ਸ੍ਰੀ ਅਕਾਲ ਤਖਤ ਸਾਹਿਬ ਦੀਆਂ ਮਹਾਂਨ ਪ੍ਰੰਪਰਾਵਾਂ ਦੇ ਸਨਮੁਖ,ਕਟਹਿਰੇ ਚ ਖੜੀ ਦੋਸ਼ੀ ਅਕਾਲੀ ਲੀਡਰਸ਼ਿੱਪ - ਬਘੇਲ ਸਿੰਘ ਧਾਲੀਵਾਲ

ਪਿਛਲੇ ਦਿਨਾਂ ਵਿੱਚ ਜੋ ਵਰਤਾਰੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਵਰਤੇ,ਉਹਨਾਂ ਦੇ ਸੰਦਰਭ ਵਿੱਚ ਮੀਡੀਏ ਅਤੇ ਸ਼ੋਸ਼ਲ ਮੀਡੀਏ ਵਿੱਚ ਕਾਫੀ ਸਰਗਰਮ ਅਤੇ ਗੰਭੀਰ ਵਿਚਾਰ ਚਰਚਾ ਹੁੰਦੀ ਰਹੀ ਹੈ,ਜਿਹੜੀ ਪੰਥਕ ਹਾਲਾਤਾਂ ਦੇ ਮੱਦੇਨਜਰ ਹੋਣੀ ਲਾਜ਼ਮੀ ਵੀ ਬਣ ਜਾਂਦੀ ਹੈ। ਸਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਦੇ ਕਟਹਿਰੇ ਵਿੱਚ ਆ ਜਾਣ ਤੋ ਬਾਅਦ ਜਿਸਤਰਾਂ ਮਹੌਲ ਵਿੱਚ ਇੱਕ ਦਮ ਬਦਲਾਅ ਦੇਖਿਆ ਗਿਆ,ੳਹਨੇ ਸ੍ਰੀ ਅਕਾਲ ਤਖਤ ਸਾਹਿਬ ਤੋ ਹੋਏ ਫੈਸਲਿਆਂ ‘ਤੇ ਤਸੱਲੀ ਪ੍ਰਗਟ ਕਰ ਚੁੱਕੀ ਸਿਖ ਅਵਾਮ ਨੂੰ ਇੱਕ ਵਾਰ ਫਿਰ ਸਦਮੇ ਵਿੱਚ ਲੈ ਆਂਦਾ।ਸਮੁੱਚਾ ਸਿੱਖ ਪੰਥ ਮਹਿਸੂਸ ਕਰਨ ਲੱਗਾ ਸੀ ਕਿ ਹੁਣ ਅਕਾਲੀ ਦਲ ਦੀ ਲੀਡਰਸ਼ਿੱਪ ਨੂੰ ਅਹਿਸਾਸ ਹੋ ਚੁੱਕਾ ਹੈ,ਇਸ  ਲਈ ਹੁਣ ਉਹ ਪੰਥ ਪ੍ਰਸਤੀ ਵਾਲਾ ਰਾਹ ਅਖਤਿਆਰ ਕਰਨ ਵੱਲ ਕਦਮ ਪੁੱਟ ਸਕਦੀ ਹੈ,ਪਰ ਜਿਸਤਰਾਂ ਅਕਾਲੀ ਲੀਡਰਸ਼ਿੱਪ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋ ਆਕੀ ਹੋ ਕੇ ਫਿਰ ਮਨਮਰਜੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਿੰਘ ਸਾਹਿਬ ਗਿਅਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ,ਉਹਦੇ ਤੋ ਇਹ ਸਪੱਸਟ ਹੋ ਗਿਆ ਕਿ ਅਕਾਲੀ ਦਲ ਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ,ਪੇਸ਼ ਹੋਕੇ ਗੁਨਾਹ ਕਬੂਲਣਾ,ਇਹ ਸਭ ਇੱਕ ਨਾਟਕ ਤੋ ਵੱਧ ਕੁੱਝ ਵੀ ਨਹੀ ਸੀ,ਜਦੋਕਿ ਅਸਲ ਸਚਾਈ ਇਹ ਹੈ ਕਿ ਜਿਸ ਅਕਾਲੀ ਦਲ ਦੇ ਆਗੂ, ਸਰਬ-ਉੱਚ ਤਖਤਾਂ ਦੇ ਸਿੰਘ ਸਾਹਿਬਾਨਾਂ ਨੂੰ ਦਹਾਕਿਆਂ ਵੱਧੀ ਆਪਣੇ ਮੁਤਾਬਿਕ ਚਲਾਉਂਦੇ ਅਤੇ ਵਰਤਦੇ ਆਏ ਹੋਣ,ਉਹਨਾਂ ਨੂੰ ਆਪਣੇ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨਾਂ ਦੇ ਫੈਸਲੇ ਕਿਵੇਂ ਮਨਜੂਰ ਹੋ ਸਕਦੇ ਹਨ। ਅਕਾਲੀ ਦਲ ਦੀ ਲੀਡਰਸ਼ਿੱਪ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਰੇਆਮ ਕਿਰਦਾਰਕੁਸ਼ੀ ਕਰਨ ਤੋ ਬਾਅਦ ਜਿਸਤਰਾਂ ਸਰੋਮਣੀ ਗੁਰਦੁਆਰਾ ਪ੍ਰਬੰਧਕ  ਕਮੇਟੀ ਦੇ ਪ੍ਰਧਾਨ ਰਾਹੀ ਉਹਨਾਂ ਨੂੰ ਜਥੇਦਾਰ ਦੀ ਪਦਵੀ ਤੋ ਪਾਸੇ ਕੀਤਾ ਗਿਆ,ਉਹ ਸਾਰਾ ਵਰਤਾਰਾ ਜਿੱਥੇ ਸਿੱਖ ਕੌਂਮ ਨੇ ਨਾ ਮਨਜੂਰ ਕਰ ਦਿੱਤਾ,ਓਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਵਾਰ ਫਿਰ ਆਪਣੇ ਇਸ ਬਕਾਰੀ ਅਤੇ ਸਿਧਾਤਕ ਰੁਤਬੇ ਦੀ ਲਾਜ ਰੱਖਣ ਵੱਲ ਕਦਮ ਪੁੱਟਿਆ ਸੀ ਅਤੇ ਅਕਾਲੀ ਲੀਡਰਸ਼ਿੱਪ ਅਤੇ ਸਰੋਮਣੀ ਕਮੇਟੀ ਦੀ ਲੀਡਰਸ਼ਿੱਪ ਨੂੰ ਕਟਹਿਰੇ ਵਿੱਚ ਖੜਾ ਕਰਨ ਦਾ ਇਸ਼ਾਰਾ ਵੀ ਕੀਤਾ ਸੀ,ਪਰ ਜਾਪਦਾ ਹੈ, ਸਰੋਮਣੀ ਕਮੇਟੀ ਸਿੰਘ ਸਹਿਬਾਨ ਤੇ ਦਬਾਅ ਪਾਉਣ ਵਿੱਚ ਕਾਮਯਾਬ ਹੋ ਗਈ ਹੈ। ਇਹ ਸੱਚ ਹੈ ਕਿ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਰਤਾਰਾ ਪਿਛਲੇ ਲੰਮੇ ਸਮੇ ਤੋ ਸਿੱਖ ਹਿਤੈਸੀ ਨਾ ਹੋਕੇ ਮਹਿਜ ਇੱਕ ਪਰਿਵਾਰ ਦੀ ਪੁਸਤਪਨਾਹੀ ਤੱਕ ਸਿਮਟ ਕੇ ਰਹਿ ਗਿਆ ਹੈ।ਜਿਸਤਰਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਆਹੁਦੇ ਤੋ ਲਾਹਿਆ ਗਿਆ ਹੈ,ਉਹ ਸਰੋਮਣੀ ਕਮੇਟੀ ਦੇ ਪ੍ਰਬੰਧਕਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਪੰਜਾਂ ਤਖਤ ਸਾਹਿਬਾਨਾਂ ਪ੍ਰਤੀ ਉਹਨਾਂ ਦੀ ਪਹੁੰਚ,ਇਮਾਨਦਾਰੀ ਅਤੇ ਅਦਬ ਸਤਿਕਾਰ ਤੋ ਸੱਖਣੀ ਸੋਚ ਨੂੰ ਪ੍ਰਗਟ ਕਰਦਾ ਹੈ,ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਿਸਤਰਾਂ ਦਾ ਆਪ ਹੁਦਰਾ ਪਣ ਵਰਤਕੇ ਤਖਤ ਸਾਹਿਬ ਦੀ ਮਾਣ ਮਰਿਯਾਦਾ ਨੂੰ ਠੇਸ ਪਹੁੰਚਾਈ ਹੈ,ਉਹਦੇ ਲਈ ਉਹ ਅਤੇ ਸਮੁੱਚੀ ਅੰਤਰਿੰਗ ਕਮੇਟੀ ਸਜ਼ਾ ਦੀ ਭਾਗੀ ਤਾਂ ਹੈ ਹੀ,ਪ੍ਰੰਤੂ  ਨਾਲ ਹੀ ਇਹ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਖ਼ਾਲਸਾ ਪੰਥ ਦੇ ਗੁਨਾਹਗਾਰ ਵੀ ਬਣ ਗਏ ਹਨ।ਕਿਸੇ ਵੀ ਤਖਤ ਸਾਹਿਬ ਦੇ ਜਥੇਦਾਰ ‘ਤੇ ਕਿਸੇ ਵੀ ਕਿਸਮ ਦੀ ਕਾਰਵਾਈ ਜਾਂ ਪੜਤਾਲ ਦਾ ਅਧਿਕਾਰ ਖੇਤਰ ਸ੍ਰੀ ਅਕਾਲ ਤਖਤ ਸਾਹਿਬ ਹੈ ਜਾਂ ਖਾਲਸਾ ਪੰਥ ਹੈ। ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੀ ਲੀਡਰਸ਼ਿੱਪ ਕੋਲ ਅਜਿਹਾ ਕੋਈ ਵਿਸ਼ੇਸ਼ ਅਧਿਕਾਰ ਨਹੀ ਕਿ ਉਹ ਇੱਕ ਕੌਂਮ ਦੇ ਜਥੇਦਾਰ ‘ਤੇ ਕੋਈ ਕਾਰਵਾਈ ਅਮਲ ਵਿੱਚ ਲੈ ਕੇ ਆ ਸਕੇ। ਉਪਰੋਕਤ ਮਸਲੇ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ  ਨੇ ਆਪਣਾ ਇਤਰਾਜ਼ ਵੀ ਸਰੋਮਣੀ ਕਮੇਟੀ ਦੇ ਪ੍ਰਬੰਧਕਾਂ ਤੱਕ ਪਹੁੰਚਾ ਦਿੱਤਾ। ਪਰ ਪ੍ਰਬੰਧਕਾਂ ਦੇ ਆਕਾਵਾਂ ਨੂੰ ਅਜਿਹੀ ਕੋਈ ਵੀ ਪਰੰਪਰਾ ਮਨਜੂਰ ਨਹੀ ਹੈ,ਜਿਹੜੀ ਉਹਨਾਂ ਦੀ ਸਿਆਸਤ ਨੂੰ ਪ੍ਰਭਾਵਤ ਕਰਦੀ ਹੋਵੇ,ਕਿਉਂਕਿ ਬਹੁਤ ਲੰਮੇ ਸਮੇ ਤੋ ਅਜਿਹੇ ਵਰਤਾਰੇ ਵਾਪਰਦੇ ਆ ਰਹੇ ਹਨ,ਇਸ ਕਰਕੇ ਅਕਾਲੀ ਦਲ ਦੀ ਲੀਡਰਸ਼ਿੱਪ ਨੇ ਫਿਰ ਉਹ ਹੀ ਹੁਕਮ ਸਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਚਾੜ੍ਹ ਦਿੱਤੇ,ਜਿਸਤਰਾਂ ਦੇ ਹੁਕਮ ਉਹ ਅਤੀਤ ਵਿੱਚ ਕਰਕੇ ਸਿੱਖੀ ਸਿਧਾਂਤਾਂ ਦਾ ਮਲ਼ੀਆਮੇਟ ਕਰਦੇ ਆਏ ਹਨ ਅਤੇ ਪ੍ਰਧਾਨ ਨੇ ਵੀ ਚੱਲੀ ਆ ਰਹੀ ਸਿਧਾਂਤ ਬੇਹੂਣੀ ਪਰੰਪਰਾ ਤੇ ਪਹਿਰਾ ਦਿੰਦਿਆਂ ਉਹ ਹੁਕਮ ਅੱਗੇ ਲਾਗੂ ਕਰ ਦਿੱਤੇ। ਉਹਨਾਂ ਨੇ ਇਹ ਸੋਚਿਆ ਹੀ ਨਹੀ ਕਿ ਹੁਣ ਹਾਲਾਤ ਉਹ ਨਹੀ ਰਹੇ,ਕਿ ਮਨਮਰਜੀਆਂ ਪੁੱਗ ਸਕਣ, ਹੁਣ ਹਾਲਾਤ ਬਦਲ ਗਏ ਹਨ।ਹੁਣ ਬਦਲੇ ਹਾਲਾਤਾਂ ਦੇ ਮੱਦੇਨਜਰ ਹੀ ਫੈਸਲੇ ਲੈਣੇ ਚਾਹੀਦੇ ਹਨ।ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਆਗੂਆਂ ਦੀ ਅਜਿਹੀ ਬੇ ਸਮਝੀ ਨੂੰ ਦੇਖ ਕੇ ਹੋਰ ਵੀ ਸਪੱਸਟ ਹੋ ਗਿਆ ਹੈ ਕਿ ਅਕਾਲੀ ਲੀਡਰਸ਼ਿੱਪ ਸਮੇ ਦੀ ਨਜ਼ਾਕਤ ਨੂੰ ਸਮਝ ਸਕਣ ਦੇ ਵੀ ਸਮਰਥ ਨਹੀ ਹੈ,ਜੇਕਰ ਸਮਝ ਹੁੰਦੀ ਤਾਂ ਘੱਟੋ ਘੱਟ ਓਸ ਮੌਕੇ ਆਪਹੁਦਰੀਆਂ ਕਰਨ ਦੇ ਰਾਹ ਨਾ ਪੈਂਦੀ,ਜਦੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲੋਕ ਅਧਾਰ ਗੁਆ ਚੁੱਕੀ ਸਮੁੱਚੀ ਅਕਾਲੀ ਲੀਡਰਸ਼ਿੱਪ,ਸਰੋਮਣੀ ਕਮੇਟੀ ਦੇ ਮੈਂਬਰ ਅਤੇ ਪ੍ਰਧਾਨ ਤੱਕ ਕਟਹਿਰੇ ਵਿੱਚ ਖੜੇ ਕੀਤੇ ਹੋਣ। ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿੱਪ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਨਾਂ ਮੰਨ ਕੇ ਇੱਕ ਵਾਰ ਫਿਰ ਗੁਰੂ ਦੇ ਦਰ ਤੋ ਭੁੱਲਾਂ ਬਖਸ਼ਾਉਣ ਦੀ ਜਗ੍ਹਾ ਅਜਿਹੀਆਂ ਫਿਟਕਾਰਾਂ ਪੱਲੇ ਵਿੱਚ ਪਵਾ ਲਈਆਂ ਹਨ,ਜਿਹੜੀਆਂ ਉਪਰੋਕਤ ਮਨਮਤੀ ਲੀਡਰਸ਼ਿੱਪ ਦੇ ਭਵਿੱਖ ਲਈ ਬੇਹੱਦ ਘਾਤਕ ਸਿੱਧ ਹੋਣਗੀਆਂ।ਅਕਾਲੀ ਲੀਡਰਸ਼ਿੱਪ ਦਾ ਅਜਿਹਾ ਵਤੀਰਾ ਜਿੱਥੇ ਉਹਨਾਂ ਦੇ ਆਪਣੇ ਭਵਿੱਖ ਲਈ  ਅਸ਼ੁਭ ਹੋਵੇਗਾ,ਓਥੇ ਸਰਬ ਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਵਕਾਰ ਨੂੰ ਢਾਹ ਲਾਉਣ ਵਾਲਾ ਹੋਣ ਕਰਕੇ ਪੰਥ ਦੇ ਹਿੱਤ ਵਿੱਚ ਵੀ ਨਹੀ ਹੋਵੇਗਾ।ਦੂਸਰਾ ਇਹ ਹੈ ਕਿ ਉਪਰੋਕਤ ਧਿਰ ਦੋਸ਼ੀ ਆਗੂਆਂ ਦੇ ਅਸਤੀਫੇ ਪਰਵਾਨ ਕਰਨ ਅਤੇ ਅਕਾਲੀ ਦਲ ਦੀ ਨਵੀਂ ਭਰਤੀ ਵਾਲੇ ਹੁਕਮਾਂ ਨੂੰ ਨਾਂ ਮੰਨ ਕੇ ਦੋਸ਼ ਮੁਕਤ ਹੋਣ ਤੋ ਵੀ ਖੁੰਝ ਗਈ ਹੈ, ਇਸ ਲਈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਤਨਖਾਹੀਏ (ਦੋਸੀ) ਹੋਣ ਦਾ ਦਾਗ ਵੀ ਮਿਟ ਨਹੀ ਸਕੇਗਾ,ਬਲਕਿ ਓਨੀ ਦੇਰ ਤਨਖਾਹੀਏ ਰਹਿਣਗੇ,ਜਿੰਨੀ ਦੇਰ ਸ੍ਰੀ ਅਕਾਲ ਤਖਤ ਸਾਹਿਬ ਤੋ ਮੁਕੰਮਲ ਦੋਸ਼ ਮੁਕਤ ਹੋਣ ਦਾ ਹੁਕਮਨਾਮਾ ਜਾਰੀ ਨਹੀ ਕੀਤਾ ਜਾਂਦਾ।ਇਹ ਹੁਕਮਨਾਮਾ ਤਦ  ਹੀ ਜਾਰੀ ਹੋ ਸਕੇਗਾ,ਜਦੋਂ ਦੋਸ਼ੀ ਲੀਡਰਸ਼ਿੱਪ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ  ਨੂੰ ਮੁਕੰਮਲ ਤੌਰ ਤੇ ਮੰਨ ਲਵੇਗੀ,ਜਿਹੜਾ ਕਿ ਸੰਭਵ ਨਹੀ ਜਾਪਦਾ,ਕਿਉਕਿ ਸ੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਮੀਟਿੰਗ ਨੇ ਜਿਸਤਰਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਲਈ ਬਣਾਈ ਪੜਤਾਲ਼ੀਆ ਕਮੇਟੀ ਦਾ ਸਮਾ ਇੱਕ ਮਹੀਨਾ ਵਧਾਉਣ ਲਈ ਮਤਾ ਪਾਸ ਕੀਤਾ ਹੈ,ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤੀ ਨਸੀਹਤ ਨੂੰ ਨਜ਼ਰ ਅੰਦਾਜ਼  ਕਰਨ ਵਾਲਾ ਹੈ।ਸੋ ਅਜਿਹੇ ਹਾਲਾਤਾਂ ਦੇ ਮੱਦੇਨਜਰ  ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਮਹਾਨ ਸੰਸਥਾ ਦੇ ਸਿਧਾਂਤਾਂ ਦੀ ਰਾਖੀ ਲਈ ਦ੍ਰਿੜ ਸੰਕਲਪ ਅਤੇ ਮਜਬੂਤ ਹੋਣਾ ਪਵੇਗਾ,ਓਥੇ ਸਿੱਖ ਪੰਥ ਨੂੰ ਵੀ ਪੂਰੀ ਇੱਕਜੁੱਟਤਾ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਪੰਜ ਸਿੰਘ ਸਾਹਿਬਾਨਾਂ ਦਾ ਸਾਥ ਵੀ ਦੇਣਾ ਹੋਵੇਗਾ,ਤਾਂ ਕਿ ਭਵਿੱਖ ਵਿੱਚ ਮੀਰੀ ਪੀਰੀ ਦੇ ਅਸਥਾਨ ਦੀਆਂ ਮਹਾਂਨ ਪ੍ਰੰਪਰਾਵਾਂ ‘ਤੇ ਹੋਣ ਵਾਲੇ ਹਮਲਿਆਂ ਨੂੰ ਵੀ ਠੱਲ੍ਹ ਪਾਉਣ ਵੱਲ ਮਜਬੂਤ ਇਰਾਦੇ ਅਤੇ ਇੱਕ-ਜੁੱਟਤਾ ਨਾਲ  ਤੁਰਿਆ ਜਾ ਸਕੇ।
ਬਘੇਲ ਸਿੰਘ ਧਾਲੀਵਾਲ
99142-58142