ਤ੍ਰਿਲੋਕ ਢਿੱਲੋਂ ਦੀ ਪੁਸਤਕ ‘ਤਰੀ ਵਾਲੇ ਕਰੇਲੇ’ ਵਿਅੰਗ ਦੀ ਤਿੱਖੀ ਚੋਭ - ਉਜਾਗਰ ਸਿੰਘਮਾ

ਤ੍ਰਿਲੋਕ ਢਿੱਲੋਂ ਬਹੁ-ਵਿਧਾਵੀ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ 8 ਕਵਿਤਾ, ਨਾਟਕ ਅਤੇ ਵਾਰਤਕ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਨ੍ਹਾਂ ਪੁਸਤਕਾਂ ਵਿੱਚ ਦੋ ਸੰਪਾਦਿਤ ਕਾਵਿ ਸੰਗ੍ਰਹਿ ਵੀ ਸ਼ਾਮਲ ਹਨ। ‘ਤਰੀ ਵਾਲੇ ਕਰੇਲੇ’ ਉਸਦਾ 9ਵਾਂ ਹਾਸ ਵਿਅੰਗ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿੱਚ ਵੱਖ-ਵੱਖ ਵਿਸ਼ਿਆਂ ‘ਤੇ 19 ਲੇਖ ਹਨ। ਇਨ੍ਹਾਂ ਲੇਖਾਂ ਵਿੱਚ ਲੇਖਕ ਨੇ ਬਹੁ ਗਿਣਤੀ ਲੋਕਾਂ ਦੀ ਫਿਤਰਤ ਦੀ ਤਸਵੀਰ ਤਿੱਖੀਆਂ ਚੋਭਾਂ ਲਾ ਕੇ ਖਿੱਚ ਦਿੱਤੀ ਹੈ। ਇਸ ਤੋਂ ਇਲਾਵਾ 12 ਕਾਵਿ ਛੁਰਲੀਆਂ ਹਨ, ਜਿਨ੍ਹਾਂ ਦੀ ਚੋਭ ਲੇਖਾਂ ਨਾਲੋਂ ਜ਼ਿਆਦਾ ਤਿੱਖੀ ਹੈ। ਲੇਖ ਪੜ੍ਹਨ ਲਈ ਦਿਲਚਸਪੀ ਬਰਕਰਾਰ ਰਹਿੰਦੀ ਹੈ। ਇਹ ਸਾਰੇ ਲੇਖ ਅਤੇ ਕਾਵਿ ਛੁਰਲੀਆਂ ਮਨੁੱਖੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੀਆਂ ਹਨ। ਕੁਝ ਇਨਸਾਨਾ ਵਿੱਚ ਸਮਾਜਿਕ ਬ੍ਰਿਤੀ ਨੂੰ ਸਮਝਣ ਅਤੇ ਉਸ ਦੀਆਂ ਪ੍ਰਤੀਕ੍ਰਿÇਆਵਾਂ ਲੋਕਾਂ ਤੱਕ ਪਹੁੰਚਾਉਣ ਦੀ ਸਮਰੱਥਾ ਹੁੰਦੀ ਹੈ। ਲੇਖਕ ਵਿੱਚ ਵੀ ਇਹ ਪ੍ਰਵਿਰਤੀ ਬਾਕਮਾਲ ਹੈ, ਜਿਹੜਾ ਲੋਕਾਈ ਦੇ ਮਨਾਂ ਨੂੰ ਹਾਸ ਵਿਅੰਗ ਰਾਹੀਂ ਮਾਨਸਿਕ ਖੁਰਾਕ ਦਿੰਦਾ ਰਹਿੰਦਾ ਹੈ। ਹਾਸਾ  ਠੱਠਾ ਵੀ ਮਾਨਸਿਕ ਖੁਰਾਕ ਦਾ ਹਿੱਸਾ ਹੁੰਦੇ ਹਨ। ਸਮਾਜਿਕ ਗੰਭੀਰ ਮਸਲਿਆਂ ਨੂੰ ਹਾਸ ਵਿਅੰਗ ਰਾਹੀਂ ਲੋਕਾਂ ਦੀ ਕਚਹਿਰੀ ਵਿੱਚ ਰੱਖਿਆ ਹੈ। ਸਮਾਜਿਕ ਤਾਣੇ ਬਾਣੇ ਵਿੱਚ ਬਹੁਤ ਸਾਰੀਆਂ ਘਾਟਾਂ/ਵਿਸੰਗਤੀਆਂ ਹਨ, ਜਿਨ੍ਹਾਂ ਬਾਰੇ ਲੇਖਕ ਨੇ ਦਰਸਾਇਆ ਹੈ ਕਿ ਖ਼ੁਸ਼ਾਮਦੀ ਲੋਕ ਇਨ੍ਹਾਂ ਘਾਟਾਂ/ਵਿਸੰਗਤੀਆਂ ਦਾ ਆਪਣੀ ਤਕਨੀਕ ਨਾਲ ਲਾਭ ਉਠਾਉਂਦੇ ਹਨ। ਚਾਪਲੂਸ ਲੋਕ ਢੀਠ ਕਿਸਮ ਦੇ ਹੁੰਦੇ ਹਨ, ਇਨ੍ਹਾਂ ਲੋਕਾਂ ਬਾਰੇ ਵੀ ਬਾਰੀਕੀ ਨਾਲ ਜਾਣਕਾਰੀ ਦਿੱਤੀ ਹੈ। ਲੋਕ ਕਹਿੰਦੇ ਕੁਝ ਅਤੇ ਅਮਲੀ ਰੂਪ ਵਿੱਚ ਕੁਝ ਹੋਰ ਕਰਦੇ ਹਨ। ਭਾਵ ਉਹ ਮਖੌਟੇ ਪਾ ਕੇ ਦੋਗਲੇ ਕਿਰਦਾਰ ਨਿਭਾਉਂਦੇ ਹਨ। ਅਸਲ ਵਿੱਚ ਅਜਿਹੇ ਲੋਕਾਂ ਦਾ ਕੋਈ ਕਿਰਦਾਰ ਹੀ ਨਹੀਂ ਹੁੰਦਾ। ਤ੍ਰਿਲੋਕ ਢਿੱਲੋਂ ਨੇ ਇਸ ਲੇਖ ਸੰਗ੍ਰਹਿ ਵਿੱਚ ਦੱਸਿਆ ਹੈ ਕਿ ਅਜਿਹੇ ਲੋਕ ਆਪਣੇ ਕੰਮ ਕੱਢਣ ਲਈ ਚਮਚਾਗਿਰੀ/ਖ਼ੁਸ਼ਾਮਦੀ ਦਾ ਸਹਾਰਾ ਲੈਂਦੇ ਹਨ। ਭਾਵ ਉਹ ਸਹੀ ਕੰਮ ਨਹੀਂ ਕਰਦੇ ਜਾਂ ਇਉਂ ਕਹਿ ਲਵੋ ਕਿ ਉਨ੍ਹਾਂ ਦੀ ਸਹੀ ਕੰਮ ਕਰਨ ਤੇ ਸੱਚ ਦੇ ਰਗ ਤੇ ਪਹਿਰਾ ਦੇਣ ਦੀ ਫਿਤਰਤ ਤੇ ਯੋਗਤਾ ਨਹੀਂ ਹੁੰਦੀ, ਫਿਰ ਉਹ ਅਜਿਹੀਆਂ ਕਰਤੂਤਾਂ ਕਰਕੇ ਆਪਣਾ ਮਕਸਦ ਪੂਰਾ ਕਰ ਲੈਂਦੇ ਹਨ। ਤ੍ਰਿਲੋਕ ਢਿਲੋਂ ਅਨੁਸਾਰ ਚਮਚਾਗਿਰੀ/ਖ਼ੁਸ਼ਾਮਦੀ ਕਰਨ ਅਤੇ ਕਰਵਾਉਣ ਵਾਲੇ ਦੋਵੇਂ ਹੀ ਨੈਤਿਕਤਾ ਤੋਂ ਕੋਰੇ ਹੁੰਦੇ ਹਨ। ਖ਼ੁਦਗਰਜ਼ੀ ਇਨ੍ਹਾਂ ਲੋਕਾਂ ਵਿੱਚ ਭਾਰੂ ਹੁੰਦੀ ਹੈ। ਇਨ੍ਹਾਂ ਲੇਖਾਂ ਤੇ ਛੁਰਲੀਆਂ ਵਿੱਚ ਮੁੱਖ ਤੌਰ ‘ਤੇ ਲੇਖਕ ਨੇ ਸਿਆਸਤਦਾਨਾਂ ਅਤੇ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਲਿਆ ਹੈ। ਵੈਸੇ ਸਮਾਜ ਦੇ ਹਰ ਵਰਗ ਵਿੱਚ ਅਜਿਹੇ ਕਿਰਦਾਰਾਂ ਦੀ ਭਰਮਾਰ ਹੁੰਦੀ ਹੈ। ਤਰੀ ਵਾਲੇ ਕਰੇਲਿਆਂ ਦਾ ਅਰਥ ਹੀ ਇਹੋ ਹੈ ਕਿ ਜਿਹੜੀ ਗੱਲ ਹੋ ਹੀ ਨਹੀਂ ਸਕਦੀ ਉਹੀ ਗੱਲਾਂ ਦਾ ਕੜਾਹ ਬਣਾਕੇ ਸਿਆਸਤਦਾਨ ਤੇ ਹੋਰ ਲੋਕ ਪ੍ਰੋਸਦੇ ਹਨ। ਦਫ਼ਤਰਾਂ ਵਿੱਚ ਮੌਕੇ ਦੇ ਅਧਿਕਾਰੀ ਚਾਪਲੂਸ ਕਰਮਚਾਰੀਆਂ ਦੀਆਂ ਰਿਪੋਰਟਾਂ ਠੀਕ ਕਰਕੇ ਅਤੇ ਯੋਗ ਮੁਲਾਜ਼ਮਾ ਨੂੰ ਅਣਡਿਠ ਕਰਕੇ ਤਰੱਕੀਆਂ ਦੇ ਦਿੰਦੇ ਹਨ। ਵੈਸੇ ਸਮਾਜ ਦੇ ਹਰ ਖੇਤਰ ਵਿੱਚ ਤਰੀ ਵਾਲੇ ਕਰੇਲੇ ਭਾਵ ਚਮਚਾਗਿਰੀ/ਖ਼ੁਸ਼ਾਮਦੀ ਕਰਕੇ ਕੰਮ ਕਢਵਾਏ ਜਾਂਦੇ ਹਨ। ਤ੍ਰਿਲੋਕ ਢਿੱਲੋਂ ਨੇ ਹਰ ਖੇਤਰ ਦੇ ਲੋਕਾਂ ਦੇ ਕਿਰਦਾਰਾਂ ਦਾ ਪਰਦਾ ਫਾਸ਼ ਕੀਤਾ ਹੈ। ਤ੍ਰਿਲੋਕ ਢਿੱਲੋਂ ਕਿਉਂਕਿ ਸਾਰੀ ਉਮਰ ਬੈਂਕ ਦੀ ਨੌਕਰੀ ਕਰਦਾ ਰਿਹਾ ਹੈ ਅਤੇ ਨੌਕਰੀ ਦੌਰਾਨ ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਬਿਰਤੀਆਂ ਵਾਲੇ ਲੋਕਾਂ ਨਾਲ ਵਾਹ ਪੈਂਦਾ ਰਿਹਾ ਹੈ। ਇਸ ਲਈ ਉਸਨੇ ਆਪਣੇ ਇਸ ਤਜ਼ਰਬੇ ਦੇ ਆਧਾਰ ‘ਤੇ ਅਜਿਹੇ ਚਮਚਾਗਿਰੀ/ਖ਼ੁਸ਼ਾਮਦੀ ਲੋਕਾਂ ਦੀਆਂ ਰੁਚੀਆਂ ਦਾ ਪਰਦਾ ਫਾਸ਼ ਕੀਤਾ ਹੈ। ਅਜਿਹੇ ਲੋਕ ਕਿਹੜੇ ਢੰਗ ਵਰਤਕੇ ਆਪਣੇ ਫਾਇਦੇ ਕੱਢਦੇ ਹਨ, ਉਨ੍ਹਾਂ ਬਾਰੇ ਵਿਸਤਾਰ ਨਾਲ  ਜਾਣਕਾਰੀ ਦਿੱਤੀ ਹੈ।  ‘ਬੂਰ ਦੇ ਲੱਡੂ’ ਭਾਵ ਵਿਆਹ ਦੀ ਸੰਸਥਾ ਬਾਰੇ ਵਿਅੰਗ ਕਰਦਿਆਂ ਛੜੇ ਅਤੇ ਵਿਆਹੇ ਲੋਕਾਂ ਦੀ ਖੁਹਾਇਸ਼ਾਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਰਤੇ ਜਾਂਦੇ ਹੱਥ ਕੰਡਿਆਂ ਦੀਆਂ ਚੋਭਾਂ ਦੇ ਖ਼ੁਸ਼ਨੁਮਾ/ਦਰਦਨੁਮਾ ਪ੍ਰਭਾਵ ਦਰਸਾਏ ਹਨ। ਇਸ ਲੇਖ ਵਿੱਚ ਤ੍ਰਿਲੋਕ ਢਿੱਲੋਂ ਇਸਤਰੀ ਜਾਤੀ ਨਾਲ ਥੋੜ੍ਹੀ ਜ਼ਿਆਦਤੀ ਕਰ ਗਿਆ ਲੱਗਦਾ ਹੈ। ਮਰਦ ਵੀ ਕਿਸੇ ਗੱਲੋਂ ਘੱਟ ਨਹੀਂ ਹੁੰਦੇ, ਉਹ ਵੀ ਔਰਤ ਉਪਰ ਆਪਣੀ ਤੜੀ ਰੱਖਦੇ ਹਨ। ਲੇਖਕ ਅਨੁਸਾਰ ਘਰ ਵਿੱਚ ਸ਼ਾਂਤਮਈ ਮਾਹੌਲ ਸਿਰਜਣ ਵਿੱਚ ਸਿਰਫ ਤੇ ਸਿਰਫ ਔਰਤ ਹੀ ਹੁੰਦੀ ਹੈ। ਤਰੀ ਵਾਲੇ ਕਰੇਲੇ ਹਰ ਖੇਤਰ ਵਿੱਚ ਮੋਹਰੀ ਦੀ ਭੂਮਿਕਾ ਨਿਭਾਉਂਦੇ ਹਨ। ਆਲਸੀ, ਘੋਰੀ, ਦਲਿਦਰੀ, ਘੌਲ਼ੀ, ਲੇਖਕਾਂ, ਕਵੀਆਂ ਦੀਆਂ ਇਨ੍ਹਾਂ ਗੱਲਾਂ ਨੂੰ ਵੀ ਆੜੇ ਹੱਥੀਂ ਲੈਂਦਿਆਂ ਕਟਾਕਸ਼ ਕੀਤੇ ਹਨ। ਤੱਤਾ ਪਾਣੀ ਬਨਾਮ ਚਾਹ ਵਿੱਚ ਵੀ ਕੰਮ ਕਢਾਉਣ ਲਈ ਬਿਨਾਂ ਲੋੜ ਤੋਂ ਹੀ ਚਾਹ ਪਿਲਾਈ ਜਾਂਦੀ ਹੈ। ਏਸੇ ਤਰ੍ਹਾਂ  ‘ਬੋਲਚਾਲ ਦਾ ਹੁਨਰ ਬਨਾਮ ਭੌਂਕਣ ਕਲਾ’ ਹੈ, ਜਿਸ ਰਾਹੀਂ ਲੋਕ ਆਪਣਾ ਮਕਸਦ ਪੂਰਾ ਕਰਨ ਵਿੱਚ ਸਫ਼ਲ ਹੋ ਜਾਂਦੇ ਹਨ। ਕਾਵਿ ਛੁਰਲੀ ਚੌਥੀ ਵਿੱਚ ਪਾਲਤੂ ਕੁੱਤਾ ਲਿਆਉਣ ਲਈ ਕਹਿਣ ਤੇ ਪਤਨੀ ਪਤੀ ‘ਤੇ ਵਿਅੰਗ ਕਸਦੀ ਕਹਿੰਦੀ ਹੈ:
               ਪਤਨੀ ਬੋਲੀ! ਰਹਿਣ ਦਿਓ, ਕਿਉਂ ਮੈਨੂੰ ਜੇ ਬਿਪਤਾ ਪਾਂਦੇ,
               ਇੱਕ ਹੀ ਬਥੇਰਾ! ਮੈਥੋਂ ਦੋ ਦੋ ਨਹੀਂ ਸਾਂਭੇ ਜਾਂਦੇ।
    ‘ਨੀਂਹ ਪੱਥਰਾਂ’  ਸੰਬੰਧੀ ਲਿਖਦਿਆਂ ਲੇਖਕ ਨੇ ਦੱਸਿਆ ਹੈ ਕਿ ਚੋਣਾਂ ਤੋਂ ਪਹਿਲਾਂ ਰੱਖੇ ਨੀਂਹ ਪੱਥਰ ਲੋਕਾਂ ਨੂੰ ਚਿੜ੍ਹਾਉਂਦੇ ਰਹਿੰਦੇ ਹਨ। ਏਸੇ ਤਰ੍ਹਾਂ ‘ਲੋਕ ਕੀ ਆਖਣਗੇ’ ਲੇਖ ਵਿੱਚ ਫੋਕੀ ਟੌਹਰ ਦੀਆਂ ਟਾਹਰਾਂ ਦੇ ਪਾਜ ਉਘਾੜੇ ਹਨ। ਜਿਉਂਦਿਆਂ ਪੁੱਛਦੇ ਨਹੀਂ ਮਰਿਆਂ ‘ਤੇ ਵੱਡਾ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਨ। ਸ਼ਰਧਾਂਜ਼ਲੀਆਂ  ਢੌਂਗ ਬਣ ਗਈਆਂ ਹਨ। ਕਰੋਨਾ ਦੇ ਕੀੜੇ ਦੀਆਂ ਪਾਬੰਦੀਆਂ ਨੇ ਲੋਕਾਂ ਦਾ ਜੀਣਾ ਦੁੱਭਰ ਕਰ ਦਿੱਤਾ, ਉਥੇ ਮਰੀਜ਼ਾਂ ਨਾਲ ਜ਼ੋਰ ਜ਼ਬਰਦਸਤੀ ਦੀਆਂ ਘਟਨਾਵਾਂ ਨੇ ਲੋਕਾਈ ਦੀ ਬਸ ਕਰਵਾ ਦਿੱਤੀ। ਬਿਨਾ ਵਜਾਹ ਹੀ ਐਕਸ਼ਨ ਲਏ ਗਏ, ਜਾਨ ਬਚਾਉਣ ਦੇ ਲਾਲੇ ਪੈ ਗਏ। ਮੋਬਾਈਲ ਤੇ ਸ਼ੋਸ਼ਲ ਮੀਡੀਆ ਨੇ ਕਵੀਆਂ ਦੀ ਇੱਜ਼ਤ ਰੱਖ ਲਈ। ਕਾਵਿ ਪੁਸਤਕਾਂ ਦੀ ਛਪਾਈ ਤੇ ਘੁੰਡ ਚੁਕਾਈ ਦੇ ਨਾਮ ‘ਤੇ ਕਵੀਆਂ ਦੀ ਝੰਡ ਲਾਹ ਦਿੱਤੀ। ਵਿਆਹਾਂ ਸ਼ਾਦੀਆਂ ਵਿੱਚ ਬਾਬਿਆਂ ਦੀ ਬੁੱਕਤ, ਬੁਢਾਪੇ ਦੀਆਂ ਸਮੱਸਿਆਵਾਂ, ਘਰਾਂ ਦਾ ਕਾਟੋ ਕਲੇਸ਼ ਮਾਡਲ ਸਕੂਲਾਂ ਦੇ ਡਰਾਮੇ, ਹੌਲੀਆਂ ਉਮਰਾਂ ਭਾਰੇ ਬਸਤਿਆਂ ਨੂੰ ਅਫ਼ਰੇਮਾ ਅਤੇ ਬਿਰਧ ਆਸ਼ਰਮਾਂ ਬਾਰੇ ਵੀ ਚਟਕਾਰੇ ਲਾਏ ਹਨ। ਗਾਹਕ ਸੇਵਾ ਲਈ ਅਹਿਮ ਨੁਕਤੇ’ ਵਿੱਚ ਕੁਝ ਲੋਕ ਗਾਹਕਾਂ ਰੱਬ ਸਮਝਦੇ ਹਨ ਪ੍ਰੰਤੂ ਕੁਝ ਗੁਮਰਾਹ ਕਰਦੇ ਹਨ। ‘ਸ਼ੱਕ ਦਾ ਭੂਤ’ ਵਿੱਚ ਸਮਾਜਿਕ ਤਾਣੇ ਬਾਣੇ ਵਿੱਚ ਸ਼ੱਕ ਨਾਲ ਹੋ ਰਹੇ ਸਮਾਜਿਕ ਸੰਬੰਧਾਂ ਦੇ ਨੁਕਸਾਨ ਦਾ ਬ੍ਰਿਤਾਂਤ ਦਿੱਤਾ ਗਿਆ ਹੈ। ਸ਼ੱਕ ਵਿੱਚ ਕਈ ਅਣਸੁਖਾਵੀਆਂ ਗੱਲਾਂ ਵੀ ਹੋ ਜਾਂਦੀਆਂ ਹਨ। ਡੇਰਿਆਂ ਅਤੇ ਹੋਰ ਕਿਸਮ ਦੇ ਭਰਿਸ਼ਟਾਚਾਰ ਨੇ ਨਸ਼ਿਆਂ ਦੀ ਲੱਤ ਪਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਇਨ੍ਹਾਂ ਸਾਰੀਆਂ ਗੱਲਾਂ ਬਾਰੇ ਲੇਖਕ ਨੇ ਬਾਰੀਕੀ ਨਾਲ ਜਾਣਕਾਰੀ ਦੇ ਕੇ ਵਿਅੰਗ ਦੇ ਤੀਰ ਚਲਾਏ ਹਨ। ‘ਚਸਕਾ ਮੋਬਾਈਲ ਦਾ’ ਵਰਤਮਾਨ ਸਮਾਜਿਕ ਸੰਬੰਧਾਂ ਵਿੱਚ ਤਰੇੜਾਂ ਪਾ ਰਿਹਾ ਹੈ।  ਮੋਬਾਈਲ ਸੰਬੰਧੀ ਕਵਿਤਾ ਰਾਹੀਂ ਇੱਕ ਉਦਾਹਰਣ ਦਿੱਤੀ ਹੈ:
             ਮੋਬਾਈਲ ਕੁੱਤਾ ਤੇ ਜਨਾਨੀ, ਤਿੰਨੇ ਐਕਸੀਡੈਂਟ ਦੀ ਨਿਸ਼ਾਨੀ।
 ਇਹ ਤੁਕ ਵਾਜਬ ਨਹੀਂ ਲਗਦੀ ਕਿਉਂਕਿ ਲੇਖਕ ਨੇ ਇਸਤਰੀ ਜਾਤੀ ਨਾਲ ਜ਼ਿਆਦਤੀ ਕੀਤੀ ਹੈ। ਇਸਤਰੀ ਤਾਂ ਸਿਰਜਣ ਦੀ ਪ੍ਰਤੀਕ ਹੈ।
   Ñਲੇਖਕ ਨੇ ਲੇਖਾਂ ਦੇ ਸੰਗ੍ਰਹਿ ਨੂੰ  ‘ਤਰੀ ਵਾਲੇ ਕਰੇਲੇ ਹਾਸ ਵਿਅੰਗ ਸੰਗ੍ਰਹਿ’ ਦਾ ਨਾਂ ਦਿੱਤਾ ਹੈ ਪ੍ਰੰਤੂ ਕਈ ਲੇਖ ਵਧੀਆ ਵਾਰਤਕ ਦਾ ਹੀ ਨਮੂਨਾ ਕਹੇ ਜਾ ਸਕਦੇ ਹਨ, ਉਨ੍ਹਾਂ ਵਿੱਚ ਹਾਸ ਵਿਅੰਗ ਨਾ ਮਾਤਰ ਹੀ ਹੈ। ਮੇਰੇ ਅਨੁਸਾਰ ਲੇਖਕ ਕਵਿਤਾ ਵਧੀਆ ਲਿਖ ਸਕਦਾ ਹੈ। ਭਵਿਖ ਵਿੱਚ ਤ੍ਰਿਲੋਕ ਢਿੱਲੋਂ ਤੋਂ ਤਿੱਖੇ ਵਿਅੰਗ ਵਾਲੀ ਪੁਸਤਕ ਦੀ ਉਮੀਦ ਕੀਤੀ ਜਾ ਸਕਦੀ ਹੈ।
  99 ਪੰਨਿਆਂ, 250 ਰੁਪਏ ਕੀਮਤ ਵਾਲਾ ਹਾਸ ਵਿਅੰਗ ਸੰਗ੍ਰਹਿ ਟਰੂ ਸਪੈਰੋ ਪਬਲਿਸ਼ਰਜ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
  ujagarsingh48@yahoo.com