ਪੀੜੀ ਦਾ ਪਾੜਾ, ਸਮਾਜਿਕ ਪੁਆੜਾ - ਸੁਖਪਾਲ ਸਿੰਘ ਗਿੱਲ
ਪਵਿੱਤਰ ਗੁਰਬਾਣੀ ਦਾ ਫੁਰਮਾਨ ਹੈ,"ਵਖਤੁ ਵੀਚਾਰੇ ਸੁ ਬੰਦਾ ਹੋਇ" ਭਾਵ ਸਪਸ਼ਟ ਹੈ ਕਿ ਜੋ ਸਮੇਂ ਦੀ ਨਜ਼ਾਕਤ ਪਛਾਣ ਕੇ ਚੱਲਦਾ ਹੈ ਉਹੀ ਬੰਦਾ ਹੈ। ਪੀੜ੍ਹੀ ਦਾ ਪਾੜਾ ਇੱਕ ਨਿਰੰਤਰ ਸਮਾਜਿਕ ਵਰਤਾਰਾ ਹੈ।ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਸਮਾਂ ਬਲਵਾਨ ਹੈ ਕਿ ਜਿਓਂ ਜਿਓਂ ਅੱਗੇ ਤੁਰਿਆ ਜਾਂਦਾ ਹੈ ਠੀਕ ਉਸੇ ਤਰ੍ਹਾਂ ਹੀ ਵਿਕਾਸ ਅਤੇ ਬੌਧਿਕ ਪ੍ਰਸਥਿਤੀਆਂ ਬਦਲ ਦੀਆਂ ਜਾਂਦੀਆਂ ਹਨ। ਇਹਨਾਂ ਦੇ ਨਾਲ ਨਾਲ ਬੰਦੇ ਦੀ ਸੋਚ ਵੀ ਬਦਲੀ ਜਾਂਦੀ ਹੈ। ਇਸਦੇ ਦੋ ਕਾਰਨ ਹਨ ਇੱਕ ਤਾਂ ਸੋਚ ਸਿੱਖਿਆ ਅਤੇ ਸਮਾਜੀਕਰਨ ਕਰਕੇ ਬਣਦੀ ਹੈ,ਦੂਜੀ ਮਾਨਸਿਕ ਅਤੇ ਸਰੀਰਕ ਕਮਜ਼ੋਰੀ ਕਾਰਨ ਬਣਦੀ ਹੈ। ਸਮਾਜਿਕ ਦਾਇਰਾ ਸੋਚ ਉੱਪਰ ਖੜ੍ਹਾ ਹੈ।ਆਮ ਭਾਸ਼ਾ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਅਪਰਾਧ, ਗੈਰ ਸਮਾਜਿਕ ਕੰਮ ਰੋਕਣੇ ਹਨ ਤਾਂ ਸਭ ਤੋਂ ਪਹਿਲਾਂ ਸੋਚ ਬਦਲੋ।ਅੱਜ ਦੇ ਜੰਮੇ ਦੀ ਸੋਚ ਹੋਰ ਹੈ,ਦਸ ਸਾਲ ਪਹਿਲਾਂ ਦੀ ਹੋਰ,ਪੰਜਾਹ ਸਾਲ ਪਹਿਲਾਂ ਦੇ ਜੰਮੇ ਦੀ ਸੋਚ ਸਮੇਂ ਦੇ ਹਾਲਾਤਾਂ ਅਨੁਸਾਰ ਹੁੰਦੀ ਹੈ।ਇਸ ਪਿੱਛੇ ਜਨਰੇਸ਼ਨ ਗੈਪ ਹੀ ਹੁੰਦਾ ਹੈ।ਇਸੀ ਨਿਰੰਤਰ ਵਹਿੰਦੇ ਸਮੇਂ ਵਿੱਚ ਜੋ ਪਾੜਾ ਰਹਿ ਜਾਂਦਾ ਹੈ ਉਹ ਅਕਸਰ ਹੀ ਪੁਆੜੇ ਦੀ ਜੜ੍ਹ ਹੋ ਨਿੱਬੜਦਾ ਹੈ। ਸ਼ੈਕਸਪੀਅਰ ਦੇ ਕਥਨ ਅਨੁਸਾਰ,"ਕੁੱਝ ਵੀ ਚੰਗਾ ਮਾੜਾ ਨਹੀਂ ਹੁੰਦਾ,ਕੇਵਲ ਸੋਚ ਹੀ ਇਸ ਨੂੰ ਅਜਿਹਾ ਬਣਾਉਂਦੀ ਹੈ"
ਨਵੀਂ ਅਤੇ ਪੁਰਾਣੀ ਪੀੜ੍ਹੀ ਦਾ ਪਾੜਾ ਆਪਣੀ ਆਪਣੀ ਜਗ੍ਹਾ ਆਪਣੇ ਸਮੇਂ ਦੀ ਸੋਚ ਅਨੁਸਾਰ ਆਪਣੇ ਆਪ ਨੂੰ ਸਹੀ ਸਾਬਤ ਕਰਦਾ ਹੈ, ਅਤੇ ਸਹੀ ਸਾਬਤ ਹੋਣ ਦੀ ਕੋਸ਼ਿਸ਼ ਵੀ ਕਰਦਾ ਹੈ।ਇਸ ਤਰ੍ਹਾਂ ਨਾਲ ਦੋਵੇਂ ਸੱਚੇ ਹੀ ਹੁੰਦੇ ਹਨ। ਪੁਰਾਣੀ ਪੀੜ੍ਹੀ ਨੂੰ ਇਸ ਦਾਰਸ਼ਨਿਕ ਦੇ ਅੱਗੇ ਲਿਖੇ ਵਿਚਾਰ ਅਨੁਸਾਰ ਰਹਿਣਾ ਚਾਹੀਦਾ ਹੈ,"ਜਿਹੜਾ ਵਿਅਕਤੀ ਆਪਣੀ ਸੋਚ ਵਿਚਾਰ ਨਹੀਂ ਬਦਲਦਾ ਉਹ ਖੜ੍ਹੇ ਪਾਣੀ ਵਾਂਗ ਹੈ, ਜਿਸ ਵਿੱਚ ਮਾਨਸਿਕ ਕੀੜੇ ਪੈਦਾ ਹੁੰਦੇ ਹਨ"ਪੁਰਾਣੀ ਪੀੜ੍ਹੀ ਸਮੇਂ ਦੇ ਵੇਗ ਅਨੁਸਾਰ ਆਪਣੀ ਸੋਚ ਬਦਲਦੀ ਜਾਵੇ ਤਾਂ ਮਾਨਸਿਕਤਾ ਦੇ ਕੀੜੇ ਪੈਦਾ ਨਹੀਂ ਹੋ ਸਕਦੇ।ਜੋ ਦਿਮਾਗ ਵਿੱਚ ਚੱਲਦਾ ਹੈ ਉਹੀ ਸੋਚ ਵਿੱਚ ਬਦਲ ਜਾਂਦਾ ਹੈ। ਪਹਿਲਾਂ ਪਿੰਡਾਂ ਵਿੱਚ ਸਾਂਝੇ ਪ੍ਰੀਵਾਰ ਹੁੰਦੇ ਸਨ,ਇੱਕ ਖੁੰਡੇ ਵਾਲੇ ਦੇ ਹੱਥ ਕਮਾਂਡ ਹੁੰਦੀ ਸੀ।ਫਿਰ ਲੋਕ ਪੜ੍ਹ ਲਿਖ ਕੇ ਅੱਡ ਅੱਡ ਹੋਣ ਲੱਗ ਪਏ।ਇਸ ਪਿੱਛੇ ਨਵੀਂ ਪੜੀ ਲਿਖੀ ਪੀੜ੍ਹੀ ਹੀ ਹੈ। ਇਹਨਾਂ ਨੇ ਪੁਰਾਣੀ ਪੀੜ੍ਹੀ ਦੇ ਰੂੜੀਵਾਦੀ ਵਿਚਾਰਾਂ ਨੂੰ ਨਕਾਰਣਾ ਸ਼ੁਰੂ ਕਰ ਦਿੱਤਾ। ਇਹਨਾਂ ਨੂੰ ਪੁਰਾਣੀ ਪੀੜ੍ਹੀ ਆਪਣੇ ਅਨੁਸਾਰ ਢਾਲਣਾ ਚਾਹੁੰਦੀ ਹੈ।ਪਰ ਨਵੀਂ ਪੀੜ੍ਹੀ ਸਮੇਂ ਅਨੁਸਾਰ ਬਜ਼ੁਰਗਾਂ ਨੂੰ ਢਾਲਣ ਲਈ ਬਜਿੱਦ ਰਹਿੰਦੀ ਹੈ, ਨਤੀਜਾ ਪ੍ਰੀਵਾਰ ਵਿੱਚ ਨੋਕ ਝੋਕ ਸ਼ੁਰੂ ਹੋ ਜਾਂਦੀ ਹੈ।ਅੰਤ ਭਾਂਡਾ ਟੀਂਡਾ ਅੱਡ ਅੱਡ ਹੋ ਜਾਂਦਾ ਹੈ।ਇਸ ਪਿੱਛੇ ਨਵੀਂ ਪੀੜ੍ਹੀ ਸਮਾਜਿਕ ਨਿਯਮਾਂਵਲੀ ਦੀ ਪ੍ਰਵਾਹ ਵੀ ਨਹੀਂ ਕਰਦੀ। ਮੁੰਡਿਆਂ ਨੂੰ ਬਹੂਆਂ ਦੇ ਅਧੀਨ ਹੋਣ ਦਾ ਖਿਤਾਬ ਮਿਲ ਜਾਂਦਾ ਹੈ।
ਪੀੜ੍ਹੀ ਦੇ ਪਾੜੇ ਦਾ ਸ਼ਿਖਰ ਬਿਰਧ ਆਸ਼ਰਮ ਬਣਦੇ ਹਨ।ਬਿਰਧ ਆਸ਼ਰਮ ਉਹਨਾਂ ਲਈ ਸਮਾਜਿਕ ਕਲੰਕ ਹਨ ਜੋ ਸਭ ਕੁੱਝ ਹੁੰਦੇ ਸੁੰਦੇ ਵੀ ਬਜ਼ੁਰਗਾਂ ਨੂੰ ਬਿਰਧ ਆਸ਼ਰਮ ਭੇਜ ਦਿੰਦੇ ਹਨ।ਕਈ ਜਾਣਾ ਨਹੀਂ ਚਾਹੁੰਦੇ ਪਰ ਕਠੋਰ ਮੁੰਡੇ ਬਹੂਆਂ ਭੇਜ ਕੇ ਸਾਹ ਲੈਂਦੇ ਹਨ। ਸਮਾਜਿਕ ਪ੍ਰਾਣੀ ਦਾ ਰੁਤਬਾ ਵੀ ਵਿੱਚੇ ਘੜੀਸ ਦਿੰਦੇ ਹਨ। ਪੁਰਾਣੀ ਪੀੜ੍ਹੀ ਲਈ ਢੁਕਵਾਂ ਹੈ ਕਿ ਅੱਖਾਂ ਨਾਲ ਐਨਕ ਸੋਂਹਦੀ ਹੈ,ਕਦਰ ਹੈ। ਤੁਸੀਂ ਤਾਂ ਹੀ ਕਦਰ ਵਾਲੇ ਅਤੇ ਸੋਂਹਦੇ ਹੋਣ ਦੇ ਹੱਕਦਾਰ ਹੋ ਜੇ ਹਾਲਾਤ ਨੂੰ ਸਮਝ ਕੇ ਪ੍ਰੀਵਾਰ ਵਿੱਚ ਵਿਚਰਦੇ ਹੋ। ਪਿੰਡਾਂ ਅਤੇ ਸ਼ਹਿਰਾਂ ਦੀ ਪੀੜ੍ਹੀ ਵਿੱਚ ਵੀ ਅੰਤਰ ਹੈ।ਇਸ ਅੰਤਰ ਨੂੰ ਕੰਮਕਾਰ ਅਤੇ ਰਹਿਣ ਸਹਿਣ ਨਿਖੇੜਦੇ ਹਨ,ਸੋਚ ਇੱਕੋ ਹੀ ਹੁੰਦੀ ਹੈ।ਬਾਪੂ ਕਹਿੰਦਾ ਮੈਂ ਵਾਣ ਵਾਲਾ ਮੰਜਾ ਲੈਣਾ ਔਲਾਦ ਕਹਿੰਦੀ ਅਸੀਂ ਬੈੱਡ ਲੈਣੇ। ਔਲਾਦ ਕਹਿੰਦੀ ਬੈੱਡ ਨਾਲ ਸਰੀਰ ਸਿੱਧਾ ਰਹਿ ਕੇ ਡਿਸਕ ਨਹੀਂ ਹੁੰਦੀ, ਬਾਪੂ ਕਹਿੰਦਾ ਡਿਸਕ ਡੂਸਕ ਦਾ ਨੀ ਮੈਨੂੰ ਪਤਾ ਮੇਰਾ ਤਾਂ ਬੈੱਡ ਉੱਪਰ ਖਾਧਾ ਪੀਤਾ ਉੱਪਰ ਨੂੰ ਆਉਂਦਾ । ਬੇਬੇ ਕਹਿੰਦੀ ਮੇਰਾ ਸੰਦੂਕ ਭਲਾ ਹੈ, ਨੂੰਹ ਕਹਿੰਦੀ ਚੁੱਕ ਲੈ ਮੈਂ ਅਲਮਾਰੀ ਰੱਖਣੀ ਹੈ। ਨਵੀਂ ਪੀੜ੍ਹੀ ਪਖਾਨੇ ਮਕਾਨ ਦੇ ਅੰਦਰ ਭਾਲਦੀ ਪੁਰਾਣੀ ਪੀੜ੍ਹੀ ਕਹਿੰਦੀ, ਅਸੀਂ ਪਖਾਨੇ ਅੰਦਰ ਸਹਿਣ ਨਹੀਂ ਕਰਨੇ ਇਹ ਸ਼ਾਇਦ ਹੁਣ ਮੋੜਾ ਪੈ ਗਿਆ ਹੈ। ਜਿਵੇਂ ਦੋ ਕੋਹ ਤੇ ਬੋਲੀ ਬਦਲਦੀ ਹੈ ਉਸੇ ਤਰ੍ਹਾਂ ਦੂਜੀ ਪੀੜ੍ਹੀ ਦੀ ਸੋਚ ਵਿਚਾਰ ਬਦਲ ਜਾਂਦੀ ਹੈ।ਹਰ ਪੀੜ੍ਹੀ ਦੀਆਂ ਆਪਣੀਆਂ ਰੁੱਚੀਆਂ ਹੁੰਦੀਆਂ ਹਨ। ਹਾਂ ਇੱਕ ਗੱਲ ਜ਼ਰੂਰ ਹੈ ਕਿ ਪੀੜ੍ਹੀ ਦੇ ਪਾੜੇ ਪਿੱਛੇ ਵਿਕਾਸ ਦੀ ਗਤੀ ਵੀ ਹੈ।ਦੂਜੀ ਗੱਲ ਇਹ ਵੀ ਹੈ ਕਿ ਸਾਰੀ ਤਬਦੀਲੀ ਵਿਕਾਸ ਨਹੀਂ ਹੁੰਦੀ।ਇਹ ਵੀ ਸਮਝਣਾ ਪਵੇਗਾ ਕਿ ਪੀੜ੍ਹੀਆਂ ਨੂੰ ਆਪਣੀ ਆਪਣੀ ਜਗ੍ਹਾ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਤਰਕ ਦੇ ਗੁਲਾਮ ਨਹੀਂ ਹਾਂ, ਆਪਣੀ ਸੋਚ ਸਮਝ ਵਰਤ ਕੇ ਤਰਕ ਲੜਾਉਣਾ ਹੈ।ਇਸ ਤਰ੍ਹਾਂ ਨਾ ਹੋਵੇ ਕਿ ਤਰਕ ਨੂੰ ਤਰੋੜ ਮਰੋੜ ਕੇ ਹਰ ਪੀੜ੍ਹੀ ਆਪਣੇ ਹਿੱਤਾਂ ਲਈ ਵਰਤੇ।
ਹਾਲਾਤਾਂ ਨਾਲ ਸਮਝੌਤਾ ਕਰਨ ਨਾਲ ਪੀੜ੍ਹੀ ਦਾ ਪਾੜਾ ਮੇਟਿਆ ਜਾ ਸਕਦਾ ਹੈ।ਮੰਗਣ ਤੇ ਸਲਾਹ ਦੇਣੀ ਚਾਹੀਦੀ ਹੈ, ਸਲਾਹ ਮਿਲਣ ਤੇ ਲਾਗੂ ਹੋਣੀ ਚਾਹੀਦੀ ਹੈ। ਸਮਾਜਿਕ ਪੁਆੜੇ ਬਾਰੇ ਅਸੀਂ ਇਹ ਨਹੀਂ ਸਮਝਦੇ ਕਿ ਸਮੱਸਿਆ ਜਿਸ ਸੋਚ ਕਰਕੇ ਆਈ ਹੈ ਉਹ ਸੋਚ ਅਸੀਂ ਹੀ ਪੈਦਾ ਕੀਤੀ ਹੈ।ਘਰ ਵਿੱਚ ਸਿਆਣੇ ਨਿਆਣੇ ਜਦੋਂ ਆਪਣੀ ਰਾਏ ਠੋਸੀ ਜਾਣ ਤਾਂ ਸਮਝੋ ਕਿ ਦੂਰਦਰਸ਼ੀ ਵਾਲਾ ਕੋਈ ਨਹੀਂ ਸਭ ਦੀ ਅਕਲ ਮਾਰੀ ਗਈ ਹੈ। ਮੈਂ ਕਿਸੇ ਅਧਿਆਪਕਾ ਦੇ ਘਰ ਗਿਆ। ਉਹਨਾਂ ਰਸੋਈ ਵਿੱਚੋਂ ਚਾਹ ਬਾਹਰ ਫੜਾਈ। ਮੈਂ ਆਪਣੇ ਬੱਚੇ ਨੂੰ ਕਿਹਾ,"ਕਾਕੇ ਮੋਘੇ ਵਿੱਚੋਂ ਚਾਹ ਫੜ" ਬੱਚੇ ਨੇ ਮੇਰੇ ਮੂੰਹ ਵੱਲ ਵੇਖ ਕੇ ਚਾਹ ਫੜ ਲਈ। ਮੈਨੂੰ ਫੜਾਉਣ ਵੇਲੇ ਕਹਿਣ ਲੱਗਾ," ਮੋਘਾ ਨਹੀਂ ਸਰਵਿਸ ਵਿੰਡੋ ਹੁੰਦੀ ਪਾਪਾ "ਮੈਂ ਪੀੜ੍ਹੀ ਦਾ ਪਾੜਾ ਭਲੀਭਾਂਤ ਸਮਝ ਗਿਆ। ਵੱਖਰੀ ਗੱਲ ਹੋਰ ਵੀ ਹੈ ਕਿ ਬਜ਼ੁਰਗਾਂ ਨੂੰ ਤਜਰਬਿਆਂ ਦਾ ਖਜ਼ਾਨਾ ਸਮਝ ਕੇ ਅਗਿਆਤ ਨੇ ਨੌਜਵਾਨੀ ਨੂੰ ਸੁਨੇਹਾ ਵੀ ਦਿੱਤਾ ਹੈ,"ਇੱਕ ਨੌਜਵਾਨ ਦੂਜੇ ਨੌਜਵਾਨ ਦੀ ਅਗਵਾਈ ਕਰਦਾ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਇੱਕ ਅੰਨ੍ਹਾ ਦੂਜੇ ਅੰਨ੍ਹੇ ਦੀ"ਭਾਵ ਇੱਕ ਖੂਹ ਚ ਡਿਗੇ ਦੂਜਾ ਵੀ ਉਸੇ ਖੂਹ ਚ ਡਿਗੇ।ਇਸ ਪਾੜੇ ਨੂੰ ਕਾਬੂ ਹੇਠ ਕਰਨ ਲਈ ਸਾਡੀ ਸਿੱਖਿਆ ਅਤੇ ਸਮਾਜੀਕਰਨ ਦਾ ਅਧਿਆਏ ਵਰਕਾ ਹੋਣਾ ਚਾਹੀਦਾ ਹੈ। ਉਮਰਾਂ ਦੇ ਤਕਾਜ਼ੇ ਕਰਕੇ ਤਾਂ ਨਹੀਂ ਬਲਕਿ ਸਿੱਖਿਆ ਅਤੇ ਸੰਸਕਾਰਾਂ ਕਰਕੇ ਤਾਂ ਪੀੜ੍ਹੀ ਦੇ ਪਾੜੇ ਨੂੰ ਇੱਕ ਸੋਚ ਅਧੀਨ ਕੀਤਾ ਜਾ ਸਕਦਾ ਹੈ।"ਇੱਕ ਨੇ ਕਹੀ ਦੂਜੇ ਨੇ ਮਾਨੀ ਦੋਹਾਂ ਦਾ ਲਾਭ ਦੋਵੇਂ ਬ੍ਰਹਮ ਗਿਆਨੀ"ਬਜ਼ੁਰਗਾਂ ਨੂੰ ਆਪਣੀ ਔਲਾਦ ਦੀ ਸੋਚ ਨੂੰ ਬੌਧਿਕ ਤਰੱਕੀ ਅਤੇ ਨੌਜਵਾਨੀ ਨੂੰ ਦਾਰਸ਼ਨਿਕ ਏ.ਜੀ ਗਾਰਡੀਨਰ ਦੇ ਕਥਨ," ਚੜ੍ਹਦੇ ਸੂਰਜ ਦੀ ਆਪਣੀ ਸੁੰਦਰਤਾ ਹੁੰਦੀ ਹੈ, ਛਿਪਦੇ ਸੂਰਜ ਦੀ ਆਪਣੀ ਸੁੰਦਰਤਾ ਮਨਮੋਹਣੀ ਅਤੇ ਰੂਹਾਨੀ ਹੁੰਦੀ ਹੈ"ਅਨੁਸਾਰ ਪ੍ਰੀਵਾਰ ਚਲਾਉਣੇ ਚਾਹੀਦੇ ਹਨ।ਇਸ ਨਾਲ ਇਸ ਪਨਪਦੀ ਪੀੜ੍ਹੀ ਦੇ ਪਾੜੇ ਦੀ ਸਮਾਜਿਕ ਬੁਰਾਈ ਨੂੰ ਸਮਾਜਿਕ ਜਾਬਤੇ ਅਧੀਨ ਕੀਤਾ ਜਾ ਸਕਦਾ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445