ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
06.01.2025
ਬਾਦਲ ਅਕਾਲੀ ਦਲ ਅਕਾਲ ਤਖ਼ਤ ਦੇ ਹੁਕਮਾਂ ਤੋਂ ਭੱਜਣ ਦੇ ਬਹਾਨੇ ਲੱਭ ਰਿਹੈ- ਚਰਨਜੀਤ ਸਿੰਘ ਬਰਾੜ
ਕੰਢੇ ਕੰਢੇ ਹੀਰ ਭਾਲ਼ਦਾ, ਰਾਂਝਾ ਪੱਜ ਮੱਝੀਆਂ ਦਾ ਲਾਵੇ।
ਡਾ. ਮਨਮੋਹਨ ਸਿੰਘ ਦੇ ਦਿਹਾਂਤ ‘ਤੇ ਚੁੱਪ ਰਹਿਣ ਲਈ ਖੇਡਾਂ ਅਤੇ ਫ਼ਿਲਮੀ ਹਸਤੀਆਂ ਦੀ ਆਲੋਚਨਾ- ਇਕ ਖ਼ਬਰ
ਹੁਣ ਤੂੰ ਕਿਧਰ ਗਿਆ, ਜੇਠ ਬੋਲੀਆਂ ਮਾਰੇ।
ਭਾਜਪਾ ਨੇ ਮੇਰੀ ਪਤਨੀ ਦਾ ਨਾਮ ਵੋਟਰ ਸੂਚੀ ‘ਚੋਂ ਕਟਵਾਉਣ ਦੀ ਕੋਸ਼ਿਸ਼ ਕੀਤੀ- ਸੰਜੇ ਸਿੰਘ
ਵੈਰੀਆਂ ਦਾ ਖੂਹ ਵਗਦਾ, ਮੈਨੂੰ ਤੇਰੀ ਵੇ ਜਾਨ ਦਾ ਧੋਖਾ।
ਰਾਹੁਲ ਗਾਂਧੀ ਨੇ ਸਿਆਸੀ ਫ਼ਾਇਦੇ ਲਈ ਡਾ. ਮਨਮੋਹਨ ਸਿੰਘ ਦੀ ਮੌਤ ਦਾ ਫ਼ਾਇਦਾ ਉਠਾਇਆ- ਭਾਜਪਾ
ਮਨਮੋਹਨ ਸਿੰਘ ਦੇ ਸਸਕਾਰ ‘ਤੇ ਦੂਰ ਦਰਸ਼ਨ ਦਾ ਕੈਮਰਾ ਤਾਂ ਤੁਹਾਡੇ ਉਤੇ ਫੋਕਸ ਰਿਹਾ।
ਡਾ. ਮਨਮੋਹਨ ਸਿੰਘ ਸਕੂਲ ਆਫ਼ ਇਕਨਾਮਿਕਸ ਸਥਾਪਤ ਕੀਤਾ ਜਾਵੇ- ਵਿਕਰਮਜੀਤ ਸਿੰਘ ਸਾਹਨੀ (ਰਾਜ ਸਭਾ ਮੈਂਬਰ)
ਉਹ ਮੇਰਾ ਵੀਰ ਕੁੜੀਓ, ਜਿਹੜਾ ਮੂਹਰਲੀ ਗੱਡੀ ਦਾ ਬਾਬੂ।
ਨਾਰਾਇਣ ਸਿੰਘ ਚੌੜਾ ਨੂੰ ਪੰਥ ‘ਚੋਂ ਛੇਕਣ ਦਾ ਮਤਾ ਸ਼ਰੋਮਣੀ ਕਮੇਟੀ ਨੇ ਕੀਤਾ ਰੱਦ- ਇਕ ਖ਼ਬਰ
ਜਿਹਨਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਉਹਨੀਂ ਰਾਹੀਂ ਵੇ ਮੈਨੂੰ ਮੁੜਨਾ ਪਿਆ।
ਕਿਸਾਨਾਂ ਦੀ ਬਜਾਇ ਮੋਦੀ ਸਰਕਾਰ ਨੂੰ ਕਾਰਪੋਰੇਟ ਘਰਾਣਿਆਂ ਦੀ ਚਿੰਤਾ- ਰਾਜੇਵਾਲ
ਐਰੇ ਗ਼ੈਰੇ ਨੂੰ ਸ਼ੱਕਰ ਦਾ ਦਾਣਾ, ਭਗਤੇ ਨੂੰ ਖੰਡ ਪਾ ਦਿਉ।
ਬਸਪਾ ਦੇ ਸਾਬਕਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਹੋਏ ‘ਆਪ’ ‘ਚ ਸ਼ਾਮਲ- ਇਕ ਖ਼ਬਰ
ਮੈਂ ਆਣ ਢੱਠੇ ਤੇਰੇ ਦੁਆਰੇ ‘ਤੇ, ਮੈਨੂੰ ਕਰ ਲਉ ਆਪਣਾ ਮੁਰੀਦ ਮੀਆਂ।
ਸਰਕਾਰ ਕਿਸਾਨ ਅੰਦੋਲਨ ‘ਤੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਪਾਲਣ ਕਰੇਗੀ- ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ
ਕਿਉਂਕਿ ਸਾਨੂੰ ਪਤੈ ਕਿ ਹੁਕਮ ਕਿਸ ਤਰ੍ਹਾਂ ਦੇ ਆਉਣੇ ਨੇ।
ਚੀਫ਼ ਖ਼ਾਲਸਾ ਦੀਵਾਨ ਆਇਆ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿਚ- ਇਕ ਖ਼ਬਰ
ਬੋਤਾ ਆਵੇ ਮੇਰੇ ਵੀਰ ਦਾ, ਜਿਵੇਂ ਕਾਲ਼ੀਆਂ ਘਟਾਵਾਂ ਵਿਚ ਬਗਲਾ।
ਅੜੀਅਲ ਰਵੱਈਆ ਛੱਡ ਕੇ ਕੇਂਦਰ ਕਿਸਾਨਾਂ ਨਾਲ ਗੱਲਬਾਤ ਕਰੇ- ਭਗਵੰਤ ਮਾਨ
ਅੜੀ ਵੇ ਅੜੀ, ਨਾ ਕਰ ਬਹੁਤੀ ਤੂੰ ਅੜੀ।
ਬਾਗ਼ੀ ਅਕਾਲੀ ਧੜੇ ਦੇ ਆਗੂ ਫਿਰ ਮਿਲੇ ਅਕਾਲ ਤਖ਼ਤ ਦੇ ਜਥੇਦਾਰ ਨੂੰ- ਇਕ ਖ਼ਬਰ
ਅੱਖੀਂ ਖੋਲ੍ਹ ਗੁਲਾਮ ਰਸੂਲਾ, ਸੱਸੀ ਕੂਕੇ ਲੁੱਟੀ-ਲੁੱਟੀ।
ਕਾਂਗਰਸ ਨੇ ਆਤਿਸ਼ੀ ਦੇ ਵਿਰੁੱਧ ਅਲਕਾ ਲਾਂਬਾ ਨੂੰ ਉਮੀਦਵਾਰ ਬਣਾਇਆ- ਇਕ ਖ਼ਬਰ
ਕੁੰਢੀਆਂ ਦੇ ਸਿੰਙ ਫ਼ਸਣੇ, ਕੋਈ ਨਿਤਰੂ ਵੜੇਵੇਂ ਖਾਣੀ।
ਪੰਥਕ ਹਲਕਿਆਂ ਦੇ ਵਿਵਾਦਾਂ ਦੇ ਬਾਵਜੂਦ ਮਾਘੀ ਮੇਲੇ ਮੌਕੇ ਬਣੇਂਗੀ ਨਵੀਂ ਪੰਥਕ ਪਾਰਟੀ- ਇਕ ਖ਼ਬਰ
ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇਕ ਆਵੇ ਇਕ ਜਾਵੇ।
ਪੰਜਾਬ ਕਾਂਗਰਸ ਲੀਡਰਸ਼ਿੱਪ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ‘ਚ ਹਿੱਸਾ ਲਵੇਗੀ- ਇਕ ਖ਼ਬਰ
ਰੁੱਤ ਯਾਰੀਆਂ ਲਾਉਣ ਦੀ ਆਈ, ਬੇਰੀਆਂ ਦੇ ਬੇਰ ਪੱਕ ਗਏ।
=====================================================================