਕਤੀ ਦੀ ਭਾਲ ਖਤਮ ਹੋ ਗਈ । ਸਤੰਬਰ 1574 ਈ: ਨੂੰ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਸੌਂਪ ਦਿੱਤੀ।
ਗੁਰੂ ਅਮਰਦਾਸ ਜੀ ਦੇ ਕਹੇ ਅਨੁਸਾਰ ਆਪ ਨੇ ਗੁਰੂ ਕਾ ਚੱਕ(ਰਾਮਦਾਸਪੁਰ) ਦੀ ਨੀਂਹ 1574 ਈ. ਵਿੱਚ ਰੱਖੀ। ਗੁਰੂ ਘਰ ਦੀ ਇਮਾਰਤ ਬਣਾਉਣ, ਧਰਮਸ਼ਾਲਾ ਅਤੇ ਸਰੋਵਰ ਦੀ ਉਸਾਰੀ ਲਈ ਬਹੁਤ ਧੰਨ ਦੀ ਜਰੂਰਤ ਸੀ। ਗੁਰੂ ਜੀ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ,ਇਸ ਪ੍ਰਥਾ ਦੇ ਅਧੀਨ ਸੰਗਤਾਂ ਨੂੰ ਗੁਰੂ ਘਰ ਵਿੱਚ ਹੋਣ ਵਾਲੇ ਕਾਰਜਾਂ ਤੋਂ ਜਾਣੂ ਕਰਵਾਇਆ ਜਾਂਦਾ ਸੀ ਅਤੇ ਉਹਨਾਂ ਵੱਲੋਂ ਭੇਟ ਕੀਤੀ ਗਈ ਮਾਇਆ ਨੂੰ ਸ੍ਰੀ ਦਰਬਾਰ ਸਾਹਿਬ ਵਿੱਚ ਜਮ੍ਹਾਂ ਕਰਵਾ ਦਿੱਤਾ ਜਾਂਦਾ। ਆਪ ਦੇ ਗ੍ਰਹਿ ਵਿਖੇ ਤਿੰਨ ਪੁਤਰਾਂ ਪ੍ਰਿਥੀ ਚੰਦ, ਮਹਾਂਦੇਵ ਅਤੇ ਅਰਜਨ ਦੇਵ ਦਾ ਜਨਮ ਹੋਇਆ। ਗੁਰੂ ਘਰ ਪ੍ਰਤੀ ਸੱਚੀ ਲਗਨ ਅਤੇ ਨਿਸ਼ਟਾ ਨੂੰ ਵੇਖਦਿਆਂ ਹੋਇਆ ਆਪ ਨੇ ਅਰਜਨ ਦੇਵ ਜੀ ਨੂੰ 1 ਸਤੰਬਰ 1581 ਨੂੰ ਗੁਰਿਆਈ ਬਖ਼ਸ਼ ਦਿੱਤੀ ਅਤੇ ਇਸੇ ਦਿਨ ਹੀ ਆਪ ਜੋਤਿ -ਜੋਤ ਸਮਾਂ ਗਏ।
ਗੁਰੂ ਜੀ ਦੀ ਰਚਿਤ ਬਾਣੀ ਵਿੱਚ ਸ਼ਬਦ, ਸਲੋਕ, ਘੋੜੀਆਂ, ਲਾਵਾਂ , ਕਰਹਲੇ ਅਤੇ ਵਾਰਾਂ ਸ਼ਾਮਿਲ ਹਨ। ਗੁਰੂ ਜੀ ਦੀ ਬਾਣੀ ਵਾਹਿਗੁਰੂ ਦਾ ਨਾਮ ਸਿਮਰਨ ਕਰਨ,ਚੰਗੇ ਕਰਮ ਕਰਨ,ਹਾਉਮੈ ਹੰਕਾਰ ਨੂੰ ਤਿਆਗਣ ਦਾ ਸ਼ੰਦੇਸ ਦਿੰਦੀ ਹੈ। ਆਪ ਜੀ ਦਾ ਜਨਮ ਦਿਹਾੜਾ ਸਭ ਸੰਗਤਾਂ ਵੱਲੋਂ ਮਿਤੀ 26 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਭ ਸਿੱਖ ਸੰਗਤਾਂ ਹੁੰਮ -ਹਮਾ ਕੇ ਗੁਰੂ ਘਰ ਜਾਣ ਅਤੇ ਗੁਰੂ ਜੀ ਵੱਲੋ ਰਚਿਤ ਬਾਣੀ ਦਾ ਓਟ ਆਸਰਾ ਲੈਣ।
ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
ਸੰਪਰਕ 9478793231
Email: kanwaldhillon16@gmail.com
25 Oct. 2018