ਐਨ.ਸੀ.ਸੀ. ਇੰਚਾਰਜ ਮੰਗਤ ਰਾਮ ਜੀ ਦੀਆਂ ਯਾਦਾਂ - ਜਸਪਾਲ ਸਿੰਘ ਲੋਹਾਮ
ਪੰਜਾਬੀ ਸਾਡੀ ਮਾਂ ਬੋਲੀ ਹੈ ਇਹ ਸਭ ਤੋਂ ਪਿਆਰੀ ਬੋਲੀ ਹੈ। ਇਸ ਤੋਂ ਬਿਨ੍ਹਾਂ ਅਧੂਰੇ ਹਾਂ। ਅੰਗਰੇਜ਼ੀ ਵਿਸ਼ੇ ਦਾ ਵੀ ਬਹੁਤ ਮਹੱਤਵ ਹੈ ਇਸ ਵਿਚ ਪਰਪੱਕ ਹੋਣਾ ਬਹੁਤ ਜਰੂਰੀ ਹੈ। ਬਾਕੀ ਦੀਆਂ ਭਸ਼ਾਵਾਂ ਦੇ ਨਾਲ ਨਾਲ ਇਹ ਅੰਤਰਰਾਸ਼ਟਰੀ ਭਾਸ਼ਾ ਦਾ ਗਿਆਨ ਵੀ ਜਰੂਰੀ ਹੈ ਅਤੇ ਇਹ ਹੀ ਸਾਰੇ ਸੰਸਾਰ ਨੂੰ ਮਿਲਾਉਂਦੀ ਹੈ। ਗਿਆਨ ਜਿਸ ਭਾਸ਼ਾ ਵਿਚ ਮਿਲ ਜਾਵੇ ਉਹ ਚੰਗਾ ਹੀ ਹੈ। ਦੇਵ ਸਮਾਜ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਚ ਸ੍ਰੀ ਮੰਗਤ ਰਾਮ ਜੀ ਸਾਡੀ ਛੇਵੀਂ ਕਲਾਸ ਦੇ ਇੰਚਾਰਜ਼ ਸਨ ਅਤੇ ਉਹ ਸਾਨੂੰ ਅੰਗਰੇਜ਼ੀ ਪੜ੍ਹਾਉਂਦੇ ਸਨ। ਉਹ ਕਲਾਸ ਵਿਚ ਬਹੁਤ ਸਖ਼ਤ ਸਨ ਅਤੇ ਕਿਸੇ ਨੂੰ ਵੀ ਕੁਸਕਣ ਨਹੀਂ ਸੀ। ਉਹ ਹਰੇਕ ਬੱਚੇ ਵੱਲ ਧਿਆਨ ਦਿੰਦੇ ਸਨ। ਇਸ ਲਈ ਸਾਰੇ ਬੱਚੇ ਚੁਸਤ ਹੋ ਕੇ ਰਹਿੰਦੇ ਸਨ ਅਤੇ ਆਪਣੀ ਪੜ੍ਹਾਈ ਵੱਲ ਧਿਆਨ ਦਿੰਦੇ ਸਨ। ਉਹ ਬੜੀ ਮਿਹਨਤ ਕਰਾਉਂਦੇ ਸਨ। ਉਹ ਐਨ.ਸੀ.ਸੀ. ਦੇ ਇੰਚਾਰਜ਼ ਸਨ ਅਤੇ ਇਸ ਕੰਮ ਲਈ ਉਨ੍ਹਾਂ ਕੋਲ ਐਨ.ਸੀ.ਸੀ. ਵਾਸਤੇ ਇੱਕ ਵੱਖਰਾ ਕਮਰਾ ਸੀ। ਸਾਡਾ ਐਨ.ਸੀ.ਸੀ. ਵਾਲਾ ਕਮਰਾ ਸਕੂਲ ਦੇ ਦਫ਼ਤਰ ਦੇ ਨਜਦੀਕ ਸੀ ਅਤੇ ਇਸ ਕਮਰੇ ਵਿਚ ਵੱਡੀਆਂ ਪੇਟੀਆਂ ਪਈਆਂ ਸਨ ਜਿੰਨਾਂ ਵਿਚ ਐਨ.ਸੀ.ਸੀ. ਦੀਆਂ ਵਰਦੀਆਂ ਪਈਆਂ ਸਨ। ਇਹ ਕਮਰਾ ਪੂਰੀ ਤਰ੍ਹਾਂ ਸ਼ਿੰਗਾਰ ਕੇ ਰੱਖਿਆ ਹੋਇਆ ਸੀ। ਮੈਂ ਵੀ ਉਨ੍ਹਾਂ ਕੋਲ ਗਿਆ ਤੇ ਐਨ.ਸੀ.ਸੀ. ਵਿਚ ਆਪਣਾ ਨਾਂਅ ਲਿਖਵਾਉਣ ਲਈ ਬੇਨਤੀ ਕੀਤੀ। ਉਨ੍ਹਾਂ ਨੇ ਮੇਰੇ ਵੱਲ ਮੁਸਕਰਾ ਕੇ ਦੇਖਿਆ ਤੇ ਮੇਰਾ ਨਾਂਅ ਐਨ.ਸੀ.ਸੀ. ਰਜਿਸਟਰ ਵਿਚ ਦਰਜ ਕਰ ਦਿੱਤਾ। ਉਸ ਸਮੇਂ ਉਨ੍ਹਾਂ ਨੇ ਮੈਨੂੰ ਕਈ ਹਦਾਇਤਾਂ ਦਿੱਤੀਆਂ। ਕੁੱਝ ਦਿਨਾਂ ਬਾਅਦ ਸਾਨੂੰ ਐਨ.ਸੀ.ਸੀ. ਦੀਆਂ ਵਰਦੀਆਂ ਜਾਰੀ ਕਰ ਦਿੱਤੀਆਂ ਜਿਸ ਸ਼ਰਟ, ਪੈਂਟ, ਟਾਈ, ਬੈਜ, ਬਿਲਟ ਆਦਿ ਸਨ। ਮੈਨੂੰ ਤਾਂ ਵਰਦੀ ਦਾ ਚਾਅ ਚੜ੍ਹ ਗਿਆ ਕਿਉਂਕਿ ਫੌਜੀ ਦਿੱਖ ਮੈਨੂੰ ਪਹਿਲਾਂ ਤੋਂ ਹੀ ਚੰਗੀ ਲੱਗਦੀ ਹੈ। ਮੈਂ ਘਰ ਜਾ ਕੇ ਵਰਦੀ ਚੰਗੀ ਧੁਆ ਲਈ ਅਤੇ ਪ੍ਰੈਸ ਕਰਕੇ ਆਪਣੀ ਬਾਰੀ ਵਿਚ ਰੱਖ ਲਈ। ਬਿਲਟ ਤੇ ਪਾਊਡਰ ਮਲ ਕੇ ਬਿਲਟ ਚੰਗੀ ਤਰ੍ਹਾਂ ਚਮਕਾ ਲਈ। ਇੱਕ ਦਿਨ ਸਰ ਨੇ ਸਾਰਿਆਂ ਨੂੰ ਸ਼ਾਮ ਨੂੰ 4.00 ਵਜੇ ਬੁਲਾਇਆ। ਅਸੀਂ ਸਾਰੇ ਸਮੇਂ ਸਿਰ ਪਹੁੰਚ ਗਏ। ਇਸ ਮੌਕੇ ਫ਼ੌਜੀ ਸਰ ਵੀ ਆਏ ਹੋਏ ਸਨ। ਉਨ੍ਹਾਂ ਨੇ ਸਾਰਿਆਂ ਨੂੰ ਤਿੰਨ ਲਾਇਨਾਂ ਵਿਚ ਖੜ੍ਹੇ ਕਰਵਾ ਲਿਆ। ਉਨ੍ਹਾਂ ਨੇ ਪਹਿਲਾਂ ਜਾਣਕਾਰੀ ਦਿੱਤੀ। ਫਿਰ ਦੱਬ ਕੇ ਪਰੇਡ ਕਰਵਾਈ। ਥੋੜੇ ਸਮੇਂ ਬਾਅਦ ਰਿਫਰੈਸ਼ਮੈਂਟ ਵੀ ਆ ਗਈ। ਸਾਰੇ ਵਿਦਿਆਰਥੀਆਂ ਨੂੰ ਪਲੇਟ ਵਿਚ ਇੱਕ ਇੱਕ ਸਮੋਸਾ ਅਤੇ ਇੱਕ ਇੱਕ ਬਰਫੀ ਦਾ ਪੀਸ ਦਿੱਤਾ ਗਿਆ। ਇਸ ਤਰ੍ਹਾਂ ਕਈ ਵਾਰ ਸ਼ਾਮ ਨੂੰ ਪਰੇਡ ਕਰਵਾਈ ਗਈ ਅਤੇ ਸਾਨੂੰ ਪਰੇਡ ਵਿਚ ਮਾਹਿਰ ਬਣਾ ਦਿੱਤਾ। ਇਸ ਤਰ੍ਹਾਂ ਅਸੀਂ 26 ਜਨਵਰੀ ਅਤੇ 15 ਅਗਸਤ ਵਾਲੇ ਦਿਨ ਪਰੇਡ ਕਰਨ ਲਈ ਜਾਂਦੇ ਸਨ। ਬੜੀ ਖੁਸ਼ੀ ਹੁੰਦੀ ਸੀ। ਇੱਕ ਦਿਨ ਸਰ ਸਾਨੂੰ ਡੀ.ਐਮ. ਕਾਲਜ ਦੀਆਂ ਬਾਹਰਲੀਆਂ ਗਰਾਂਊਡਾਂ ਵਿਚ ਲੈ ਕੇ ਗਏ। ਉੱਥੇ ਸਾਰਾ ਦਿਨ ਐਨ.ਸੀ.ਸੀ. ਦੀਆਂ ਗਤੀਧਿੀਆਂ ਚੱਲਣੀਆਂ ਸਨ। ਇਥੇ ਇੱਕ ਪਾਸੇ ਇੱਕ ਬਹੁਤ ਉੱਚੀ ਕੰਧ ਕੱਢੀ ਹੋਈ ਸੀ। ਕੰਧ ਦੇ ਅਧਾਰ ਦੇ ਆਲੇ ਦੁਆਲੇ ਉੱਚੀ ਕਰਕੇ ਮਿੱਟੀ ਚੜ੍ਹਾਈ ਹੋਈ ਸੀ। ਇਥੇ ਟਾਰਗੇਟ ਫਿੱਟ ਕੀਤੇ ਗਏ ਸਨ ਅਤੇ ਦੂਰ ਇੱਕ ਥਾਂ ਤੇ ਪੁਜੀਸ਼ਨ ਲੈਣ ਲਈ ਜਗ੍ਹਾ ਤੇ ਮਾਰਕ ਕੀਤਾ ਸੀ। ਦੂਰ ਦੂਰ ਤੱਕ ਫੌਜੀ ਖੜਾਏ ਹੋਏ ਸਨ ਜੋ ਲੰਘਣ ਵਾਲੇ ਲੋਕਾਂ ਨੂੰ ਦੂਰ ਦੀ ਜਾਣ ਲਈ ਕਹਿੰਦੇ ਸਨ। ਫੌਜੀ ਸਰ ਨੇ ਪਹਿਲਾਂ ਸਾਨੂੰ ਰਾਈਫ਼ਲ ਚਲਾਉਣੀ ਸਿਖਾਈ। ਕਿਵੇਂ ਰਾਈਫਲ ਫੜ੍ਹਨੀ ਹੈ, ਕਿਵੇਂ ਗੋਲੀ ਪਾਉਣੀ ਹੈ, ਕਿਵੇਂ ਸਾਹ ਰੋਕ ਨਿਸ਼ਾਨਾ ਸਾਧਣਾ ਹੈ। ਅਸੀਂ ਚੰਗੀ ਤਰ੍ਹਾਂ ਸਿੱਖ ਲਿਆ। ਜਦੋਂ ਮੇਰੀ ਵਾਰੀ ਆਈ ਤਾਂ ਮੈਂ ਰਾਈਫਲ ਫੜੀ ਤੇ ਗੋਲੀ ਰਾਈਫਲ ਵਿਚ ਪਾ ਕੇ ਅੱਖ ਮੀਚ ਕੇ ਦੋਨੇ ਨਿਸ਼ਾਨਾਂ ਨੂੰ ਸੇਧ ਵਿਚ ਕਰਕੇ ਨਿਸ਼ਾਨਾਂ ਟਾਰਗੇਟ ਤੇ ਸਾਧਿਆ। ਗੋਲੀ ਸਿੱਧੀ ਕੇਂਦਰ ਵਿਚ ਜਾ ਵੱਜੀ। ਅੱਜ ਜਿੰਦਗੀ ਵਿਚ ਪਹਿਲੀ ਵਾਰ ਰਾਈਫਲ ਹੱਥ ਵਿਚ ਫੜੀ ਸੀ ਅਤੇ ਰਾਈਫਲ ਚਲਾ ਕੇ ਬਹੁਤ ਮਜ਼ਾ ਆਇਆ। ਬਾਕੀ ਦੇ ਸਮੇਂ ਵਿਚ ਪਰੇਡ ਕਰਵਾਈ ਗਈ। ਸਾਨੂੰ ਵੱਡੀ ਮਸ਼ੀਨਗੰਨ ਅਤੇ ਸਟੇਨਗੰਨ ਵੀ ਵਿਖਾਈ ਗਈ। ਸ਼ਾਮ ਹੋ ਗਈ ਸੀ ਤੇ ਸਾਨੂੰ ਘਰਾਂ ਨੂੰ ਵਾਪਸ ਭੇਜ ਦਿੱਤਾ। ਇਸੇ ਤਰ੍ਹਾਂ ਇੱਕ ਦਿਨ ਸਰ ਨੇ ਕਲਾਸਾਂ ਵਿਚ ਸੁਨੇਹਾ ਭਜਵਾਇਆ ਕਿ ਐਨ.ਸੀ.ਸੀ. ਦਾ ਕੈਂਪ ਪਾਲਮਪੁਰ ਵਿਖੇ ਲੱਗਣਾ ਹੈ ਅਤੇ ਆਪਣੀ ਤਿਆਰੀ ਖਿੱਚ ਲਓ ਅਤੇ ਘਰ ਜਾ ਕੇ ਦੱਸ ਦਿਓ। ਇਹ ਸੁਣ ਕੇ ਅਸੀਂ ਬਹੁਤ ਖੁਸ਼ ਹੋਏ ਕਿ ਕੈਂਪ ਲਾਉਣ ਲਈ ਬਾਹਰ ਜਾ ਰਹੇ ਹਾਂ। ਬੜਾ ਮਜ਼ਾ ਆਵੇਗਾ। ਮੈਂ ਘਰ ਜਾ ਕੇ ਭਾਪਾ ਜੀ ਨੂੰ ਦੱਸਿਆ ਤੇ ਉਨ੍ਹਾਂ ਨੇ ਮੈਨੂੰ ਐਨ.ਸੀ.ਸੀ. ਕੈਂਪ ਤੇ ਜਾਣ ਦੀ ਆਗਿਆ ਦੇ ਦਿੱਤੀ। ਘਰ ਵਿਚ ਇੱਕ ਲੋਹੇ ਦਾ ਟਰੰਕ ਪਿਆ ਸੀ ਉਸ ਵਿਚ ਮੈਂ ਆਪਣੇ ਕੱਪੜੇ, ਵਰਦੀ, ਚੀਨੀ ਦੇ ਭਾਂਡੇ ਆਦਿ ਪਾ ਲਏ ਅਤੇ ਸਕੂਲ ਚਲਾ ਗਿਆ। ਇਥੇ ਫੌਜੀ ਟਰੱਕ ਖੜਾ ਸੀ ਜਿਸਨੇ ਸਾਨੂੰ ਰੇਲਵੇ ਸਟੇਸ਼ਨ ਤੇ ਪਹੁੰਚਾ ਦਿੱਤਾ। ਅਸੀਂ ਆਪਣਾ ਸਮਾਨ ਰੇਲਗੱਡੀ ਵਿਚ ਰੱਖ ਦਿੱਤਾ। ਇਸ ਤਰ੍ਹਾਂ ਰੇਲਗੱਡੀ ਪਾਲਮਪੁਰ ਪਹੁੰਚ ਗਈ। ਅਸੀਂ ਸਟੇਸ਼ਨ ਤੇ ਉੱਤਰ ਗਏ ਅਤੇ ਸਮਾਨ ਬਾਹਰ ਕੱਢ ਲਿਆ। ਇਥੇ ਸਾਨੂੰ ਕੁੱਝ ਹਦਾਇਤਾਂ ਦੇ ਕੇ ਫੌਜੀ ਟਰੱਕ ਵਿਚ ਬਿਠਾ ਲਿਆ। ਕੁੱਝ ਸਮੇਂ ਬਾਅਦ ਅਸੀਂ ਆਪਣੇ ਕੈਂਪ ਵਿਚ ਪਹੁੰਚ ਗਏ ਇਹ ਥਾਂ ਸ਼ਹਿਰ ਤੋਂ ਦੂਰ ਸੀ। ਇਹ ਪੱਧਰੀ ਥਾਂ ਸੀ ਅਤੇ ਅਸੀਂ ਆਪਣਾ ਸਮਾਨ ਆਪਣੇ ਟੈਂਟ ਵਿਚ ਰੱਖ ਲਿਆ। ਸਾਡਾ ਇਹ ਕੈਂਪ ਦਸ ਦਿਨ ਦਾ ਸੀ। ਕੈਂਪ ਵਿਚ ਸਵੇਰ ਦੇ ਸਮੇਂ ਜਲਦੀ ਬੁਲਾ ਕੇ ਸੈਰ ਕਰਵਾਈ ਜਾਂਦੀ। ਫਿਰ ਨਾਸ਼ਤਾ ਦਿੱਤਾ ਜਾਂਦਾ ਸੀ। ਉਸ ਤੋਂ ਬਾਅਦ ਵੱਖ ਵੱਖ ਸਮੇਂ ਤੇ ਗਤੀਵਿਧੀਆਂ ਚੱਲਦੀਆਂ ਸਨ। ਫਿਰ ਦੁਪਹਿਰ ਦਾ ਖਾਣਾ ਅਤੇ ਫਿਰ ਸ਼ਾਮ ਨੂੰ ਚਾਹ ਅਤੇ ਰਾਤ ਦਾ ਖਾਣਾ। ਵੈਸੇ ਤਾਂ ਨਹਾਉਣ ਲਈ ਟੈਂਕੀ ਟੂਟੀਆਂ ਸਨ ਪਰ ਕਈ ਵਾਰ ਨੇੜੇ ਛੋਟੀ ਜਿਹੀ ਨਦੀ ਵਿਚ ਨਹਾਉਣ ਲਈ ਚਲੇ ਜਾਂਦੇ ਸੀ। ਨਦੀ ਵਿਚ ਖੂਬ ਅਨੰਦ ਆਉਂਦਾ ਸੀ। ਕੈਂਪ ਵਿਚ ਇੱਕ ਦਿਨ ਨਿਸ਼ਾਨੇਬਾਜੀ ਮੁਕਾਬਲੇ ਸਨ। ਇਸ ਵਿਚ ਮੈਂ ਵੀ ਭਾਗ ਲਿਆ ਅਤੇ ਜਦੋਂ ਮੇਰੀ ਵਾਰੀ ਆਈ ਤਾਂ ਮੈਂ ਹੇਠਾਂ ਪੁਜੀਸ਼ਨ ਲੈ ਕੇ ਰਾਈਫ਼ਲ ਫੜ੍ਹ ਲਈ। ਮੈਂ ਆਪਣੇ ਟਾਰਗੇਟ ਤੇ ਸਾਰੀਆਂ ਗੋਲੀਆਂ ਕੇਂਦਰ ਵਿਚ ਲਗਾ ਦਿੱਤੀਆਂ। ਮੈਨੂੰ ਬਹੁਤ ਖੁਸ਼ੀ ਹੋਈ। ਸਾਡੇ ਮੰਗਤ ਰਾਮ ਸਰ ਜੀ ਨੇ ਮੈਨੂੰ ਸ਼ਬਾਸ਼ ਦਿੱਤੀ। ਇਥੇ ਫਿਰ ਸਾਨੂੰ ਵੱਖ ਵੱਖ ਤਰ੍ਹਾਂ ਦੀਆਂ ਮਸ਼ੀਨਗੰਨਾਂ ਦਿਖਾਈਆਂ ਗਈਆਂ ਜਿਹੜੀਆਂ ਗੋਲੀਆਂ ਇਸ ਵਿਚ ਪੈਂਦੀਆਂ ਉਹ ਵੀ ਦਿਖਾਈਆਂ ਗਈਆਂ। ਜੇਤੂਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ। ਇਸ ਤਰ੍ਹਾਂ ਦਸ ਦਿਨ ਐਨ.ਸੀ.ਸੀ. ਕੈਂਪ ਵਿਚ ਬਤੀਤ ਕਰਕੇ ਘਰ ਵਾਪਸ ਆਏ। ਐਨ.ਸੀ.ਸੀ. ਦੇ ਕੈਂਪ ਵਿਚ ਲਿਜਾਣ ਦਾ ਸਾਰਾ ਸਿਹਰਾ ਮੰਗਤ ਰਾਮ ਸਰ ਜੀ ਨੂੰ ਜਾਂਦਾ ਹੈ ਜਿਹੜੇ ਸਾਨੂੰ ਚੁਣ ਕੇ ਨਾਲ ਲੈ ਕੇ ਗਏ। ਸਰ ਅਕਸਰ ਹੀ ਸ਼ਾਮ ਨੂੰ ਕਸ਼ਮੀਰੀ ਪਾਰਕ ਸੈਰ ਲਈ ਜਾਂਦਿਆਂ ਕਈ ਵਾਰ ਰਸਤੇ ਵਿਚ ਅਤੇ ਕਈ ਵਾਰ ਪਾਰਕ ਵਿਚ ਮਿਲਦੇ ਸਨ। ਉਨ੍ਹਾਂ ਦੇ ਚਰਨ ਸਪਰਸ਼ ਕਰਕੇ ਮਨ ਨੂੰ ਸਾਕੂਨ ਮਿਲਦਾ ਸੀ। ਮੈਂ ਸਰ ਦਾ ਹਾਲ ਚਾਲ ਪੁੱਛ ਕੇ ਫ਼ਿਰ ਅੱਗੇ ਸੈਰ ਨੂੰ ਨਿਕਲਦਾ ਸੀ। ਉਹ ਹੌਲੀ ਹੌਲੀ ਤੁਰਦੇ ਸਨ। ਬੇਸ਼ੱਕ ਉਹ ਅੱਜ ਨਹੀਂ ਹਨ ਫਿਰ ਵੀ ਉਨ੍ਹਾਂ ਦੀਆਂ ਯਾਦਾਂ ਮੇਰੇ ਮਨ ਵਿਚ ਵੱਸੀਆਂ ਹੋਈਆਂ ਹਨ।
ਪਤਾ: ਲੇਖਕ: ਜਸਪਾਲ ਸਿੰਘ ਲੋਹਾਮ
ਮਕਾਨ ਨੰਬਰ: AFF, ਗਲੀ ਹਜਾਰਾ ਸਿੰਘ ਮੋਗਾ-ADB@@A
ਮੋਬਾਇਲ: IGHA@-D@AD@
ਈਮੇਲ: jaspal.loham@gmail.com