ਅੱਸੀ ਕਰੋੜ ਠੂਠੇ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਇਕ ਸੌ ਚਾਲੀ ਕਰੋੜ ਦੇ ਵਿੱਚੋਂ, ਅੱਸੀ ਕਰੋੜ ਨੇ ਠੂਠੇ,
ਵਾਹ ਉਏ ਹਿੰਦੋਸਤਾਨਾਂ ਤੇਰੇ, ਕੰਮ ਨੇ ਬੜੇ ਅਨੂਠੇ।

ਗਰੀਬ ਹੋਰ ਗਰੀਬ ਹੋ ਰਹੇ, ਦਰ ਦਰ ਉੱਤੇ ਮੰਗਤੇ,
ਮੋਦੀ, ਸ਼ਾਹ, ਅੰਬਾਨੀ, ਅਡਾਨੀ, ਲੈਣ ਸੁਰਗ ਦੇ ਝੂਟੇ।

ਵਿਸ਼ਵ ਗੁਰੂ ਬਣਨ ਦੀ ਇੱਛਾ, ਤੇਰਾ ਨੇਤਾ ਪਾਲੇ,
ਜਿਸ ਦੇ ਸਾਰੇ ਦਾਅਵੇ ਵਾਅਦੇ, ਨਿੱਤ ਦਿਨ ਨਿਕਲੇ ਝੂਠੇ।

ਲੋਕ ਰਾਜ ਦੇ ਪੜਦੇ ਪਿੱਛੇ, ਵਿਕਾਸ ਹੈ ਕਿਸ ਦਾ ਕਰਨਾ?
ਜਦ ਸੰਵਿਧਾਨ ਦੇ ਸਾਰੇ ਰੂਲ, ਚਾੜ੍ਹੇ ਬਲ਼ਦੀ ਦੇ ਬੂਥੇ।

ਖਰੀਦ ਖਰੀਦ ਕੇ ਸਾਰੇ ਗੁੰਡੇ, ਆਪਣੇ ਪਿੱਛੇ ਲਾ ਕੇ,
ਕੀਤਾ ਲੋਕਾਂ ਦਾ ਜੀਣਾਂ ਔਖਾ, 'ਤੇ ਸ਼ਰੀਫਾਂ ਦੇ ਗਲ਼ ਗੂਠੇ।

ਅਦਾਲਤਾਂ ਜਾਅਲੀ, ਜੱਜ ਵੀ ਜਾਅਲੀ ਨਕਲੀ ਜਿਹੇ ਵਕੀਲ,
ਸੱਚੇ ਕਾਨੂੰਨ ਦੇ ਸੁਕਾ ਛੱਡੇ ਨੇ, ਸਾਰੇ ਬ੍ਰਿਛ ਤੇ ਬੂਟੇ।

ਲੋਕ ਰਾਜ ਦੀ ਹਰ ਪੱਧਰ ਤੇ ਬੋਲੀ ਐਸੀ ਲੱਗਦੀ,
ਕੋਈ ਅਸੂਲ ਹੁਣ ਖੜ੍ਹ ਨਹੀਂ ਸਕਦਾ, ਆਪਣੇ ਹੀ ਬਲਬੂਤੇ।

ਅੱਧੀ ਪਾਰਲੀਮੈਂਟ ਦੇ ਮੈਂਬਰ, ਬਲਾਤਕਾਰੀ ਅਤੇ ਕਾਤਲ,
ਕਿਸ ਦੀ ਰਾਖੀ ਕੌਣ ਕਰਨਗੇ, ਇਹ ਚਿਹਰੇ ਕਾਲ਼ ਕਲ਼ੂਟੇ?

ਇਕ ਸੌ ਚਾਲੀ ਕਰੋੜ ਦੇ ਵਿੱਚੋਂ, ਅੱਸੀ ਕਰੋੜ ਨੇ ਠੂਠੇ,
ਵਾਹ ਉਏ ਹਿੰਦੋਸਤਾਨਾਂ ਤੇਰੇ, ਕੰਮ ਨੇ ਬੜੇ ਅਨੂਠੇ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ