ਪੰਜ ਰਾਜਾਂ ਦੀਆਂ ਚੋਣਾਂ ਵਿੱਚੋਂ ਨਕਸ਼ਾ ਕਿਸੇ ਇੱਕ ਥਾਂ ਵੀ ਹਾਲੇ ਤੀਕ ਸਾਫ ਨਹੀਂ ਹੋ ਸਕਿਆ - ਜਤਿੰਦਰ ਪਨੂੰ
ਭਾਰਤ ਦੇ ਪੰਜ ਰਾਜਾਂ ਦੇ ਲੋਕ ਇਸ ਵਕਤ ਵਿਧਾਨ ਸਭਾ ਚੋਣਾਂ ਵਾਸਤੇ ਤਿਆਰ ਹੋ ਰਹੇ ਹਨ। ਸਭ ਧਿਰਾਂ ਦਾ ਯਤਨ ਆਪਣੀ ਜਿੱਤ ਜਾਂ ਜਿੱਤਣ ਜੋਗੇ ਨਹੀਂ ਤਾਂ ਸਥਿਤੀ ਮਜ਼ਬੂਤ ਕਰਨ ਵੱਲ ਲੱਗਾ ਹੋਇਆ ਹੈ। ਨਵੀਂ ਉੱਭਰੀ ਆਮ ਆਦਮੀ ਪਾਰਟੀ ਸਿਰਫ ਪੰਜਾਬ ਅਤੇ ਗੋਆ ਵਿੱਚ ਇਨ੍ਹਾਂ ਚੋਣਾਂ ਵਿੱਚ ਕੋਈ ਪ੍ਰਭਾਵ ਪਾਉਣ ਵਾਲੀ ਸਥਿਤੀ ਵਿੱਚ ਹੈ ਤੇ ਦੋਵੇਂ ਥਾਂ ਅਗਲੀ ਸਰਕਾਰ ਬਣਾਉਣ ਦੇ ਦਾਅਵੇ ਕਰੀ ਜਾਂਦੀ ਹੈ। ਸਭ ਤੋਂ ਪੁਰਾਣੀ ਕਾਂਗਰਸ ਪਾਰਟੀ ਪੰਜ ਰਾਜਾਂ ਵਿੱਚ ਇਸ ਵਾਰੀ ਜਿੱਤ ਦੇ ਝੰਡੇ ਗੱਡਣ ਦੇ ਦਾਅਵੇ ਕਰਨ ਤੋਂ ਕੰਜੂਸੀ ਨਹੀਂ ਕਰਦੀ। ਮਨੀਪੁਰ ਵਿੱਚ ਕਾਂਗਰਸ ਦੀ ਸਰਕਾਰ ਪਿਛਲੀਆਂ ਤਿੰਨ ਵਾਰੀਆਂ ਤੋਂ ਲਗਾਤਾਰ ਚੱਲ ਰਹੀ ਹੈ ਤੇ ਉੱਤਰਾਖੰਡ ਵਿੱਚ ਪਿਛਲੇ ਪੰਜਾਂ ਸਾਲਾਂ ਵਿੱਚ ਖੱਪੇ ਛੱਡ ਕੇ ਚੱਲਦੀ ਰਹੀ ਹੈ, ਪਰ ਉੱਤਰ ਪ੍ਰਦੇਸ਼ ਵਿੱਚ ਨਾ ਇਸ ਦੀ ਸਰਕਾਰ ਹੁਣ ਹੈ, ਨਾ ਬਣਨ ਦੀ ਆਸ ਹੈ। ਕੇਂਦਰ ਸਰਕਾਰ ਚਲਾ ਰਹੀ ਤੇ ਇਸ ਵੇਲੇ ਸਭ ਤੋਂ ਮਜ਼ਬੂਤ ਕਹੀ ਜਾਂਦੀ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਗੱਠਜੋੜ ਦੀ ਲਗਾਤਾਰ ਤੀਸਰੀ ਸਰਕਾਰ ਬਣਨ ਦੀ ਆਸ ਬਹੁਤੀ ਨਹੀਂ ਕਰਦੀ, ਦਾਅਵਾ ਭਾਵੇਂ ਕਰੀ ਜਾ ਰਹੀ ਹੈ। ਉਹ ਉੱਤਰ ਪ੍ਰਦੇਸ਼ ਅਤੇ ਉੱਤਰਾ ਖੰਡ ਉੱਤੇ ਕਬਜ਼ੇ ਲਈ ਸੁਫਨੇ ਲੈਣ ਦੇ ਨਾਲ ਗੋਆ ਵਾਲਾ ਰਾਜ ਬਚਾ ਲੈਣ ਲਈ ਆਸਵੰਦ ਹੈ। ਪੰਜਵਾਂ ਰਾਜ ਮਨੀਪੁਰ ਵਾਲਾ ਦੂਰ ਉੱਤਰ-ਪੂਰਬ ਵਿੱਚ ਹੋਣ ਕਾਰਨ ਬਹੁਤੀ ਜ਼ਿਆਦਾ ਚਰਚਾ ਵਿੱਚ ਨਹੀਂ, ਪਰ ਉਸ ਰਾਜ ਬਾਰੇ ਵੀ ਭਾਜਪਾ ਆਗੂ ਇਹ ਦਾਅਵਾ ਕਰਦੇ ਹਨ ਕਿ ਹੁਣ ਓਥੇ ਕਬਜ਼ਾ ਕਰ ਲੈਣਾ ਹੈ। ਉੱਤਰ ਪ੍ਰਦੇਸ਼ ਵਿੱਚ ਰਾਜ ਕਰਦੀ ਸਮਾਜਵਾਦੀ ਪਾਰਟੀ ਦਾ ਟੱਬਰ ਪਾਟਾ ਹੋਣ ਦੇ ਬਾਵਜੂਦ ਅਖਿਲੇਸ਼ ਯਾਦਵ ਦੀ ਨਿੱਜੀ ਖਿੱਚ ਲੋਕਾਂ ਵਿੱਚ ਹੈ ਤੇ ਬਹੁਜਨ ਸਮਾਜ ਪਾਰਟੀ ਵਾਲਿਆਂ ਨੂੰ ਵੀ ਆਪਣਾ ਹਾਥੀ ਸ਼ਾਨ ਨਾਲ ਜੇਤੂ ਜਲੂਸ ਕੱਢਣ ਦੇ ਝਾਓਲੇ ਪਾ ਰਿਹਾ ਹੈ।
ਜਦੋਂ ਹਕੀਕੀ ਸਥਿਤੀਆਂ ਦੀ ਗੱਲ ਕਰਨੀ ਹੋਵੇ ਤਾਂ ਕਿਸੇ ਵੀ ਰਾਜ ਦੀ ਹਾਲਤ ਦੂਸਰੇ ਨਾਲ ਨਹੀਂ ਮਿਲਦੀ ਤੇ ਇਹ ਵੀ ਕਿ ਰਾਜਨੀਤਕ ਨਕਸ਼ਾ ਕਿਸੇ ਥਾਂ ਵੀ ਅਜੇ ਤੱਕ ਪੂਰਾ ਸਾਫ ਨਹੀਂ ਹੋ ਸਕਿਆ।
ਗੋਆ ਵਿੱਚ ਪਹਿਲਾਂ ਕਾਂਗਰਸ ਪਾਰਟੀ ਦੋ ਵਾਰੀਆਂ ਵਿੱਚ ਆਪਸੀ ਖਹਿਬੜ ਦੇ ਬਾਵਜੂਦ ਦਸ ਸਾਲ ਸਰਕਾਰ ਚਲਾ ਗਈ ਸੀ। ਪਿਛਲੀ ਵਾਰੀ ਭਾਜਪਾ ਜਿੱਤ ਗਈ ਤਾਂ ਮਨੋਹਰ ਪਾਰਿਕਰ ਨੂੰ ਮੁੱਖ ਮੰਤਰੀ ਬਣਾਇਆ ਗਿਆ, ਜਿਸ ਦੇ ਰਾਜ ਦੀ ਹਰ ਕੋਈ ਸਿਫਤ ਕਰੀ ਜਾਂਦਾ ਸੀ। ਪ੍ਰਧਾਨ ਮੰਤਰੀ ਬਣ ਕੇ ਨਰਿੰਦਰ ਮੋਦੀ ਨੇ ਉਸ ਨੂੰ ਕੇਂਦਰੀ ਰੱਖਿਆ ਮੰਤਰੀ ਬਣਨ ਲਈ ਦਿੱਲੀ ਸੱਦ ਲਿਆ। ਦਿੱਲੀ ਵਿੱਚ ਕਾਮਯਾਬ ਨਹੀਂ ਹੋ ਸਕਿਆ ਤੇ ਪਿੱਛੇ ਗੋਆ ਦਾ ਕੰਮ ਖਰਾਬ ਹੋ ਗਿਆ ਜਾਪਦਾ ਹੈ। ਓਥੇ ਆਰ ਐੱਸ ਐੱਸ ਦਾ ਉਸ ਰਾਜ ਦਾ ਮੁਖੀ ਸੁਭਾਸ਼ ਵੇਲਿੰਗਕਰ ਬਾਗੀ ਹੋ ਗਿਆ ਅਤੇ ਸ਼ਿਵ ਸੈਨਾ ਨਾਲ ਗੱਠਜੋੜ ਬਣਾ ਕੇ ਹੁਣ ਭਾਜਪਾ ਨੂੰ ਚੁਣੌਤੀ ਦੇ ਰਿਹਾ ਹੈ। ਆਮ ਆਦਮੀ ਪਾਰਟੀ ਵੀ ਓਥੇ ਚੋਖਾ ਪ੍ਰਭਾਵ ਪਾ ਰਹੀ ਹੈ, ਪਰ ਇਸ ਭਾਜੜ ਦੇ ਮਾਹੌਲ ਵਿੱਚ ਕਾਂਗਰਸ ਵੀ ਰਾਜ ਮਹਿਲਾਂ ਵਿੱਚ ਵਾਪਸੀ ਲਈ ਆਸਵੰਦ ਹੈ। ਸਰਵੇਖਣ ਭਾਵੇਂ ਕੁਝ ਵੀ ਕਹੀ ਜਾ ਰਹੇ ਹੋਣ, ਗੋਆ ਵਿੱਚ ਕਿਸੇ ਧਿਰ ਦੇ ਦਾਅਵਿਆਂ ਵਿੱਚ ਵੀ ਜਿੱਤ ਦਾ ਦਮ ਨਹੀਂ ਲੱਭਦਾ।
ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਹਾਲਤ ਇਹ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਡੇ ਪ੍ਰੋਗਰਾਮ ਕਰਵਾ ਕੇ ਲਹਿਰ ਬਣਾਉਣਾ ਚਾਹੁੰਦੀ ਹੈ। ਸਿਰਫ ਜਲਸਿਆਂ ਨਾਲ ਜਿੱਤ ਨਹੀਂ ਹੋਣੀ। ਦਿੱਲੀ ਦੇ ਲੋਕਾਂ ਉੱਤੇ ਇਸ ਦਾ ਅਸਰ ਨਹੀਂ ਸੀ ਪਿਆ ਤੇ ਨਰਿੰਦਰ ਮੋਦੀ ਦੀਆਂ ਵੱਡੀਆਂ ਰੈਲੀਆਂ ਦੇ ਬਾਵਜੂਦ ਆਮ ਆਦਮੀ ਪਾਰਟੀ ਜਿੱਤ ਗਈ ਸੀ, ਜਿਸ ਨੇ ਕੋਈ ਵੱਡੀ ਰੈਲੀ ਕੀਤੀ ਹੀ ਨਹੀਂ ਸੀ। ਹੁਣੇ ਹੋਈ ਲਖਨਊ ਦੀ ਭਾਜਪਾ ਰੈਲੀ ਰਿਕਾਰਡ ਤੋੜਨ ਵਾਲੀ ਸੀ, ਪਰ ਇਸ ਨੂੰ ਬਾਹਰ ਭਾਵੇਂ ਉਹ ਬਹੁਤ ਉਭਾਰ ਕੇ ਪੇਸ਼ ਕਰਦੀ ਹੈ, ਅੰਦਰੋਂ ਇਸੇ ਭੀੜ ਤੋਂ ਡਰ ਰਹੀ ਹੈ। ਕਾਰਨ ਇਹ ਕਿ ਟਿਕਟਾਂ ਦੇ ਦਾਅਵੇਦਾਰਾਂ ਨੂੰ ਕਿਹਾ ਗਿਆ ਸੀ ਕਿ ਟਿਕਟ ਫੇਰ ਮੰਗਿਓ, ਲਖਨਊ ਵਾਲੀ ਰੈਲੀ ਵਿੱਚ ਵੱਧ ਤੋਂ ਵੱਧ ਭੀੜ ਪਹਿਲਾਂ ਜੋੜਨੀ ਹੈ। ਇਸ ਕਰ ਕੇ ਚਾਰ ਸੌ ਤਿੰਨ ਹਲਕਿਆਂ ਤੋਂ ਟਿਕਟਾਂ ਦੇ ਚਾਹਵਾਨ ਆਪੋ ਆਪਣੇ ਹਲਕੇ ਤੋਂ ਬੱਸਾਂ ਭਰ ਲਿਆਏ ਸਨ ਤੇ ਉਨ੍ਹਾਂ ਦਾ ਆਪੋ ਵਿੱਚ ਮੁਕਾਬਲਾ ਸੀ। ਰੈਲੀ ਤੋਂ ਬਾਅਦ ਟਿਕਟਾਂ ਦੀ ਦਾਅਵੇਦਾਰੀ ਹੁਣ ਖਿੱਚੋਤਾਣ ਵਿੱਚ ਬਦਲ ਗਈ ਹੈ ਤੇ ਜਿਸ ਕਿਸੇ ਨੂੰ ਟਿਕਟ ਨਾ ਮਿਲੀ, ਉਸ ਨੇ ਭਾਜਪਾ ਨਾਲ ਲਮਕਦੇ ਰਹਿਣ ਦੀ ਥਾਂ ਕੋਈ ਨਾ ਕੋਈ ਹੋਰ ਝੰਡਾ ਚੁੱਕ ਤੁਰਨਾ ਹੈ। ਇਸ ਗੱਲੋਂ ਭਾਜਪਾ ਆਗੂ ਵੀ ਡਰਦੇ ਪਏ ਹਨ। ਬਹੁਜਨ ਸਮਾਜ ਪਾਰਟੀ ਦੇ ਅੰਦਰ ਵੀ ਵਿਰੋਧ ਹੈ, ਪਰ ਘੱਟ ਜਾਪਦਾ ਹੈ ਤੇ ਸਮਾਜਵਾਦੀ ਪਾਰਟੀ ਦਾ ਟੱਬਰ ਜੇ ਪਾਟ ਵੀ ਗਿਆ ਤਾਂ ਅਖਿਲੇਸ਼ ਸਿੰਘ ਦਾ ਧੜਾ ਕਾਂਗਰਸ ਨਾਲ ਮਿਲ ਕੇ ਪੈਰ-ਧਰਾਵਾ ਜਿਹਾ ਕਰਨ ਜੋਗੀ ਤਾਕਤ ਰੱਖਦਾ ਹੈ।
ਵਾਜਪਾਈ ਸਰਕਾਰ ਵੇਲੇ ਉੱਤਰ ਪ੍ਰਦੇਸ਼ ਤੋਂ ਵੱਖਰਾ ਕਰ ਕੇ ਬਣਾਏ ਉੱਤਰਾਖੰਡ ਵਿੱਚ ਪਹਿਲੇ ਡੇਢ ਸਾਲ ਦੇ ਰਾਜ ਪਿੱਛੋਂ ਭਾਜਪਾ ਦੇ ਭਾਂਡੇ ਮੂਧੇ ਹੋ ਗਏ ਸਨ ਤੇ ਕਾਂਗਰਸ ਦੇ ਨਾਰਾਇਣ ਦੱਤ ਤਿਵਾੜੀ ਨੇ ਪੰਜ ਸਾਲ ਤੜ੍ਹੀ ਨਾਲ ਰਾਜ ਕੀਤਾ ਸੀ। ਅਗਲੀ ਚੋਣ ਵਿੱਚ ਕਾਂਗਰਸ ਹਾਰ ਗਈ ਤਾਂ ਭਾਜਪਾ ਕੋਲ ਕਮਾਨ ਆ ਗਈ ਸੀ। ਉਸ ਸਰਕਾਰ ਦਾ ਮੁਖੀ ਸਾਬਕਾ ਮੇਜਰ ਜਨਰਲ ਭੁਵਨ ਚੰਦਰ ਖੰਡੂਰੀ ਬਣਿਆ, ਜਿਹੜਾ ਇਮਾਨਦਾਰ ਅਕਸ ਨਾਲ ਲੋਕਾਂ ਵਿੱਚ ਚੰਗੀ ਭੱਲ ਖੱਟ ਰਿਹਾ ਸੀ, ਪਰ ਗੰਗਾ ਨਦੀ ਦੀਆਂ ਖੱਡਾਂ ਵਿੱਚੋਂ ਰੇਤ-ਬੱਜਰੀ ਕੱਢਣ ਵਾਲੇ ਭ੍ਰਿਸ਼ਟਾਚਾਰੀ ਮਾਫੀਆ ਨੇ ਉਸ ਦੀ ਕੁਰਸੀ ਪਲਟ ਕੇ ਰਮੇਸ਼ ਪੋਖਰੀਆਲ ਨਿਸ਼ੰਕ ਨੂੰ ਮੁੱਖ ਮੰਤਰੀ ਬਣਾ ਲਿਆ। ਭਾਜਪਾ ਦੇ ਓਦੋਂ ਦੇ ਸਭ ਤੋਂ ਵੱਡੇ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਦੇ ਆਸ਼ੀਰਵਾਦ ਵਾਲੇ ਰਮੇਸ਼ ਪੋਖਰੀਆਲ ਨੇ ਏਦਾਂ ਦਾ ਮਾਹੌਲ ਬਣਾਇਆ ਕਿ ਹਰ ਪਾਸੇ ਭ੍ਰਿਸ਼ਟਾਚਾਰ ਦੀ ਸੜ੍ਹਿਆਂਦ ਫੈਲ ਗਈ। ਫਿਰ ਉਸ ਨੂੰ ਕੱਢ ਕੇ ਭੁਵਨ ਚੰਦਰ ਖੰਡੂਰੀ ਸੱਦਣਾ ਤੇ ਉਸ ਨੂੰ ਕਮਾਨ ਸੌਂਪਣੀ ਪੈ ਗਈ। ਹਰ ਕੋਈ ਜਦੋਂ ਇਹ ਸਮਝਦਾ ਸੀ ਕਿ ਭਾਜਪਾ ਬੁਰੀ ਤਰ੍ਹਾਂ ਹਾਰੇਗੀ ਤਾਂ ਛੇ ਮਹੀਨੇ ਰਾਜ ਸੰਭਾਲ ਕੇ ਖੰਡੂਰੀ ਨੇ ਹਾਲਾਤ ਨੂੰ ਮੋੜਾ ਦੇ ਦਿੱਤਾ। ਨਤੀਜਾ ਇਹ ਨਿਕਲਿਆ ਕਿ ਸਰਕਾਰ ਭਾਵੇਂ ਭਾਜਪਾ ਨਹੀਂ ਸੀ ਬਣਾ ਸਕੀ, ਕਾਂਗਰਸ ਤੋਂ ਉਸ ਦੀ ਪਛੇਤ ਸਿਰਫ ਇੱਕ ਸੀਟ ਦੀ ਸੀ ਤੇ ਕਾਂਗਰਸ ਨੂੰ ਬਹੁਜਨ ਸਮਾਜ ਪਾਰਟੀ ਦੀ ਮਦਦ ਦੇ ਨਾਲ ਸਰਕਾਰ ਬਣਾਉਣੀ ਪਈ ਸੀ। ਖਾਸ ਗੱਲ ਇਸ ਵਿੱਚ ਇਹ ਸੀ ਕਿ ਭਾਜਪਾ ਦੀ ਹਾਲਤ ਸੁਧਾਰਨ ਵਾਲਾ ਭੁਵਨ ਚੰਦਰ ਖੰਡੂਰੀ ਆਪਣੀ ਸੀਟ ਇਸ ਲਈ ਹਾਰ ਗਿਆ ਕਿ ਉਸ ਰਾਜ ਦੇ ਭਾਜਪਾ ਲੀਡਰਾਂ ਨੇ ਖੰਡੂਰੀ ਦੀ ਹਾਰ ਯਕੀਨੀ ਕਰਨ ਲਈ ਆਪੋ ਵਿੱਚ ਹੱਥ ਮਿਲਾ ਲਿਆ ਸੀ। ਖੰਡੂਰੀ ਜਦੋਂ ਪਹਿਲਾਂ ਮੁੱਖ ਮੰਤਰੀ ਬਣਿਆ ਤਾਂ ਧੂਮਾਕੋਟ ਦੀ ਸੀਟ ਤੋਂ ਉਸ ਨੇ ਪੌਣੇ ਅਠਾਈ ਹਜ਼ਾਰ ਵੋਟਾਂ ਲਈਆਂ ਸਨ ਤੇ ਮੁਕਾਬਲੇ ਦਾ ਕਾਂਗਰਸੀ ਉਮੀਦਵਾਰ ਮਸਾਂ ਅੱਠ ਹਜ਼ਾਰ ਟੱਪ ਸਕਿਆ ਸੀ। ਦੋਬਾਰਾ ਮੁੱਖ ਮੰਤਰੀ ਬਣਾ ਕੇ ਖੰਡੂਰੀ ਨੂੰ ਉਸ ਕੋਟਦਵਾਰ ਹਲਕੇ ਤੋਂ ਚੋਣ ਲੜਨ ਲਈ ਮਜਬੂਰ ਕੀਤਾ ਗਿਆ, ਜਿੱਥੋਂ ਚੜ੍ਹਤ ਦੇ ਦਿਨਾਂ ਵਿੱਚ ਭਾਜਪਾ ਮਸਾਂ ਸੱਤ ਸੌ ਵੋਟਾਂ ਨਾਲ ਜਿੱਤ ਸਕੀ ਸੀ। ਭਾਜਪਾ ਲੀਡਰਾਂ ਦੇ ਸਾਂਝੇ ਵਿਰੋਧ ਦੇ ਕਾਰਨ ਇਮਾਨਦਾਰ ਗਿਣਿਆ ਜਾਂਦਾ ਖੰਡੂਰੀ ਆਪਣੀ ਸੀਟ ਵੀ ਹਾਰ ਗਿਆ, ਪਰ ਮੋਦੀ ਦਾ ਰਾਜ ਆਏ ਤੋਂ ਉਸ ਰਾਜ ਵਿੱਚ ਫਿਰ ਉਸ ਦੀ ਕੋਈ ਪੁੱਛ-ਗਿੱਛ ਨਹੀਂ ਹੋ ਸਕੀ। ਹਾਲੇ ਵੀ ਰੇਤ-ਬੱਜਰੀ ਮਾਫੀਆ ਨਾਲ ਸਾਂਝ ਰੱਖਣ ਵਾਲਿਆਂ ਦਾ ਸਿੱਕਾ ਚੱਲਦਾ ਹੈ, ਜਿਸ ਕਾਰਨ ਪਾਰਟੀ ਕੋਲ ਉਸ ਰਾਜ ਵਿੱਚ ਪੈਸੇ ਹੀ ਛਣਕਦੇ ਹਨ, ਅਕਸ ਹਾਲੇ ਧੁੰਦਲਾ ਹੈ।
ਓਥੇ ਭਾਜਪਾ ਨੂੰ ਓਨੀ ਆਸ ਆਪਣੀ ਖੇਚਲ ਦਾ ਫਲ ਮਿਲਣ ਦੀ ਨਹੀਂ, ਜਿੰਨੀ ਕਾਂਗਰਸ ਦੀ ਕੁਪੱਤੀ ਧਾੜ ਦੇ ਪਾਏ ਪੁਆੜਿਆਂ ਤੋਂ ਹੈ, ਜਿਹੜੀ ਆਪਣਾ ਰਾਜ ਆਪ ਹੀ ਕਾਇਮ ਨਹੀਂ ਰੱਖਣਾ ਚਾਹੁੰਦੀ।
ਕਾਂਗਰਸ ਦਾ ਐਨ ਇਹੋ ਜਿਹਾ ਹਾਲ ਉੱਤਰ ਪੂਰਬ ਵਾਲੇ ਰਾਜ ਮਨੀਪੁਰ ਦਾ ਹੈ। ਓਥੇ ਕਾਂਗਰਸ ਦਾ ਓਕਰਮ ਇਬੋਬੀ ਸਿੰਘ ਪਿਛਲੇ ਪੰਦਰਾਂ ਸਾਲਾਂ ਤੋਂ ਮੁੱਖ ਮੰਤਰੀ ਹੈ। ਪਿਛਲੇ ਸਾਲ ਭਾਜਪਾ ਨੇ ਜਦੋਂ ਅਰੁਣਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਸਰਕਾਰਾਂ ਪਲਟਾਈਆਂ ਸਨ, ਜਿਹੜੀਆਂ ਸੁਪਰੀਮ ਕੋਰਟ ਵਿੱਚ ਜਾ ਕੇ ਬਹਾਲ ਕਰਨੀਆਂ ਪਈਆਂ ਸਨ, ਓਦੋਂ ਮਨੀਪੁਰ ਦੀ ਸਰਕਾਰ ਪਲਟਣ ਦਾ ਯਤਨ ਵੀ ਬੜੇ ਜ਼ੋਰ ਨਾਲ ਕੀਤਾ ਸੀ। ਓਥੇ ਯਤਨ ਇਸ ਲਈ ਸਫਲ ਨਹੀਂ ਸੀ ਹੋਏ ਕਿ ਓਕਰਮ ਇਬੋਬੀ ਸਿੰਘ ਦੀ ਪਕੜ ਕਾਫੀ ਸੀ, ਪਰ ਕਾਂਗਰਸ ਦੇ ਆਪਣੇ ਲੋਕਾਂ ਨੇ ਓਥੇ ਵੀ ਭਾਜਪਾ ਨਾਲ ਅੱਖ ਮਿਲਾਉਣੋਂ ਕਸਰ ਨਹੀਂ ਸੀ ਛੱਡੀ। ਪਹਿਲੀ ਵਾਰ ਮੁੱਖ ਮੰਤਰੀ ਬਣਨ ਵੇਲੇ ਇਬੋਬੀ ਸਿੰਘ ਦੀ ਅਗਵਾਈ ਹੇਠ ਕਾਂਗਰਸ ਕੋਲ ਵਿਧਾਨ ਸਭਾ ਦੀਆਂ ਸੱਠ ਸੀਟਾਂ ਵਿਚੋਂ ਵੀਹ ਸਨ ਅਤੇ ਸਾਂਝਾ ਮੋਰਚਾ ਸਰਕਾਰ ਬਣਾਈ ਸੀ, ਅਗਲੀ ਵਾਰ ਉਹ ਸੱਠਾਂ ਵਿੱਚੋਂ ਤੀਹ ਸੀਟਾਂ ਲੈ ਗਿਆ। ਤੀਸਰੀ ਵਾਰੀ ਦਿੱਲੀ ਤੋਂ ਕਾਂਗਰਸ ਹਾਈ ਕਮਾਨ ਦੇ ਕੁਝ ਲੋਕ ਉਸ ਨੂੰ ਹਰਾਉਣ ਲਈ ਜ਼ੋਰ ਲਾ ਰਹੇ ਸਨ, ਪਰ ਉਹ ਫਿਰ ਸੱਠਾਂ ਵਿੱਚੋਂ ਬਤਾਲੀ ਸੀਟਾਂ ਜਿੱਤ ਕੇ ਪਕੜ ਵਧਾਉਣ ਵਿੱਚ ਸਫਲ ਰਿਹਾ ਸੀ। ਇਸ ਵਾਰ ਉਹ ਦੋਵੇਂ ਪਾਸਿਓਂ ਦਬਾਅ ਹੇਠ ਹੈ। ਕਾਂਗਰਸ ਦੇ ਅੰਦਰੋਂ ਢਾਹ ਲਾਈ ਜਾ ਰਹੀ ਹੈ ਤੇ ਭਾਜਪਾ ਆਪਣੀ ਸਾਰੀ ਤਾਕਤ 'ਅਭੀ ਜਾਂ ਕਭੀ ਨਹੀਂ' ਵਾਲੀ ਸੋਚ ਨਾਲ ਝੋਕ ਰਹੀ ਹੈ, ਪਰ ਓਥੋਂ ਆਉਂਦੀਆਂ ਖਬਰਾਂ ਇਹ ਦੱਸਦੀਆਂ ਹਨ ਕਿ ਓਕਰਮ ਇਬੋਬੀ ਸਿੰਘ ਏਡੀ ਛੇਤੀ ਇਸ ਦੁਵੱਲੀ ਮਾਰ ਅੱਗੇ ਝੁਕਣ ਵਾਲਾ ਨਹੀਂ।
ਬਾਕੀ ਸਾਡਾ ਪੰਜਾਬ ਰਹਿ ਜਾਂਦਾ ਹੈ, ਜਿਸ ਦੀ ਗੱਲ ਕਰਨ ਨੂੰ ਜੀਅ ਤਾਂ ਕਰਦਾ ਹੈ, ਪਰ ਹਾਲੇ ਨਕਸ਼ਾ ਕੁਝ ਸਾਫ ਨਹੀਂ ਦਿੱਸ ਰਿਹਾ। ਅਗਲਾ ਇੱਕ ਹਫਤਾ ਇਸ ਦੀ ਤਸਵੀਰ ਨਿਖਾਰਨ ਵਿੱਚ ਸਹਾਈ ਹੋ ਸਕਦਾ ਹੈ।
15 Jan 2016