ਸਾਹਿਬ ਦੇ ਸਾਹਿਬਜ਼ਾਦਿਆਂ, ਦੀਆਂ ਵਿਲੱਖਣ ਸ਼ਹਾਦਤਾਂ ਨੂੰ ਕਰੋੜਾਂ ਨਮਨ ! - ਬਿੱਟੂ ਅਰਪਿੰਦਰ ਸਿੰਘ

ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸੰਸਾਰ ਚ, ਹੋਈਆਂ ਤਮਾਮ ਸ਼ਹਾਦਤਾਂ ਦਾ ਸਿੱਖਰ ਨੇ ! ਕਮਾਲ ਦੀ ਗੱਲ ਇਹ ਹੈ ਕਿ “ਸਾਹਿਬ ਏ ਕਮਾਲ” ਰਣ ਤੱਤੇ ਚ, ਜੂਝਣ ਲਈ ਆਪਣੇ ਪੁੱਤ ਹੱਥੀਂ ਸਵਾਰ ਰਹੇ ਨੇ ! ਕਲਗੀਆਂ ਸਵਾਹਰੀਆਂ ਹੋ ਰਹੀਆਂ ਨੇ ! ਕਮਰ ਕੱਸੇ ਕੀਤੇ ਜਾ ਰਹੇ ਨੇ ! ਗਜ਼ਬਾਂ ਦਾ ਜਲੌਅ ਏ ਸਾਹਿਬ ਦੇ ਫਰਜੰਦਾਂ ਦੇ ਨੂਰਾਨੀ ਮੁਖੜਿਆਂ ਤੇ….!
ਕਮਾਲ ਦੀ ਗੱਲ ! ਅਬ ਜੂਝਣ ਕਾ ਚਾਓ ! ਅੱਜ ਸਵਾ ਲੱਖ ਨਾਲ ਇਕ ਲੜਾਉਣ ਦਾ ਰਿਕਾਰਡ ਤੋੜਨ ਜਾ ਰਹੇ ਨੇ ਗੁਰੂ ਦੇ ਫਰਜੰਦ ਤੇ ਪਿਆਰੇ , ਭਾਵ ਦੱਸ ਲੱਖ ਜਰਵਾਣਿਆਂ ਨਾਲ ਟਕਰਾਉਣ ! ਹੈ ਨਾਂ ਧਰਤੀ ਦੀ ਹਿੱਕ ਤੇ ਅਸਾਵਾਂ ਤੇ ਵਿਲੱਖਣ ਮਹਾਂਯੁਧ ! ਦੋ ਜਹਾਨ ਦੇ ਵਾਲੀ ਪਾਤਸ਼ਾਹ ਆਪ ਕੱਚੀ ਗੜ੍ਹੀ ਦੀ ਮਮਟੀ ਤੇ ਨਜ਼ਾਰਾ ਵੇਖ ਰਹੇ ਨੇ ! ਖੜਕਦੀਆਂ ਤੇਗ਼ਾਂ ਦੇ ਚੰਗਿਆੜੇ ਨਿਕਲ ਰਹੇ ਹਨ ! ਜਰਵਾਣਿਆਂ ਦੇ ਸਿਰ ਧੜਾਂ ਤੋ ਵੱਖ ਹੋ ਹਵਾ ਚ, ਘੁੰਮਣ ਘੇਰੀਆਂ ਖਾਂਦੇ ਖ਼ਰਬੂਜ਼ਿਆਂ ਵਾਂਗ ਜਮੀਂ ਤੇ ਰਿੜ ਰਹੇ ਹਨ ! ਕਲਗੀਧਰ ਪਾਤਸ਼ਾਹ ਜੀ ਜੰਗੀ ਜੌਹਰ ਵੇਖ ਅਸ਼ ਅਸ਼ ਕਰ ਰਹੇ ਹਨ ! ਮਹਾਕਾਲ ਦੇ ਸ਼ੁਕਰਾਨੇ ਹੋ ਰਹੇ ਨੇ ! …..ਤੇ ਅਖੀਰ ਸੂਰਜ ਡੁੱਬਣ ਤੱਕ ਦੋਵੇਂ ਸਾਹਿਬਜ਼ਾਦੇ ਵੀਰ ਗਤੀ ਨੂੰ ਪ੍ਰਾਪਤ ਹੋ ਜਾਂਦੇ ਨੇ ਦੋਹਾਂ ਯੁੱਧਵੀਰਾਂ ਦੀ ਸ਼ਹਾਦਤ ਤੇ ਵਾਰੀ ਵਾਰੀ ਸਤਿਗੁਰ ਜੈਕਾਰੇ ਲਾਉਂਦੇ ਸ਼੍ਰੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਨੇ ! ਧੰਨ ਗੁਰੂ ਧੰਨ ਗੁਰੂ ਪਿਆਰੇ !
ਦੂਜੇ ਪਾਸੇ ਜੋ ਵਰਤਾਰਾ ਹੋਣ ਜਾ ਰਿਹਾ ਓਹ ਨਾਂ ਕਦੇ ਕਿਸੇ ਖੰਡ ਬ੍ਰਹਿਮੰਡ ਤੇ ਹੋਇਆ ਨਾਂ ਹੋਵੇਗਾ ! ਓਧਰ ਦਾਦੀ ਮਾਤਾ ਗੁਜਰੀ ਜੀ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਤਿਆਰ ਬਰ ਤਿਆਰ ਕਰ ਰਹੇ ਹਨ । ਸ਼ਹੀਦ ਦਾਦੇ ਦੇ ਪੋਤਰੇ ਦਾਦੀ ਮਾਤਾ ਜੀ ਕੋਲੋਂ ਵੱਡੇ ਬਾਬੇ ਦੇ ਅਡੋਲ ਤੱਤੀ ਤਵੀ ਤੇ ਬਹਿਣ ਦੀ ਸਾਖੀ ਸੁਣ ਨਿਰਭੈ ਨੇ ਅਡੋਲ ਚਿੱਤ ਨੇ ! ਨੰਨੀਆਂ ਉਮਰਾਂ ਆਪਣੇ ਆਪ ਨੂੰ ਬਾਬੇ ਸਮਝ ਤਿਆਰ ਬਰ ਤਿਆਰ ਨੇ !
ਸੂਬੇ ਦੇ ਅਹਿਲਕਾਰਾਂ ਸੋਚਿਆ ਨਿੱਕੇ ਨਿਆਣੇ ਨੇ ਡੇਹਰੀ ਦਾ ਨਿੱਕਾ ਬੂਹਾ ਝੁਕ ਕੇ ਲੰਘਣ ਗੇ ਪਰ ਬਾਬਿਆਂ ਪਹਿਲਾਂ ਜੁੱਤੀ ਵਾਲਾ ਪੈਰ ਪਾਇਆ ਤੇ ਫੇਰ ਹਿੱਕ ਤਾਣ ਅੰਦਰ ਦਾਖਲ ਹੋਏ ! ਸੂਬਾ ਜਿਸਨੂੰ ਲੋਕ “ਜਾਂਹ ਪਨਾਹ” ਕਹਿ ਕੇ ਸੰਬੋਧਨ ਹੁੰਦੇ ਸਨ ਪਹਿਲੀ ਵੀਰ ਨਿੱਕੇ ਬਾਬਿਆਂ ਦੇ ਮੁਖ਼ਾਰਬਿੰਦ ਤੋਂ “ਓ ਸੂਬਿਆ” ਸੁਣ ਕੇ ਹੱਕਾ ਬੱਕਾ ਰਹਿ ਗਿਆ ! ਲਾਲਚ ਦਿੱਤੇ ਗਏ , ਡਰਾਵੇ ਦਿੱਤੇ ਗਏ , ਤੱਸਦਦ ਕੀਤਾ ਗਿਆ , ਨੀਹਾਂ ਚ, ਚਿਣੇ ਗਏ ਤੇ ਅੰਤ ਜਿਬਾਹ ਕਰ ਸ਼ਹੀਦ ਕਰ ਦਿੱਤੇ !ਹਕੂਮਤ ਨੇ ਆਪਣੀ ਸਦੀਆ ਪੁਰਾਣੀ ਸਲਤਨਤ ਦਾ ਆਪਣੇ ਹੱਥੀਂ ਅੰਤ ਕਰ ਲਿਆ ! ਸਾਹਿਬ ਦੇ ਸਾਹਿਬਜ਼ਾਦੇ ਔਰੰਗੇ ਦੀ ਹਕੂਮਤ ਦੇ ਕਫ਼ਨ ਚ, ਕਿਲ ਸਾਬਿਤ ਹੋਏ ! ਨਿੱਕਾ ਬਾਬਾ ਫ਼ਤਿਹ ਸਿੰਘ ਜੀ ਮੁਗਲਾਂ ਤੇ ਫ਼ਤਿਹ ਪਾ ਹਿੰਦੋਸਤਾਨ ਨੂੰ ਜ਼ੁਲਮਾਂ ਤੋਂ ਸਦੀਵੀ ਨਿਜਾਤ ਦਿਵਾ ਗਿਆ !
ਸਾਹਿਬਜ਼ਾਦਿਆਂ ਬਾਰੇ ਬੜਾ ਕੁਹ ਲਿਖਿਆ ਜਾ ਸਕਦਾ ਪਰ ਜੋ ਮੈਂ ਇੱਕ ਵਿਲੱਖਣ ਗੱਲ ਪੜੀ ਉਹ ਵੀ ਨਾਲ ਸਾਂਝੀ ਕਰ ਕਿ ਸਿਜਦਾ ਕਰਾਂ ਕਿ ਕਿੰਓ ਗੁਰੂ ਦੇ ਨਿੱਕੇ ਲਾਲਾਂ ਦੀ ਸ਼ਹਾਦਤ ਵਿਲੱਖਣ ਹੈ । ਮਹਾਂਭਾਰਤ ਵਿਚ ਬਿਆਸ ਜੀ ਕਹਿੰਦੇ ਹਨ, “ਕਾਮਨਾ ਤੋਂ, ਲੋਭ ਤੋਂ, ਜਾਂ ਪ੍ਰਾਣ ਬਚਾਉਣ ਦੀ ਲਾਲਸਾ ਤੋਂ ਧਰਮ ਦਾ ਤਿਆਗ ਕਦੇ ਨਾ ਕਰਨਾ। ਧਰਮ ਨਿੱਤ ਹੈ, ਸੁਖ ਦੁੱਖ ਤਾਂ ਸਭ ਅਨਿੱਤ ਹਨ ।
” ਡਾ. ਬਲਬੀਰ ਸਿੰਘ ਜੀ ਮਹਾਂਭਾਰਤ ਦੇ ਉਪਰੋਕਤ ਹਵਾਲੇ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਕਹਿੰਦੇ ਹਨ, “ਇਉਂ ਲਗਦਾ ਹੈ ਬਿਆਸ ਜੀ, ਖੁਦ ਅੱਜ ਸਰਹਿੰਦ ਵੱਲ ਤੱਕ ਰਹੇ ਹਨ ਤੇ ਕਹਿ ਰਹੇ ਹਨ, “ਹੇ ਪ੍ਰਮਾਤਮ ਦੇਵ, ਕੀ ਇਹ ਸੰਭਵ ਹੈ, ਐਸ ਬਾਲ ਅਵਸਥਾ ਵਿਚ ਐਸ ਅਧੋਗਤੀ ਦੇ ਸਮੇਂ ਵਿਚ ਇਹ ਦੋ ਸੁਕੁਮਾਰ ਦ੍ਰਿੜ੍ਹ ਰਹਿ ਸਕਣ। ਹੇ ਦੇਵ ! ਮਹਾਂਭਾਰਤ ਦਾ ਆਸ਼ਾ ਪੂਰਨ ਹੋਣ ਲੱਗਾ ਹੈ । ਹੇ ਦੇਵ ! ਇਹ ਮੇਰੇ ਮੰਤਵ ਤੋਂ ਵੀ ਗੱਲ ਵੱਧ ਗਈ ਹੈ । ਮੇਰੇ ਖਿਆਲ ਵਿਚੋਂ ਕਦੇ ਮਾਸੂਮ ਬੱਚੇ ਨਹੀਂ ਸਨ ਲੰਘੇਹੇ ਦੇਵ ! ਹੁਣ ਬਸ ਕਰੋ, ਹੋਰ ਦੇਖਿਆ ਨਹੀਂ ਜਾਂਦਾ, ਤ੍ਰਾਹ ਤ੍ਰਾਹ !”
ਧੁਰ ਉੱਪਰ, ਦੂਰ ਉੱਚੇ ਖੰਡ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਗਦ-ਗਦ ਹੋ ਰਹੇ ਸਨ, ਮਾਨੋ ਉਹ ਕਹਿ ਰਹੇ ਹਨ “ਸ਼ਾਬਾਸ਼ ਬੱਚਿਓ! ਸ਼ਾਬਾਸ਼ ਬੱਚਿਓ !! ਤੁਸੀਂ ਜਦੋਂ ਅਜੇ ਸੰਸਾਰ ਵਿਚ ਨਹੀਂ ਸੀ ਉਪਜੇ ਮੈਂ ਉਸ ਵੇਲੇ ਤੁਹਾਡੀ ਹੀ ਆਤਮਾ ਨੂੰ, ਜੋ ਅਨੰਤ ਦੀ ਗੋਦ ਵਿਚ ਬੈਠੀ ਸੀ, ਨਿਰਭੈਤਾ ਦੀ ਪ੍ਰਾਣ ਕਲਾ ਨਾਲ ਸਫੁਰਤ ਕਰ ਰਿਹਾ ਸਾਂ ਆਓ ਲਾਲੋ ! ਆਓ ਆਪਣੇ ਦਾਦੇ ਦੀ ਗੋਦ ਵਿਚ ਆਓ ! ਤੁਸੀਂ ਆਪਣੀ ਵਯਕਤੀ ਆਪਣੇ ਨਾਂ ਵਿਚ ਛੱਡ ਆਏ ਹੋ। ਆਓ! ਤੁਹਾਡਾ ਨਾਂ ਕੌਮ ਦੇ ਖੂਨ ਦੀ ਤੜਪ ਵਿਚ ਹਮੇਸ਼ਾਂ ਜ਼ਿੰਦਾਂ ਰਹੇਗਾ। ਆਓ, ਦਾਦੇ ਦੀ ਗੋਦ ਵਿਚ ਅਵਯੁਕਤ ਬਿਸ੍ਰਾਮ ਲਏ ।”
ਸੋ ਇਹਨਾਂ ਮਹਾਨ ਸ਼ਹਾਦਤਾਂ ਵੱਲ ਤੇ ਦੁਨੀਆ ਦੇ ਇਤਿਹਾਸ ਵੱਲ ਨਿਗਾਹ ਮਰਿਆਂ ਇਹੋ ਗੱਲ ਸਾਹਮਣੇ ਆਉਂਦੀ ਕਿ ਸੰਸਾਰ ਦੀਆਂ “ਸਮੱਸਤ ਸ਼ਹਾਦਤਾਂ ਨੂੰ ਚਾਰ ਚੰਨ ਲਾਉਣ ਵਾਲੀਆਂ ਚਾਰ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੀ ਨੇ”
ਸ਼ਹਾਦਤਾਂ ਨੂੰ ਕੋਟਾਨਿ ਕੋਟਿ ਨਮਨ !
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ !
ਬਿੱਟੂ ਅਰਪਿੰਦਰ ਸਿੰਘ
ਫ਼ਰੈਂਕਫ਼ੋਰਟ ਜਰਮਨ