ਫਲ਼ ਪਕਾ ਕੇ ਹੀ ਛਕਣੇ ਚਾਹੀਦੇ ਹਨ / ਠਾਕੁਰ ਦਲੀਪ ਸਿੰਘ - ਹਰਦਮ ਸਿੰਘ ਮਾਨ
ਭਾਰਤ ਵਿੱਚ ਮਹਿੰਗੀਆਂ ਦੁਕਾਨਾਂ ਤੋਂ ਮਹਿੰਗੇ ਫਲ਼ ਖਰੀਦਣ ਵਾਲੇ ਸੱਜਣ ਅਤੇ ਇੰਗਲੈਂਡ, ਅਮਰੀਕਾ, ਕਨੇਡਾ, ਆਸਟਰੇਲੀਆ, ਯੂਰਪ ਆਦਿ ਵਿਕਸਿਤ ਅਮੀਰ ਦੇਸ਼ਾਂ ਵਿੱਚ ਰਹਿਣ ਵਾਲੇ ਸੱਜਣੋ! ਫਲ਼ ਖਾਣ ਦੀ ਜਾਚ ਸਿੱਖੋ। ਵਿਕਸਿਤ ਅਮੀਰ ਦੇਸ਼ਾਂ ਵਿੱਚ ਰਹਿੰਦਿਆਂ, ਤੁਹਾਡੇ ਕੋਲ ਪੈਸੇ ਦੀ ਕਮੀ ਨਹੀਂ ਹੁੰਦੀ ਅਤੇ ਸਾਰੇ ਸੰਸਾਰ ਦੇ ਫਲ਼, ਤੁਹਾਨੂੰ ਆਮ ਤੌਰ ਉੱਤੇ ਸਾਰਾ ਸਾਲ ਹੀ ਮਿਲਦੇ ਰਹਿੰਦੇ ਹਨ। ਜੋ ਫਲ਼ ਤੁਸੀਂ ਵੱਡੇ ਸਟੋਰਾਂ ਤੋਂ ਲਿਆ ਕੇ ਛਕਦੇ ਹੋ, ਇਹ ਫਲ਼ ਆਮ ਤੌਰ ਉੱਤੇ ਕੱਚੇ ਹੁੰਦੇ ਹਨ। ਇਹਨਾਂ ਫਲਾਂ ਦਾ ਜੇ ਤੁਸੀਂ ਅਸਲੀ ਸਵਾਦ ਲੈਣਾ ਹੈ, ਤਾਂ ਇਹਨਾਂ ਫਲਾਂ ਨੂੰ ਆਪਣੇ ਘਰ ਵਿੱਚ ਲਿਆ ਕੇ ਕਈ ਦਿਨ ਵਾਸਤੇ ਫਰਿਜ ਤੋਂ ਬਾਹਰ ਹੀ ਰੱਖ ਛੱਡੋ; ਘੱਟੋ ਘੱਟ ਚਾਰ ਪੰਜ ਦਿਨ, ਅੱਵਲ ਤਾਂ ਹਫਤਾ-ਦਸ ਦਿਨ ਰੱਖੋ। ਉਸ ਤੋਂ ਉਪਰੰਤ ਇਹਨਾਂ ਫਲਾਂ ਨੂੰ ਛਕੋ। ਆਪ ਜੀ ਨੂੰ ਆਪ ਹੀ ਪਤਾ ਲੱਗੇਗਾ ਕਿ ਇਹ ਫਲ਼, ਜਿਸ ਦਿਨ ਸਟੋਰ ਤੋਂ ਲਿਆਂਦੇ ਸਨ, ਉਸ ਦਿਨ ਨਾਲੋਂ ਕਿਤਨੇ ਵੱਧ ਸਵਾਦਿਸ਼ਟ ਹੋ ਗਏ ਹਨ: “ਸਹਿਜ ਪੱਕੇ, ਸੋ ਮੀਠਾ ਹੋਏ”। ਕਿਉਂਕਿ, ਸਟੋਰ ਤੋਂ ਲਿਆਂਦੇ ਹੋਏ ਫਲ਼ ਤਾਂ ਕੱਚੇ ਹੁੰਦੇ ਹਨ; ਘਰ ਵਿੱਚ ਲਿਆ ਕੇ ਜੇ ਫਰਿਜ ਵਿੱਚ ਰੱਖ ਦੇਈਏ, ਤਾਂ ਵੀ ਇਹ ਪੱਕਦੇ ਨਹੀਂ। ਇਸ ਕਰਕੇ, ਜੇ ਇਹਨਾਂ ਫਲਾਂ ਨੂੰ ਫਰਿੱਜ ਤੋਂ ਬਾਹਰ ਰੱਖਿਆ ਜਾਵੇ, ਤਾਂ ਹੀ ਪੱਕਦੇ ਹਨ। ਪੱਕਣ ਉਪਰੰਤ, ਫਲਾਂ ਨੂੰ ਫਰਿੱਜ ਵਿੱਚ ਰੱਖ ਸਕਦੇ ਹੋ।
ਵੱਖੋ ਵੱਖਰੇ ਪ੍ਰਕਾਰ ਦੇ ਫਲ਼, ਪੱਕਣ ਲਈ ਵੱਖੋ ਵੱਖਰੀ ਹਾਲਤ ਵਿੱਚ, ਵੱਖਰੇ ਵੱਖਰੇ ਤਾਪਮਾਨ ਵਿੱਚ, ਵੱਖਰਾ ਵੱਖਰਾ ਸਮਾਂ ਲਾਉਂਦੇ ਹਨ। ਇਸ ਕਰਕੇ, ਇੱਕ ਅੰਦਾਜ਼ਾ ਆਪ ਜੀ ਨੂੰ ਦੱਸਿਆ ਹੈ ਕਿ ਚਾਰ-ਪੰਜ ਦਿਨ ਤੋਂ ਲੈ ਕੇ 15 ਦਿਨ, ਇਹਨਾਂ ਫਲਾਂ ਨੂੰ ਜੇ ਤੁਸੀਂ ਫਰਿਜ ਤੋਂ ਬਾਹਰ ਰੱਖ ਕੇ ਛਕੋਗੇ, ਤਾਂ ਆਪ ਜੀ ਨੂੰ ਫਲਾਂ ਦਾ ਸਵਾਦ ਅਤੇ ਆਨੰਦ ਬਹੁਤਾ ਆਏਗਾ ਅਤੇ ਸਰੀਰ ਨੂੰ ਲਾਭ ਵੀ ਵੱਧ ਹੋਵੇਗਾ। ਪੈਸੇ ਤਾਂ ਤੁਹਾਡੇ ਉਤਨੇ ਹੀ ਲੱਗਣੇ ਹਨ, ਜਿਤਨੇ ਤੁਸੀਂ ਪਹਿਲੋਂ ਕੱਚੇ, ਬੇਸਵਾਦ ਫਲਾਂ ਉੱਪਰ ਲਾ ਰਹੇ ਹੋ। ਪਰ, ਤੁਹਾਨੂੰ ਇਹਨਾਂ ਫਲਾਂ ਨੂੰ ਆਪਣੇ ਘਰ ਵਿੱਚ ਕੁਝ ਦਿਨ ਰੱਖ ਕੇ ਛਕਣ ਨਾਲ਼, ਉਤਨੇ ਪੈਸਿਆਂ ਵਿੱਚ ਹੀ ਕਈ ਗੁਣਾਂ ਬਹੁਤਾ ਸਵਾਦ ਆਏਗਾ। ਕਿਉਂਕਿ, ਫਲ਼ ਪਏ ਪਏ ਪੱਕ ਜਾਂਦੇ ਹਨ ਅਤੇ ਮਿੱਠੇ ਹੋ ਜਾਂਦੇ ਹਨ। ਪ੍ਰੰਤੂ, ਇਹ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਹਰ ਕਮਰੇ ਦਾ ਤਾਪਮਾਨ ਵੱਖੋ ਵੱਖ ਹੈ, ਹਰ ਫਲ਼ ਪੱਕਣ ਦੀ ਸਥਿਤੀ ਵੱਖੋ ਵੱਖ ਹੈ। ਫਲ਼ ਗਲ਼ ਨਾ ਜਾਣ, ਉੱਲੀ ਨਾ ਲੱਗ ਜਾਵੇ। ਜਦੋਂ ਫਲ਼ ਪੱਕ ਜਾਣ, ਉਦੋਂ ਛਕੇ ਜਾਣ ਜਾਂ ਫਰਿੱਜ ਵਿੱਚ ਰੱਖ ਲਏ ਜਾਣ।
ਕੱਚੇ ਫਲ਼ ਸਬਜੀਆਂ ਨਾਲੋਂ, ਪੱਕੇ ਫਲਾਂ ਦਾ ਕੇਵਲ ਸਵਾਦ ਵਿੱਚ ਹੀ ਫਰਕ ਨਹੀਂ ਹੁੰਦਾ: ਪੱਕਣ ਨਾਲ਼ ਉਨ੍ਹਾਂ ਦੇ ਲਾਭਕਾਰੀ ਤੱਤਾਂ ਵਿੱਚ ਵੀ ਬਹੁਤ ਵਾਧਾ ਹੋ ਜਾਂਦਾ ਹੈ। ਮਿਠਾਸ ਤਾਂ ਵਧਦੀ ਹੀ ਹੈ, ਕੈਂਸਰ ਨਿਰੋਧਕ ਤੱਤ ਵਧਦੇ ਹਨ ਅਤੇ ਵਿਟਾਮਿਨ ਆਦਿ ਹੋਰ ਕਈ ਸੂਖ਼ਮ ਤੱਤ ਵੀ ਵਧ ਕੇ ਬਹੁਤਾ ਗੁਣਕਾਰੀ ਹੋ ਜਾਂਦੇ ਹਨ। ਪੱਕੇ ਹੋਏ ਫਲ਼ ਪੋਲੇ ਹੋਣ ਕਰਕੇ ਪਚਦੇ ਵੀ ਸੌਖੇ ਹਨ। ਕੱਚੇ ਫਲਾਂ ਨਾਲੋਂ ਪੱਕੇ ਫਲ਼ ਸਿਹਤ ਲਈ ਲਾਭਦਾਇਕ ਹਨ।
ਮੁੱਖ ਰੂਪ ਵਿੱਚ ਫਲ਼ ਪੱਕਣ ਦੀ ਪ੍ਰਤੱਖ ਨਿਸ਼ਾਨੀ ਹੈ ਕਿ ਉਹ ਡੰਡੀ ਨਾਲੋਂ ਸੌਖਾ ਟੁੱਟਦਾ ਹੈ। ਜਿਸ ਬਾਰੇ ਗੁਰਬਾਣੀ ਵਿੱਚ ਵੀ ਲਿਖਿਆ ਹੈ "ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ"। ਫਲ਼ ਪੱਕਣ ਨਾਲ ਪੋਲਾ ਹੋ ਜਾਂਦਾ ਹੈ, ਡੰਡੀ ਨਾਲੋਂ ਛੇਤੀ ਟੁੱਟਦਾ ਹੈ ਅਤੇ ਉਸ ਦਾ ਰੰਗ ਬਦਲ ਜਾਂਦਾ ਹੈ। ਕਈ ਫਲਾਂ ਵਿੱਚੋਂ ਇੱਕ ਵਿਸ਼ੇਸ਼ ਪ੍ਰਕਾਰ ਦੀ ਵਾਸ਼ਨਾ ਵੀ ਪੱਕਣ ਕਰਕੇ ਆਉਣ ਲੱਗ ਪੈਂਦੀ ਹੈ ਅਤੇ ਕਈ ਫਲਾਂ ਦੇ ਬਾਹਰਲੇ ਛਿਲਕੇ ਉੱਪਰ ਝੁਰੜੀਆਂ ਪੈ ਜਾਂਦੀਆਂ ਹਨ। ‘ਅੰਬ’ ਉੱਪਰ ਵੀ ਪੱਕਣ ਨਾਲ ਕਈ ਵਾਰੀ ਝੁਰੜੀਆਂ ਪੈ ਸਕਦੀਆਂ ਹਨ। ‘ਕਿਵੀ’ ਨਾਮ ਦੇ ਫਲ੍ ਦੇ ਪੱਕਣ ਦੀ ਇਹ ਵਿਸ਼ੇਸ਼ ਨਿਸ਼ਾਨੀ ਹੈ ਕਿ ‘ਕਿਵੀ’ ਨੂੰ ਜਦੋਂ ਝੁਰੜੀਆਂ ਪੈ ਜਾਣ, ਉਦੋਂ ਉਹ ਸੱਚਮੁੱਚ ਪੱਕ ਚੁੱਕਾ ਹੁੰਦਾ ਹੈ। ‘ਕਿਵੀ’ ਇੱਕ ਐਸਾ ਫਲ਼ ਹੈ, ਜੋ ਆਮ ਤੌਰ ਉੱਤੇ ਸਟੋਰ ਤੋਂ ਲਿਆਉਣ ਸਮੇਂ ਖੱਟਾ ਹੁੰਦਾ ਹੈ; ਪ੍ਰੰਤੂ ਦਸ-ਕੁ ਦਿਨ ਰੱਖਣ ਉਪਰੰਤ, ਪੱਕ ਕੇ ਬਹੁਤ ਮਿੱਠਾ ਵੀ ਹੋ ਜਾਂਦਾ ਹੈ। ਇਹ ਫਲ਼ ਬੜਾ ਮਹਿੰਗਾ ਹੁੰਦਾ ਹੈ, ਲੋਕ ਇਸ ਨੂੰ ਸਿਹਤ ਲਈ ਬਹੁਤ ਲਾਭਦਾਇਕ ਹੋਣ ਕਰਕੇ: ਬਹੁਤੇ ਪੈਸੇ ਖਰਚ ਕੇ ਵੀ ਖਾਂਦੇ ਹਨ। ਪਰੰਤੂ, ਉਨਾਂ ਨੂੰ ਕਿਵੀ ਖਾਣ ਦਾ ਉਤਨਾ ਲਾਭ ਨਹੀਂ ਪ੍ਰਾਪਤ ਹੁੰਦਾ, ਉਤਨਾ ਸਵਾਦ ਵੀ ਨਹੀਂ ਆਉਂਦਾ, ਜਿਤਨਾ ਕਿ ਆਉਣਾ ਚਾਹੀਦਾ ਹੈ। ਜੇ ਉਸੇ ਕਿਵੀ ਜਾਂ ਕਿਸੇ ਵੀ ਫਲ਼ ਨੂੰ ਕਈ ਦਿਨ ਘਰ ਰੱਖ ਕੇ ਖਾਧਾ ਜਾਵੇ, ਤਾਂ ਉਸ ਫਲ਼ ਦਾ ਉਤਨੇ ਪੈਸਿਆਂ ਵਿੱਚ ਹੀ ਵੱਧ ਸਵਾਦ ਆਵੇਗਾ। ਮੇਰੇ ਇਹਨਾਂ ਸੁਝਾਵਾਂ ਉਤੇ ਅਮਲ ਕਰਕੇ ਵੇਖੋ; ਆਪ ਜੀ ਨੂੰ ਅਵੱਸ਼ ਹੀ ਲਾਭ ਹੋਵੇਗਾ ਅਤੇ ਸਰੀਰ ਨੂੰ ਵੀ ਵੱਧ ਲਾਭ ਮਿਲੇਗਾ।
ਜੋ ਫਲ਼ ਦਰਖਤ ਨਾਲ ਪੱਕ ਕੇ, ਆਪੇ ਟੁੱਟ ਕੇ ਡਿੱਗੇ, ਸਭ ਤੋਂ ਵੱਧ ਲਾਭਦਾਇਕ ਅਤੇ ਸਵਾਦ ਉਹ ਫਲ਼ ਹੀ ਹੁੰਦਾ ਹੈ। ਜਿਸ ਪੱਕੇ ਅੰਬ ਨੂੰ “ਡਾਲ ਦਾ ਪੱਕਿਆ” ਵੀ ਕਹਿੰਦੇ ਸੀ, ਭਾਵ: ਡਾਲੀ/ਟਾਹਣੀ ਦੇ ਨਾਲ਼ ਹੀ ਜਿਹੜਾ ਪੱਕਿਆ ਹੋਵੇ। ਪਰੰਤੂ, ਅਜੋਕੇ ਤੇਜ਼ ਯੁੱਗ ਵਿੱਚ, ਟਾਹਣੀ ਨਾਲ ਫਲਾਂ ਦੇ ਪੱਕਣ ਨੂੰ ਕੋਈ ਉਡੀਕਦਾ ਨਹੀਂ ਅਤੇ ਐਸੇ ਫਲ਼ ਅਸਾਨੂੰ ਮਿਲਣੇ ਸੰਭਵ ਵੀ ਨਹੀਂ। ਜੋ ਮਿਲਦੇ ਹਨ; ਉਹਨਾਂ ਸਬੰਧੀ ਆਪ ਜੀ ਨੂੰ ਦੱਸਿਆ ਹੈ ਕਿ ਇਹ ਫਲ਼ ਆਮ ਤੌਰ ਉੱਤੇ ਕੱਚੇ ਹੁੰਦੇ ਹਨ ਅਤੇ ਕੋਲਡ ਸਟੋਰਾਂ ਵਿੱਚ ਰੱਖ ਕੇ, ਦੂਰ ਦੇ ਦੇਸ਼ਾਂ ਵਿੱਚੋਂ, ਮੌਸਮ ਨਾ ਹੁੰਦਿਆਂ ਵੀ; ਆਪ ਜੀ ਤੱਕ ਪਹੁੰਚਾਏ ਗਏ ਹੁੰਦੇ ਹਨ।
ਇਸ ਲਈ, ਜੋ ਤਰੀਕਾ ਇੱਥੇ ਦੱਸਿਆ ਹੈ, ਫਲਾਂ ਨੂੰ ਇਸ ਤਰੀਕੇ ਨਾਲ ਘਰ ਵਿੱਚ ਕਈ ਦਿਨ ਰੱਖ ਕੇ, ਪਕਾ ਕੇ ਛਕੋ। ਜਿਤਨੇ ਪੈਸੇ ਤੁਸੀਂ ਪਹਿਲਾਂ ਖਰਚਦੇ ਸੀ, ਉਤਨੇ ਪੈਸਿਆਂ ਵਿੱਚ ਹੀ, ਆਪ ਜੀ ਨੂੰ ਕਈ ਗੁਣਾਂ ਬਹੁਤਾ ਸਵਾਦ ਆਵੇਗਾ ਅਤੇ ਸਰੀਰ ਨੂੰ ਲਾਭ ਵੀ ਵੱਧ ਮਿਲੇਗਾ। ਕਰ ਕੇ ਵੇਖੋ।