ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਬਨਾਮ ਸਿੱਖ ਸਿਆਸਤ,ਪੰਥ ਅਤੇ ਕਨੂੰਨ - ਬਘੇਲ ਸਿੰਘ ਧਾਲੀਵਾਲ
ਸ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਕਟਹਿਰੇ ਵਿੱਚ ਹੈ।ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿੱਪ ਨੇ ਆਖਰ ਆਪਣੇ ‘ਤੇ ਲੰਮੇ ਸਮੇ ਤੋਂ ਲੱਗਦੇ ਆ ਰਹੇ ਸਾਰੇ ਦੋਸ਼ਾਂ,ਗੁਨਾਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ‘ਤੇ ਪੰਜ ਸਿੰਘ ਸਾਹਿਬਾਨਾਂ ਦੇ ਸਾਹਮਣੇ ਜਨਤਕ ਤੌਰ ਤੇ ਮੰਨ ਲਿਆ ਹੈ।ਸਿੰਘ ਸਾਹਿਬਾਨ ਨੇ ਭਾਂਵੇ ਅਕਾਲੀ ਲੀਡਰਸ਼ਿੱਪ ਨੂੰ ਉਹ ਸਜ਼ਾ ਨਹੀ ਦਿੱਤੀ,ਜਿਸ ਦੀ ਸਿੱਖ ਪੰਥ ਮੰਗ ਕਰਦਾ ਆ ਰਿਹਾ ਸੀ,ਪਰ ਜਿੰਨੀ ਵੀ ਸਜ਼ਾ ਦਿੱਤੀ ਉਹਦੇ ਤੇ ਵੀ ਸਿੱਖਾਂ ਨੇ ਸਮੁੱਚੇ ਰੂਪ ਵਿੱਚ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਅਕਾਲੀ ਦਲ ਦੇ ਬਾਦਲ ਨੂੰ ਇਹ ਸਾਰਾ ਵਿਰਤਾਂਤ ਜਚਿਆ ਨਹੀ। ਉਹਨਾਂ ਲਈ ਇਹ ਵਰਤਾਰੇ ਨੂੰ ਝੱਲਣਾ ਇਸ ਕਰਕੇ ਵੀ ਬੇਹੱਦ ਔਖਾ ਸੀ,ਕਿਉਂਕਿ ਦਹਾਕਿਆਂ ਵੱਧੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਸਿਆਸੀ ਹਿਤਾਂ ਲਈ ਨਜਾਇਜ ਵਰਤਣ ਵਾਲਿਆਂ ਨੂੰ ਖੁਦ ਇਸ ਰੁਹਾਨੀਅਤ ਦੇ ਦਰ ‘ਤੇ ਕਟਹਿਰੇ ਵਿੱਚ ਖੜਾ ਜੁ ਹੋਣਾ ਪੈ ਰਿਹਾ ਸੀ।ਐਨਾ ਹੀ ਨਹੀ ਬਲਕਿ ਉਹਨਾਂ ਨੂੰ 1997 ਤੋ ਲੈ ਕੇ ਮੌਜੂਦਾ ਸਮੇ ਤੱਕ ਦੇ ਕਤਲਾਂ,ਬੇਅਦਬੀਆਂ ਸਮੇਤ ਤਮਾਮ ਗੁਨਾਹ ਵੀ ਸਵੀਕਾਰ ਕਰਨੇ ਪਏ ਹਨ,ਜਿੰਨਾਂ ਤੋ ਉਪਰੋਕਤ ਆਗੂ ਹੁਣ ਤੱਕ ਝੂਠ ਬੋਲ ਬੋਲ ਕੇ ਮੁਕਰਦੇ ਆਏ ਸਨ।ਇੱਥੋਂ ਤੱਕ ਦਾ ਇਹ ਵਰਤਾਰਾ ਸਿੱਖ ਪੰਥ ਨੂੰ ਤਸੱਲੀ ਦੇਣ ਵਾਲਾ ਰਿਹਾ,ਪਰ ਜਿਉਂ ਹੀ ਇਹਦੇ ਦਰਮਿਆਨ ਭਾਈ ਨਰੈਣ ਸਿੰਘ ਚੌੜੇ ਵਾਲਾ ਵਿਰਤਾਂਤ ਆ ਗਿਆ,ਉਹਨੇ ਸਾਰਾ ਪਾਸਾ ਹੀ ਪਲਟ ਗਿਆ, ਸਾਰੇ ਪਰਦੇ ਉਤਾਰ ਦਿੱਤੇ।।ਸ੍ਰੀ ਅਕਾਲ ਤਖਤ ਸਾਹਿਬ ਦੇ ਦੋਸ਼ੀਆਂ ਦੀ ਨਿਮਾਣੇ ਸਿੱਖਾਂ ਵਾਲੀ ਆਮ ਸਿੱਖਾਂ ਦੇ ਮਨਾਂ ਚ ਬਣੀ ਧਾਰਨਾ ਕੱਚੇ ਕੱਚ ਵਾਂਗ ਟੁੱਟਦੀ ਪਰਤੀਤ ਹੋਈ। ਨਰੈਣ ਸਿੰਘ ਚੌੜਾ ਦੀ ਜਜ਼ਬਾਤੀ ਕਾਰਵਾਈ ਨੂੰ ਆਪਾਂ ਵੀ ਇਸ ਕਰਕੇ ਗਲਤ ਕਿਹਾ ਸੀ ਕਿ ਇਹ ਕਾਰਵਾਈ ਨਾਲ ਸਾਡੀ ਸਰਬ ਉੱਚ ਸੰਸਥਾ ਦੇ ਵਕਾਰ ਨੂੰ ਢਾਹ ਲੱਗਦੀ ਹੈ,ਹਰ ਪਾਸੇ ਤੋ ਭਾਈ ਨਰੈਣ ਸਿੰਘ ਚੌੜੇ ਦੀ ਇਸ ਕਾਰਵਾਈ ਦੀ ਨਿਖੇਧੀ ਹੋਈ ਸੀ,ਪਰ ਗੁਨਾਹਗਾਰਾਂ ਦੀ ਮਦਦਗਾਰ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁੱਝ ਮੈਬਰਾਂ ਵੱਲੋਂ ਭਾਈ ਚੌੜਾ ਨੂੰ ਪੰਥ ਚੋਂ ਛੇਕਣ ਦਾ ਮੰਗ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਸ ਲਈ ਦਿੱਤਾ ਗਿਆ ਕਿ ਉਹਨੇ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਈ,ਪਰ ਉਹਨਾਂ ਨੇ ਇਸ ਸਿਫ਼ਤੀ ਦੇ ਘਰ ਅੰਦਰ ਹੀ ਭਾਈ ਚੌੜਾ ਦੀ ਪੁਲਿਸ ਕਸਟਡੀ ਵਿੱਚ ਪਿੱਛੋਂ ਦਸਤਾਰ ਉਤਾਰਨ ਵਾਲੇ ਨੂੰ ਪੰਥ ਚੋਂ ਛੇਕਣ ਦੀ ਕੋਈ ਮੰਗ ਨਹੀਂ ਕੀਤੀ,ਜਦੋਂਕਿ ਸਿੱਖ ਦੀ ਦਸਤਾਰ ਉਤਾਰਨ ਦਾ ਗੁਨਾਹ ਅਤੀ ਘਿਨਾਉਣਾ ਅਤੇ ਨਾ ਕਾਬਲੇ ਬਰਦਾਸਤ ਹੈ।ਸਿੱਖ ਦੀ ਦਸਤਾਰ ਨੂੰ ਕੋਈ ਹੱਥ ਪਾਵੇ ਤਾਂ ਪੰਥ ਬਰਦਾਸਤ ਨਹੀ ਕਰਦਾ,ਪਰ ਇੱਥੇ ਸਿੱਖ ਦੀ ਦਸਤਾਰ ਉਤਾਰਨ ਵਾਲਾ ਵੀ ਸਿੱਖ ਹੈ। ਏਥੇ ਹੀ ਬੱਸ ਨਹੀ ਅਕਾਲੀ ਦਲ ਬਾਦਲ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਇਸ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ,ਕਿਉਂਕਿ ਉਹ ਸਮਝਦੇ ਹਨ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਪੰਜ ਸਿੰਘ ਸਾਹਿਬਾਨ ਵਿੱਚ ਸ਼ਾਮਲ ਨਾ ਹੁੰਦੇ,ਭਾਵ ਕਿ ਉਹ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨਾਂ ਹੁੰਦੇ ਤਾਂ ਸਾਇਦ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਲੀਡਰਸ਼ਿੱਪ ਇਸਤਰਾਂ ਕਟਹਿਰੇ ਵਿੱਚ ਖੜੀ ਨਹੀ ਸੀ ਹੋਣੀ,ਜਿਸਤਰਾਂ ਦੇ ਗੁਨਾਹਾਂ ਦਾ ਸਾਹਮਣਾ ਉਹਨਾਂ ਨੂੰ ਹੁਣ ਕਰਨਾ ਪੈ ਰਿਹਾ ਹੈ,ਇਹਨਾਂ ਦੀ ਸਜ਼ਾ ਵੀ ਨਹੀ ਸੀ ਭੁਗਤਣੀ ਪੈਣੀ,ਇਸ ਲਈ ਜਿੱਥੇ ਸਾਰਾ ਜੋਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਾਨਸਿਕ ਤੌਰ ਤੇ ਪਰੇਸਾਨ ਕਰਨ ਲਈ ਲਾਇਆ ਜਾ ਰਿਹਾ ਹੈ,ਉਸ ਤੋ ਵੀ ਜਿਆਦਾ ਤਰਲੋਮੱਛੀ ਉਹਨਾਂ ਤੋ ਤਖਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਖੋਹਣ ਲਈ ਵੀ ਹੁੰਦੇ ਦਿਖਾਈ ਦੇ ਰਹੇ ਹਨ।ਗੁਨਾਹਾਂ ਦੇ ਬੋਝ ਹੇਠਾਂ ਦੱਬੇ ਬਾਦਲਾਂ ਦੀ ਚਾਪਲੂਸੀ ਕਰਨ ਵਾਲਿਆਂ ਨੇ ਦਰਸਾ ਦਿੱਤਾ ਹੈ ਕਿ ਅਕਾਲੀ ਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਵਾਹ ਕਰਨ ਦੀ ਆਦਤ ਨਹੀਂ ਹੈ।ਇਹ ਚਿੱਟੇ ਦਿਨ ਵਰਗਾ ਸੱਚ ਹੈ ਕਿ ਭਾਈ ਨਰੈਣ ਸਿੰਘ ਚੌੜੇ ਦੇ ਪਿਸਟਲ ਦੇ ਫਾਇਰ ਨਾਲ ਬੇਸ਼ੱਕ ਕਿਸੇ ਦਾ ਜਾਨੀ ਨੁਕਸਾਨ ਨਹੀ ਹੋਇਆ ,ਪਰ ਅਕਾਲੀਆਂ ਨੂੰ ਚੁਰਾਹੇ ਵਿੱਚ ਨੰਗਾ ਜਰੂਰ ਕਰ ਗਿਆ।ਨਿਮਾਣੇ ਸਿੱਖਾਂ ਦੇ ਭੇਖ ਵਿਚਲੇ ਅਕਾਲੀਆਂ ਨੇ ਝੱਟ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ।ਨਰੈਣ ਸਿੰਘ ਚੌੜੇ ਦੀ ਪਿੱਛੋ ਆਕੇ ਦਸਤਾਰ ਉਤਾਰਨ ਦਾ ਵਿਰਤਾਂਤ ਦਾਗੀ ਅਕਾਲੀਆਂ ਦੀ ਸਿੱਖ ਵਿਰੋਧੀ ਸੋਚ ਨੂੰ ਸਪੱਸਟ ਕਰਦਾ ਹੈ,ਕਿਉਂਕਿ ਜਿੰਨਾਂ ਨੇ ਰਾਜ ਭਾਗ ਮਾਨਣ ਖਾਤਰ ਸਿੱਖੀ ਸਿਧਾਂਤਾਂ ਨੂੰ ਮਲ਼ੀਆਮੇਟ ਕਰਨ ਦਾ ਸੌਦਾ ਕੀਤਾ ਹੋਵੇ,ਉਹਨਾਂ ਲਈ ਦਸਤਾਰ ਕੀ ਮਾਇਨੇ ਰੱਖਦੀ ਹੈ।ਜਿਹੜੀ ਅਕਾਲੀ ਲੀਡਰਸ਼ਿੱਪ ਨਿਰਦੋਸ ਸਿੱਖਾਂ ਦੇ ਕਾਤਲ,ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇ ਅਦਬੀਆਂ ਦੇ ਦੋਸ਼ੀ,ਸਿਰਸੇ ਵਾਲੇ ਸਾਧ ਨੂੰ ਮੁਆਫੀ ਦਿਵਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਸਰਬ ਉੱਚ ਅਤੇ ਸਰਬ ਸ਼੍ਰੇਸਟ ਸੰਸਥਾ ਦਾ ਦੁਰ ਉਪਯੋਗ ਕਰਨ ਅਤੇ ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਉੱਚ ਆਹੁਦੇ ਦੇਕੇ ਨਿਵਾਜਣ ਵਾਲੇ ਪਰਿਵਾਰ ਨੂੰ ਆਪਣਾ ਰਹਿਬਰ ਸਮਝਦੀ ਹੋਵੇ, ਜਿੰਨ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੱਡਾ ਇੱਕ ਪਰਿਵਾਰ ਨੂੰ ਸਮਝ ਲਿਆ ਹੋਵੇ,ਉਹਨਾਂ ਤੋ ਸਿੱਖੀ ਸਿਧਾਂਤਾਂ ਨੂੰ ਸੁਰੱਖਿਅਤ ਰੱਖਣ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ।।ਇਹੋ ਕਾਰਨ ਹੈ ਕਿ ਉਹਨਾਂ ਨੇ ਸਿੱਖੀ ਸਿਧਾਂਤਾਂ ਅਤੇ ਸਰਬ ਉੱਚ ਸੰਸਥਾ ਦੀ ਪ੍ਰਵਾਹ ਕੀਤੇ ਬਗੈਰ ਨਿਸਾਨੇ ਸੇਧਣੇ ਸੁਰੂ ਕਰ ਦਿੱਤੇ ਹਨ।ਕਿਸੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲ,ਕਿਸੇ ਨੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੱਲ,ਪਰ ਇਹ ਕਿਸੇ ਨੇ ਵੀ ਨਹੀ ਸੋਚਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋ ਦਿੱਤੇ ਹੁਕਮਾਂ ਦਾ ਪਾਲਣ ਕਰਨਾ ਹੈ।ਸਿੰਘ ਸਾਹਿਬਾਨ ਦੇ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਦਾ ਅਸਤੀਫਾ ਤਿੰਨ ਦਿਨ ਦੇ ਅੰਦਰ ਅੰਦਰ ਮਨਜੂਰ ਕਰਨ ਲਈ ਕਿਹਾ ਗਿਆ ਸੀ,ਪਰ ਅਕਾਲੀ ਦਲ ਦੀ ਅਧਾਰਹੀਣ ਲੀਡਰਸ਼ਿੱਪ ਨੇ ਇਸ ਹੁਕਮ ਦੀ ਪ੍ਰਵਾਹ ਨਹੀ ਕੀਤੀ।ਭਾਵ ਅਵੱਗਿਆ ਕੀਤੀ।ਅਕਾਲੀ ਦਲ ਦੀ ਨਵੀਂ ਭਰਤੀ ਲਈ ਇੱਕ ਕਮੇਟੀ ਦਾ ਗਠਨ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਗਿਆ ਸੀ।ਇਸਦੇ ਬਾਵਜੂਦ ਕਿ ਉਹ ਕਮੇਟੀ ਵੀ ਅਕਾਲੀ ਦਲ ਦੇ ਦੋਵਾਂ ਧੜਿਆਂ ਦੀ ਹੀ ਬਣਾਈ ਗਈ ਜਿਸ ਵਿੱਚ ਬਾਕੀ ਪੰਥਕ ਧਿਰਾਂ ਨੂੰ ਸਾਮਲ ਨਹੀ ਸੀ ਕੀਤਾ ਗਿਆ,ਫਿਰ ਵੀ ਅਕਾਲੀ ਦਲ ਵਾਲਿਆਂ ਨੇ ਪੰਜ ਸਿੰਘ ਸਾਹਿਬਾਨ ਦੇ ਹੁਕਮਾਂ ਦੀ ਪਾਲਣਾ ਨਹੀ ਕੀਤੀ।ਪੰਜ ਸਿੰਘ ਸਾਹਿਬਾਨ ਨੂੰ ਅਸਤੀਫੇ ਪਰਵਾਂਨ ਕਰਨ ਲਈ ਦਿੱਤਾ ਸਮਾ ਵੀ ਤਿੰਨ ਦਿਨ ਤੋ ਵਧਾਂ ਕੇ 20 ਦਿਨ ਕਰ ਦਿੱਤਾ ਗਿਆ,ਪਰ ਇੰਜ ਜਾਪਦਾ ਹੈ ਕਿ ਅਕਾਲੀ ਦਲ ਵਾਲੇ ਇਹਨਾਂ ਵੀਹਾਂ ਦਿਨਾਂ ਵਿੱਚ ਜਰੂਰ ਕੋਈ ਅਜਿਹੀ ਬਿਉਂਤ ਬਨਾਉਣਗੇ,ਜਿਸ ਨਾਲ ਪੁਰਾਣੀ ਲੀਡਰਸ਼ਿੱਪ ਨੂੰ ਹੀ ਜਿਉਂਦਾ ਕੀਤਾ ਜਾ ਸਕੇ।ਹੁਣ ਇੱਕ ਹੋਰ ਕਨੂੰਨੀ ਪੇਚੀਦਗੀ ਦਾ ਹੋ ਹੱਲਾ ਵੀ ਵੱਡੀ ਪੱਧਰ ਤੇ ਸੁਰੂ ਹੋ ਗਿਆ ਹੈ,ਉਹ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਉਹ ਕਮੇਟੀ,ਜਿਹੜੀ ਪੁਰਾਣੀ ਲੀਡਰਸ਼ਿੱਪ ਨੂੰ ਨਕਾਰ ਕੇ ਨਵੀਂ ਭਰਤੀ ਅਤੇ ਪਾਰਟੀ ਪ੍ਰਧਾਨ ਦੀ ਨਵੀਂ ਚੋਣ ਲਈ ਬਣਾਈ ਗਈ ਸੀ।ਉਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਵੀ ਬਿਆਨ ਅਖਬਾਰਾਂ ਵਿੱਚ ਛਪਿਆ ਹੈ ਕਿ ਸਿੰਘ ਸਾਹਿਬਾਨ ਨੂੰ ਵੀ ਇਸ ਕਨੂੰਨੀ ਪੇਚੀਦਗੀ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ,ਜਿਸ ਲਈ ਸਿੰਘ ਸਾਹਿਬਾਨ ਨੇ ਲਿਖਤੀ ਜਵਾਬ ਮੰਗਿਆ ਹੈ,ਪਰ ਸੋਚਣ ਵਾਲੀ ਗੱਲ ਇਹ ਹੈ ਕਿ ਲਿਖਤੀ ਜਵਾਬ ਦੇਣ ਤੋ ਬਾਅਦ ਕੀ ਸਿੰਘ ਸਾਹਿਬਾਨ ਅਪਣੇ ਫੈਸਲੇ ਨੂੰ ਬਦਲ ਸਕਦੇ ਹਨ ? ਕੀ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਸਰਬ ਉੱਚ ਸੰਸਥਾ ਜਿਹੜੀ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਦੁਨਿਆਵੀ ਸੱਤਾ ਨੂੰ ਰੱਦ ਕਰਕੇ ਸਿੱਖਾਂ ਦੀ ਅਜਾਦ ਪ੍ਰਭੂਸੱਤਾ ਦੇ ਪਰਤੀਕ ਵਜੋ ਖੜੀ ਕੀਤਾ ਗਈ ਸੀ,ਉਹ ਮਹਾਂਨ ਸੰਸਥਾ ਕਿਸੇ ਦੁਨਿਆਵੀ ਚੋਣ ਕਮਿਸ਼ਨ ਦੇ ਮੁਥਾਜ ਹੋ ਸਕਦੀ ਹੈ ? ਕੀ ਇਹ ਸਾਰਾ ਵਿਰਤਾਂਤ ਇਸ ਸੰਸਥਾ ਦੇ ਮੁੜ ਉੱਚੇ ਹੋਏ ਵਕਾਰ ਨੂੰ ਢਾਹ ਲਾਉਣ ਲਈ ਤਾਂ ਨਹੀ ਸਿਰਜਿਆ ਜਾ ਰਿਹਾ ? ਇਹਨਾਂ ਤੇ ਗੌਰ ਕਰਨ ਦੀ ਲੋੜ ਹੈ।ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਫਰਜ ਤਾਂ ਇਹ ਬਣਦਾ ਸੀ ਕਿ ਉਹ ਭਾਰਤੀ ਚੋਣ ਕਮਿਸ਼ਨ ਨੂੰ ਇਹ ਲਿਖਤੀ ਜਵਾਬ ਦਿੰਦੇ ਕਿ ਗੁਰੂ ਸਾਹਿਬਾਨ ਦੇ ਅਦੇਸ਼ਾਂ ਮੁਤਾਬਿਕ ਸਿੱਖਾਂ ਦੀ ਸਿਆਸਤ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਾਹਿਤ ਹੀ ਹੁੰਦੀ ਹੈ।ਸਿੱਖਾਂ ਦੀ ਸਿਆਸਤ ਨੂੰ ਸਾਡੇ ਛੇਵੇਂ ਪਾਤਸ਼ਾਹ ਨੇ ਧਰਮ ਦੇ ਕੁੰਡੇ ਅਧੀਨ ਰੱਖਿਆ ਹੈ,ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਏ ਹੁਕਮਾਂ ਮੁਤਾਬਿਕ ਸਿਆਸਤ ਕਰਨੀ ਹਰ ਸਿੱਖ ਦਾ ਨੈਤਿਕ ਫਰਜ ਹੈ,ਜਿਸਨੂੰ ਨਜ਼ਰ ਅੰਦਾਜ਼ ਨਹੀ ਕੀਤਾ ਜਾ ਸਕਦਾ।,ਪਰ ਸਾਡੇ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਪ੍ਰਧਾਨ ਤਾਂ ਚੋਣ ਕਮਿਸ਼ਨ ਨੂੰ ਜਵਾਬ ਦੇਣ ਦੀ ਬਜਾਏ ਸਿੰਘ ਸਾਹਿਬਾਨ ਨੂੰ ਚੋਣ ਕਮਿਸ਼ਨ ਦਾ ਡਰ ਦਿਖਾ ਰਹੇ ਹਨ।ਇਸ ਤੋ ਸਾਫ ਜਾਹਰ ਹੈ ਕਿ ਸਿੱਖਾਂ ਦੀ ਮੌਜੂਦਾ ਲੀਡਰਸ਼ਿੱਪ ਨਹੀ ਚਾਹੁੰਦੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਸਿੱਖ ਸਿਆਸਤ ਨੂੰ ਪ੍ਰਭਾਵਤ ਕਰੇ,ਕਿਉਂਕਿ ਭਾਰਤੀ ਸਟੇਟ ਨਾਲ ਸਾਂਝ ਭਿਆਲੀ ਰੱਖਕੇ ਸਿੱਖੀ ਸਿਧਾਂਤਾਂ ਦੀ ਰੌਸ਼ਨੀ ਵਿੱਚ ਸਿਆਸਤ ਕੀਤੀ ਹੀ ਨਹੀ ਜਾ ਸਕਦੀ।ਇਸ ਕਰਕੇ ਸਮੁੱਚੇ ਸਿੱਖ ਪੰਥ ਨੂੰ ਚਾਹੀਦਾ ਹੈ ਕਿ ਸਿੰਘ ਸਾਹਿਬਾਨ ਨੂੰ ਸੁਝਾਅ ਦੇਣ ਦੀ ਬਜਾਏ ਭਾਰਤੀ ਤੰਤਰ ਨੂੰ ਇਹ ਦੱਸਿਆ ਜਾਵੇ ਕਿ ਸਿੱਖ ਸਿਧਾਂਤ ਕੀ ਹਨ।ਸਿੱਖਾ ਦੀ ਰਾਜਨੀਤੀ ਕਿਵੇਂ ਦੀ ਹੋਵੇਗੀ।ਰਾਜਨੀਤੀ ‘ਤੇ ਧਰਮ ਦੇ ਕੁੰਡੇ ਵਾਲੇ ਸਿਧਾਂਤ ਦੀ ਵਿਆਖਿਆ ਹਰ ਸਿੱਖ ਨੂੰ ਖੁਦ ਨੂੰ ਜਾਨਣੀ ਅਤੇ ਅੱਗੇ ਦੱਸਣੀ ਹੋਵੇਗੀ।ਇਹ ਸਿੱਖਾਂ ਲਈ ਬਹੁਤ ਹੀ ਦਰਦ ਭਰੇ ਅਹਿਸਾਸ ਵਾਲਾ ਵਿਰਤਾਂਤ ਹੈ ਕਿ ਸਾਡੀਆਂ ਸੰਸਥਾਵਾਂ ਤੇ ਕਾਬਜ ਲੋਕ ਇਸ ਕਾਬਲ ਨਹੀ ਰਹੇ ਕਿ ਉਹ ਆਪਣੇ ਸਿਧਾਂਤਾਂ ਦੀ ਗੱਲ ਦ੍ਰਿੜਤਾ ਨਾਲ ਕਰ ਸਕਣ,ਜਾਂ ਉਹਨਾਂ ਤੇ ਪਹਿਰਾ ਦੇ ਸਕਣ,ਬਲਕਿ ਉਹ ਲੋਕ ਰਾਜਨੀਤਕ ਸੱਤਾ ਅਤੇ ਧਾਰਮਿਕ ਸੱਤਾ ( ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਵੱਡੀਆਂ ਸਿੱਖ ਸੰਸਥਾਵਾਂ) ਤੇ ਕਾਬਜ ਰਹਿਣ ਲਈ ਸਿੱਖੀ ਸਿਧਾਂਤਾਂ ਤੋ ਮੁਨਕਰ ਹੋਣ ਦੇ ਨਾਲ ਸਿਧਾਂਤਾਂ ਨੂੰ ਪ੍ਰਭਾਵਹੀਣ ਕਰਨ ਲਈ ਲੰਮੇ ਸਮੇ ਤੋ ਕੇਂਦਰੀ ਤਾਕਤਾਂ ਨਾਲ ਹੱਥ ਮਿਲਾ ਕੇ ਚੱਲ ਰਹੇ ਹਨ,ਜਿਸ ਦਾ ਖਮਿਆਜਾ ਸਿੱਖ ਕੌਂਮ ਨੂੰ ਆਪਣੀਆਂ ਮਹਾਂਨ ਸੰਸਥਾਵਾਂ ਅਤੇ ਸਿੱਖੀ ਸਿਧਾਂਤਾਂ ਦਾ ਮਲ਼ੀਆਮੇਟ ਕਰਵਾ ਕੇ ਝੱਲਣਾ ਪੈ ਰਿਹਾ ਹੈ।ਸੋ ਉਪਰੋਕਤ ਸਮੁੱਚੇ ਵਰਤਾਰਿਆਂ ਦੇ ਸੰਦਰਭ ਵਿੱਚ ਸਿੱਖਾ ਨੂੰ ਅਵੇਸਲੇਪਣ ਨੂੰ ਤਿਆਗ ਕੇ ਬੇਹੱਦ ਸਤੱਰਕਤਾ ਨਾਲ ਜਾਗਦੀ ਸੋਚ, ਖੁੱਲ੍ਹੀ ਅੱਖ ਅਤੇ ਜਿਉਂਦੀ ਜਮੀਰ ਨਾਲ ਸਿੱਖੀ ਸਿਧਾਂਤਾਂ ਦੀ ਰਾਖੀ ਕਰਨ ਲਈ ਦ੍ਰਿੜ ਸੰਕਲਪ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਨੂੰ ਸਦੀਵੀ ਕਾਇਮ ਰੱਖਣ ਲਈ ਤਿਆਰ ਬਰ ਤਿਆਰ ਰਹਿਣਾ ਪਵੇਗਾ।
ਬਘੇਲ ਸਿੰਘ ਧਾਲੀਵਾਲ
99142-58142