ਬਾਬਾ ਨਾਨਕ - ਕੁਲਦੀਪ ਚੁੰਬਰ ਕਨੇਡਾ

ਕਲਯੁੱਗ ਕਾਲੀ ਬੱਦਲੀ ਅੰਦਰ ਕੀਤੇ ਦੂਰ ਹਨ੍ਹੇਰੇ
ਜਿੱਧਰ ਵੀ ਮੈਂ ਦੇਖਾਂ , ਬਾਬਾ  ਨਾਨਕ ਦਿੱਸੇ ਚੁਫ਼ੇਰੇ 
ਜ਼ੱਰੇ  ਜ਼ੱਰੇ  ਕਣ  ਕਣ ਤੱਕਿਆ , ਹਰ ਪੱਤੇ ਹਰ ਡਾਲੀ 
ਚਹੁੰ ਚੱਕਾਂ ਵਿਚ ਵੱਜਦੀ ਓਸਦੀ ਦੇਖੀ ਧੁੰਨ ਮਤਵਾਲੀ 
ਨੂਰੀ ਮੁੱਖ ਤੇ ਚਾਨਣ ਰਿਸ਼ਮਾਂ , ਡੁੱਲ੍ਹ ਡੁੱਲ੍ਹ ਪੈਣ ਸਵੇਰੇ 
ਜਿੱਧਰ ਵੀ ਮੈਂ ਦੇਖਾਂ  ..........
ਹੱਕ  ਸੱਚ  ਦਾ  ਹੋਕਾ  ਦੇਵੇ ,  ਓਸ  ਦੇ  ਘਰ  ਦੀ  ਬਾਣੀ 
ਧੁਰ ਦਰਗਾਹ ਦੀ ਰਮਜ ਮਾਰਦੀ ਓਸ‍ਦੀ ਅਜਬ ਕਹਾਣੀ 
ਰੱਬ ਨਾਨਕ ਦੇ ਰੂਪ'ਚ ਆਇਆ ਸੱਚਮੁੱਚ ਪਾਉਣ ਲਈ ਫੇਰੇ 
ਜਿੱਧਰ ਵੀ ਮੈਂ ਦੇਖਾਂ  ..........
ਸਿਫ਼ਤਾਂ  ਵਿੱਚ  ਨਾ  ਮਹਿਮਾ  ਆਵੇ , ਵੰਡਦਾ ਜਾਏ ਸੌਗਾਤਾਂ 
ਦਰ ਓਹਦੇ ਤੇ ਸਜਦਾ ਕਰਦੀਆਂ ਅਰਸ਼ ਫਰਸ਼ ਦੀਆਂ ਦਾਤਾਂ 
ਦੀਦ ਓਹਦੀ ਕਰ ਟੁੱਟ ਜਾਂਦੇ ਨੇ, ਜਮ੍ਹਾਂ  ਦੁੱਖਾਂ  ਦੇ  ਘੇਰੇ 
ਜਿੱਧਰ ਵੀ ਮੈਂ ਦੇਖਾਂ  ..........
ਨਿਰੰਕਾਰ ਦੀ  ਜੋਤ ਅਲਾਹੀ , ਚੁੰਬਰਾ ਸੀਸ ਨਿਭਾਈਏ 
ਨਾਨਕ ਨੂਰ ਅਕਾਲ ਪੁਰਖ ਦੇ,  ਤੋਂ  ਬਲਿਹਾਰੇ ਜਾਈਏ 
ਤੂੰ  ਹੀ  ਤੂੰ  ਹੀ  ਰਾਗ  ਅਲਾਪੇ ,  ਨਾ   ਤੇਰੇ   ਨਾ  ਮੇਰੇ 
ਜਿੱਧਰ ਵੀ ਮੈਂ ਦੇਖਾਂ