ਲੱਭੋ ਅਕਾਲੀ ਫੂਲਾ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਕਿਤਿਉਂ ਲਿਆਵੋ ਲੱਭ ਕੇ, ਹੁਣ ਅਕਾਲੀ ਫੂਲਾ,
ਜਿਸ ਦਾ ਹਰ ਇੱਕ ਫੈਸਲਾ, ਸੀ ਬਾ ਅਸੂਲਾ।
ਬੜ੍ਹਕ ਜਿਸ ਦੀ ਸੁਣ ਕੇ, ਰਣਜੀਤ ਸੀ ਡਰਿਆ,
ਰਾਜਾ ਬਣ ਵੀ ਨਾ ਕਰ ਸਕਿਆ, ਉਹ ਹੁਕਮ ਅਦੂਲਾ।
ਨਹੀਂ ਪਰਵਾਹ ਹੁਣ ਗੁਰੂ ਦੀ, ਨਾ ਮਰਯਾਦਾ ਦੀ,
ਜਥੇਦਾਰ ਬਚਾਉਂਦੇ ਫਿਰਦੇ, ਸਿਰਫ ਆਪਣਾ ਚੂਲ੍ਹਾ।
ਊਂਜਾਂ ਇੱਕ ਦੂਜੇ ਤੇ ਲਾਂਵਦੇ, ਸਭ ਦਿਨ ਤੇ ਰਾਤੀਂ,
ਸੱਚਾ ਬਣ ਬਣ ਦੱਸਦਾ, ਹਰ ਝੂਠਾ ਝਠੂਲਾ।
ਅਕਾਲ ਤਖਤ ਦੇ ਫਤਵੇ, ਹੋ ਗਏ ਹਾਸੋਹੀਣੇ,
ਸਿੱਖੀ ਉੱਤੇ ਨਿੱਤ ਹੋ ਰਿਹਾ, ਹਾਸਾ ਮਸ਼ਕੂਲਾ।
ਕੌਣ ਕਿਸ ਨੂੰ ਇਨਸਾਫ ਦਊ, ਸਮਝ ਨ੍ਹੀਂ ਆਉਂਦੀ,
ਦਾਗ਼ਦਾਰ ਹਰ ਦਾਮਨ ਹੈ, ਬੱਸ ਭਟਕਿਆ ਭੂਲਾ।
ਧੌਂਸਾਂ ਸਭ ਦਿਖਲਾਂਵਦੇ, ਨਿੱਤ ਹੀ ਵਧ ਚੜ੍ਹਕੇ,
ਹਰ ਇਕ ਦੂਜੇ ਤੇ ਹੋ ਰਿਹਾ, ਹੈ ਅੱਗ ਬਗੂਲਾ।
ਨਜ਼ਰ ਇਨ੍ਹਾਂ ਨੂੰ ਆਂਵਦੀ, ਨਹੀਂ ਹੁੰਦੀ ਹੇਠੀ,
ਆਪਣੀ ਆਪਣੀ ਪੁਗਾ ਰਿਹਾ, ਹਰ ਹਠੀ ਹਠੂਲਾ।
ਕਿਤਿਉਂ ਲਿਆਵੋ ਲੱਭ ਕੇ, ਹੁਣ ਅਕਾਲੀ ਫੂਲਾ,
ਜਿਸ ਦਾ ਹਰ ਇੱਕ ਫੈਸਲਾ, ਸੀ ਬਾ ਅਸੂਲਾ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ