ਟੀ.ਵੀ.ਕੱਟਾਮਨੀ ਦੀ ਵਿਦਿਅਕ ਸਵੈ-ਜੀਵਨੀ ‘ਜੰਗਲੀ ਉਪ-ਕੁਲਪਤੀ ਦੀ ਕਥਾ’ ਪ੍ਰੇਰਨਾਦਾਇਕ - ਉਜਾਗਰ ਸਿੰਘ
ਟੀ.ਵੀ.ਕੱਟੀਮਨੀ ਸਾਬਕਾ ਉਪ-ਕੁਲਪਤੀ ‘ਇੰਦਰਾ ਗਾਂਧੀ ਰਾਸ਼ਟਰੀ ਜਨਜਾਤੀ ਵਿਸ਼ਵਵਿਦਿਆਲਾ, ਅਮਰਕੰਟਕ’ ਦੀ ਸਵੈ-ਜੀਵਨੀ ‘ਜੰਗਲੀ ਉਪ-ਕੁਲਪਤੀ ਦੀ ਕਥਾ’ ਵਿਦਿਆਰਥੀਆਂ/ਅਧਿਆਪਕਾਂ/ਵਿਦਿਆ ਸ਼ਾਸ਼ਤਰੀਆਂ ਅਤੇ ਖਾਸ ਤੌਰ ‘ਤੇ ਖੋਜੀਆਂ ਲਈ ਆਪਣਾ ਵਿਦਿਅਕ ਕੈਰੀਅਰ ਬਣਾਉਣ ਵਾਸਤੇ ਪ੍ਰੇਰਨਦਾਇਕ ਸਾਬਤ ਹੋਵੇਗੀ। ਟੀ.ਵੀ.ਕੱਟੀਮਨੀ ਹਿੰਦੀ ਦੇ ਪ੍ਰੋਫ਼ੈਸਰ ਵਿਦਵਾਨ ਸਾਹਿਤਕਾਰ ਹਨ, ਜਿਨ੍ਹਾਂ ਨੇ ਹੁਣ ਤੱਕ 18 ਪੁਸਤਕਾਂ ਲਿਖਿਆਂ ਹਨ, ਜਿਹੜੀਆਂ ਉਸਦੀ ਵਿਦਵਤਾ ਦਾ ਪ੍ਰਮਾਣ ਹਨ। ਭਾਰਤ ਇੱਕ ਵਿਸ਼ਾਲ, ਬਹੁ ਭਾਸ਼ਾਈ, ਨਸਲੀ, ਜ਼ਾਤਪਾਤ, ਰੰਗ/ਰੂਪ ਅਤੇ ਕੌਮੀ ਅਨੇਕਤਾ ਵਿੱਚ ਏਕਤਾ ਕਹਾਉਣ ਵਾਲਾ ਦੇਸ਼ ਹੈ। ਭਾਰਤ ਦੇ ਲੋਕ ਆਦਿਵਾਸੀਆਂ/ਕਬੀਲਿਆਂ ਦੇ ਲੋਕਾਂ ਪ੍ਰਤੀ ਉਸਾਰੂ ਸੋਚ ਨਹੀਂ ਰੱਖਦੇ, ਉਨ੍ਹਾਂ ਨੂੰ ਜੰਗਲੀ ਤੱਕ ਕਿਹਾ ਜਾਂਦਾ ਹੈ। ਦੇਸ ਨੂੰ ਆਜ਼ਾਦ ਹੋਇਆਂ ਭਾਵੇਂ 78 ਸਾਲ ਹੋ ਗਏ ਹਨ ਪ੍ਰੰਤੂ ਅਜੇ ਤੱਕ ਵੀ ਹਰ ਤਰ੍ਹਾਂ ਦਾ ਨਸਲੀ/ਰੰਗ ਭੇਦ ਬਰਕਰਾਰ ਹੈ। ਚਰਚਾ ਅਧੀਨ ਸਵੈ-ਜੀਵਨੀ ‘ਜੰਗਲੀ ਉਪ-ਕੁਲਪਤੀ ਦੀ ਕਥਾ’ ਵੀ ਇੱਕ ਆਦਿਵਾਸੀ ਸਿੱਖਿਆ ਸ਼ਾਸ਼ਤਰੀ ਸਾਬਕਾ ਉਪ-ਕੁਲਪਤੀ ਦੀ ਯੂਨੀਵਰਸਿਟੀ ਵਿੱਚ ਵਿਦਿਅਕ ਵਾਤਵਰਨ ਬਣਾਉਣ ਲਈ ਜ਼ਿੰਦਗੀ ਦੇ ਸੰਘਰਸ਼ ਦੀ ਕਹਾਣੀ ਹੈ। ਇਹ ਸਵੈ-ਜੀਵਨੀ ‘ਜੰਗੀਕਥੇ’ ਸਿਰਲੇਖ ਅਧੀਨ ਕੰਨੜ ਭਾਸ਼ਾ ਵਿੱਚ ਪ੍ਰਕਾਸ਼ਤ ਹੋਈ ਸੀ। ਇਸਦਾ ਤੇਲਗੂ, ਤਾਮਿਲ ਅਤੇ ਹਿੰਦੀ ਵਿੱਚ ਅਨੁਵਾਦ ਹੋ ਚੁੱਕਾ ਹੈ, ਮਰਾਠੀ ਵਿੱਚ ਪ੍ਰਕਾਸ਼ਨਾ ਅਧੀਨ ਹੈ। ਇਹ ਵਿਦਿਅਕ ਸਵੈ-ਜੀਵਨੀ ਨੂੰ ਪੰਜਾਬੀ ਰੂਪ ਜ਼ਮੀਰਪਾਲ ਕੌਰ ਸੰਧੂ ਬਾਜਵਾ ਨੇ ਦਿੱਤਾ ਹੈ। ਜ਼ਮੀਰਪਾਲ ਕੌਰ ਸੰਧੂ ਬਾਜਵਾ ਦਾ ਪੰਜਾਬੀ ਰੂਪ ਪੜ੍ਹਕੇ ਇਉਂ ਮਹਿਸੂਸ ਹੋ ਰਿਹਾ ਹੈ, ਜਿਵੇਂ ਇਹ ਪੰਜਾਬੀ ਦੀ ਮੌਲਿਕ ਸਵੈ-ਜੀਵਨੀ ਹੋਵੇ। ਅਨੁਵਾਦਕ ਨੇ ‘ਜੰਗਲੀ ਉਪ ਕੁਲਪਤੀ ਦੀ ਕਥਾ’ ਦੀ ਰੂਹ ਪੰਜਾਬੀ ਰੂਪ ਵਿੱਚ ਪ੍ਰਵੇਸ਼ ਕਰ ਦਿੱਤੀ ਹੈ। ਇਹੋ ਅਨੁਵਾਦਕਾ ਦੀ ਕਮਾਲ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਸਵੈ-ਜੀਵਨੀ ਦਾ ਨਾਮ ਹੀ ਪੁਸਤਕ ਪੜ੍ਹਨ ਲਈ ਦਿਲਚਸਪੀ ਪੈਦਾ ਕਰਦਾ ਹੈ। ਜਦੋਂ ਪਾਠਕ ਪੜ੍ਹਨ ਲੱਗਦਾ ਹੈ ਤਾਂ ਅੱਧ ਵਿਚਕਾਰ ਪੂਰੀ ਪੜ੍ਹੀ ਬਿਨਾ ਛੱਡ ਨਹੀਂ ਸਕਦਾ। ਇਸ ਸਵੈ-ਜੀਵਨੀ ਦਾ ਆਮ ਜੀਵਨੀਆਂ ਨਾਲੋਂ ਫ਼ਰਕ ਹੈ ਕਿ ਇਸ ਵਿੱਚ ਟੀ.ਵੀ.ਕੱਟੀਮਨੀ ਨੇ ਮੱਧ ਪ੍ਰਦੇਸ਼ ਦੀ ‘ਇੰਦਰਾ ਗਾਂਧੀ ਰਾਸ਼ਟਰੀ ਜਨਜਾਤੀ ਵਿਸ਼ਵਵਿਦਿਆਲਾ, ਅਮਰਕੰਟਕ’ ਦਾ ਉਪ-ਕੁਲਪਤੀ ਨਿਯੁਕਤ ਹੋਣ ਤੋਂ ਬਾਅਦ, ਵਿਦਿਆਲਾ ਦੀ ਉਸਾਰੀ ਅਤੇ ਉਸਨੂੰ ਸਥਾਪਤ ਕਰਨ ਸਮੇਂ ਆਦਿਵਾਸੀ ਹੋਣ ਕਰਕੇ ਜਿਹੜੀਆਂ ਮੁਸ਼ਕਲਾਂ ਪੇਸ਼ ਆਈਆਂ ਸਨ, ਉਨ੍ਹਾਂ ਬਾਰੇ ਵਿਆਖਿਆ ਨਾਲ ਕੀਤੀ ਜਦੋਜਹਿਦ ਦਾ ਵਰਣਨ ਕੀਤਾ ਹੈ। ਇਨ੍ਹਾਂ ਮੁਸ਼ਕਲਾਂ ‘ਤੇ ਕਾਬੂ ਪਾ ਕੇ ਸਫ਼ਲਤਾ ਦੇ ਝੰਡੇ ਗੱਡਣ ਦੀ ਕਹਾਣੀ ਨੂੰ ਦਿਲਚਸਪ ਢੰਗ ਨਾਲ ਲਿਖਿਆ ਹੈ। ਜੀਵਨੀਕਾਰ ਨੇ ਇਸ ਪੁਸਤਕ ਨੂੰ 25 ਛੋਟੇ-ਵੱਡੇ ਭਾਗਾਂ ਵਿੱਚ ਵੰਡਿਆ ਹੈ, ਜਿਨ੍ਹਾਂ ਵਿੱਚ ਪੂਰੀ ਕਹਾਣੀ ਵਰਣਨ ਕੀਤੀ ਹੈ। ਇਹ ਸਵੈ-ਜੀਵਨੀ ਪੜ੍ਹਨ ਤੋਂ ਇਹ ਪਤਾ ਲੱਗਦਾ ਹੈ ਕਿ ਜੇਕਰ ਕਿਸੇ ਇਨਸਾਨ ਦਾ ਇਰਾਦਾ ਮਜ਼ਬੂਤ, ਨਿਸ਼ਾਨਾ ਨਿਸਚਤ, ਦਿਲ ਸਾਫ਼ ਹੋਵੇ ਤਾਂ ਬੁਲੰਦੀਆਂ ‘ਤੇ ਪਹੁੰਚਣ ਨੂੰ ਕੋਈ ਰੋਕ ਨਹੀਂ ਸਕਦਾ। ਭਾਵੇਂ ਅਨੇਕਾਂ ਅੜਿਚਣਾ ਆਉਂਦੀਆਂ ਹੋਣ, ਇੱਥੋਂ ਤੱਕ ਕਿ ਪਹਾੜ ਵੀ ਸਰ ਕੀਤੇ ਜਾ ਸਕਦੇ ਹਨ। ਇਹ ਜੰਗਲਾਂ ਵਿੱਚ ਘਿਰਿਆ ਅਤੇ ਆਦਿਵਾਸੀ ਇਲਾਕੇ ਵਿੱਚ ਯੂਨੀਵਰਸਿਟੀ ਕੰਪਲੈਕਸ ਟੀ.ਵੀ.ਕੱਟੀਮਨੀ ਦੀ ਉਸਾਰੂ ਸੋਚ ਦਾ ਪ੍ਰਤੀਕ ਬਣਕੇ ਆਦਿਵਾਸੀਆਂ ਦੀ ਪ੍ਰਤਿਭਾ ਵਿੱਚ ਵਾਧਾ ਕਰਦਾ ਹੈ। ਟੀ.ਵੀ.ਕੱਟੀਮਨੀ ਦੀ ਜੀਵਨੀ ਪੜ੍ਹਨ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਮੁੱਖ ਤੌਰ ‘ਤੇ ਆਪਣੇ ਆਦਿਵਾਸੀਆਂ ਦੀ ਜਦੋਜਹਿਦ ਵਾਲੀ ਰੱਬ ਦੇ ਆਸਰੇ ਛੱਡੀ ਅਵੇਸਲੀ ਜ਼ਿੰਦਗੀ ਨੂੰ ਬਿਹਤਰੀਨ ਬਣਾਉਣੀ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਸਮਾਜ ਦੀ ਅਣਗਹਿਲੀ, ਉਨ੍ਹਾਂ ਦੀ ਆਪਣੀ ਲਾਪ੍ਰਵਾਹੀ, ਅਵੇਸਲਾਪਨ ਦਾ ਸ਼ਿਕਾਰ ਅਤੇ ਮੌਜੀ ਸੁਭਾਅ ਦੇ ਇਹ ਲੋਕ ਜਿਹੜੇ ਸਰਕਾਰੀ ਸਹੂਲਤਾਂ ਤੋਂ ਕੋਹਾਂ ਦੂਰ ਜੰਗਲਾਂ ਵਿੱਚ ਰਹਿੰਦੇ ਹੋਏ, ਜੰਗਲੀ ਬੂਟੀਆਂ ਦੀ ਖ਼ੁਰਾਕ ਨਾਲ ਜੀਵਨ ਬਸਰ ਕਰਦੇ ਹਨ, ਉਨ੍ਹਾਂ ਨੂੰ ਵੀ ਬਾਕੀ ਸਮਾਜ ਦੀ ਤਰ੍ਹਾਂ ਆਜ਼ਾਦੀ ਦੀਆਂ ਬਰਕਤਾਂ ਦਾ ਲਾਭ ਮੁਹੱਈਆ ਕਰਵਾਇਆ ਜਾਵੇ। ਇਸ ਕਰਕੇ ਹੀ ਉਸਨੇ ਯੂਨੀਵਰਸਿਟੀ ਦਾ ਪਹਿਲਾਂ ਵੱਖ-ਵੱਖ ਵਿਭਾਗ ਖੋਲ੍ਹਕੇ, ਉਨ੍ਹਾਂ ਦੀ ਉਸਾਰੀ ਵਿੱਚ ਨਿੱਜੀ ਦਿਲਚਸਪੀ ਲੈਂਦਿਆਂ ਵਿਕਾਸ ਕੀਤਾ ਤੇ ਫਿਰ ਉਸ ਯੂਨੀਵਰਸਿਟੀ ਦੇ ਸੀਮਤ ਸਾਧਨਾ ਰਾਹੀਂ, ਜੰਗਲੀ ਲੋਕਾਂ ਦੀ ਭਲਾਈ ਕਰਨ ਨੂੰ ਪਹਿਲ ਦਿੱਤੀ, ਭਾਵੇਂ ਉਸਨੂੰ ਜੰਗਲੀ/ ਕਾਲਾ/ ਆਦਿਵਾਸੀ ਕਹਿਕੇ ਨਿੰਦਿਆ ਵੀ ਗਿਆ। ਉਸਨੇ ਆਪਣੇ ਸਮਾਜਕ ਸਟੇਟਸ ਨੂੰ ਦਾਅ ‘ਤੇ ਲਾ ਕੇ ਆਦਿਵਾਸੀਆਂ ਦੀ ਸਮਾਜਿਕ, ਆਰਥਿਕ, ਸਭਿਅਚਾਰਿਕ ਅਤੇ ਵਿਦਿਅਕ ਹਾਲਤ ਸੁਧਾਰਨ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਸਨ। ਮੁੱਖ ਮੰਤਵ ਤਾਂ ਕੱਟਾਮਨੀ ਦਾ ਇਹੋ ਸੀ ਕਿ ਆਦਿਵਾਸੀ ਲੋਕਾਂ ਦੀ ਬਿਹਤਰੀ ਲਈ ਹਰ ਕਦਮ ਚੁੱਕਿਆ ਜਾਵੇ ਕਿਉਂਕਿ ਸਰਕਾਰ ਨੇ ਉਨ੍ਹਾਂ ਦੇ ਸਮਤੁਲ ਵਿਕਾਸ ਲਈ ਇਹ ਯੂਨੀਵਰਸਿਟੀ ਸਥਾਪਤ ਕੀਤੀ ਸੀ। ਯੂਨੀਵਰਸਿਟੀ ਦੀ ਉਸ ਸਮੇਂ ਦੀ ਸਥਿਤੀ ਅਤੇ ਜੀਵਨੀਕਾਰ ਨੇ ਜੋ ਸੁਪਨੇ ਸਿਰਜੇ ਉਨ੍ਹਾਂ ਬਾਰੇ ਬਾਕਮਾਲ ਢੰਗ ਨਾਲ ਜਾਣਕਾਰੀ ਦਿੱਤੀ ਹੈ, ਕਿਉਂਕਿ ਆਦਿਵਾਸੀ ਇਲਾਕੇ ਦੇ ਵਿੱਚ ਇਹ ਯੂਨੀਵਰਸਿਟੀ ਬਿਲਕੁਲ ਨਵੀਂ ਬਣੀ ਸੀ, ਇਸ ਦਾ ਢਾਂਚਾ ਉਸਾਰਨ ਲਈ ਯੋਗ ਢੰਗ ਨਾਲ ਤਰਤੀਬ ਦੇਣੀ ਜ਼ਰੂਰੀ ਸੀ। ਟੀ.ਵੀ.ਕੱਟੀਮਨੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸ਼ਹਿਨਸ਼ੀਲਤਾ ਰੱਖਦੇ ਹੋਏ ਤਰਤੀਬ ਅਨੁਸਾਰ ਯੂਨੀਵਰਸਿਟੀ ਦੇ ਹਿੱਤ ਲਈ ਸਾਰੇ ਕਦਮ ਚੁੱਕੇ, ਜਿਨ੍ਹਾਂ ਵਿੱਚ ਸਫ਼ਾਈ ਦੇ ਨਾਕਸ ਪ੍ਰਬੰਧਾਂ ਅਤੇ ਉਨ੍ਹਾਂ ਨੂੰ ਠੀਕ ਕਰਨ ਲਈ ਰਸਤੇ ਵਿੱਚ ਆ ਰਹੀਆਂ ਮੁਸ਼ਕਲਾਂ ਅਤੇ ਸੀਨੀਅਰ ਫੈਕਲਟੀ ਮੈਂਬਰਾਂ ਵੱਲੋਂ ਸਹਿਯੋਗ ਨਾ ਦੇਣਾ, ਇੱਥੋਂ ਤੱਕ ਕਿ ਵਿਅੰਗ ਨਾਲ ਸਫ਼ਾਈ ਲਈ ਉਪ-ਕੁਲਪਤੀ ਨੂੰ ਭਾਰਤ ਰਤਨ ਵਰਗਾ ਸਰਵੋਤਮ ਸਨਮਾਨ ਲੈਣਾਂ ਵੀ ਕਿਹਾ ਗਿਆ ਪ੍ਰੰਤੂ ਉਹ ਪਿੱਛੇ ਨਹੀਂ ਹਟੇ, ਸਗੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਸਫ਼ਾਈ ਪ੍ਰਬੰਧ ਕਾਬਲੇਤਾਰੀਫ਼ ਕੀਤੇ। ਯੂਨੀਵਰਸਿਟੀ ਕੰਪਲੈਕਸ ਵਿੱਚ ਪੀਣ ਵਾਲੇ ਪਾਣੀ ਦੀ ਘਾਟ ਪੂਰੀ ਕਰਨ ਲਈ ਕੁਦਰਤੀ ਸੋਮਿਆਂ/ਨਾਲਿਆਂ ‘ਤੇ ਬੰਨ੍ਹ ਮਾਰਕੇ ਝੀਲ ਬਣਾਈ ਤੇ ਪਾਣੀ ਦੀ ਸਮੱਸਿਆ ਖ਼ਤਮ ਹੋਣ ਦੇ ਨਾਲ ਸੈਰਗਾਹ ਬਣ ਗਈ। 374 ਏਕੜ ਦੇ ਕੰਪਲੈਕਸ ਵਿੱਚ ਸਜਾਵਟੀ/ ਫਲਦਾਰ ਰੁੱਖ/ਪੌਦੇ ਲਗਵਾ ਕੇ ਪੰਜ ਸਾਲਾਂ ਵਿੱਚ ਮਨਮੋਹਕ ਹਰਿਆਵਲ ਵਾਲਾ ਵਾਤਾਵਰਨ ਬਣਾਇਆ। ਜੰਗਲੀ ਇਲਾਕਾ ਹੋਣ ਕਰਕੇ ਜੜ੍ਹੀਆਂ ਬੂਟੀਆਂ ਬਹੁਤ ਹੁੰਦੀਆਂ ਹਨ, ਜਿਹੜੀਆਂ ਬਹੁਤੀਆਂ ਮਾਨਵਤਾ ਦੀਆਂ ਬਿਮਾਰੀਆਂ ਤੋਂ ਰੋਕ ਥਾਮ ਲਈ ਕੰਮ ਆਉਂਦੀਆਂ ਹਨ। ਇਸ ਮੰਤਵ ਲਈ ਜੜ੍ਹੀ ਬੂਟੀ ਬਾਗ ਦੀ ਸਥਾਪਨਾ ਕੀਤੀ ਗਈ, ਲੁਪਤ ਹੋ ਰਹੀਆਂ ਜੜ੍ਹੀਆਂ ਬੂਟੀਆਂ ਨੂੰ ਸਾਂਭਣ ਦਾ ਕਾਰਜ਼ ਕੀਤਾ ਗਿਆ ਅਤੇ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਨਵੇਂ ਸਥਾਨਕ ਲੋੜਾਂ ਅਨੁਸਾਰ ਵਿਭਾਗ ਖੋਲ੍ਹਕੇ ਲੋਕਾਂ ਦੇ ਹਿਤਾਂ ਦਾ ਧਿਆਨ ਰੱਖਣ ਦੀ ਜ਼ਿੰਮੇਵਾਰੀ ਨਿਭਾਈ। ਕਿਸਾਨਾਂ ਨੂੰ ਖੇਤੀਬਾੜੀ ਕਰਨ ਲਈ ਉਤਸ਼ਾਹਤ ਕਰਨ ਲਈ ਸਰਕਾਰਾਂ ਨਾਲ ਤਾਲਮੇਲ ਕਰਕੇ ਯੂਨੀਵਰਸਿਟੀ ਵਿੱਚ ਖੇਤੀ ਵਿਗਿਆਨ ਕੇਂਦਰ ਖੋਲਿ੍ਹਆ ਗਿਆ, ਜਿਸਦਾ ਆਲੇ ਦੁਆਲੇ ਦੇ ਲੋਕਾਂ ਨੇ ਫਾਇਦਾ ਉਠਾਇਆ। ਟੀ.ਵੀ.ਕੱਟੀਮਨੀ ਦੀ ਸਥਾਨਕ ਲੋਕਾਂ ਨਾਲ ਹੋ ਰਹੇ ਸ਼ੋਸ਼ਣ ਲਈ ਹਮਦਰਦੀ, ਉਨ੍ਹਾਂ ਦੀ ਆਰਥਿਕ ਹਾਲਤ ਮਜ਼ਬੂਤ ਕਰਨ ਦੇ ਉਪਰਾਲੇ ਸਲਾਹੁਣਯੋਗ ਹਨ। ਇੱਕ ਉਪ-ਕੁਲਪਤੀ ਕਿਤਨੀ ਦਿਲਚਸਪੀ ਲੈ ਕੇ ਯੂਨੀਵਰਸਿਟੀ ਅਤੇ ਸਥਾਨਕ ਲੋਕਾਂ ਦੀ ਸਥਾਪਤੀ ਲਈ ਸੰਵੇਦਨਸ਼ੀਲ ਹੈ, ਭਾਵੇਂ ਉਸਦੀ ਕਿਰਦਾਰਕੁਸ਼ੀ ਵੀ ਕੀਤੀ ਜਾ ਰਹੀ ਹੈ। ਵਿਸ਼ਵਵਿਦਿਆਲੇ ਨੂੰ ਰਾਸ਼ਟਰੀ ਰੂਪ ਦੇਣ ਲਈ ਕੀਤੇ ਗਏ ਕਾਰਜਾਂ ਦਾ ਵਿਵਰਣ ਅਤੇ ਉਪ-ਕੁਲਪਤੀ ਵਿਰੋਧੀ ਕੁਝ ਲੋਕਾਂ ਦੀਆਂ ਘਟੀਆਂ ਹਰਕਤਾਂ ਬਾਰੇ ਜਾਣਕਾਰੀ ਤੱਥਾਂ ਦੇ ਨਾਲ ਦਿੱਤੀ ਗਈ ਹੈ। ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਇਮਾਨਦਾਰੀ ਨਾਲ ਕੀਤਾ ਕੰਮ ਹਮੇਸ਼ਾ ਸਹੀ ਹੁੰਦਾ ਹੈ। ਉਪ-ਕੁਲਪਤੀ ਸਥਾਨਕ ਆਦਿਵਾਸੀਆਂ ਦੀਆਂ ਲੋੜਾਂ, ਰੋਜ਼ਗਾਰ ਅਤੇ ਕਲਾ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਰੋਜ਼ਗਾਰ ਅਤੇ ਮਨੋਰੰਜਨ ਲਈ ਪਲਾਸ਼ ਟਰਾਈਬਲ ਗਰੁਪ ਦੀ ਸਥਾਪਨਾ ਅਤੇ ਗੋਂਡੀ ਕਲਾ ਦੀ ਪ੍ਰਫੁਲਤਾ ਲਈ ਚਿਤਰਕਲਾ ਨੂੰ ਉਤਸ਼ਾਹਤ ਕੀਤਾ ਗਿਆ। ਯੂਨੀਵਰਸਿਟੀ ਵਿੱਚ ਰੋਜ਼ਗਾਰ ਦੇਣ ਵਾਲੇ ਵਿਭਾਗਾਂ ਦੀ ਸਥਾਪਨਾ ਕੀਤੀ ਗਈ। ਯੂਨੀਵਰਸਿਟੀ ਵਿੱਚ ਕੰਮ ਕਰਨ ਵਾਲਿਆਂ ਵਿੱਚ ਸਾਂਝ, ਮਿਲਵਰਤਨ ਤੇ ਸਹਿਯੋਗ ਬਣਾਉਣ ਲਈ ਦੀਵਾਲੀ, ਹੋਲੀ ਅਤੇ ਨਵਾਂ ਸਾਲ ਇਕੱਠਿਆਂ ਮਨਾਉਣੇ ਸ਼ੁਰੂ ਕੀਤੇ। ਆਦਿਵਾਸੀਆਂ ਦੇ ਬੱਚਿਆਂ ਨੂੰ ਪ੍ਰਾਇਮਰੀ ਤੋਂ ਪੜ੍ਹਾਉਣ ਲਈ ਏਕਲਵਿਆ ਕਿੰਡਰਗਾਰਟਨ, ਆਦਿਵਾਸੀ ਸਕੂਲ ਅਤੇ ਕੇਂਦਰੀ ਵਿਦਿਆਲਾ ਸਰਕਾਰ ਤੋਂ ਪ੍ਰਵਾਨਗੀ ਲੈ ਕੇ ਚਾਲੂ ਕੀਤੇ ਤਾਂ ਜੋ ਉਨ੍ਹਾਂ ਦੇ ਸਮਾਜਿਕ ਸਟੇਟਸ ਨੂੰ ਵਧਾਇਆ ਜਾ ਸਕੇ। ‘ਜੈੈਪਾਲ ਸਿੰਘ ਮੁੰਡਾ ਖੇਡ ਕੰਪਲੈਕਸ’ ਦੀ ਬਿਹਤਰੀਨ ਉਸਾਰੀ ਅਤੇ ਰਸਤੇ ਦੀਆਂ ਰੁਕਾਵਟਾਂ ਦਾ ਵਰਣਨ, ‘ਰਾਮਦਿਆਲ ਮੁੰਡਾ ਕੇਂਦਰੀ ਪੁਸਤਕਾਲਾ’ ਦੀ ਉਸਾਰੀ ਤੇ ਉਸ ਵਿੱਚ ਗੋਂਡੀ ਚਿੱਤਰਕਾਰੀ ਕਰਵਾਕੇ ਆਦਿਵਾਸੀਆਂ ਦੀ ਕਲਾ ਨੂੰ ਪ੍ਰਦਰਸ਼ਤ ਕੀਤਾ ਗਿਆ। ਵਿਸ਼ਵਵਿਦਿਆਲਾ ਵਿੱਚ ਠੇਕੇਦਾਰੀ ਪ੍ਰਣਾਲੀ ਨਾਲ ਮੈਸ ਬਣਾਉਣ ਤੇ ਚਲਾਉਣ ਦੀਆਂ ਉਲਝਣਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਆਦਿਵਾਸੀਆਂ ਵਿੱਚ ਵਿਗਿਆਨ ਬਾਰੇ ਚੇਤਨਤਾ ਅਤੇ ਨਵੀਨਤਾ ਸੰਬੰਧੀ ਚੁੱਕੇ ਗਏ ਕਦਮਾ ਦੀ ਜਾਣਕਾਰੀ ਦਿੱਤੀ ਹੈ ਕਿਉਂਕਿ ਵਿਗਿਆਨ ਤੋਂ ਬਿਨਾ ਤਰੱਕੀ ਸੰਭਵ ਨਹੀਂ। ਆਦਿਵਾਸੀਆਂ ਦੀਆਂ ਬੀਮਾਰੀਆਂ ਅਤੇ ਉਨ੍ਹਾਂ ਦੇ ਇਲਾਜ਼ ਲਈ ਖੋਜਾਂ ਅਤੇ ਸਿਹਤ ਸਹੂਲਤਾਂ ਦੇ ਪ੍ਰਬੰਧ ਸਰਕਾਰ ਨਾਲ ਤਾਲਮੇਲ ਕਰਕੇ ਕੀਤੇ ਗਏ। ਬਾਰੇ ਜਾਣਕਾਰੀ ਦਿੱਤੀ ਗਈ ਹੈ। ਆਦਿਵਾਸੀਆਂ ਨੂੰ ਦਿੱਤੀ ਜਾ ਰਹੀ ਵਿਦਿਅਕ ਅੱਖਰੀ ਪੜ੍ਹਾਈ ਦੇ ਨਤੀਜਿਆ ਅਤੇ ਇਨ੍ਹਾਂ ਦੇ ਮੁਲਾਂਕਣ ਦੇ ਪ੍ਰਬੰਧਾਂ ਵਿੱਚ ਸੁਧਾਰ ਦੀਆਂ ਤਰਕੀਬਾਂ ਦੱਸੀਆਂ ਗਈਆਂ। ਅਮਰਕੰਟਕ ਇਲਾਕੇ ਵਿੱਚ ਕੰਨੜ ਭਾਸ਼ਾ ਦੇ ਪ੍ਰਸਾਰ ਤੇ ਸੰਚਾਰ ਦੇ ਢੰਗ ਤਰੀਕੇ ਦਰਸਾਏ ਗਏ ਹਨ। ਟੀ.ਵੀ.ਕੱਟਾਮਨੀ ਨੇ ਰਾਸ਼ਟਰਪਤੀ ਨਾਲ ਨਾਰਵੇ ਅਤੇ ਸਵੀਡਨ ਦੀ ਯਾਤਰਾ ਸੰਬੰਧੀ ਜਾਣਕਾਰੀ ਦਿੱਤੀ ਹੈ, ਜਿਸ ਸਮੇਂ ਦੋਵੇਂ ਦੇਸ਼ਾਂ ਵਿੱਚ ਅਮਰਕੰਟਕ ਯੂਨੀਵਰਸਿਟੀ ਦੇ ਐਮ.ਓ.ਯੂ ‘ਤੇ ਇੱਕ ਆਦਿਵਾਸੀ ਨੂੰ ਦਸਤਖਤ ਕਰਨ ਦਾ ਮਾਣ ਮਿਲਿਆ। ਇਸ ਤੋਂ ਇਲਾਵਾ ਰਾਸ਼ਟਰਪਤੀ ਭਵਨ ਵਿੱਚ ਸਾਲਾਨਾ ਮੀਟਿੰਗ ਵਿੱਚ ਸ਼ਾਮਲ ਹੋਣ ਦੇ ਮੌਕੇ ਬਾਰੇ ਵੀ ਵਿਸਤਰਿਤ ਜਾਣਕਾਰੀ ਦਿੱਤੀ ਹੈ। ਮਣੀਪੁਰ ਵਿਚਲੇ ਯੂਨੀਵਰਸਿਟੀ ਦੇ ਰੀਜਨਲ ਕੇਂਦਰ ਦੀ ਰਾਜਨੀਤੀ ਅਤੇ ਇੱਥੋਂ ਦੀਆਂ ਮੈਤੀ , ਨਾਗਾ ਤੇ ਕੁਕੀ ਜਨਜਾਤੀ ਦੇ ਸਭਿਅਚਾਰ , ਰਹਿਣ ਸਹਿਣ, ਖਾਣ ਪੀਣ, ਪਹਿਨਣ ਦੀ ਸਿਆਸਤ ਅਤੇ ਵਿਦਿਆਰਥੀਆਂ ਦੀ ਰਾਜਨੀਤੀ ਬਾਰੇ ਦੱਸਿਆ ਗਿਆ ਹੈ ਕਿਵੇਂ ਉਹ ਉਪ-ਕੁਲਪਤੀ ਨੂੰ ਬੰਧਕ ਬਣਾਕੇ ਦਬਾਓ ਨਾਲ ਆਪਣੀਆਂ ਮੰਗਾਂ ਮਨਵਾਉਣ ਦਾ ਯਤਨ ਕਰਦੇ ਹਨ। ਇਸ ਇਲਾਕੇ ਵਿੱਚ ਸੰਘ ਦੀਆਂ ਸਿੱਖਿਆ ਬਾਰੇ ਸਰਗਰਮੀਆਂ ਅਤੇ ਉਨ੍ਹਾਂ ਦਾ ਦ੍ਰਿਸ਼ਟੀਕੋਣ ਦਰਸਾਇਆ ਗਿਆ ਹੈ। ਟੀ.ਵੀ.ਕੱਟੀਮਨੀ ਨੇ ਦੱਸਿਆ ਉਨ੍ਹਾਂ ਨੂੰ ਕ੍ਰਿਸਚੀਅਨ ਕਹਿ ਕੇ ਭੰਡਿਆ ਗਿਆ ਤੇ ਇਹ ਪ੍ਰਚਾਰ ਕੀਤਾ ਗਿਆ ਕਿ ਉਹ ਹਿੰਦੂਆਂ ਨੂੰ ਕ੍ਰਿਸਚੀਅਨ ਬਣਾ ਰਿਹਾ ਹੈ। ਇਸ ਯੂਨੀਵਰਸਿਟੀ ਦੀ ਘਟੀਆ ਸਿਆਸਤ ਬਾਰੇ ਵੀ ਵਿਸਤਾਰ ਨਾਲ ਦੱਸਿਆ ਗਿਆ ਕਿ ਉਸਨੂੰ ਫੇਲ੍ਹ ਕਰਨ ਲਈ ਸਾਜ਼ਸ਼ਾਂ ਹੋਈਆਂ ਪ੍ਰੰਤੂ ਉਹ ਸਫ਼ਲਤਾ ਨਾਲ ਬਚਕੇ ਨਿਕਲਦਾ ਰਿਹਾ। ਜੀਵਨੀਕਾਰ ਨੇ ਜਨਜਾਤੀਆਂ ਦੇ ਲੋਕਾਂ ਦੀ ਜਨਸੰਖਿਆ, ਸੁਭਾਅ, ਵਿਵਹਾਰ, ਰਹਿਣ ਸਹਿਣ, ਖਾਣ ਪੀਣ ਬਾਰੇ ਸੰਪੂਰਨ ਜਾਣਕਾਰੀ ਦਿੱਤੀ ਹੈ। ਜ਼ਮੀਰਪਾਲ ਕੌਰ ਸੰਧੂ ਬਾਜਵਾ ਨੇ ਇਸ ਸਵੈ-ਜੀਵਨੀ ਦਾ ਪੰਜਾਬੀ ਰੂੁਪ ਕਰਦਿਆਂ ਕਮਾਲ ਦੀ ਸ਼ਬਦਾਵਲੀ ਵਰਤੀ ਹੈ, ਜਿਹੜੀ ਆਦਿਵਾਸੀਆਂ ਦੀ ਮਾਨਸਿਕਤਾ ਦਾ ਹੂਬਹੂ ਪ੍ਰਗਟਾਵਾ ਕਰਦੀ ਹੈ।
200 ਪੰਨਿਆਂ, 360 ਰੁਪਏ ਕੀਮਤ ਵਾਲੀ ਇਹ ਸਵੈ-ਜੀਵਨੀ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com