ਪੰਜਾਬੀ ਸਾਹਿਤਕ ਵਿਰਾਸਤ ਦਾ ਪਹਿਰੇਦਾਰ : ਕਰਮਜੀਤ ਸਿੰਘ ਗਠਵਾਲ - ਉਜਾਗਰ ਸਿੰਘ
ਪੰਜਾਬੀ ਦੇ ਸਾਹਿਤਕ ਪ੍ਰੇਮੀਆਂ ਦੀ ਇੱਕ ਨਿਵੇਕਲੀ ਆਦਤ ਹੈ ਕਿ ਉਹ ਖਾਮਖਾਹ ਹੀ ਕਈ ਵਾਰੀ ਸਾਹਿਤਕਾਰਾਂ ਦੀ ਪ੍ਰਸੰਸਾ ਦੇ ਪੁਲ ਬੰਨ੍ਹ ਦਿੰਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਕੋਈ ਸਾਹਿਤਕ ਸਹਾਇਤਾ ਲਈ ਆਸ ਦੀ ਕਿਰਨ ਵਿਖਾਈ ਦਿੰਦੀ ਹੋਵੇ। ਪ੍ਰੰਤੂ ਜਿਹੜੇ ਪੰਜਾਬੀ ਪ੍ਰੇਮੀ ਪੰਜਾਬੀ ਦੀ ਬਿਹਤਰੀ ਲਈ ਤਨੋਂ ਮਨੋਂ ਦਿਲ ਜਾਨ ਨਾਲ ਕੰਮ ਕਰਦੇ ਹੋਏ ਸਾਹਿਤਕ ਵਿਰਾਸਤ ਦੇ ਪਹਿਰੇਦਾਰ ਬਣਦੇ ਹਨ, ਉਨ੍ਹਾਂ ਦੇ ਯੋਗਦਾਨ ਬਾਰੇ ਤਾਂ ਉਹ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹੀ ਨਹੀਂ, ਫੇਰ ਵੀ ਜੇਕਰ ਉਨ੍ਹਾਂ ਨੂੰ ਪਤਾ ਲੱਗ ਜਾਵੇ ਤਾਂ ਮੂੰਹ ਵਿੱਚ ਘੁੰਗਣੀਆਂ ਪਾ ਲੈਂਦੇ ਹਨ। ਮੈਂ ਤੁਹਾਨੂੰ ਇੱਕ ਅਜਿਹੇ ਪ੍ਰਬੁੱਧ ਪੰਜਾਬੀ ਸਾਹਿਤਕ ਪ੍ਰੇਮੀ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ, ਜਿਸ ਦੇ ਯੋਗਦਾਨ ਅੱਗੇ ਸਿਰ ਝੁਕਾਉਣ ਨੂੰ ਦਿਲ ਤਾਂ ਕਰਦਾ ਹੀ ਹੈ, ਸਗੋਂ ਉਸ ਦੇ ਪੈਰ ਛੂਹਣ ਦੀ ਇੱਛਾ ਪੈਦਾ ਹੁੰਦੀ ਹੈ ਕਿਉਂਕਿ ਉਹ ਇਕੱਲਾ ਇਕੱਹਿਰਾ ਵਿਅਕਤੀ ਪੰਜਾਬੀ ਸਾਹਿਤਕ ਵਿਰਾਸਤ ਨੂੰ ਸੰਭਾਲ ਕੇ ਰੱਖਣ ਵਿੱਚ ਇਤਨਾ ਕੰਮ ਕਰ ਰਿਹਾ ਹੈ, ਜਿਤਨਾ ਕਿਸੇ ਯੂਨੀਵਰਸਿਟੀ ਜਾਂ ਅਖੌਤੀ ਪੰਜਾਬੀ ਪ੍ਰੇਮੀਆਂ ਨੇ ਅਜੇ ਕਰਨਾ ਤਾਂ ਕੀ ਹੈ ਪ੍ਰੰਤੂ ਇਸ ਪਾਸੇ ਸੋਚਿਆ ਵੀ ਨਹੀਂ। ਉਹ ਵਿਅਕਤੀ ਹੈ, ਕਰਮਜੀਤ ਸਿੰਘ ਗਠਵਾਲ, ਉਹ ਕੋਈ ਸਾਹਿਤਕਾਰ ਨਹੀਂ ਪ੍ਰੰਤੂ ਉਸ ਦਾ ਕੰਮ ਸਾਹਿਤਕਾਰਾਂ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। ਸਾਹਿਤ ਦਾ ਪ੍ਰੇਮੀ ਇਤਨਾ ਹੈ ਕਿ ਉਸ ਦੀ ਪੰਜਾਬੀ ਸਾਹਿਤ ਪ੍ਰਤੀ ਮਿਹਨਤ, ਬਚਨਵੱਧਤਾ, ਦ੍ਰਿੜ੍ਹਤਾ, ਸੰਕਲਪ ਅਤੇ ਲਗਨ ਨੂੰ ਸਲਾਮ ਕੀਤੇ ਬਿਨਾ ਕੋਈ ਵੀ ਰਹਿ ਨਹੀਂ ਸਕਦਾ। ਪੰਜਾਬੀ ਸਾਹਿਤਕ ਵਿਰਾਸਤ ਬਹੁਤ ਅਮੀਰ ਹੈ, ਉਸ ਅਮੀਰੀ ਨੂੰ ਸਾਂਭਣ ਦੀ ਜ਼ਿੰਮੇਵਾਰੀ ਪੰਜਾਬੀ ਪ੍ਰੇਮੀਆਂ ਦੀ ਹੀ ਬਣਦੀ ਹੈ। ਪ੍ਰੰਤੂ ਉਹ ਸਮਝਦੇ ਨਹੀਂ। ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਦੇ ਬਹੁਤ ਸਾਰੇ ਵੱਡੇ ਵਿਦਵਾਨ ਸਾਹਿਤਕਾਰ ਹੋਏ ਹਨ ਅਤੇ ਵਰਤਮਾਨ ਸਾਹਿਤਕਾਰ ਵੀ ਵਡਮੁੱਲਾ ਯੋਗਦਾਨ ਪਾ ਰਹੇ ਹਨ, ਜਿਨ੍ਹਾਂ ਨੇ ਪੰਜਾਬੀ ਦੇ ਸਾਹਿਤਕ ਖ਼ਜਾਨੇ ਨੂੰ ਮਾਲੋ ਮਾਲ ਕੀਤਾ ਹੈ। ਪੰਜਾਬੀ ਦੀਆਂ ਅਨੇਕਾਂ ਸਾਹਿਤ ਸਭਾਵਾਂ ਅਤੇ ਸੰਸਥਾਵਾਂ ਹਨ। ਪੰਜਾਬ ਅਤੇ ਪਰਵਾਸ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਹਨ, ਲਗਪਗ ਹਰ ਸ਼ਹਿਰ ਅਤੇ ਕਸਬੇ ਵਿੱਚ ਸਾਹਿਤ ਅਤੇ ਸਭਿਅਚਾਰ ਦੀਆਂ ਸਭਾਵਾਂ/ਸੰਸਥਾਵਾਂ ਬਣੀਆਂ ਹੋਈਆਂ ਹਨ। ਇਹ ਪੰਜਾਬੀ ਬੋਲੀ ਦੀ ਪ੍ਰਫੁਲਤਾ ਦੀਆਂ ਪ੍ਰਤੀਕ ਹਨ। ਪੰਜਾਬੀ ਦਾ ਸਮੁੱਚੇ ਸੰਸਾਰ ਵਿੱਚ ਬੋਲਬਾਲਾ ਹੋ ਰਿਹਾ ਹੈ। ਪ੍ਰੰਤੂ ਇਨ੍ਹਾਂ ਸਾਹਿਤ ਸਭਾਵਾਂ ਵਿੱਚ ਆਪੋ ਆਪਣੀਆਂ ਕਵਿਤਾਵਾਂ ਸੁਣਾਉਣ, ਕਹਾਣੀਆਂ, ਨਾਵਲਾਂ, ਨਾਟਕਾਂ ਅਤੇ ਸਾਹਿਤ ਦੇ ਹੋਰ ਰੂਪਾਂ ਬਾਰੇ ਵਿਚਾਰ ਵਟਾਂਦਰਾ ਕਰਨ ਤੋਂ ਇਲਾਵਾ ਹੋਰ ਕੋਈ ਸਾਰਥਿਕ ਉਦਮ ਨਹੀਂ ਕੀਤਾ ਜਾਂਦਾ। ਸਰਕਾਰ, ਸਾਹਿਤਕ ਸੰਸਥਾਵਾਂ ਅਤੇ ਵੱਡੇ ਸਾਹਿਤਕਾਰਾਂ ਨੇ ਸਾਹਿਤਕ ਯੋਗਦਾਨ ਨੂੰ ਇੱਕ ਥਾਂ ‘ਤੇ ਸੰਭਾਲਣ ਦਾ ਕੋਈ ਸਾਰਥਿਕ ਉਪਰਾਲਾ ਨਹੀਂ ਕੀਤਾ। ਇੰਟਰਨੈਟ ਦੇ ਯੁਗ ਵਿੱਚ ਲਾਇਬ੍ਰੇਰੀਆਂ ਤੋਂ ਇਲਾਵਾ ਸਾਹਿਤ ਨੂੰ ਵੈਬ ਸਾਈਟਸ ਬਣਾਕੇ ਸੰਭਾਲਿਆ ਜਾਣਾ ਚਾਹੀਦਾ ਹੈ। ਗੂਗਲ ‘ਤੇ ਚੋਣਵੇਂ ਸਾਹਿਤਕਾਰਾਂ ਬਾਰੇ ਪੰਜ ਚਾਰ ਸਤਰਾਂ ਵਿੱਚ ਜਾਣਕਾਰੀ ਮਿਲਦੀ ਹੈ ਪ੍ਰੰਤੂ ਉਨ੍ਹਾਂ ਦੇ ਸਾਹਿਤ ਦੀ ਸੰਪੂਰਨ ਜਾਣਕਾਰੀ ਨਹੀਂ ਮਿਲਦੀ। ਇਸ ਲਈ ਸਾਹਿਤਕ ਵਿਰਾਸਤ ਨੂੰ ਸਾਂਭ ਕੇ ਰੱਖਣ ਦੀ ਅਤਿਅੰਤ ਜ਼ਰੂਰਤ ਹੈ, ਪੰਜਾਬੀ ਦੇ ਮੁੱਦਈ ਇਸ ਵਿਰਾਸਤ ਨੂੰ ਸਾਂਭਣ ਵਿੱਚ ਬਹੁਤੇ ਸੰਜੀਦਾ ਨਹੀਂ ਜਾਪਦੇ, ਉਨ੍ਹਾਂ ਨੂੰ ਆਪੋ ਆਪਣੀ ਸ਼ਾਹਵਾ ਬਾਹਵਾ ਪਿਆਰੀ ਲੱਗਦੀ ਹੈ। ਜੇਕਰ ਅਮੀਰ ਸਾਹਿਤਕ ਵਿਰਾਸਤ ਨੂੰ ਨਾ ਸਾਂਭਿਆ ਗਿਆ ਤਾਂ ਆਉਣ ਵਾਲੀ ਪੀੜ੍ਹੀ ਆਪਣੀ ਵਿਰਾਸਤ ਤੋਂ ਵਾਂਝੀ ਰਹਿ ਜਾਵੇਗੀ। ਵੈਸੇ ਪੰਜਾਬ ਸਰਕਾਰ ਨੂੰ ਇਸ ਲਈ ਉਦਮ ਕਰਨਾ ਬਣਦਾ ਹੈ ਕਿਉਂਕਿ ਐਡਾ ਵੱਡਾ ਉਦਮ ਕਿਸੇ ਇੱਕ ਵਿਅਕਤੀ ਦੇ ਵਸ ਦੀ ਗੱਲ ਨਹੀਂ। 11ਵੀਂ ਸਦੀ ਬਾਬਾ ਫ਼ਰੀਦ ਦੇ ਸਮੇਂ ਤੋਂ ਪੰਜਾਬੀ ਵਿੱਚ ਸਾਹਿਤ ਲਿਖਿਆ ਜਾ ਰਿਹਾ ਹੈ, ਭਾਵੇਂ ਉਦੋਂ ਲਿਪੀ ਗੁਰਮੁੱਖੀ ਨਹੀਂ ਸੀ। ਯੂਨੀਵਰਸਿਟੀਆਂ ਖਾਸ ਤੌਰ ‘ਤੇ ਪੰਜਾਬੀ ਯੂਨੀਵਰਸਿਟੀ ਜਿਹੜੀ ਪੰਜਾਬੀ ਭਾਸ਼ਾ ਦੇ ਨਾਮ ‘ਤੇ ਬਣਾਈ ਗਈ ਹੈ, ਉਸ ਦਾ ਫ਼ਰਜ਼ ਬਣਦਾ ਹੈ ਕਿ ਸਾਹਿਤਕ ਵਿਰਾਸਤ ਨੂੰ ਸੰਗਠਤ ਢੰਗ ਨਾਲ ਇਕੱਤਰ ਕਰਕੇ ਕੋਈ ਵੈਬ ਸਾਈਟ ਵਿੱਚ ਰੱਖ ਦੇਵੇ ਤਾਂ ਜੋ ਕਦੀ ਵੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਉਥੋਂ ਮਿਲ ਸਕੇ। ਦੁੱਖ ਦੀ ਗੱਲ ਹੈ ਕਿ ਸਰਕਾਰਾਂ ਦੀ ਅਣਵੇਖੀ ਕਰਕੇ ਮੰਦਹਾਲੀ ਵਿੱਚੋਂ ਲੰਘ ਰਹੀ ਹੈ।
ਕੁਝ ਸਾਹਿਤ ਪ੍ਰੇਮੀਆਂ ਨੇ ਆਪੋ ਆਪਣੀਆਂ ਨਿੱਜੀ ਵੈਬ ਸਾਈਟਸ ਬਣਾਕੇ ਅਣਸੰਗਠਤ ਜਿਹੇ ਉਪਰਾਲੇ ਕੀਤੇ ਹੋਏ ਹਨ, ਉਨ੍ਹਾਂ ਵਿੱਚ ਉਹ ਆਪੋ ਆਪਣੀਆਂ ਰਚਨਾਵਾਂ ਪਾਉਂਦੇ ਹਨ, ਸਮੁੱਚੇ ਸਾਹਿਤ ਨੂੰ ਤਰਜ਼ੀਹ ਨਹੀਂ ਦਿੰਦੇ। ਉਨ੍ਹਾਂ ਉਪਰਾਲਿਆਂ ਨਾਲ ਸਮੁੱਚੀ ਵਿਰਾਸਤ ਨੂੰ ਇਕ ਥਾਂ ਇਕੱਤਰ ਨਹੀਂ ਕੀਤਾ ਜਾ ਸਕਦਾ। ਪਿਛਲੇ 12 ਕੁ ਸਾਲ ਤੋਂ ਪੰਜਾਬੀ ਦਾ ਇਕ ਹਮਦਰਦ ਤੇ ਪੰਜਾਬੀ ਸਾਹਿਤਕ ਵਿਰਾਸਤ ਦਾ ਪਹਿਰੇਦਾਰ ਕਰਮਜੀਤ ਸਿੰਘ ਗਠਵਾਲ ਬਣਕੇ ਸਾਹਮਣੇ ਆ ਰਿਹਾ ਹੈ। ਉਹ ਭਾਵੇਂ ਤਕਨਾਲੋਜੀ ਦਾ ਮਾਹਿਰ ਨਹੀਂ ਸੀ, ਪ੍ਰੰਤੂ ਉਸ ਦੇ ਬੀ.ਟੈਕ.ਇੰਜਿਨੀਅਰ ਸਪੁੱਤਰ ਨੇ ਉਸ ਨੂੰ ਕੰਪਿਊਟਰ ਦੀ ਤਕਨਾਲੋਜੀ ਬਾਰੇ ਸਿਖਿਅਤ ਕਰ ਦਿੱਤਾ ਹੈ। ਉਸ ਤੋਂ ਬਾਅਦ ਉਸ ਨੇ ਪੰਜਾਬੀ ਟਾਈਪ, ਕੰਪਿਊਟਰ ‘ਤੇ ਸਿੱਖਣੀ ਸ਼ੁਰੂ ਕਰ ਦਿੱਤੀ ਤੇ ਇਸ ਸਮੇਂ ਉਹ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਦੇ ਨਾਲ ਹੀ ਆਪਣੇ ਵੱਲੋਂ ਬਣਾਈ ‘ਪੰਜਾਬੀ ਕਵਿਤਾ ਡਾਟ ਕਾਮ punjabi-kavita.com ਵੈਬ ਸਾਈਟ ਵਿੱਚ ਸਾਹਿਤ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ ਹੈ। ਕਰਮਜੀਤ ਸਿੰਘ ਗਠਵਾਲ ਨੇ ਇਕੱਲਿਆਂ ਹੀ, ਇਸ ਥੋੜ੍ਹੇ ਜਹੇ ਸਮੇਂ ਵਿੱਚ ਇੱਕ ਸੰਸਥਾ ਜਿਤਨਾ ਕੰਮ ਕਰ ਲਿਆ ਹੈ। ਉਹ ਇਕੱਲਾ ਇਕੱਹਿਰਾ ਹੀ ਪਹਿਲਾਂ ਸਾਹਿਤਕਾਰਾਂ ਬਾਰੇ ਜਾਣਕਾਰੀ ਇਕੱਤਰ ਕਰ ਰਿਹਾ ਹੈ ਅਤੇ ਫਿਰ ਆਪ ਹੀ ਉਸ ਨੂੰ ਵੈਬ ਸਾਈਟ ਤੇ ਅਪਲੋਡ ਕਰ ਰਿਹਾ ਹੈ, ਪ੍ਰੰਤੂ ਕੁਝ ਸਾਹਿਤਕਾਰ ਉਸ ਨੂੰ ਜਾਣਕਾਰੀ ਦੇਣ ਵਿੱਚ ਸਹਿਯੋਗ ਵੀ ਦੇ ਰਹੇ ਹਨ। ਇਸ ਵੈਬਸਾਈਟ ‘ਤੇ ਉਸ ਨੇ ਪੰਜਾਬੀ ਕਵਿਤਾ, ਸੂਫ਼ੀ ਕਵਿਤਾ, ਉਰਦੂ ਕਵਿਤਾ, ਹਿੰਦੀ ਕਵਿਤਾ ਅਤੇ ਅਨੁਵਾਦ (Punjabi poetry, Suffi Poetry, ”rdu Poetry, 8indi Poetry and “ranslation) ਦੇ ਭਾਗ ਬਣਾਏ ਹਨ। ਪੰਜਾਬੀ ਕਵਿਤਾ ਭਾਗ ਵਿੱਚ 729, ਉਰਦੂ ਭਾਗ ਵਿੱਚ ਉਰਦੂ ਕਵਿਤਾ ਗੁਰਮੁਖੀ ਲਿਪੀ ਵਿੱਚ 22, ਹਿੰਦੀ ਕਵਿਤਾ ਗੁਰਮੁਖੀ ਲਿਪੀ ਭਾਗ ਵਿੱਚ 20 ਅਤੇ ਹਿੰਦੀ ਭਾਗ ਵਿੱਚ 42 ਕਵੀਆਂ ਤੇ ਕਵਿਤਰੀਆਂ ਦੀਆਂ ਕਵਿਤਾਵਾਂ ਸ਼ਾਮਲ ਹਨ। ਏਥੇ ਮੈਂ ਇੱਕ ਉਦਾਹਰਣ ਦੇਣੀ ਚਾਹਾਂਗਾ ਸਾਂਝੇ ਪੰਜਾਬ ਦਾ ਇੱਕ ਲੋਕ ਸ਼ਾਇਰ ਚਿਰਾਗ ਦੀਨ ਦਾਮਨ ਹੋਇਆ ਹੈ, ਜਿਹੜਾ ਉਸਤਾਦ ਦਾਮਨ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਮੈਂ ਕਰਮਜੀਤ ਸਿੰਘ ਗਠਵਾਲ ਦੀ ਵੈਬ ਸਾਈਟ ਤੇ ਉਸ ਦੀਆਂ 123 ਕਵਿਤਾਵਾਂ ਅਤੇ ਬਹੁਤ ਸਾਰੇ ਟੱਪੇ ਤੇ ਬੋਲੀਆਂ ਅਪਲੋਡ ਕੀਤੀਆਂ ਹੋਈਆਂ ਵੇਖੀਆਂ। ਉਸਤਾਦ ਦਾਮਨ ਪੜ੍ਹਿਆ ਲਿਖਿਆ ਨਹੀਂ ਸੀ, ਇਸ ਲਈ ਉਹ ਆਪਣੀਆਂ ਕਵਿਤਾਵਾਂ ਜ਼ੁਬਾਨੀ ਹੀ ਯਾਦ ਰੱਖਦਾ ਸੀ। ਉਸ ਦੇ ਜਿਉਂਦੇ ਜੀਅ ਪਾਕਿਸਤਾਨ ਵਿੱਚ ਉਸ ਦੀ ਕੋਈ ਵੀ ਪੁਸਤਕ ਨਹੀਂ ਪ੍ਰਕਾਸ਼ਤ ਹੋਈ। ਕਰਮਜੀਤ ਸਿੰਘ ਗਠਵਾਲ ਨੇ ਪਤਾ ਨਹੀਂ ਇਹ ਕਵਿਤਾਵਾਂ ਕਿਥੋਂ ਤੇ ਕਿਵੇਂ ਪ੍ਰਾਪਤ ਕੀਤੀਆਂ ਹਨ? ਇਥੋਂ ਉਸਦੀ ਪੰਜਾਬੀ ਬਾਰੇ ਪ੍ਰਤੀਬੱਧਤਾ ਦਾ ਪਤਾ ਚਲਦਾ ਹੈ ਕਿ ਉਹ ਪੰਜਾਬੀ ਦੀ ਸੰਭਾਲ ਲਈ ਕਿਤਨਾ ਸੰਜੀਦਾ ਹੈ। ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਦੇ ਸਥਾਪਤ ਅਤੇ ਬਹੁਤ ਸਾਰੇ ਨਵੇਂ ਸਾਹਿਤਕਾਰਾਂ ਦੀਆਂ ਰਚਨਾਵਾਂ ਦੀਆਂ ਗੁਰਮੁਖੀ ਲਿਪੀ ਵਿੱਚ ਐਂਟਰੀਆਂ ਮਿਲਦੀਆਂ ਹਨ।
ਕਵਿਤਾ ਤੋਂ ਇਲਾਵਾ ਕਹਾਣੀ ਭਾਗ ਵਿੱਚ ਚੋਟੀ ਦੇ 43 ਕਹਾਣੀਕਾਰਾਂ ਦੀਆਂ ਕਹਾਣੀਆਂ ਦੀਆਂ ਪੁਸਤਕਾਂ ਅਪਲੋਡ ਕੀਤੀਆਂ ਹਨ। ਪੰਜਾਬੀ ਵਿਅਕਰਨ ਤੇ ਸ਼ਬਦ-ਕੋਸ਼ ਭਾਗ ਵਿੱਚ ਪੰਜਾਬੀ ਅਖਾਣ, ਪੰਜਾਬੀ ਸ਼ਬਦ-ਜੋੜ ਕੋਸ਼ ਅਤੇ ਪੰਜਾਬੀ ਅਰਬੀ-ਫਾਰਸੀ ਕੋਸ਼ ਸ਼ਾਮਲ ਹੈ। ਅਖਾਣ ਕੀ ਹੁੰਦੀ ਹੈ, ਇਸ ਬਾਰੇ ਪ੍ਰੋ.ਕ੍ਰਿਪਾਲ ਕਜ਼ਾਕ ਵੱਲੋਂ ਅਖਾਣ ਕਿਵੇਂ ਬਣਦੀ ਤੇ ਕੀ ਹੁੰਦੀ ਹੈ? ਅਤੇ ੳ ਤੋਂ ਵ ਤੱਕ ਬਣੇ ਅਖਾਣਾ ਬਾਰੇ ਦੱਸਿਆ ਗਿਆ ਹੈ। ਪੰਜਾਬੀ ਸ਼ਬਦ-ਜੋੜ ਕੋਸ਼ ਬਾਰੇ ਡਾ.ਹਰਕੀਰਤ ਸਿੰਘ ਬਾਰੇ ਅਤੇ ਉਸ ਵੱਲੋਂ ਪ੍ਰਕਾਸ਼ਤ ਪੁਸਤਕਾਂ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਗਈ ਹੈ। ਪੰਜਾਬੀ ਅਰਬੀ-ਫਾਰਸੀ ਕੋਸ਼ ਬਾਰੇ ਡਾ.ਬੂਟਾ ਸਿੰਘ ਬਰਾੜ ਬਾਰੇ ਅਤੇ ਉਨ੍ਹਾਂ ਵੱਲੋਂ ਪੰਜਾਬੀ ਅਰਬੀ-ਫਾਰਸੀ ਕੋਸ਼ ਬਾਰੇ ਵਿਆਖਿਆ ਨਾਲ ਹਵਾਲਾ ਪੁਸਤਕਾਂ ਦੀ ਜਾਣਕਾਰੀ ਦਿੱਤੀ ਗਈ ਹੈ। ਅਨੁਵਾਦ ਭਾਗ ਵਿੱਚ 16 ਹਿੰਦੀ, ਉਰਦੂ ਤੇ ਅੰਗਰੇਜ਼ੀ ਦੇ ਪ੍ਰਮੁੱਖ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਗੁਰਮੁਖੀ ਲਿਪੀ ਵਿੱਚ ਅਨੁਵਾਦ ਕਰਕੇ ਅਪਲੋਡ ਕੀਤਾ ਹੈ। ਆਲੋਚਨਾ ਭਾਗ ਵਿੱਚ ਚੋਟੀ ਦੇ ਆਲੋਚਕਾਂ ਦੀਆਂ ਪੁਸਤਕਾਂ ਅਪਲੋਡਕੀਤੀਆਂ ਹਨ, ਜਿਨ੍ਹਾਂ ਵਿੱਚ ਆਲੋਚਨਾ-ਸੰਤ ਸਿੰਘ ਸੇਖੋਂ, ਆਲੋਚਨਾ-ਰਤਨ ਸਿੰਘ ਜੱਗੀ, ਆਲੋਚਨਾ-ਹਰਿਭਜਨ ਸਿੰਘ ਭਾਟੀਆ, ਪੰਜਾਬੀ ਆਲੋਚਨਾ-ਹਰਿਭਜਨ ਸਿੰਘ ਭਾਟੀਆ, ਕਵਿਤਾ ਤੇ ਵਿਗਿਆਨ-ਜਸਵੰਤ ਸਿੰਘ ਨੇਕੀ, ਕਵਿਤਾ-ਪ੍ਰੋਫੈਸਰ ਪੂਰਨ ਸਿੰਘ, ਕਵੀ ਦਾ ਦਿਲ-ਪ੍ਰੋਫੈਸਰ ਪੂਰਨ ਸਿੰਘ, ਗ਼ਜ਼ਲ-ਕਾਵਿ : ਥੀਮ ਅਤੇ ਰੂਪਾਕਾਰ, ਪੰਜਾਬੀ ਨਾਟਕ ਤੇ ਰੰਗ ਮੰਚ-ਕਪੂਰ ਸਿੰਘ ਘੁੰਮਣ, ਪ੍ਰਤੀਕਵਾਦ-ਰੋਸ਼ਨ ਲਾਲ ਆਹੂਜਾ, ਪ੍ਰਤੀਕਵਾਦ-ਮਨਮੋਹਨ ਸਿੰਘ, ਪ੍ਰਤੀਕਵਾਦ-ਰਾਜਿੰਦਰ ਸਿੰਘ ਲਾਂਬਾ, ਸ਼ੈਲੀ ਕੀ ਹੈ ? ਓ. ਪੀ. ਗੁਪਤਾ, ਪੰਜਾਬੀ ਕਹਾਣੀ-ਗੁਰਦੇਵ ਸਿੰਘ ਚੰਦੀ, ਨਿੱਕੀ ਕਹਾਣੀ-ਗੁਰਮੁਖ ਸਿੰਘ, ਨਿੱਕੀ ਕਹਾਣੀ-ਡਾ. ਮਹਿੰਦਰ ਪਾਲ ਕੋਹਲੀ, ਸਤਿਜੁਗੀ ਦਰਬਾਰ-ਬਾਵਾ ਬੁਧ ਸਿੰਘ, ਬਾਬਾ ਸ਼ੇਖ਼ ਫ਼ਰੀਦ-ਹਰਿਭਜਨ ਸਿੰਘ ਭਾਟੀਆ ਅਤੇ ਬਾਵਾ ਬੁਧ ਸਿੰਘ-ਹਰਿਭਜਨ ਸਿੰਘ ਭਾਟੀਆ.।
ਇਸ ਤੋਂ ਇਲਾਵਾ ਸਾਹਿਤ ਦੇ ਸਾਰੇ ਰੂਪਾਂ ਬਾਰੇ ਮੁਕੰਮਲ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਜੇ ਬਹੁਤ ਸਾਰਾ ਕੰਮ ਰਹਿੰਦਾ ਹੈ, ਜਿਸ ਨੂੰ ਮੁਕੰਮਲ ਕਰਨ ਲਈ ਕਰਮਜੀਤ ਸਿੰਘ ਗਠਵਾਲ ਯਤਨਸ਼ੀਲ ਹੈ। ਪਰਮਾਤਮਾ ਉਸ ਨੂੰ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਦੇਵੇ ਤਾਂ ਜੋ ਉਹ ਇਸ ਮਹਾਨ ਯੱਗ ਨੂੰ ਪੂਰਾ ਕਰ ਸਕੇ।
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com