ਕੈਨੇਡਾ ਵਿੱਚ ਵਾਰਾ-ਖਾਣ ਯੋਗ ਘਰਾਂ ਦੀ ਕਿੱਲਤ ਦਾ ਕਾਰਨ ਇੰਮੀਗ੍ਰੈਂਟ ਹਨ ਜਾਂ ਇਨਵੈਸਟਰ? - ਸੁਖਵੰਤ ਹੁੰਦਲ
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੈਨੇਡਾ ਵਿੱਚ ਵਾਰਾ-ਖਾਣ ਯੋਗ ਘਰਾਂ (ਅਫੋਰਡੇਬਲ ਹਾਊਸਿੰਗ) ਦੀ ਕਿੱਲਤ ਇਕ ਵੱਡੀ ਸਮੱਸਿਆ ਹੈ। ਮੁੱਖ ਧਾਰਾ ਮੀਡੀਏ ਵਿੱਚ ਹਾਲ ਵਿੱਚ ਹੀ ਛਪੀਆਂ ਕਈ ਰਿਪੋਰਟਾਂ ਵਿੱਚ ਕੈਨੇਡਾ ਵਿੱਚ ਆਏ ਨਵੇਂ ਇੰਮੀਗ੍ਰੈਂਟਾਂ ਨੂੰ ਇਸ ਸਮੱਸਿਆ ਦਾ ਕਾਰਨ ਦੱਸਿਆ ਗਿਆ ਹੈ। ਕੈਨੇਡਾ ਦੇ ਕਈ ਸਿਆਸੀ ਨੇਤਾ ਵੀ ਇਹ ਗੱਲ ਦੁਹਰਾ ਰਹੇ ਹਨ। ਉਦਾਹਰਨ ਲਈ ਸੰਨ 2024 ਦੇ ਸ਼ੁਰੂ ਵਿੱਚ ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੌਲੀਅਵ ਨੇ ਕਿਹਾ ਸੀ, "ਤੁਹਾਡੇ ਕੋਲ ਉਹਨਾਂ ਲਈ ਜਿੰਨੇ ਘਰ ਹਨ, ਜੇ ਉਸ ਤੋਂ ਵੱਧ ਗਿਣਤੀ ਵਿੱਚ ਪਰਿਵਾਰ ਇੱਥੇ ਆ ਰਹੇ ਹਨ, ਤਾਂ ਇਸ ਨਾਲ ਘਰਾਂ ਦੀਆਂ ਕੀੰਮਤਾਂ ਵਧਣਗੀਆਂ ਹੀ।" ਆਮ ਸੂਝ (ਕਾਮਨਸੈਂਸ) ਅਨੁਸਾਰ ਆਮ ਲੋਕਾਂ ਨੂੰ ਵੀ ਇਹ ਗੱਲ ਠੀਕ ਲਗਦੀ ਹੈ। ਪਰ ਵਾਰਾ-ਖਾਣ ਯੋਗ ਘਰਾਂ ਦੀ ਸਮੱਸਿਆ ਦਾ ਅਧਿਐਨ ਕਰਨ ਵਾਲੇ ਬਹੁਤ ਸਾਰੇ ਮਾਹਰਾਂ/ਵਿਦਵਾਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਉੱਪਰੋਂ ਉੱਪਰੋਂ ਦੇਖਿਆਂ ਇਹ ਗੱਲ ਠੀਕ ਲੱਗਦੀ ਹੋਵੇ, ਪਰ ਅਸਲ ਵਿੱਚ ਇਹ ਸਹੀ ਨਹੀਂ। ਉਹਨਾਂ ਅਨੁਸਾਰ ਕੈਨੇਡਾ ਵਿੱਚ ਵਾਰਾ-ਖਾਣ ਯੋਗ ਘਰਾਂ ਦੀ ਕਿੱਲਤ ਦਾ ਕਾਰਨ ਇੰਮੀਗ੍ਰੈਂਟ ਨਹੀਂ, ਸਗੋਂ ਕੈਨੇਡਾ ਦੀ ਸਰਕਾਰ ਦੀਆਂ ਸੋਸ਼ਲ ਹਾਊਂਸਿੰਗ ਦੇ ਸੰਬੰਧ ਵਿੱਚ ਪਿਛਲੇ ਤਿੰਨ ਕੁ ਦਹਾਕਿਆਂ ਦੌਰਾਨ ਅਪਣਾਈਆਂ ਨੀਤੀਆਂ ਅਤੇ ਘਰਾਂ ਦੀ ਮਾਰਕੀਟ ਵਿੱਚ ਇਨਵੈਸਟਰਾਂ ਦੀ ਦਖਲਅੰਦਾਜ਼ੀ ਹੈ।
ਇੰਮੀਗ੍ਰੈਂਟਾਂ ਨੂੰ ਕੈਨੇਡਾ ਵਿੱਚ ਵਾਰਾ-ਖਾਣ ਯੋਗ ਘਰਾਂ ਦੀ ਕਿੱਲਤ ਦਾ ਕਾਰਨ ਦੱਸਣ ਵਾਲੇ ਇਹ ਦਲੀਲ ਦਿੰਦੇ ਹਨ ਕਿ ਜਿਸ ਮਾਤਰਾ ਵਿੱਚ ਕੈਨੇਡਾ ਦੀ ਅਬਾਦੀ ਵੱਧ ਰਹੀ ਹੈ, ਉਨੀ ਮਾਤਰਾ ਵਿੱਚ ਨਵੇਂ ਘਰ ਨਹੀਂ ਬਣ ਰਹੇ। ਇਸ ਲਈ ਸਾਨੂੰ ਘਰਾਂ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 21 ਜਨਵਰੀ 2024 ਨੂੰ ਸੀ ਬੀ ਸੀ ਦੇ ਵੈੱਬਸਾਈਟ `ਤੇ ਛਪੇ "ਲਿੰਕਿੰਗ ਇਮੀਗ੍ਰੇਸ਼ਨ ਟੂ ਦੀ ਹਾਊਸਿੰਗ ਸ਼ੌਰਟੇਜ ਮੇ ਬੀ ਮਿਸਿੰਗ ਦੀ ਪ੍ਰਾਬਲਮ, ਐਕਸਪਰਟ ਸੇਅ" ਨਾਂ ਦੇ ਆਰਟੀਕਲ ਵਿੱਚ ਇਸ ਧਾਰਨਾ ਨੂੰ ਗਲਤ ਦੱਸਿਆ ਗਿਆ ਹੈ। ਇਸ ਆਰਟੀਕਲ ਦੇ ਲੇਖਕ ਪੀਟਰ ਜ਼ੀਮੋਨਜਿਕ ਨੇ ਯੂਨੀਵਰਸਿਟੀ ਆਫ ਟਰਾਂਟੋ ਦੇ ਫੈਕਟਰ-ਇਨਵੈਨਟਾਸ਼ ਫੈਕਲਟੀ ਆਫ ਸੋਸ਼ਲ ਵਰਕ ਵਿੱਚ ਹਾਊਸਿੰਗ ਐਂਡ ਕਮਿਊਨਿਟੀ ਡਿਵੈਲਪਮੈਂਟ ਦੇ ਪ੍ਰੋਫੈਸਰ ਡੇਵਿਡ ਹਲਚੈਂਸਕੀ ਦੇ ਹਵਾਲੇ ਨਾਲ ਇਸ ਧਾਰਨਾ ਦੇ ਸਹੀ ਨਾ ਹੋਣ ਬਾਰੇ ਗੱਲ ਕੀਤੀ ਹੈ। ਪ੍ਰੋਫੈਸਰ ਹਲਚੈਂਸਕੀ ਅਨੁਸਾਰ ਇਸ ਦਾਅਵੇ ਦੀ ਸਚਾਈ ਸਮਝਣ ਲਈ ਸਾਨੂੰ ਸਭ ਤੋਂ ਪਹਿਲਾਂ ਘਰੇਲੂ ਇਕਾਈ (ਹਾਉਸਹੋਲਡ) ਅਤੇ ਘਰਾਂ (ਹੋਮਜ਼) ਵਿਚਲੇ ਫਰਕ ਨੂੰ ਸਮਝਣਾ ਪੈਣਾ ਹੈ। ਸਾਨੂੰ ਇਹ ਸਮਝਣਾ ਪੈਣਾ ਹੈ ਕਿ ਕੈਨੇਡਾ ਦੇ 4 ਕ੍ਰੋੜ (40 ਮਿਲੀਅਨ) ਲੋਕ 4 ਕ੍ਰੋੜ (40 ਮਿਲੀਅਨ) ਘਰਾਂ ਵਿੱਚ ਨਹੀਂ ਰਹਿੰਦੇ ਹਨ। ਕੈਨੇਡਾ ਦੀ ਇਕ ਘਰੇਲੂ ਇਕਾਈ ਵਿੱਚ ਔਸਤਨ 2.45 ਲੋਕ ਹਨ। ਇਸ ਗਿਣਤੀ ਅਨੁਸਾਰ ਕੈਨੇਡਾ ਵਿੱਚ ਆਉਣ ਵਾਲੇ 5 ਲੱਖ (500,000) ਇੰਮੀਗ੍ਰੈਂਟਾਂ ਨੂੰ 2 ਲੱਖ 4 ਹਜ਼ਾਰ (204,000) ਘਰਾਂ ਦੀ ਲੋੜ ਪਵੇਗੀ। ਹਲਚੈਂਸਕੀ ਨੇ ਅੱਗੇ ਕਿਹਾ ਕਿ ਜਨਵਰੀ 2024 ਦੇ ਸ਼ੁਰੂ ਵਿੱਚ ਸੀ ਐੱਮ ਐੱਚ ਸੀ (ਕੈਨੇਡੀਅਨ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ) ਵਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ ਸਾਲ (2023) ਦੇ ਸ਼ੁਰੂ ਵਿੱਚ 2,23,513 ਨਵੇਂ ਘਰ ਬਣਨੇ ਸ਼ੁਰੂ ਹੋਏ ਸਨ, ਜਿਹੜੇ ਆਉਣ ਵਾਲੇ ਨਵੇਂ ਇੰਮੀਗਰੈਂਟਾਂ ਦੀ ਰਿਹਾਇਸ਼ ਲਈ ਕਾਫੀ ਹੋਣਗੇ।
30 ਮਈ 2024 ਨੂੰ ਕੈਨੇਡੀਅਨ ਡਾਇਮੈਨਸ਼ਨ ਮੈਗਜ਼ੀਨ ਦੇ ਵੈੱਬਸਾਈਟ `ਤੇ "ਵਾਈ ਦਿ ਹਾਊਸਿੰਗ ਕਰਾਈਸਿਸ ਇਜ਼ ਨਾਟ ਐਨ ਇਮੀਗ੍ਰੇਸ਼ਨ ਪ੍ਰਾਬਲਮ" ਨਾਂ ਦੇ ਛਪੇ ਇਕ ਆਰਟੀਕਲ ਵਿੱਚ ਵੀ ਇਸ ਤਰ੍ਹਾਂ ਦੇ ਅੰਕੜੇ ਅਤੇ ਦਲੀਲ ਦਿੱਤੀ ਗਈ ਹੈ। ਇਸ ਆਰਟੀਕਲ ਦੇ ਲੇਖਕ ਜੇਮਜ਼ ਹਾਰਡਵਿਕ ਦਾ ਕਹਿਣਾ ਹੈ ਇਹਨਾ ਤੱਥਾਂ ਨੂੰ ਦੇਖਦਿਆਂ ਅਸੀਂ ਇਹ ਕਹਿ ਸਕਦੇ ਹਾਂ ਕਿ ਸਮੱਸਿਆ ਇਹ ਨਹੀਂ ਕਿ ਲੋਕਾਂ ਦੀ ਗਿਣਤੀ ਜ਼ਿਆਦਾ ਹੈ ਅਤੇ ਘਰਾਂ ਦੀ ਘੱਟ, ਸਗੋਂ ਸਮੱਸਿਆ ਇਹ ਹੈ ਕਿ ਘਰਾਂ ਦੀ ਮਾਲਕੀ ਕਿਹਨਾਂ ਲੋਕਾਂ ਕੋਲ ਹੈ ਅਤੇ ਕਿਉਂ ਹੈ।
17 ਅਗਸਤ 2023 ਨੂੰ ਬ੍ਰੀਚ ਮੀਡੀਏ ਦੇ ਵੈੱਬਸਾਈਟ `ਤੇ "ਦਿ ਮੀਡੀਆ ਇਜ਼ ਬਲੇਮਿੰਗ ਇੰਮੀਗ੍ਰੈਂਟਸ ਫਾਰ ਦਿ ਹਾਊਸਿੰਗ ਕਰਾਈਸਿਸ, ਦੇ ਆਰ ਰੌਂਗ" ਨਾਂ ਦਾ ਆਰਟੀਕਲ ਛਪਿਆ ਸੀ। ਇਸ ਆਰਟੀਕਲ ਦਾ ਲੇਖਕ ਸਈਦ ਹੁਸੈਨ ਮਾਈਗ੍ਰੈਂਟ ਰਾਈਟਸ ਨੈੱਟਵਰਕ ਦਾ ਬੁਲਾਰਾ ਹੈ। ਉਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਮਾਈਗ੍ਰੈਂਟ ਵਰਕਰ ਕੰਮ-ਮਾਲਕ ਵਲੋਂ ਦਿੱਤੇ ਘਰਾਂ ਵਿੱਚ ਰਹਿੰਦੇ ਹਨ ਜਿਵੇਂ ਖੇਤਾਂ ਵਿੱਚ ਕੰਮ ਕਰਨ ਵਾਲੇ, ਮੱਛੀ ਉਦਯੋਗ ਵਿੱਚ ਕੰਮ ਕਰਨ ਵਾਲੇ, ਕੇਅਰ ਵਰਕਰ ਅਤੇ ਇਸ ਤਰ੍ਹਾਂ ਦੇ ਹੋਰ ਵਰਕਰ। ਇਹ ਵਰਕਰ ਤਾਂ ਕਿਰਾਏ ਦੇ ਘਰਾਂ ਦੀ ਮੰਗ ਵਧਾਉਣ ਵਿੱਚ ਵੀ ਹਿੱਸਾ ਨਹੀਂ ਪਾਉਂਦੇ, ਘਰ ਖ੍ਰੀਦਣ ਦੀ ਮੰਗ ਵਿੱਚ ਤਾਂ ਉਹਨਾਂ ਨੇ ਕੀ ਹਿੱਸਾ ਪਾਉਣਾ ਹੈ। ਇਸ ਦੇ ਨਾਲ ਹੀ ਨਵੇਂ ਆਉਣ ਵਾਲੇ ਇਮੀਗ੍ਰੈਂਟਾਂ ਵਿੱਚ ਵੱਡੀ ਗਿਣਤੀ ਗਰੀਬ ਹਨ। ਇਸ ਲਈ ਉਹ ਘਰ ਖ੍ਰੀਦਣ ਦੀ ਮਾਰਕੀਟ ਵਿੱਚ ਸ਼ਾਮਲ ਨਹੀਂ ਅਤੇ ਇਸ ਲਈ ਘਰਾਂ ਦੀਆਂ ਕੀਮਤਾਂ ਵਧਾਉਣ ਵਿੱਚ ਉਹਨਾਂ ਦਾ ਕੋਈ ਯੋਗਦਾਨ ਨਹੀਂ ਹੈ।
ਜੇ ਇੰਮੀਗ੍ਰੈਂਟ ਵਾਰਾ-ਖਾਣ ਯੋਗ ਘਰਾਂ ਦੀ ਕਿੱਲਤ ਲਈ ਜ਼ਿੰਮੇਵਾਰ ਨਹੀਂ ਤਾਂ ਇਸ ਲਈ ਕੌਣ ਜ਼ਿੰਮੇਵਾਰ ਹੈ? ਬਹੁਤ ਸਾਰੇ ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡਾ ਦੀ ਫੈਡਰਲ ਸਰਕਾਰ ਵਲੋਂ ਤਿੰਨ ਕੁ ਦਹਾਕੇ ਪਹਿਲਾਂ ਸੋਸ਼ਲ ਹਾਊਸਿੰਗ ਦੇ ਖੇਤਰ ਵਿੱਚ ਬਣਦੀ ਆਪਣੀ ਜ਼ਿੰਮੇਵਾਰੀ ਨੂੰ ਤਿਲਾਂਜਲੀ ਦੇ ਦੇਣਾ ਇਸ ਕਿੱਲਤ ਦੇ ਮੁੱਖ ਕਾਰਨਾਂ ਵਿੱਚੋਂ ਇਕ ਕਾਰਨ ਹੈ। ਇੱਥੇ ਸੋਸ਼ਲ ਹਾਊਸਿੰਗ ਦਾ ਮਤਲਬ ਹੈ ਅਜਿਹੇ ਘਰ ਜਿਹੜੇ ਸਰਕਾਰ ਵਲੋਂ ਦਿੱਤੀ ਸਬਸਿਡੀ ਨਾਲ ਬਣਦੇ ਹਨ ਅਤੇ ਜਿਹੜੇ ਸਰਕਾਰ ਦੀ ਜਾਂ ਗੈਰ-ਮੁਨਾਫੇਦਾਰ ਸੁਸਾਇਟੀਆਂ ਦੀ ਮਲਕੀਅਤ ਹੁੰਦੇ ਹਨ। ਇਹ ਘਰ ਇਸ ਲਈ ਬਣਾਏ ਜਾਂਦੇ ਹਨ, ਤਾਂ ਕਿ ਉਹਨਾਂ ਲੋਕਾਂ ਦੀ ਵੀ ਰਹਿਣਯੋਗ ਘਰਾਂ ਤੱਕ ਪਹੁੰਚ ਹੋ ਸਕੇ ਜਿਹੜੇ ਉਂਝ ਪ੍ਰਾਈਵੇਟ ਮਾਰਕੀਟ ਵਿੱਚ ਵਾਰਾ-ਖਾਣ ਯੋਗ ਘਰਾਂ ਤੱਕ ਪਹੁੰਚ ਨਹੀਂ ਕਰ ਸਕਦੇ। 1940ਵਿਆਂ ਤੋਂ ਲੈ ਕੇ 1980ਵਿਆਂ ਤੱਕ ਕੈਨੇਡਾ ਦੀ ਫੈਡਰਲ ਸਰਕਾਰ ਸੋਸ਼ਲ ਹਾਊਸਿੰਗ ਬਣਾਉਣ ਵੱਲ ਧਿਆਨ ਦਿਆ ਕਰਦੀ ਸੀ। ਪਿਛਲੇ ਕੁੱਝ ਸਮੇਂ ਦੌਰਾਨ ਇਸ ਵਿਸ਼ੇ `ਤੇ ਛਪੇ ਕਈ ਆਰਟੀਕਲਾਂ ਅਨੁਸਾਰ ਸੰਨ 1993 ਤੱਕ ਕੈਨੇਡਾ ਦੀ ਸਰਕਾਰ ਹਰ ਸਾਲ 10000 ਜਾਂ ਇਸ ਤੋਂ ਵੱਧ ਸੋਸ਼ਲ ਹਾਊਸਿੰਗ ਦੇ ਯੂਨਿਟ ਬਣਾਉਣ ਲਈ ਬਿਲੀਅਨ ਡਾਲਰਾਂ ਦੇ ਫੰਡ ਦਿਆ ਕਰਦੀ ਸੀ। ਇਹਨਾਂ ਫੰਡਾਂ ਰਾਹੀਂ ਸਰਕਾਰ ਕੋਅਪ੍ਰੇਟਿਵਾਂ, ਨਾਨ-ਪਰਾਫਿਟ ਆਧਾਰ `ਤੇ ਘਰ ਬਣਾਉਣ ਵਾਲਿਆਂ ਅਤੇ ਸੋਸ਼ਲ ਹਾਊਸਿੰਗ ਪ੍ਰਦਾਨ ਕਰਨ ਵਾਲਿਆਂ ਨੂੰ ਸਬਸਿਡੀਆਂ ਅਤੇ ਟੈਕਸ ਕਟੌਤੀਆਂ ਦੇ ਕੇ ਸੋਸ਼ਲ ਹਾਊਸਿੰਗ ਬਣਾਉਣ ਲਈ ਉਤਸ਼ਾਹਿਤ ਕਰਦੀ ਸੀ। 1980ਵਿਆਂ ਵਿੱਚ ਫੈਡਰਲ ਸਰਕਾਰ ਨੇ ਨਵ-ਉਦਾਰਵਾਦੀ (ਨਿਊ ਲਿਬਰਲ) ਅਜੰਡੇ ਅਧੀਨ ਨਿੱਜੀਕਰਨ (ਪ੍ਰਾਈਵਟਾਈਜੇਸ਼ਨ) ਦੀ ਨੀਤੀ ਅਪਨਾਉਣੀ ਸ਼ੁਰੂ ਕਰ ਦਿੱਤੀ ਅਤੇ 1993 ਵਿੱਚ ਆਪਣੀ ਇਸ ਜ਼ਿੰਮੇਵਾਰੀ ਤੋਂ ਕਿਨਾਰਾ ਕਰ ਲਿਆ ਅਤੇ ਇਹ ਜ਼ਿੰਮੇਵਾਰੀ ਸੂਬਾਈ ਸਰਕਾਰਾਂ `ਤੇ ਸੁੱਟ ਦਿੱਤੀ। ਕਿਉਂਕਿ ਸੂਬਾਈ ਸਰਕਾਰਾਂ ਕੋਲ ਫੈਡਰਲ ਸਰਕਾਰ ਦੇ ਮੁਕਾਬਲੇ ਕਾਫੀ ਘੱਟ ਪੈਸੇ ਹੁੰਦੇ ਹਨ, ਇਸ ਲਈ ਉਹਨਾਂ ਨੇ ਵੀ ਇਸ ਸੈਕਟਰ ਵਿੱਚ ਬਹੁਤਾ ਕੁੱਝ ਨਹੀਂ ਕੀਤਾ ਅਤੇ ਕਈ ਕੇਸਾਂ ਵਿੱਚ ਇਹ ਜ਼ਿੰਮੇਵਾਰੀ ਮਿਊਂਸਪਲ ਸਰਕਾਰਾਂ `ਤੇ ਸੁੱਟ ਦਿੱਤੀ। ਇਸ ਦਾ ਨਤੀਜਾ ਇਹ ਨਿਕਲਿਆ ਕਿ 1993 ਤੋਂ ਬਾਅਦ ਸਰਕਾਰਾਂ ਸੋਸ਼ਲ ਹਾਊਸਿੰਗ ਅਤੇ ਵਾਰਾ-ਖਾਣ ਯੋਗ ਘਰਾਂ ਦੇ ਸੈਕਟਰ ਤੋਂ ਬਾਹਰ ਹੋ ਗਈਆਂ ਅਤੇ ਆਸ ਇਹ ਰੱਖੀ ਜਾਣ ਲੱਗੀ ਕਿ ਸੋਸ਼ਲ ਹਾਊਸਿੰਗ ਅਤੇ ਵਾਰਾ-ਖਾਣ ਯੋਗ ਘਰਾਂ ਦੀ ਪੂਰਤੀ ਪ੍ਰਾਈਵੇਟ ਸੈਕਟਰ ਰਾਹੀਂ ਹੋ ਜਾਵੇਗੀ। ਪਰ ਪ੍ਰਾਈਵੇਟ ਸੈਕਟਰ ਸਮਾਜਕ ਲੋੜਾਂ ਪੂਰੀਆਂ ਕਰਨ ਲਈ ਕੰਮ ਨਹੀਂ ਕਰਦਾ ਸਗੋਂ ਮੁਨਾਫਾ ਕਮਾਉਣ ਲਈ ਕੰਮ ਕਰਦਾ ਹੈ। ਇਸ ਲਈ 1980ਵਿਆਂ ਤੋਂ ਲੈ ਕੇ ਹੁਣ ਤੱਕ ਸੋਸ਼ਲ ਹਾਊਸਿੰਗ ਦਾ ਸੈਕਟਰ ਲਗਾਤਾਰ ਅਣਗੌਲਿਆ ਰਿਹਾ ਅਤੇ ਇਸ ਸੈਕਟਰ ਵਿੱਚ ਘਰਾਂ ਦੀ ਕਮੀ ਹੋ ਗਈ।
ਸੀ ਬੀ ਸੀ ਦੇ ਵੈੱਬਸਾਈਟ `ਤੇ ਛਪੇ ਉੱਪਰ ਦੱਸੇ ਆਰਟੀਕਲ " ਲਿੰਕਿੰਗ ਇੰਮੀਗ੍ਰੈਂਟਸ ਟੂ ਦਿ ਹਾਉਸਿੰਗ ਸ਼ੋਰਟੇਜ....." ਵਿੱਚ ਯੂਨੀਵਰਸਿਟੀ ਆਫ ਟਰਾਂਟੋ ਵਿੱਚ ਹਾਊਸਿੰਗ ਐਂਡ ਕਮਿਊਨਿਟੀ ਡਿਵੈਲਪਮੈਂਟ ਦੇ ਪ੍ਰੋਫੈਸਰ ਡੇਵਿਡ ਹਲਚੈਂਸਕੀ ਅਨੁਸਾਰ ਕੈਨੇਡਾ ਵਿੱਚ ਘਰਾਂ ਦੇ ਸਟਾਕ ਦਾ ਸਿਰਫ ਚਾਰ ਪ੍ਰਤੀਸ਼ਤ ਹਿੱਸਾ ਹੀ ਸੋਸ਼ਲ ਹਾਊਸਿੰਗ ਦਾ ਹੈ ਜਦੋਂ ਕਿ ਯੂ ਕੇ ਵਿੱਚ ਇਹ ਹਿੱਸਾ 18 ਫੀਸਦੀ ਹੈ ਅਤੇ ਫਰਾਂਸ ਵਿੱਚ 17 ਫੀਸਦੀ ਹੈ। ਕੈਨੇਡਾ ਵਿੱਚ ਸੋਸ਼ਲ ਹਾਊਸਿੰਗ ਦੀ ਇਹ ਘਾਟ ਵਾਰਾ-ਖਾਣ ਯੋਗ ਘਰਾਂ ਦੀ ਪ੍ਰਾਪਤੀ ਨੂੰ ਮੁਸ਼ਕਿਲ ਬਣਾਉਂਦੀ ਹੈ। ਪ੍ਰੋਫੈਸਰ ਹਲਚੈਂਸਕੀ ਨੇ ਅੱਗੇ ਕਿਹਾ ਕਿ ਘਰਾਂ ਦੀ ਕੀਮਤ ਨੂੰ ਘੱਟ ਕਰਨ ਲਈ ਕੈਨੇਡਾ ਨੂੰ ਘੱਟ ਆਮਦਨ ਵਾਲੇ ਲੋਕਾਂ ਦੀ ਮਦਦ ਕਰਨ ਦੀ ਲੋੜ ਹੈ। ਕੈਨੇਡਾ ਦੇ ਕੁੱਲ ਹਾਊਸਿੰਗ ਸਟਾਕ ਵਿੱਚ ਸੋਸ਼ਲ ਹਾਊਸਿੰਗ ਦੀ ਮਾਤਰਾ 4 ਫੀਸਦੀ ਤੋਂ ਵਧਾ ਕੇ 16 -20 ਫੀਸਦੀ ਤੱਕ ਕਰਨ ਦੀ ਲੋੜ ਹੈ।
ਕੈਨੇਡਾ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਲਈ ਰਿਹਾਇਸ਼ ਦੇ ਖੇਤਰ ਦੀ ਸਥਿਤੀ ਵੀ ਕੁੱਝ ਕੁੱਝ ਸੋਸ਼ਲ ਹਾਊਸਿੰਗ ਦੇ ਸੈਕਟਰ ਵਰਗੀ ਹੈ। ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਬਹੁਗਿਣਤੀ ਵਿਦਿਆਰਥੀਆਂ ਨੂੰ ਇਹਨਾ ਅਦਾਰਿਆਂ ਦੇ ਕੈਂਪਸਾਂ ਵਿੱਚ ਰਿਹਾਇਸ਼ ਉਪਲਬਧ ਨਹੀਂ। ਫਾਈਨੈਂਸ਼ੀਅਲ ਪੋਸਟ ਦੇ ਸਾਈਟ `ਤੇ 5 ਸਤੰਬਰ 2024 ਨੂੰ ਛਪੀ "ਸਟੂਡੈਂਟ ਹਾਊਸਿੰਗ ਸ਼ੋਰਟੇਜ ਇਜ਼ ਏ 'ਕਰਾਈਸਿਸ' ਦੈਟ ਸ਼ੁੱਡ ਵਰੀ ਆਲ ਕੈਨੇਡੀਅਨਜ਼: ਡੈਸਜਾਰਡਿਨਜ਼" ਨਾਂ ਦੀ ਇਕ ਰਿਪੋਰਟ ਅਨੁਸਾਰ ਕੈਨੇਡਾ ਦੇ 10 ਵਿਦਿਆਰਥੀਆਂ ਵਿੱਚੋਂ ਸਿਰਫ ਇਕ ਵਿਦਿਆਰਥੀ ਲਈ ਇਹ ਰਿਹਾਇਸ਼ ਉਪਲਬਧ ਹੈ। ਇਸ ਦੇ ਨਤੀਜੇ ਵਜੋਂ ਪੋਸਟ ਸੈਕੰਡਰੀ ਪੜ੍ਹਾਈ ਕਰ ਰਹੇ 12 ਲੱਖ ਵਿਦਿਆਰਥੀ ਪੋਸਟ ਸੈਕੰਡਰੀ ਅਦਾਰਿਆਂ ਤੋਂ ਬਾਹਰ ਦੀਆਂ ਕਮਿਊਨਿਟੀਆਂ ਵਿੱਚ ਘਰ ਕਿਰਾਏ `ਤੇ ਲੈਂਦੇ ਹਨ। ਵਿਦਿਆਰਥੀਆਂ ਵਲੋਂ ਇੰਨੀ ਵੱਡੀ ਗਿਣਤੀ ਵਿੱਚ ਕੈਂਪਸਾਂ ਤੋਂ ਬਾਹਰ ਘਰ ਕਿਰਾਏ `ਤੇ ਲੈਣ ਕਾਰਨ ਕਿਰਾਏ ਦੇ ਘਰਾਂ ਦੀ ਮੰਗ ਵਧਦੀ ਹੈ ਅਤੇ ਕਿਰਾਇਆਂ ਵਿੱਚ ਮਹਿੰਗਾਈ ਦਾ ਕਾਰਨ ਬਣਦੀ ਹੈ। ਇਸ ਲਈ ਵਿਦਿਆਰਥੀਆਂ ਲਈ ਰਿਹਾਇਸ਼ ਦੀ ਘਾਟ ਦਾ ਮਸਲਾ ਇਕੱਲੇ ਵਿਦਿਆਰਥੀਆਂ ਦਾ ਹੀ ਮਸਲਾ ਨਹੀਂ ਹੈ ਸਗੋਂ ਇਹ ਸਾਰੇ ਲੋਕਾਂ ਦਾ ਮਸਲਾ ਹੈ ਅਤੇ ਇਸ ਬਾਰੇ ਕੈਨੇਡੀਅਨ ਲੋਕਾਂ ਨੂੰ ਚਿੰਤਾ ਹੋਣੀ ਚਾਹੀਦੀ ਹੈ। ਇੱਥੇ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਵਿਦਿਆਰਥੀਆਂ ਲਈ ਕੈਂਪਸ ਵਿੱਚ ਰਿਹਾਇਸ਼ ਦੀ ਘਾਟ ਅੰਤਰਰਾਸ਼ਟਰੀ ਵਿਦਿਆਰਥੀਆਂ ਕਰਕੇ ਨਹੀਂ ਹੈ। ਅਸਲ ਵਿੱਚ ਯੂਨੀਵਰਸਿਟੀਆਂ ਕਾਲਜਾਂ ਦੇ ਕੈਂਪਸਾਂ ਵਿੱਚ ਵਿਦਿਆਰਥੀਆਂ ਲਈ ਰਿਹਾਇਸ਼ ਇੰਨੀ ਘੱਟ ਹੈ ਕਿ ਉਹ ਘਰੇਲੂ (ਡੁਮੈਸਟਕ) ਵਿਦਿਆਰਥੀਆਂ ਦੀ ਲੋੜ ਪੂਰੀ ਕਰਨ ਤੋਂ ਵੀ ਬੁਰੀ ਤਰ੍ਹਾਂ ਅਸਮਰਥ ਹੈ। ਰੀਅਲ ਇਸਟੇਟ ਨਿਊਜ਼ ਐਕਸਚੇਂਜ ਦੇ ਸਾਈਟ `ਤੇ 1 ਜੂਨ 2023 ਨੂੰ "ਕੈਨੇਡਾ ਲੈਗਜ਼ ਬਿਹਾਈਂਡ ਯੂ.ਐੱਸ., ਯੂਰਪ ਵੈੱਨ ਇਟ ਕਮਜ਼ ਟੂ ਸਟੂਡੈਂਟ ਹਾਊਸਿੰਗ" ਨਾਂ ਦੇ ਛਪੇ ਆਰਟੀਕਲ ਅਨੁਸਾਰ 2021-2022 ਦੌਰਾਨ ਕੈਨੇਡਾ ਦੇ 22 ਸ਼ਹਿਰਾਂ ਵਿੱਚ 12.9 ਲੱਖ (1.29 ਮਿਲੀਅਨ) ਵਿਦਿਆਰਥੀ ਸਨ, ਜਿਹਨਾਂ ਵਿੱਚੋਂ 2,59,217 ਅੰਤਰਰਾਸ਼ਟਰੀ ਵਿਦਿਆਰਥੀ ਸਨ। ਪਰ ਇਹਨਾਂ ਸ਼ਹਿਰਾਂ ਵਿੱਚ ਵਿਦਿਆਰਥੀਆਂ ਲਈ ਰਿਹਾਇਸ਼ ਲਈ ਬਣੇ ਸਿਰਫ 1,55,692 ਬੈੱਡ ਹੀ ਉਪਲਬਧ ਸਨ, ਜਿਹੜੇ ਕਿ ਘਰੇਲੂ ਵਿਦਿਆਰਥੀਆਂ ਦੀ ਲੋੜ ਤੋਂ ਬਹੁਤ ਘੱਟ ਸਨ।
ਵਿਦਿਆਰਥੀਆਂ ਲਈ ਰਿਹਾਇਸ਼ ਦੀ ਇਹ ਕਮੀ ਇਸ ਕਰਕੇ ਹੈ ਕਿ ਕਿਉਂਕਿ ਪੋਸਟ ਸੈਕੰਡਰੀ ਅਦਾਰਿਆਂ ਕੋਲ ਵਿਦਿਆਰਥੀਆਂ ਲਈ ਰਿਹਾਇਸ਼ ਬਣਾਉਣ ਲਈ ਪੈਸੇ ਨਹੀਂ ਹਨ। ਰੀਅਲ ਇਸਟੇਟ ਨਿਊਜ਼ ਐਕਸਚੇਂਜ ਵਿੱਚ ਛਪੇ ਉਪ੍ਰੋਕਤ ਆਰਟੀਕਲ ਅਨੁਸਾਰ ਪਬਲਿਕ ਸੈਕਟਰ ਯੂਨੀਵਰਸਿਟੀਆਂ ਨੂੰ ਸਰਕਾਰਾਂ ਫੰਡ ਦਿੰਦੀਆਂ ਹਨ, ਪਰ ਇਹਨਾਂ ਫੰਡਾਂ ਵਿੱਚ ਵਿਦਿਆਰਥੀਆਂ ਲਈ ਰਿਹਾਇਸ਼ ਬਣਾਉਣ ਲਈ ਫੰਡ ਨਹੀਂ ਹੁੰਦੇ। 6 ਸਤੰਬਰ 2023 ਨੂੰ ਗਲੋਬਲ ਨਿਊਜ਼ ਦੇ ਸਾਈਟ `ਤੇ ਛਪੇ "ਇੰਟਰਨੈਸ਼ਨਲ ਸਟੂਡੈਂਟਸ ਪੇਅ ਸਕਾਈ-ਹਾਈ ਫੀਜ਼. ਹੂਜ਼ ਜੌਬ ਇਜ਼ ਇੱਟ ਟੂ ਹਾਊਸ ਦੈੱਮ?" ਨਾਂ ਦੇ ਆਰਟੀਕਲ ਵਿੱਚ ਯੂਨੀਵਰਸਿਟੀ ਆਫ ਟਰਾਂਟੋ ਦੇ ਵਾਈਸ ਪ੍ਰੈਜ਼ੀਡੈਂਟ ਜੋਸਫ ਵੌਂਗ ਦੇ ਬਿਆਨ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿੱਚ ਉਸ ਨੇ ਕਿਹਾ ਹੈ ਕਿ ਯੂਨੀਵਰਸਿਟੀਆਂ ਨੂੰ ਵਿਦਿਆਰਥੀਆਂ ਦੀ ਰਿਹਾਇਸ਼ ਲਈ ਸਰਕਾਰਾਂ ਤੋਂ ਪੈਸੇ ਨਹੀਂ ਮਿਲਦੇ ਅਤੇ ਨਾ ਹੀ ਉਹ ਟਿਊਸ਼ਨ ਫੀਸਾਂ ਦੇ ਪੈਸੇ ਇਸ ਮਕਸਦ ਲਈ ਵਰਤ ਸਕਦੀਆਂ ਹਨ। ਇਸ ਹੀ ਤਰ੍ਹਾਂ 22 ਨਵੰਬਰ 2023 ਨੂੰ ਕੌਲਜਜ਼ ਐਂਡ ਇੰਸਟੀਚਿਊਟਸ ਕੈਨੇਡਾ ਦੇ ਸਾਈਟ `ਤੇ ਛਪੀ "ਕੌਲਜਜ਼ ਐਂਡ ਇੰਸਟੀਚਿਊਟਸ ਕੈਨੇਡਾ ਕਾਲ ਔਨ ਦੀ ਗਵਰਨਮੈਂਟਸ ਸੁਪੋਰਟ ਇਨ ਐਡਰੈਸਿੰਗ ਦੀ ਸਟੂਡੈਂਟ ਹਾਊਸਿੰਗ ਕਰਾਸਿਸ ਔਨ ਨੈਸ਼ਨਲ ਹਾਊਸਿੰਗ ਡੇਅ" ਨਾਂ ਦੀ ਪ੍ਰੈਸ ਰਿਲੀਜ਼ ਵਿੱਚ ਕੈਨੇਡਾ ਵਿੱਚ ਵਿਦਿਆਰਥੀਆਂ ਲਈ ਰਿਹਾਇਸ਼ ਦੀ ਕਮੀ ਨੂੰ ਸਵੀਕਾਰ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਸਰਕਾਰਾਂ ਨੂੰ ਵਿਦਿਆਰਥੀਆਂ ਦੀ ਰਿਹਾਇਸ਼ ਦੇ ਮਸਲੇ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਪ੍ਰੈਸ ਰਿਲੀਜ਼ ਵਿੱਚ ਸਿਫਾਰਿਸ਼ ਕੀਤੀ ਗਈ ਹੈ ਕਿ ਸਰਕਾਰ ਨੂੰ ਵਿਦਿਆਰਥੀਆਂ ਦੀ ਰਿਹਾਇਸ਼ ਨਾਲ ਨਿਪਟਣ ਲਈ ਪੋਸਟ ਸੈਕੰਡਰੀ ਅਦਾਰਿਆਂ ਲਈ 2.6 ਬਿਲੀਅਨ ਡਾਲਰ ਦਾ ਸਟੂਡੈਂਟ ਹਾਊਸਿੰਗ ਲੋਨ ਐਂਡ ਗਰਾਂਟ ਪ੍ਰੋਗਰਾਮ ਲਾਗੂ ਕਰਨਾ ਚਾਹੀਦਾ ਹੈ। ਇਹਨਾਂ ਸਾਰੀਆਂ ਰਿਪੋਰਟਾਂ/ਆਰਟੀਕਲਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਯਨੀਵਰਸਿਟੀ ਕਾਲਜਾਂ ਦੇ ਕੈਂਪਸਾਂ ਵਿੱਚ ਵਿਦਿਆਰਥੀਆਂ ਲਈ ਰਿਹਾਇਸ਼ ਦੀ ਥੁੜ ਇਸ ਕਰਕੇ ਹੈ ਕਿਉਂਕਿ ਸਰਕਾਰਾਂ ਇਹਨਾਂ ਅਦਾਰਿਆਂ ਨੂੰ ਇਹ ਰਿਹਾਇਸ਼ ਬਣਾਉਣ ਲਈ ਫੰਡ ਨਹੀਂ ਦਿੰਦੀਆਂ।
ਇੱਥੇ ਮੈਂ ਪਹਿਲਾਂ ਕਹੀ ਗਈ ਗੱਲ ਨੂੰ ਇਕ ਵਾਰ ਫਿਰ ਦੁਹਰਾਉਣਾ ਚਾਹੁੰਦਾ ਹਾਂ ਕਿ ਕਿ ਪੋਸਟ ਸੈਕੰਡਰੀ ਅਦਾਰਿਆਂ ਵਿੱਚ ਵਿਦਿਆਰਥੀਆਂ ਦੀ ਰਿਹਾਇਸ਼ ਦੀ ਇਸ ਘਾਟ ਕਾਰਨ ਵਿਦਿਆਰਥੀ ਯੂਨੀਵਰਸਿਟੀ/ਕਾਲਜਾਂ ਦੇ ਕੈਂਪਸਾਂ ਤੋਂ ਬਾਹਰ ਘਰ ਕਿਰਾਏ `ਤੇ ਲੈਣ ਲਈ ਮਜ਼ਬੂਰ ਹੁੰਦੇ ਹਨ। ਉਹਨਾਂ ਨੂੰ ਇਹ ਘਰ ਮਹਿੰਗੀਆਂ ਦਰਾਂ `ਤੇ ਮਿਲਦੇ ਹਨ, ਜਿਸ ਨਾਲ ਉਹਨਾਂ `ਤੇ ਕਰਜ਼ੇ ਦਾ ਬੋਝ ਵੱਧਦਾ ਹੈ। ਇਸ ਦੇ ਨਾਲ ਨਾਲ ਵਿਦਿਆਰਥੀਆਂ ਵਲੋਂ ਕੈਂਪਸਾਂ ਤੋਂ ਬਾਹਰ ਕਿਰਾਏ ਦੇ ਘਰ ਲੱਭਣ ਕਾਰਨ ਕਿਰਾਏ ਦੇ ਘਰਾਂ ਦੀ ਆਮ ਮਾਰਕੀਟ ਵਿੱਚ ਮੰਗ ਵੱਧਦੀ ਹੈ ਅਤੇ ਕਿਰਾਇਆਂ ਦੀ ਮਹਿੰਗਾਈ ਦਾ ਕਾਰਨ ਬਣਦੀ ਹੈ।
ਕੈਨੇਡਾ ਵਿੱਚ ਵਾਰਾ-ਖਾਣ ਯੋਗ ਘਰਾਂ ਦੀ ਕਿੱਲਤ ਦਾ ਅਗਲਾ ਅਤੇ ਸ਼ਾਇਦ ਮੁੱਖ ਕਾਰਨ ਹੈ ਘਰਾਂ ਦੀ ਮਾਲਕੀ ਦੇ ਚਰਿਤਰ (ਕਰੈਕਟਰ) ਵਿੱਚ ਤਬਦੀਲੀ ਹੋਣਾ। ਦੋ ਕੁ ਦਹਾਕੇ ਪਹਿਲਾਂ ਤੱਕ ਘਰ ਦਾ ਮਤਲਬ ਹੁੰਦਾ ਸੀ, ਪਰਿਵਾਰ ਲਈ ਰਹਿਣ ਵਾਲੀ ਥਾਂ। ਪਰ ਹੁਣ ਬਹੁਤ ਸਾਰੇ ਲੋਕਾਂ ਲਈ ਘਰ ਇਕ ਇਨਵੈਸਟਮੈਂਟ ਦਾ ਸਾਧਨ ਬਣ ਗਿਆ ਹੈ। ਇਸ ਤਬਦੀਲੀ ਨੂੰ ਇਸ ਖੇਤਰ ਦੇ ਮਾਹਰਾਂ ਨੇ ਫਾਈਨੈਂਸਿ਼ਅਲਾਈਜੇਸ਼ਨ ਆਫ ਹਾਊਸਿੰਗ (ਘਰਾਂ ਦਾ ਪੂੰਜੀਕਰਨ) ਦਾ ਨਾਂ ਦਿੱਤਾ ਹੈ। ਵੈਨਕੂਵਰ ਸਥਿਤ ਟਾਈ ਮੈਗਜ਼ੀਨ ਦੇ ਵੈੱਬਸਾਈਟ `ਤੇ 1 ਨਵੰਬਰ 2024 ਨੂੰ "ਕੈਨੇਡਾ ਹਾਊਸਿੰਗ ਕਰਾਈਸਿਸ ਇਜ਼ ਏ ਫੀਚਰ, ਨੌਟ ਏ ਬੱਗ" ਨਾਂ ਦਾ ਆਰਟੀਕਲ ਛਪਿਆ ਹੈ। ਇਹ ਆਰਟੀਕਲ ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿੱਚ ਅਰਬਨ ਸਟੱਡੀਜ਼ ਐਂਡ ਪਬਲਿਕ ਪਾਲਸੀ ਦੇ ਅਸਿਸਟੈਂਟ ਪ੍ਰੋਫੈਸਰ ਯੂਸ਼ੂ ਜ਼ੂ ਅਤੇ ਰਿਸਰਚ ਅਸਿਸਟੈਂਟ ਹਨਾਨ ਅਲੀ ਨੇ ਲਿਖਿਆ ਹੈ। ਉਹਨਾਂ ਅਨੁਸਾਰ ਹਾਊਸਿੰਗ ਫਾਈਨੈਂਸਿ਼ਅਲਾਈਜੇ਼ਸਨ 1999 ਤੋਂ ਤੇਜ਼ ਹੋ ਗਈ ਜਦੋਂ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਨੇ ਘਰ ਬਣਾਉਣ ਦੀ ਥਾਂ ਮੌਰਗੇਜਾਂ ਦੀ ਇੰਸ਼ੋਰੈਂਸ ਕਰਨੀ ਸ਼ੁਰੂ ਕੀਤੀ। ਇਸ ਨਾਲ ਮੌਰਗੇਜ ਲੈਣੀ ਸੌਖੀ ਹੋ ਗਈ ਅਤੇ ਘਰਾਂ ਦੀ ਮੰਗ ਅਤੇ ਸਪੈਕੂਲੇਸ਼ਨ ਵਿੱਚ ਵਾਧਾ ਹੋ ਗਿਆ ਅਤੇ ਘਰ ਸੰਪਤੀ ਬਣਾਉਣ ਅਤੇ ਦੌਲਤ ਕਮਾਉਣ ਦਾ ਸਾਧਨ ਬਣ ਗਏ। ਉਹਨਾਂ ਅਨੁਸਾਰ ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਉਨਟੇਰੀਓ, ਨਿਊ ਬਰਨਜ਼ਵਿੱਕ ਅਤੇ ਨੌਵਾ ਸਕੋਸ਼ੀਆ ਵਿੱਚ 20 ਪ੍ਰਤੀਸ਼ੱਤ ਰਿਹਾਇਸ਼ੀ ਮਕਾਨ ਮੁੱਖ ਰਿਹਾਇਸ਼ ਦੀ ਥਾਂ ਇਨਵੈਸਮੈਂਟ ਲਈ ਵਰਤੇ ਜਾਂਦੇ ਹਨ।
ਬ੍ਰੀਚ ਮੀਡੀਏ ਦੇ ਸਾਈਟ `ਤੇ 2 ਫਰਵਰੀ 2023 ਨੂੰ "ਦਿ ਗਲੋਬਲ ਮਨੀ ਪੂਲ ਦੈਟ ਸੋਕਡ ਕੈਨੇਡਾਜ਼ ਹੋਪ ਆਫ ਅਫੋਰਡੇਬਲ ਹਾਊਸਿੰਗ" ਨਾਂ ਦੇ ਛਪੇ ਇਕ ਆਰਟੀਕਲ ਵਿੱਚ ਸਟੈਟਿਸਟਿਕਸ ਕੈਨੇਡਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਨਟੇਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਹਾਊਸਿੰਗ ਸਟਾਕ (ਘਰਾਂ ਦੀ ਗਿਣਤੀ) ਦਾ 30 ਫੀਸਦੀ ਹਿੱਸਾ ਇਕ ਤੋਂ ਵੱਧ ਪ੍ਰਾਪਰਟੀਆਂ ਦੇ ਮਾਲਕਾਂ ਦੀ ਮਾਲਕੀ ਹੇਠ ਹੈ। ਪਿਛਲੇ ਕੁੱਝ ਸਮੇਂ ਦੌਰਾਨ ਛਪੇ ਕਈ ਹੋਰ ਆਰਟੀਕਲਾਂ ਅਨੁਸਾਰ ਇਕ ਤੋਂ ਵੱਧ ਪ੍ਰਾਪਰਟੀ ਦੇ ਮਾਲਕਾਂ ਵਿੱਚ ਸ਼ਾਮਲ ਹਨ: ਰੀਅਲ ਇਸਟੇਟ ਇਨਵੈਸਟਮੈਂਟ ਟਰੱਸਟ, ਰੀਅਲ ਇਸਟੇਟ ਓਪਰੇਟਿੰਗ ਕੰਪਨੀਜ਼, ਐਸਟ ਮੈਨੇਜਰ, ਵੱਡੇ ਪੈਨਸ਼ਨ ਫੰਡ, ਹੈੱਜ ਫੰਡਜ਼, ਪ੍ਰਾਈਵੇਟ ਇਕੁਇਟੀ ਫਰਮਾਂ ਆਦਿ। ਘਰਾਂ ਦੀ ਮਾਰਕੀਟ ਵਿਚਲੇ ਇਹਨਾਂ ਵੱਡੇ ਇਨਵੈਸਟਰਾਂ ਨੇ ਪਿਛਲੇ ਕੁੱਝ ਸਾਲਾਂ ਦੌਰਾਨ ਸੈਂਕੜੇ ਅਰਬਾਂ (ਬਿਲੀਅਨ ਡਾਲਰ) ਕਮਾਏ ਹਨ। ਇਹਨਾਂ ਵੱਡੇ ਇਨਵੈਸਟਰਾਂ ਤੋਂ ਬਿਨਾਂ ਘਰਾਂ ਦੀ ਮਾਰਕੀਟ ਵਿੱਚ ਬਹੁਤ ਸਾਰੇ ਛੋਟੇ ਇਨਵੈਸਟਰ ਵੀ ਹਨ। ਹੋ ਸਕਦਾ ਹੈ ਕਿ ਇਹ ਲੇਖ ਪੜ੍ਹਨ ਵਾਲੇ ਪਾਠਕਾਂ ਵਿੱਚੋਂ ਕੁੱਝ ਇਕ ਨੇ ਆਪ ਇਨਵੈਸਟਮੈਂਟ ਪ੍ਰਾਪਰਟੀ ਦੇ ਤੌਰ `ਤੇ ਘਰ ਖ੍ਰੀਦੇ ਹੋਣ ਜਾਂ ਉਹ ਉਹਨਾਂ ਲੋਕਾਂ ਨੂੰ ਜਾਣਦੇ ਹੋਣ ਜਿਹਨਾਂ ਨੇ ਇਨਵੈਸਟਮੈਂਟ ਲਈ ਘਰ ਖ੍ਰੀਦੇ ਹੋਣ। ਜੇ ਕੈਨੇਡਾ ਦੇ ਸਿਆਸਤਦਾਨਾਂ ਦੀ ਗੱਲ ਕਰਨੀ ਹੋਵੇ ਤਾਂ ਗਲੋਬਲ ਨਿਊਜ਼ ਦੇ ਸਾਈਟ `ਤੇ 19 ਅਪ੍ਰੈਲ 2022 ਨੂੰ "ਐਟ ਲੀਸਟ 20% ਆਫ ਕੈਨੇਡੀਅਨ ਐੱਮ ਪੀਜ਼ ਹੋਲਡ ਰੈਂਟਲ, ਇਨਵੈਸਟਮੈਂਟ ਰੀਅਲ ਇਸਟੇਟ ਅਮਿਡ ਹਾਊਸਿੰਗ ਕਰੰਚ" ਨਾਂ ਦੀ ਛਪੀ ਇਕ ਰਿਪੋਰਟ ਅਨੁਸਾਰ ਕੈਨੇਡਾ ਦੇ ਐੱਮ ਪੀਆਂ ਵਿੱਚੋਂ ਘੱਟੋ ਘੱਟ 20 ਫੀਸਦੀ ਕਿਰਾਏ `ਤੇ ਦੇਣ ਵਾਲੀਆਂ ਅਤੇ ਇਨਵੈਸਟਮੈਂਟ ਪ੍ਰਾਪਰਟੀਆਂ ਦੇ ਮਾਲਕ ਹਨ। ਇਸ ਰਿਪੋਰਟ ਵਿੱਚ ਸੰਭਾਵਨਾ ਪ੍ਰਗਟਾਈ ਗਈ ਹੈ ਕਿ ਇਹ ਪ੍ਰਤੀਸ਼ੱਤ ਇਸ ਤੋਂ ਵੱਧ ਵੀ ਹੋ ਸਕਦੀ ਹੈ।
ਫਾਈਨੈਂਸਿ਼ਅਲਾਈਜੇਸ਼ਨ ਆਫ ਹਾਊਸਿੰਗ (ਘਰਾਂ ਦਾ ਪੂੰਜੀਕਰਨ) ਦਾ ਇਹ ਰੁਝਾਨ ਵਾਰਾ-ਖਾਣ ਯੋਗ ਘਰਾਂ ਦੀ ਕਿੱਲਤ ਵਧਾਉਣ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ। ਬ੍ਰੀਚ ਮੀਡੀਆ ਦੇ ਸਾਈਟ `ਤੇ 23 ਅਕਤੂਬਰ 2024 ਨੂੰ "ਇਨਵੈਸਟਰਜ਼, ਨੌਟ ਇੰਮੀਗ੍ਰੈਂਟਸ, ਆਰ ਫਿਊਲਿੰਗ ਦਿ ਹਾਊਸਿੰਗ ਕਰਾਈਸਿਸ" ਨਾਂ ਦੇ ਛਪੇ ਆਰਟੀਕਲ ਅਨੁਸਾਰ ਘਰਾਂ ਨੂੰ ਇਨਵੈਸਟਮੈਂਟ ਦਾ ਜ਼ਰੀਆ ਸਮਝ ਕੇ ਉਹਨਾਂ `ਤੇ ਪੈਸਾ ਲਾਉਣ ਦਾ ਇਹ ਰੁਝਾਨ ਘਰਾਂ ਦੇ ਕਿਰਾਇਆਂ ਅਤੇ ਕੀਮਤਾਂ ਵਿੱਚ ਵਾਧਾਂ ਕਰਕੇ ਘਰਾਂ ਦੀ ਮਾਰਕੀਟ ਨੂੰ ਪ੍ਰਭਾਵਿਤ ਕਰਦਾ ਹੈ। ਵਾਟਰਲੂ ਯੂਨੀਵਰਸਿਟੀ ਵਿੱਚ ਪੀ ਐੱਚ ਡੀ ਦੀ ਕੈਂਡੀਡੇਟ ਅਤੇ ਉੱਥੋਂ ਦੇ ਸਕੂਲ ਆਫ ਪਲੈਨਿੰਗ ਦੀ ਸਕਾਲਰ ਕਲੋ ਸੇਂਟ-ਹਿਲਰੀ ਦੀ ਕਹਿਣਾ ਹੈ ਕਿ ਘਰਾਂ ਨੂੰ ਇਨਵੈਸਟਮੈਂਟ ਦੇ ਸਾਧਨ ਵਜੋਂ ਵਰਤਣ ਵਾਲੇ ਪ੍ਰਾਈਵੇਟ ਅਦਾਰਿਆਂ ਦਾ ਮਕਸਦ ਇਨਵੈਸਟਰਾਂ ਲਈ ਮੁਨਾਫਾ ਕਮਾਉਣਾ ਹੁੰਦਾ ਹੈ। ਇਸ ਲਈ ਫਾਈਨੈਸ਼ੀਅਲ ਲੈਂਡਲਾਰਡ ਘਰਾਂ ਦੇ ਜ਼ਿਆਦਾ ਕਿਰਾਏ ਲੈਂਦੇ ਹਨ ਅਤੇ ਸੇਵਾਵਾਂ ਅਤੇ ਸਹੂਲਤਾਂ ਦੇਣ ਵਿੱਚ ਕਟੌਤੀ ਕਰਦੇ ਹਨ ਤਾਂ ਕਿ ਇਨਵੈਸਟਰਾਂ ਲਈ ਜ਼ਿਆਦਾ ਮੁਨਾਫਾ ਕਮਾਇਆ ਜਾ ਸਕੇ।
ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਕੈਨੇਡਾ ਵਿੱਚ ਵਾਰਾ-ਖਾਣ ਯੋਗ ਘਰਾਂ ਦੀ ਕਿੱਲਤ ਦੇ ਮੁੱਖ ਕਾਰਨਾਂ ਵਿੱਚ ਸ਼ਾਮਲ ਹਨ: ਪਿਛਲੇ ਤਿੰਨ ਦਹਾਕਿਆਂ ਦੌਰਾਨ ਕੈਨੇਡਾ ਦੀਆਂ ਸਰਕਾਰਾਂ ਵਲੋਂ ਸੋਸ਼ਲ ਹਾਊਸਿੰਗ ਦੇ ਸੈਕਟਰ ਵਿੱਚੋਂ ਲਾਂਭੇ ਹੋ ਜਾਣਾ, ਕੈਨੇਡਾ ਦੇ ਪੋਸਟ ਸੈਕੰਡਰੀ ਅਦਾਰਿਆਂ ਵਲੋਂ ਫੰਡਿੰਗ ਦੀ ਘਾਟ ਕਾਰਨ ਵਿਦਿਆਰਥੀਆਂ ਲਈ ਰਿਹਾਇਸ਼ ਦੀ ਉਸਾਰੀ ਕਰਨ ਵਿੱਚ ਪਿੱਛੇ ਰਹਿ ਜਾਣਾ ਅਤੇ ਘਰਾਂ ਦੀ ਮਾਰਕੀਟ ਵਿੱਚ ਕਾਰਪੋਰੇਸ਼ਨਾਂ ਅਤੇ ਵਿਅਕਤੀਗਤ ਪੱਧਰ ਦੇ ਛੋਟੇ ਇਨਵੈਸਟਰਾਂ ਦਾ ਵੱਡੀ ਪੱਧਰ `ਤੇ ਸਰਗਰਮ ਹੋਣਾ ਹੈ। ਇਸ ਲਈ ਕੈਨੇਡਾ ਦੇ ਸਿਆਸਤਦਾਨਾਂ ਵਲੋਂ ਇਸ ਸੰਕਟ ਲਈ ਇੰਮੀਗ੍ਰੈਂਟਾਂ ਨੂੰ ਦੋਸ਼ ਦੇਣਾ ਸਹੀ ਨਹੀਂ। ਉਹਨਾਂ ਵਲੋਂ ਅਜਿਹਾ ਕਰਨ ਦਾ ਮਕਸਦ ਇਸ ਸਮੱਸਿਆ ਦੇ ਅਸਲੀ ਕਾਰਨਾਂ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਹੈ। ***