ਜ਼ੁਲਮਾਂ ਦੇ ਅੰਤ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਐਸੇ ਵੀ ਨੇ ਜ਼ਾਲਮ, ਇਸ ਦੁਨੀਆ ਵਿੱਚ ਵਸਦੇ,
ਜੋ ਰੋਕਦੇ ਨੇ ਹਰ ਰੋਜ਼, ਮਜ਼ਲੂਮਾਂ ਦੇ ਰਸਤੇ।

ਤੜਪ ਤੜਪ ਕੇ ਪਿਸਦੇ, ਗਰੀਬਾਂ ਨੂੰ ਦੇਖ,
ਮਾਰ ਮਾਰ ਠਹਾਕੇ ਨੇ ਉਹ, ਪੁਰਹਜ਼ੋਰ ਹੱਸਦੇ।

ਜ਼ੰਜੀਰਾਂ ਦੇ ਮਾਲਕ ਖੁਦ, ਹੱਥਕੜੀਆਂ ਦੇ ਰਾਖੇ,
ਪਹਿਨਾਂਦੇ ਨੇ ਮਜ਼ਲੂਮਾਂ ਨੂੰ, ਰੋਜ਼ ਕੱਸ ਕੱਸ ਕੇ।

ਵਜਾਉਂਦੇ ਨੇ ਸਾਜ਼ ਵਾਂਗ, ਪਲ ਪਲ ਵਿੱਚ ਤਾਲਾਂ,
ਦੀਵਾਨੇਂ ਜੋ ਚੱਲਦੇ ਨੇ, ਮੰਜ਼ਿਲਾਂ ਦੇ ਰਸਤੇ।

ਧਰਤੀ ਵੀ ਜ਼ਾਲਿਮ ਦੀ, ਤੇ ਅੰਬਰ ਵੀ ਉਸ ਦੇ,
ਆਹਾਂ ਤੇ ਦੁਆਵਾਂ ਵੀ ਨਹੀਂ, ਮਜ਼ਲੂਮਾਂ ਦੇ ਵੱਸ 'ਤੇ!

ਕਿਹੜੀਆਂ ਨੇ ਵਾੜਾਂ ਅਤੇ, ਕਿਹੜੇ ਬਾਗ਼ ਬਗੀਚੇ,
ਮਾਲੀ ਜੇ ਉਜਾੜਨ ਬੂਟੇ, ਜੜ੍ਹਾਂ ਪੱਟ ਪੱਟ ਕੇ।

ਵਸਦਾ ਏ ਰੱਬ ਜੇਕਰ, ਹਰ ਇੱਕ ਦੇ ਦਿਲ ਵਿੱਚ,
ਲੋਕ ਕਿਉਂ ਨਹੀਂ ਜ਼ਾਲਿਮਾਂ ਨੂੰ, ਹਕੀਕਤ ਇਹ ਦੱਸਦੇ?

ਕਿਉਂ ਐਸੀ ਗ਼ਲਤ ਫਹਿਮੀ, ਵਿੱਚ ਗ੍ਰਸਤ ਹੋ ਜ਼ਾਲਿਮੋਂ?
ਮੁਲਜ਼ਿਮ ਹਮੇਸ਼ਾਂ ਨਹੀਂ, ਤੁਹਾਡੇ ਜਾਲਾਂ ਵਿੱਚ ਫੱਸਦੇ।

ਪਰਤਿਆ ਜਦੋਂ ਪਾੱਸਾ ਤਾਂ, ਬਹੁਤ ਪਛਤਾਉਗੇ,
ਨਹੀਂ ਲੱਭਣੇ ਫੇਰ ਰਸਤੇ, ਕਿੱਥੇ ਜਾਓਗੇ ਨੱਸ ਕੇ?
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ