ਉਮੀਦਾਂ - ਰਵਿੰਦਰ ਸਿੰਘ ਕੁੰਦਰਾ
ਉਮੀਦਾਂ ਮਰਦੀਆਂ ਨਹੀਂ, ਬਲਕਿ ਹੁੰਦੀਆਂ ਨੇ ਪ੍ਰਫੁੱਲ,
ਜ਼ਿੰਦਗੀ ਕਿਤਨੀ ਵੀ ਭਾਵੇਂ, ਹੋ ਜਾਵੇ ਉਥਲ ਪੁਥਲ।
ਚਾਹੇ ਤੂੰ ਚੱਲ ਤਾਰ 'ਤੇ, ਜਾਂ ਚੱਲ ਖੰਡੇ ਦੀ ਧਾਰ 'ਤੇ,
ਜਨੂੰਨ ਦੀ ਆਖਰੀ ਹੱਦ ਨੂੰ, ਬਣਾ ਲੈ ਆਪਣਾ ਸ਼ੁਗਲ।
ਰੱਖ ਹੌਸਲੇ ਬੁਲੰਦ, ਜੇ ਹਵਾ ਬਣ ਜਾਏ ਹਨੇਰੀ,
ਉਮੀਦੀ ਦੀਵੇ ਵਾਲੀ ਲੋਅ ਨੂੰ, ਨਾ ਕਦੀ ਹੋਣ ਦੇਵੀਂ ਗੁੱਲ।
ਭਾਵੇਂ ਦੁਨੀਆ ਠਹਿਰਾਵੇ, ਤੈਨੂੰ ਲੱਖ ਵਾਰੀਂ ਦੋਸ਼ੀ,
ਦੇਖੀਂ ਅਜ਼ਮ ਦੀ ਦੀਵਾਰ, ਨਾ ਕਦੀ ਜਾਵੇ ਹਿੱਲਜੁਲ।
ਤਲਖ ਯਾਦਾਂ ਦੀ ਤਪਸ਼, ਸੁਖੀ ਪਲਾਂ ਵਾਲੀ ਖੁਸ਼ੀ,
ਤੱਤ ਹੀ ਹੈ ਜ਼ਿੰਦਗੀ ਦਾ, ਕਦੀ ਭੁੱਲ ਕੇ ਨਾ ਭੁੱਲ।
ਰੰਗ ਸੁਪਨਿਆਂ ਦੇ ਕਦੀ, ਤਾਂ ਸਾਕਾਰ ਹੋਣਗੇ ਹੀ,
ਇਸ ਦੁਆਲ਼ੇ ਹੀ ਤਾਂ ਘੁੰਮਦੀ ਹੈ, ਦੁਨੀਆ ਇਹ ਕੁੱਲ।
ਜ਼ਿੰਦਗੀ ਖ਼ਾਕ ਤੋਂ ਵੀ ਉੱਠ ਕੇ, ਗੁਲਜ਼ਾਰ ਬਣੇ ਖ਼ੂਬ,
ਕਦੀ ਹੰਝੂ ਵੀ ਨੇ ਸਿੰਜ ਜਾਂਦੇ, ਪਿਆਰੇ ਕਈ ਫੁੱਲ।
ਜਿੰਨਾ ਮਰਜ਼ੀ ਸਯਾਦ, ਉਜਾੜ ਦੇਵੇ ਕੋਈ ਬਾਗ਼,
ਕੋਈ ਦਿਨ ਪਾ ਕੇ ਫੇਰ ਵੀ, ਚਹਿਕਦੀ ਹੈ ਬੁਲਬੁਲ।
ਉਮੀਦਾਂ ਮਰਦੀਆਂ ਨਹੀਂ, ਬਲਕਿ ਹੁੰਦੀਆਂ ਨੇ ਪ੍ਰਫੁੱਲ,
ਜ਼ਿੰਦਗੀ ਕਿਤਨੀ ਵੀ ਭਾਵੇਂ, ਹੋ ਜਾਵੇ ਉਥਲ ਪੁਥਲ।