ਹੋਤਾ ਹੈ ਵੁਹੀ ਜੋ ਮਨਜੂਰੇ ਖੁਦਾ ਹੋਤਾ ਹੈ - ਰਵੇਲ ਸਿੰਘ ਇਟਲੀ ਪੰਜਾਬ ਹੁਣ ਕੇਨੇਡਾ
ਕੈਨੇਡਾ ਆਉਣ ਤੇ ਮੈਨੂੰ ਕਿਸੇ ਉਰਦੂ ਸ਼ਾਇਰ ਦਾ ਉਪਰੋਕਤ ਸ਼ੇਅਰ ਵਾਰ ਵਾਰ ਯਾਦ ਆਉਂਦਾ ਹੈ ।
ਇੱਥੇ ਆਪਣੇ ਬੱਚਿਆਂ ਕੋਲ ਆਉਣ ਲਈ ਸੁੱਪਰ ਵੀਜਾ ਲੁਆਉਣ ਲਈ ਸਾਨੂੰ ਦੋਹਾਂ ਜੀਆਂ ਨੂੰ ਕਾਫੀ ਲੰਮਾ ਸਮਾ ਲੱਗ ਗਿਆ ਭਾਂਵੇ ਮੇਰਾ ਵੀਜਾ ਤਾਂ ਛੇਤੀ ਲੱਗ ਗਿਆ ਪਰ ਮੇਰੀ ਪਤਨੀ ਦਾ ਵੀਜਾ ਢੇਰ ਸਾਰਾ ਸਮਾ ਲੈ ਗਿਆ ।
ਜਿਸ ਦਾ ਕਾਰਣ ਉਸ ਦਾ ਮੈਡੀਕਲੀ ਫਿੱਟਨੈਸ ਹੋਣ ਦਾ ਬਣਿਆ ।
ਖੈਰ ਵੀਜਾ ਤਾਂ ਲੱਗ ਗਿਆ ਪਰ ਪਹਿਲਾ ਮੇਰੇ ਪੁੱਤਾਂ ਵਰਗੇ ਭਤੀਜੇ ਦੀ ਬੀਮਾਰੀ ਤੇ ਦੂਜਾ ਮੇਰੀ ਧੀ ਦੇ ਇਕਲੋਤੇ ਪੁੱਤਰ ਭਾਵ ਮੇਰੇ ਦੋਹਤੇ ਦਾ ਵਿਆਹ,ਇਹ ਦੋਵੇਂ ਗਮੀ ਖੁਸ਼ੀ ਦੇ ਮੋਕੇ ਮੇਰੇ ਇੱਥੇ ਆਉਣ ਦੇ ਰਾਹ ਵਿੱਚ ਅੜਿੱਕਾ ਬਣ ਗਏ ।
ਇੱਕ ਮਨ ਕਰਦਾ ਸੀ ਕਿ ਦੋਹਤੇ ਦਾ ਵਿਆਹ ਵੇਖ ਕੇ ਜਾਈਏ ਪਰ ਦੋ ਮਹੀਨੇ ਅਜੇ ਵਿਆਹ ਵਿੱਚ ਪਏ ਹਨ ,ਏਨਾ ਸਮਾ ਹੋਣ ਕਰਕੇ ਏਥੇ ਆਉਣ ਲਈ ਦੇਰੀ ਕਰਨ ਨੂੰ ਵੀ ਮਨ ਨਹੀਂ ਸੀ ਕਰਦਾ ।
ਭਤੀਜੇ ਹਰਜਿੰਦਰ ਨੂੰ ਸਾਡਾ ਦੋਵਾਂ ਦਾ ਉਸ ਨੂੰ ਉਸ ਦੀ ਇਸ ਤਰਸ ਯੋਗ ਹਾਲਤ ਵਿੱਚ ਛੱਡ ਕੇ ਆਉਣ ਨੂੰ ਮਨ ਨਹੀਂ ਸੀ ਕਰਦਾ, ਪਰ ਭਾਣਾ ਵਰਤ ਗਿਆ ਉਸ ਦੀ ਅਸਹਿ ਦਰਦ ਨਾਕ ਮੌਤ ਦੇ ਦੁਖਦਾਈ ਦ੍ਰਿਸ਼ ਨੂੰ ਵੇਖ ਕੇ ਤੇ ਸਾਰੇ ਕ੍ਰਿਆ ਕਰਮ ਕਰਕੇ ਇੱਕ ਵਾਰ ਵੇਹਲੇ ਤਾਂ ਹੋ ਗਏ ਪਰ ਉਸ ਦੀ ਬੀਮਾਰੀ ਦਾ ਸਮਾਂ ਜਦ ਚੇਤੇ ਆਉਂਦਾ ਤਾਂ ਇੱਕ ਵਾਰ ਤਾਂ ਰੂਹ ਕੰਬ ਜਾਂਦੀ ਹੈ ।ਜਿੰਦਗੀ ਦੇ ਹੰਢਾਏ ਇਸ ਸਦਮੇ ਨੂੰ ਫਿਰ ਕਿਤੇ ਲਿਖ ਕੇ ਪਾਠਕਾਂ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ ।
ਮਨ ਦੁਚਿੱਤੀ ਵਿੱਚ ਸੀ ਕਿ ਕਰੀਏ ਹਾਲਤ ਸੱਪ ਦੇ ਮੂੰਹ ਕੋਹੜ ਕਿਰਲੀ ਵਰਗੀ ਹੋ ਗਈ ਸੀ । ਮੇਰੀ ਘਰ ਵਾਲੀ ਕਹਿਣ ਲੱਗੀ ਕਿ ਤੁਸੀਂ ਚਲੇ ਜਾਓ, ਮੈਂ ਫਿਰ ਆ ਜਾਵਾਂਗੀ ਪਰ ਇਹ ਗੱਲ ਵੀ ਜਚਣ ਵਾਲੀ ਨਹੀਂ ਜਾਪਦੀ ਸੀ ।
ਓਧਰ ਇਹ ਭਾਣਾ ਵਰਤਣ ਤੋਂ ਪਹਿਲਾਂ ਹੀ ਮੇਰੇ ਦੋਹਤੇ ਦੇ ਵਿਆਹ ਦੀ ਤਾਰੀਖ ਰੱਖੀ ਜਾ ਚੁਕੀ ਸੀ।ਜਿਸ ਵਿੱਚ ਅਜੇ ਹਾਲੇ ਲਗ ਪਗ ਦੋ ਮਹੀਨੇ ਪਏ ਸਨ ਇਕ ਦਿਨ ਮੇਰੀ ਬੇਟੀ ਕਮਲ ਜੀਤ ਆਈ ਤੇ ਕਹਿਣ ਲੱਗੀ, ਡੈਡੀ ਵਿਆਹ ਵਿੱਚ ਅਜੇ ਬਹੁਤ ਦਿਨ ਹਨ ਸਮੇ ਦਾ ਕੋਈ ਪਤਾ ਨਹੀਂ ਤੁਹਾਡੀ ਸਿਹਤ ਵੀ ਢਿੱਲੀ ਮੱਠੀ ਰਹਿੰਦੀ ਹੈ ਇੱਥੇ ਤੁਸੀਂ ਦੋਂਵੇਂ ਇੱਕਲੇ ਹੀ ਰਹਿੰਦੇ ਓ ਤੁਸੀਂ ਚਲੇ ਜਾਓ ।ਓਧਰ ਬੱਚੇ ਵੀ ਤੁਹਾਨੂੰ ਹੁਣ ਇੱਕਲਿਆਂ ਛੱਡ ਕੇ ਖੁਸ਼ ਨਹੀਂ ਹਨ ।ਭਾਂਵੇਂ ਮੈਡਮ ਆਪਣੀ ਸੇਹਤ ਵੇਖ ਕੇ ਏਨੇ ਲੰਮੇ ਹਵਾਈ ਸਫਰ ਤੋਂ ਡਰਦੀ ਸੀ ਪਰ ਇੱਸ ਬਿਨਾਂ ਕੋਈ ਹੋਰ ਚਾਰਾ ਵੀ ਤਾਂ ਨਹੀਂ ਸੀ।
ਮੇਰਾ ਕੈਨੇਡਾ ਆਉਣ ਦਾ ਮੁੱਖ ਮੰਤਵ ਮੇਰੇ ਬੇਟੇ ਦੇ ਪ੍ਰਿਵਾਰ ਦੇ ਦੋ ਜੀਆਂ ਮੇਰੀ ਪਿਆਰੀ ਚੁਲਬਲੀ ਪੋਤੀ ਰਾਜਪਿੰਦਰ ਉਰਫ ਰਾਬੀਆ ਜਿਸਦਾ ਬਚਪਨ ਮੇਰੇ ਹੱਥਾਂ ਵਿੱਚ ਲੰਘਿਆ ਸੀ ਉਸ ਕੋਲ ਰਹਿਕੇ ਮੇਰੇ ਜੀਵਣ ਦਾ ਆਖਰੀ ਹਿੱਸਾ ਗੁਜਾਰਣ ਦਾ ਸੀ ਤੇ ਇਸ ਦੇ ਨਾਲ ਮੇਰੇ ਲਾਡਲੇ ਪੋਤੇ ਆਕਾਸ਼ ਦੀਪ ਨਾਲ ਵੀ ਉਸ ਨਾਲ ਮਿੱਠੀਆਂ ਪਿਆਰੀਆਂ ਕੁਤਕਾੜੀਆਂ ਵਰਗੀਆਂ ਗੱਲਾਂ ਕਰਦੇ ਰਹਿਣ ਸੁਨਹਿਰੀ ਮੌਕਾ ਮਿਲਣਾ ਦਾ ਵੀ ਸੀ ।
ਕੇਨੇਡਾ ਵਿੱਚ ਸੁਪਰ ਵੀਜੇ ਤੇ ਵਡੇਰੀ ਉਮਰ ਦੇ ਬਜੁਰਗਾਂ ਦੇ ਆਉਂਣ ਲਈ ਉਨ੍ਹਾਂ ਦੀ ਇਨਸ਼ੋਰੈਂਸ ਹੋਣੀ ਵੀ ਲਾਜਮੀ ਹੈ ਸੋ ਉਸ ਦਾ ਪ੍ਰਬੰਧ ਵੀ ਹੋ ਗਿਆ ਤੇ ਹਵਾਈ ਟਿਕਟ ਵੀ ਯੋਗ ਤਾਰੀਖ ਵੇਖ ਕੇ ਲੈ ਲਈ ਗਈ।
ਪਰ ਆਉਣ ਤੋਂ ਪਹਿਲਾਂ ਘਰ ਦੇ ਸਾਮਾਨ ਦਾ ਖਲਾਰਾ ਸੰਭਾਲਣਾ ਵੀ ਇੱਕ ਵੱਡੀ ਸਮੱਸਿਆ ਸੀ ਜਿਸ ਨੂੰ ਮੇਰੀ ਇਸ ਕਮਲਜੀਤ ਧੀ ਨੇ ਜੋ ਇਸ ਕੰਮ ਵਿੱਚ ਫੁਰਤੀਲੀ ਹੈ ਨੇ ਆਪਣੇ ਜਿੰਮੇ ਲੈ ਲਿਆ,ਤੇ ਸਫਰ ਵਿੱਚ ਲੈ ਜਾਣ ਵਾਲੇ ਸਾਮਾਨ ਨੂੰ ਮੇਰੇ ਸਾਬਕਾ ਫੌਜੀ ਪ੍ਰਾਹੁਣੇ ਲਖਵਿੰਦਿਰ ਨੇ ਬੜੀ ਤਰਤੀਬ ਨਾਲ ਪੈੱਕ ਕਰ ਦਿੱਤਾ ।
ਬਾਹਰ ਪੈਲੀ ਬੰਨੇ ਦੀ ਸੇਵਾ ਸੰਭਾਲ ਦੀ ਜਿੰਮੇ ਵਾਰੀ ਉਸੇ ਨੇ ਲੈ ਲਈ ਕਿਉਂ ਉਸ ਦਾ ਪਿੰਡ ਸਾਡੇ ਪਿੰਡ ਬਹੁਤ ਥੋੜੀ ਦੂਰੀ ਤੇ ਹੈ।
ਫਲਾਈਟ ਸਵੇਰੇ 4 ਵੱਜ ਕੇ 5 ਮਿੰਟ ਤੇ ਅਮ੍ਰਿਤਸਰ ਹਵਾਈ ਸ੍ਰੀ ਗੁਰੂ ਰਾਮ ਦਾਸ ਹਵਾਈ ਅੱਡੇ ਤੋਂ ਸੀ,ਟੈਕਸੀ ਦਾ ਪ੍ਰਬੰਧ ਕਰਕੇ ਸਾਨੂੰ ਸਮੇ ਸਿਰ ਪਹੁੰਚਾਉ ਦਾ ਸਾਰਾ ਕੰਮ ਜੋ ਮੇਰੀ ਧੀ ਕਮਲਜੀਤ ਦੇ ਪੁੱਤਰ ਸਮਾਨ ਪਿਆਰੇ ਦਾਮਾਦ ਲਖਵਿੰਦਰ ਸਿੰਘ ਨੇ ਕੀਤਾ ਉਹ ਨਾ ਭੁੱਲਣ ਯੋਗ ਹੈ।
ਖੈਰ ਢਾਈ ਘੰਟੇ ਦੀ ਉਡੀਕ ਪਿੱਛੋਂ ਫਲਾਈਟ ਹੋ ਗਈ,ਹਵਾਈ ਜਹਾਜ ਆਪਣੇ ਪਹਿਲੇ ਪੜਾਂ ਮਿਲਾਣ (ਇਟਲੀ) ਲਈ ਰਵਾਨਾ ਹੋ ਗਿਆ,ਤੇ ਅੱਠ ਘੰਟੇ ਦੀ ਲੰਮੀ ਉਡਾਣ ਤੋਂ ਬਾਅਦ ਮੀਲਾਣ ਜਾ ਉਤਰਿਆ ਤੇ ਫਿਰ ਲਗ ਪਗ ਢਾਈ ਘੰਟੇ ਦੀ ਉਡੀਕ ਪਿੱਛੋੰ ਦੂਜੀ ਛੇ ਘੰਟੇ ਦੀ ਉਡਾਨ ਭਰ ਕੇ ਕੇਨੇਡਾ ਟਰਾਂਟੋ ਜਾ ਉਤਰਿਆ । ਰਸਤੇ ਵਿੱਚ ਵੀਲ੍ਹ ਚੇਅਰ ਦੀ ਸਹਾਇਤਾ ਨੇ ਏਅਰ ਪੋਰਟ ਦੇ ਅੰਦਰ ਏਧਰ ਓਧਰ ਜਾਣ ਵਿੱਚ ਕਾਫੀ ਸੁਖਾਲਾ ਪਨ ਕੀਤਾ।
ਟ੍ਰਾਂਟੋ ਏਅਰ ਪੋਰਟ ਤੇ ਸਾਨੂੰ ਲੈਣ ਲਈ ਮੇਰਾ ਪਿਆਰਾ ਪੋਤਾ ਆਕਾਸ਼ ਦੀਪ,ਨੋਂਹ ਰਾਣੀ ਰੋਜੀ,ਤੇ ਏਥੇ ਰਹਿੰਦੀ ਧੀ ਮਨਜੀਤ ਸਾਨੂੰ ਲੈਣ ਲਈ ਆਏ ਹੋਏ ਸਨ,ਜੋ ਸਾਨੂੰ ਘਰ ਲੈ ਗਏ । ਘਰ ਜਾ ਸਾਰੇ ਪ੍ਰਿਵਾਰ ਨੂੰ ਮਿਲ ਕੇ ਇਕ ਵਾਰ ਤਾਂ ਇਵੇਂ ਲੱਗਾ ਜਿਵੇਂ ਰਾਹ ਦੀ ਸਾਰੀ ਥਕਾਵਟ ਲਹਿ ਗਈ ਹੋਵੇ ।
ਆਗਾਜ਼ ਤੋ ਅੱਛਾ ਆਗੇ ਆਗੇ ਦੇਖਈਏ ਹੋਤਾ ਹੈ ਕਿਆ,
ਹੋਤਾ ਹੈ ਵੁਹੀ ਜੋ ਮਨਜੂਰੇ ਖੁਦਾ ਹੋਤਾ ਹੈ।
ਆਮੀਨ
ਰਵੇਲ ਸਿੰਘ ਇਟਲੀ ਪੰਜਾਬ ਹੁਣ ਕੇਨੇਡਾ