ਨਿਹਾਲ ਸਿੰਘ ਮਾਨ ਦੀ ‘ਗੁਰਬਾਣੀ ਲਿਪੀ ਗੁੱਝੇ ਭੇਦ’ ਖੋਜੀ ਪੁਸਤਕ - ਉਜਾਗਰ ਸਿੰਘ

ਗੁਰਬਾਣੀ ਲਿਪੀ ਗੁੱਝੇ ਭੇਦ ਨਿਹਾਲ ਸਿੰਘ ਮਾਨ ਦੀ ਪਲੇਠੀ ਪੁਸਤਕ ਹੈ। ਮੈਨੂੰ ਇਸ ਗੱਲ ਦੀ ਹੈਰਾਨੀ ਅਤੇ ਅਤਿਅੰਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਨਿਹਾਲ ਸਿੰਘ ਮਾਨ ਨੇ ਮਹਿਜ ਤਿੰਨ ਸਾਲ ਦੇ ਸਮੇਂ ਵਿੱਚ ਗੁਰਬਾਣੀ ਦੇ ਲਿਪੀ ਵਿਧਾਨ ਬਾਰੇ ਖੋਜੀ ਪੁਸਤਕ ਲਿਖਕੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਵਡਮੁੱਲੀ ਪੁਸਤਕ ਪਾਈ ਹੈ। ਸਾਰੀ ਉਮਰ ਉਹ ਆਪਣੀ ਸਰਕਾਰੀ ਨੌਕਰੀ ਦਿਆਨਤਦਾਰੀ ਨਾਲ ਕਰਦਾ ਰਿਹਾ। ਨੌਕਰੀ ਤੋਂ ਸੇਵਾ ਮੁਕਤੀ ਤੋਂ ਬਾਅਦ 2019 ਵਿੱਚ ਗੁਰੂ ਦੇ ਲੜ ਲੱਗਕੇ ਅੰਮ੍ਰਿਤ ਪਾਨ ਕੀਤਾ। ਉਸ ਤੋਂ ਬਾਅਦ  ਗੁਰਬਾਣੀ ਦੀ ਸਿਖਿਆ ਪ੍ਰਾਪਤ ਕੀਤੀ। ਬਹੁਤ ਸਾਰੇ ਵਿਦਵਾਨਾ ਦੀਆਂ ਪੁਸਤਕਾਂ ਪੜ੍ਹੀਆਂ। ਉਸ ਤੋਂ ਬਾਅਦ ਇੱਕ ਔਖੇ ਤੇ ਗੁੰਝਲਦਾਰ ਵਿਸ਼ੇ ਲਿਪੀ ਅਤੇ ਵਿਆਕਰਨ ਦੇ ਵਿਧਾਨ ਦੀ ਗੁਰਬਾਣੀ ਵਿੱਚ ਕੀਤੀ ਗਈ ਵਰਤੋਂ ਨੂੰ ਸਮਝਿਆ ਅਤੇ ਫਿਰ ਉਸ ਦਾ ਤੱਤ ਕੱਢਕੇ ਪੁਸਤਕ ਦਾ ਰੂਪ ਦਿੱਤਾ। ਅਜਿਹੇ ਵਿਸ਼ੇ ‘ਤੇ ਪੁਸਤਕ ਲਿਖਣਾ ਆਮ ਬੁੱਧੀਜੀਵੀ ਦੇ ਵਸ ਦੀ ਗੱਲ ਵੀ ਨਹੀਂ ਹੁੰਦੀ ਪ੍ਰੰਤੂ ਨਿਹਾਲ ਸਿੰਘ ਮਾਨ ਨੇ ਅਜਿਹਾ ਕਾਰਜ ਕਰਕੇ ਇੱਕ ਗੁਰਮੁੱਖ ਹੋਣ ਦਾ ਸਬੂਤ ਦੇ ਦਿੱਤਾ ਹੈ। ਵੈਸੇ ਅਜਿਹੀਆਂ ਪੁਸਤਕਾਂ ਭਾਸ਼ਾ ਵਿਗਿਆਨੀ ਲਿਖਦੇ ਹੁੰਦੇ ਹਨ ਪ੍ਰੰਤੂ ਨਿਹਾਲ ਸਿੰਘ ਮਾਨ ਨੇ ਇਹ ਪੁਸਤਕ ਲਿਖਕੇ ਇਹ ਸਾਬਤ ਕਰ ਦਿੱਤਾ ਹੈ ਕਿ ਇੱਕ ਆਮ ਵਿਅਕਤੀ ਵੀ ਅਜਿਹੇ ਖੇਤਰ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ। ਮੇਰੇ ਵਰਗੇ ਬਹੁਤ ਸਾਰੇ ਵਿਅਕਤੀ ਸਾਹਿਤ ਦੇ ਵੱਖ-ਵੱਖ ਰੂਪਾਂ ਵਿੱਚ ਪੁਸਤਕਾਂ ਲਿਖਕੇ ਫੁਲੇ ਨਹੀਂ ਸਮਾਉਂਦੇ ਪ੍ਰੰਤੂ ਨਿਹਾਲ ਸਿੰਘ ਮਾਨ ਨੇ ਇਹ ਪੁਸਤਕ ਲਿਖਕੇ ਆਪਣੀ ਅਕੀਦਤ ਦੇ ਫੁੱਲ ਭੇਂਟ ਕੀਤੇ ਹਨ। ਇੱਕ ਵਿਲੱਖਣ ਕਾਰਜ ਹੀ ਨਹੀਂ ਕੀਤਾ ਸਗੋਂ ਇੱਕ ਮੀਲ ਪੱਥਰ ਸਥਾਪਤ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਸਾਬਤ ਕਰ ਦਿੱਤਾ ਕਿ ਜੇਕਰ ਇਨਸਾਨ ਵਿੱਚ ਗੁਰਬਾਣੀ ਦੀ ਓਟ ਲੈ ਕੇ ਔਖੇ ਤੋਂ ਔਖਾ ਕਾਰਜ ਕਰਨ ਦੀ ਇੱਛਾ ਸ਼ਕਤੀ ਹੋਵੇ ਤਾਂ ਕੋਈ ਵੀ ਕੰਮ ਅਸੰਭਵ ਨਹੀਂ ਹੋ ਸਕਦਾ ਬਸ਼ਰਤੇ ਕਿ ਉਹ ਵਿਅਕਤੀ ਗੁਰੂ ਦੇ ਲੜ ਲੱਗਕੇ ਸਹਿਜਤਾ, ਨਮ੍ਰਤਾ, ਆਪਾ ਵਾਰੂ ਪ੍ਰਵਿਰਤੀ ਤੇ ਲਗਨ ਨਾਲ ਜੁਟਿਆ ਰਹੇ। ਗੁਰਬਾਣੀ ਨੂੰ ਸਮਝਣ ਲਈ ਮਾਨਸਿਕ ਤੌਰ ‘ਤੇ ਇਨਸਾਨ ਨੂੰ ਗੁਰਬਾਣੀ ਲਿਖਣ ਵਾਲੇ ਦੇ ਸਮੇਂ ਅਤੇ ਸਥਿਤੀ ਵਿੱਚ ਪਹੁੰਚਣਾ ਪੈਂਦਾ ਹੈ।
    ਨਿਹਾਲ ਸਿੰਘ ਮਾਨ ਦੀ ਇਹ ਪੁਸਤਕ ਗੁਰਬਾਣੀ ਦੇ ਸ਼ੁਧ ਪਾਠ ਕਰਨ ਵਿੱਚ ਸਹਾਈ ਹੋਵੇਗੀ ਕਿਉਂਕਿ ਲੇਖਕ ਨੇ ਵਿਆਕਰਣ ਨੂੰ ਸਮਝਕੇ ਇਸ ਦੇ ਪਾਠ ਨੂੰ ਸਰਲ ਬਣਾਉਣ ਦਾ ਉਪਰਾਲਾ ਕੀਤਾ ਹੈ। ਲਿਪੀ ਕਿਸੇ ਬੋਲੀ ਨੂੰ ਲਿਖਣ ਲਈ ਵਰਤੀ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬ,  15 ਭਗਤਾਂ, 11 ਭੱਟਾਂ ਅਤੇ ਤਿੰਨ ਹੋਰ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ। ਗੁਰਬਾਣੀ ਲਿਖਣ ਵਾਲੇ ਸਾਰੇ ਵੱਖ-ਵੱਖ ਸਥਾਨਾ ਦੇ ਰਹਿਣ ਵਾਲੇ ਸਨ ਤੇ ਉਨ੍ਹਾਂ ਦੀ ਬੋਲੀ ਵੀ ਵੱਖ-ਵੱਖ ਸੀ, ਇਸ ਕਰਕੇ ਇਸ ਵਿੱਚ 13 ਭਾਸ਼ਾਵਾਂ ਮੁੱਖ ਤੌਰ ‘ਤੇ ਪੰਜਾਬੀ, ਹਿੰਦੀ, ਮਰਾਠੀ, ਅਰਬੀ, ਫ਼ਾਰਸੀ, ਬੰਗਾਲੀ ਅਤੇ ਬ੍ਰਿਜ਼ ਭਾਸ਼ਾ ਵਿੱਚ ਇਹ ਬਾਣੀ ਲਿਖੀ ਗਈ ਹੈ। ਪੰਜਾਬੀ ਦੀਆਂ ਉਪ ਬੋਲੀਆਂ, ਲਹਿੰਦੀ, ਸਿੰਧੀ, ਦੱਖਣੀ, ਪੋਠੋਹਾਰੀ, ਮਲਵਈ ਅਤੇ ਪੁਆਧੀ ਅਤੇ ਸੰਸਕ੍ਰਿਤ ਦੇ ਸ਼ਬਦਾਂ ਦਾ ਵੀ ਪ੍ਰਯੋਗ ਕੀਤਾ ਗਿਆ ਹੈ। ਵਿਆਕਰਣ ਦੇ ਸਾਰੇ ਨਿਯਮਾ ਦੀ ਇਹ ਪੁਸਤਕ ਵੱਖ-ਵੱਖ ਵਿਦਵਾਨਾ ਨਾਲ ਵਿਚਾਰ ਵਟਾਂਦਰਾ ਕਰਕੇ ਅਤੇ ਅਨੇਕਾਂ ਪੁਸਤਕਾਂ ਦਾ ਅਧਿਐਨ ਕਰਕੇ ਲਿਖੀ ਗਈ ਹੈ। ਲੇਖਕ ਨੂੰ ਗੁਰਬਾਣੀ ਦੀਆਂ ਭਾਸ਼ਾਈ ਜੁਗਤਾਂ ਬਾਰੇ ਜਾਣਕਾਰੀ ਹੈ। ਇਸ ਤੋਂ ਇਲਾਵਾ ਗੁਰਬਾਣੀ ਵਿਆਕਰਣ ਦੇ ਨੇਮਾ ਦਾ ਸੰਪੂਰਨ ਨਿਰੀਖਣ ਕੀਤਾ ਹੈ। ਗੁਰਬਾਣੀ ਦੇ ਜਗਿਆਸੂਆਂ ਅਤੇ ਖੋਜੀ ਵਿਦਿਆਰਥੀਆਂ ਲਈ ਇਹ ਪੁਸਤਕ ਸੁੰਡ ਦੀ ਗੱਠੀ ਸਾਬਤ ਹੋਵੇਗੀ। ਹਰ ਭਾਸ਼ਾ ਵਿਆਕਰਣ ਦੇ ਨਿਯਮਾ ਅਨੁਸਾਰ ਲਿਖੀ ਜਾਂਦੀ ਹੈ। ਇਸ ਪੁਸਤਕ ਵਿੱਚ ਗੁਰਬਾਣੀ ਨੂੰ ਸਮਝਣ ਲਈ ਫਾਰਮੂਲੇ ਸਮਝਾਏ ਗਏ ਹਨ। ਸਮੇਂ ਤੇ ਸਥਾਨ ਅਨੁਸਾਰ ਬੋਲੀ ਰੂਪ ਬਦਲਦੀ ਰਹਿੰਦੀ ਹੈ। ਗੁਰਮਤਿ ਸਾਹਿਤ ਬਾਰੇ ਵੀ ਖੋਜ ਵਿਦਵਾਨਾ ਨੇ ਸ਼ੋਧ ਤੇ ਖੋਜ ਪੱਤਰ ਲਿਖੇ ਹਨ। ਇਹ ਪੁਸਤਕ ਵੀ ਉਸੇ ਤਰ੍ਹਾਂ ਦੀ ਹੈ। ਗੁਰਬਾਣੀ ਦੀ ਸ਼ਬਦਾਵਲੀ ਰਸਦਾਇਕ ਹੈ, ਸ਼ਬਦਾਂ ਨਾਲ ਲੱਗੀਆਂ ਲਗਾਂ-ਮਾਤਰਾਂ ਵੀ ਰਸਦਾਇਕ ਬਣਾਉਂਦੀਆਂ ਹਨ। ਵੈਸੇ ਗੁਰਬਾਣੀ ਦੇ ਵਿਧੀ ਵਿਧਾਨ ਨੂੰ ਸਮਝਣ ਲਈ ਇਸ ਪੁਸਤਕ ਨੂੰ ਪੜ੍ਹਕੇ ਹੀ ਪਤਾ ਲੱਗ ਸਕਦਾ ਹੈ। ਮੈਂ ਨਿਹਾਲ ਸਿੰਘ ਮਾਨ ਦੀ ਇਸ ਪੁਸਤਕ ਬਾਰੇ ਲਿਖੇ ਕੁਝ ਚੈਪਟਰਾਂ ਬਾਰੇ ਲਿਖਕੇ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਵਿਆਕਰਣ ਦੇ ਨੇਮਾਂ ਅਨੁਸਾਰ ਸ਼ਬਦਾਂ ਦੀ ਵੰਡ 8 ਰੂਪਾਂ ਨਾਂਵ, ਪੜਨਾਂਵ, ਕ੍ਰਿਆ, ਵਿਸ਼ੇਸ਼ਣ, ਕ੍ਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਅਤੇ ਵਿਸਮਿਕ ਵਿੱਚ ਕੀਤੀ ਗਈ ਹੈ। ਲਗਾਂ-ਮਾਤਰਾਂ ਮੋਟੇ ਤੌਰ ‘ਤੇ 10 ਔਂਕੜ, ਦੁਲੈਂਕੜ, ਹੋੜਾ, ਕਨੌੜਾ, ਸਿਹਾਰੀ, ਬਿਹਾਰੀ, ਲਾਂ, ਦੁਲਾਈਆਂ, ਕੰਨਾ ਅਤੇ ਮੁਕਤਾ ਅੱਖਰ ਹੁੰਦੀਆਂ ਹਨ। ਗੁਰਬਾਣੀ ਨੂੰ ਸਾਹਿਤ ਦੇ ਬਾਕੀ ਰੂਪਾਂ ਦੀ ਤਰ੍ਹਾਂ ਪੜ੍ਹ ਨਹੀਂ ਸਕਦੇ। ਇਸ ਵਿੱਚ ਬਿਸ਼ਰਾਮ ਦਾ ਸਹੀ ਥਾਂ ਲਗਾਉਣਾ ਜ਼ਰੂਰੀ ਹੈ, ਨਹੀਂ ਤਾਂ ਅਰਥਾਂ ਦਾ ਅਨਰਥ ਹੋ ਜਾਵੇਗਾ। ਇਸ ਲਈ ਇਸ ਪੁਸਤਕ ਵਿੱਚ ਵਿਅਕਰਣ ਦੇ ਨੇਮਾ ਬਾਰੇ ਵਿਸਤਾਰ ਪੂਰਬਕ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਨਿਯਮਾ ਲਈ ਵਰਤੇ ਜਾਂਦੇ ਇਕੱਲੇ-ਇਕੱਲੇ ਨਿਯਮ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਕਿਹੜੀ ਚੀਜ਼ ਕਿਥੇ ਕਿਸ ਤਰ੍ਹਾਂ ਵਰਤੀ ਗਈ ਹੈ।  ਉਦਾਹਰਣ ਲਈ ਜਿਹੜੇ ਸ਼ਬਦ ਦੇ ਪਿੱਛਲੇ ਅੱਖ਼ਰ ਨੂੰ ਔਂਕੜ ਲੱਗਿਆ ਹੋਵੇ, ਤਾਂ ਉਹ ਇੱਕ ਵਚਨ ਹੋਵੇਗਾ ਪ੍ਰੰਤੂ ਜਿਨ੍ਹਾਂ ਨਾਵਾਂ ਦੇ ਅੰਤ ਵਿੱਚ ਔਂਕੜ ਹੋਵੇ ਉਹ ਆਮ ਤੌਰ ਤੇ ਪੁਲਿੰਗ ਅਤੇ ਇੱਕ ਵਚਨ ਹੁੰਦੇ ਹਨ। ਉਨ੍ਹਾਂ ਨੂੰ ਬਹੁ ਵਚਨ ਬਣਾਉਣ ਲਈ ਆਖ਼ਰੀ ਅੱਖ਼ਰ ਨਾਲੋਂ ਔਂਕੜ ਲਾਹ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਪੁÇਲੰਗ ਬਹੁ ਬਚਨ ਮੁਕਤਾ ਹੁੰਦਾ ਹੈ। ਜਦੋਂ ਕਿਸੇ ਸ਼ਬਦ ਨਾਲ ਵਿਸ਼ੇਸ਼ਣ ਹੋਵੇ ਤਾਂ ਵੀ ਵਿਸ਼ੇਸ਼ਣ ਦੇ ਨਾਲ ਨਾਉਂ ਦੇ ਵਿਸ਼ੇਸ਼ਣ ਕਰਕੇ ਔਂਕੜ ਲੱਥ ਜਾਂਦੀ ਹੈ। ਕਈ ਵਾਰ ਗੁਰਬਾਣੀ ਵਿੱਚ ਪੁÇਲੰਗ ਨਾਉਂ ਨਾਲ ਪੂਰਾ ਸੰਬੰਧਕ ਲਫ਼ਜ਼ ਨਹੀਂ ਆਉਂਦਾ, ਉਸ ਦੀ ਥਾਂ ਪੁÇਲੰਗ ਨਾਉਂ ਨਾਲ ਸਿਹਾਰੀ ਲੱਗ ਜਾਂਦੀ ਹੈ। ਇੱਕ ਵਚਨ ਪੁÇਲੰਗ ਨਾਉਂ ਅਖ਼ੀਰ ਵਿੱਚ ਹਾਹੇ ਅੱਖ਼ਰ ਨੂੰ ਸਿਹਾਰੀ ਲੱਗ ਜਾਂਦੀ ਹੈ। ਇਸਤਰੀ Çਲੰਗ ਨਾਵਾਂ ਦੇ ਅੰਤ ਵਿੱਚ ਆਮ ਤੌਰ ਤੇ ਔਂਕੜ ਨਹੀਂ ਲੱਗਦਾ ਜਿਵੇਂ ਪਿਆਸ, ਭੁੱਖ ਆਦਿ। ਹਰ ਬੋਲੀ ਵਿੱਚ ਤਿੰਨ  (3) ਤਰ੍ਹਾਂ ਦੇ ਸ਼ਬਦ ਹੁੰਦੇ ਹਨ: 1.ਦੇਸੀ: (ਮੌਲਿਕ ਸ਼ਬਦ) ਜਿਹੜੇ ਆਪਣੀ ਹੀ ਬੋਲੀ ਦੇ ਹੁੰਦੇ ਹਨ। 2.ਤਦਭਵ:  ਜਿਹੜੇ ਸ਼ਬਦ ਕਿਸੇ ਹੋਰ ਬੋਲੀ ਤੋਂ ਬਦਲਕੇ ਬਣਾਏ ਜਾਂਦੇ ਹਨ। 3.ਤਤਸਮ ਸ਼ਬਦ: ਜਿਹੜੇ ਸ਼ਬਦ ਦੂਜੀ ਭਾਸ਼ਾ ਤੋਂ ਇੰਨ ਬਿੰਨ ਲਏ ਜਾਂਦੇ ਹਨ। ਗੁਰਬਾਣੀ ਵਿੱਚ ਅਨੇਕਾਂ ਸ਼ਬਦ ਤਦਭਵ ਤੇ ਤਤਸਮ ਸ਼ਬਦ ਹਨ। ਉਕਾਰਾਂਤ ਸ਼ਬਦ ਜਿਸਦੇ ਪਿੱਛਲੇ ਅੱਖ਼ਰ ਨੂੰ ਔਂਕੜ ਲੱਗੀ ਹੋਵੇ, ਅਕਾਰਾਂਤ ਸ਼ਬਦ ਜਿਸਦਾ ਪਿੱਛਲਾ ਅੱਖ਼ਰ ਮੁਕਤਾ ਭਾਵ ਬਿਨਾ ਲਗਾਂ ਮਾਤਰਾ ਹੋਵੇ ਅਤੇ ਇਕਾਰਾਂਤ ਸ਼ਬਦ ਜਿਸਦੇ ਪਿੱਛਲੇ ਅੱਖ਼ਰ ਨੂੰ ਸਿਹਾਰੀ ਲੱਗੀ ਹੋਵੇ। ਜਿਹੜੇ ਸ਼ਬਦ ਨਾਉਂ ਜਾਂ ਪੜਨਾਉਂ ਦਾ ਸੰਬੰਧ ਕਿਰਿਆ ਜਾਂ ਕਿਸੇ ਹੋਰ ਸ਼ਬਦ ਨਾਲ ਪ੍ਰਗਟ ਕਰਨ ਉਨ੍ਹਾਂ ਨੂੰ ਸੰਬੰਧਕ ਆਖਦੇ ਹਨ, ਜਿਵੇਂ ਦਾ, ਦੇ, ਦੀ, ਨੂੰ ਆਦਿ। ਗੁਰਬਾਣੀ ਵਿੱਚ ਕਈ ਅੱਖ਼ਰਾਂ ਹੇਠ ਕਈ ਚਿੰਨ੍ਹ ਲੱਗੇ ਹੁੰਦੇ ਹਨ, ਜਿਨ੍ਹਾਂ ਦੇ ਲੱਗਣ ਨਾਲ ਸ਼ਬਦ ਦਾ ਉਚਾਰਣ ਬਦਲ ਜਾਂਦਾ ਹੈ, ਇਸ ਲਈ ਇਹ ਉਦਾਤ, ਹਲੰਤ ਅਤੇ ਯਕਸ਼ ਚਿੰਨ੍ਹ ਲਗਾਉਣੇ ਜ਼ਰੂਰੀ ਬਣ ਜਾਂਦੇ ਹਨ। ਪੈਰ ਵਿੱਚ(  ੍ਰ) ਰਾਰੇ ਦਾ ਉਚਾਰਨ ਅੱਧਾ ਰਾਰਾ ਬੋਲਣੀ ਹੈ ਜਿਵੇਂ ਗੁਰਬਾਣੀ ਵਿੱਚ ਬਸਤ੍ਰ ਤੇ ਵੈਸੇ ਉਚਾਰਨ ਵਿੱਚ ਬਸਤਰ ਲਿਖਿਆ ਜਾਂਦਾ ਹੈ। ਗੁਰਬਾਣੀ ਵਿੱਚ ਪ੍ਰਸਾਦਿ ਪ੍ਰੰਤੂ ਆਮ ਉਚਾਰਨ ਵਿੱਚ ਪਰਸਾਦਿ ਲਿਖਿਆ ਜਾਂਦਾ ਹੈ। ਗੁਰਬਾਣੀ ਵਿੱਚ ਯ ਅੱਖ਼ਰ ਬਹੁਤ ਵਾਰ ਵਰਤਿਆ ਗਿਆ ਹੈ। ਲੇਖਕ ਨੇ ਇਸਦੇ ਸ਼ੁਰੂ, ਵਿਚਕਾਰ ਅਤੇ ਅਖ਼ੀਰ ਵਿੱਚ ਵਰਤਣ ਦੇ ਕਾਰਨ ਦੱਸੇ ਹਨ। ਇਹ ਤਾਂ ਥੋੜ੍ਹੀਆਂ ਉਦਾਰਣਾ ਦੇ ਕੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਗੁਰਬਾਣੀ ਦੇ ਸ਼ੁਧ ਪਾਠ, ਉਚਾਰਨ ਅਤੇ ਸਮਝਣ ਲਈ ਇਸ ਪੁਸਤਕ ਨੂੰ ਪੜ੍ਹਨਾ ਅਤਿਅੰਤ ਜ਼ਰੂਰੀ ਹੈ। ਇਹ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ ਹੈ। ਜੇਕਰ ਸਾਰੀ ਪੁਸਤਕ ਬਾਰੇ ਲਿਖਿਆ ਜਾਵੇ ਤਾਂ ਇੱਕ ਵੱਖਰੀ ਪੁਸਤਕ ਬਣ ਜਾਵੇਗੀ। ਗੁਰਬਾਣੀ ਦੇ ਪ੍ਰੇਮੀਆਂ ਨੂੰ ਇਸ ਪੁਸਤਕ ਨੂੰ ਪੜ੍ਹਨ ਦੀ ਖੇਚਲ ਕਰਨੀ ਪਵੇਗੀ। ਅਖ਼ੀਰ ਵਿੱਚ ਨਿਹਾਲ ਸਿੰਘ ਮਾਨ ਦਾ ਧੰਨਵਾਦ ਕਰਦਾ ਹਾਂ ਤੇ ਸ਼ੁਭ ਕਾਮਨਾਵਾਂ ਦਿੰਦਾ ਹਾਂ ਕਿ ਭਵਿਖ ਵਿੱਚ ਹੋਰ ਖੋਜੀ ਪੁਸਤਕਾਂ ਲਿਖਕੇ ਪੰਜਾਬੀ ਮਾਂ ਬੋਲੀ ਦੀ ਝੋਲੀ ਭਰਨ ਦੀ ਕੋਸ਼ਿਸ਼ ਕਰਨਗੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com