ਵਿਕਾਸ - ਨਿਰਮਲ ਸਿੰਘ ਕੰਧਾਲਵੀ
ਮਾਰਕੀਟ ‘ਚ ਇਕ ਦਿਨ ਇਕ ਮਿੱਤਰ ਮਿਲਿਆ ਜੋ ਅਠਾਰਾਂ ਸਾਲ ਬਾਅਦ ਪੰਜਾਬ ਜਾ ਕੇ ਆਇਆ ਸੀ। ਮੈਂ ਪੰਜਾਬ ਦਾ ਹਾਲ ਚਾਲ ਪੁੱਛਿਆ ਤਾਂ ਉਹ ਬੜੀ ਬੁਝੀ ਹੋਈ ਆਵਾਜ਼ ‘ਚ ਬੋਲਿਆ, “ ਕੀ ਦੱਸਾਂ ਯਾਰ, ਪੰਜਾਬ ਉਹ ਪੰਜਾਬ ਹੀ ਨਹੀਂ ਲਗਦਾ। ਸਭ ਕੁਝ ਹੀ ਬਦਲਿਆ ਬਦਲਿਆ ਲਗਦਾ ਉਥੇ ਜਾ ਕੇ। ਲੋਕਾਂ ‘ਚ ਉਹ ਮੋਹ ਪਿਆਰ ਨਹੀਂ, ਤੁਸੀਂ ਕਿਸੇ ਨੂੰ ਅੱਗੇ ਹੋ ਕੇ ਬੁਲਾ ਲਉ ਤਾਂ ਬੁਲਾ ਲਉ ਨਹੀਂ ਤਾਂ ਅਗਲਾ ਹੋਰੂੰ ਜਿਹਾ ਝਾਕਦਾ ਅਗਾਂਹ ਨਿਕਲ ਜਾਂਦਾ ਹੈ, ਹਾਲਾਂਕਿ ਐਸੀ ਗੱਲ ਨਹੀਂ ਕਿ ਉਹ ਤੁਹਾਨੂੰ ਜਾਣਦਾ ਨਹੀਂ ਹੁੰਦਾ।”
ਮੈਂ ਉਸ ਨੂੰ ਤਸੱਲੀ ਦੇਣ ਲਈ ਕਿਹਾ, “ ਇਹ ਤਾਂ ਸਾਰੀ ਦੁਨੀਆਂ ‘ਚ ਹੀ ਹੋ ਰਿਹੈ, ਜਿਉਂ ਜਿਉਂ ਸਮਾਜਾਂ ਵਿਚ ਵਧੇਰੇ ਪੈਸਾ, ਵਧੇਰੇ ਮਟੀਰੀਅਲ ਵਧ ਰਿਹਾ ਉਵੇਂ ਉਵੇਂ ਹੀ ਮਨੁੱਖ, ਮਨੁੱਖ ਤੋਂ ਦੂਰ ਹੋਈ ਜਾ ਰਿਹੈ, ਪਰ ਚਲੋ ਵਿਕਾਸ ਤਾਂ ਹੋ ਰਿਹੈ ਨਾ, ਹਰ ਵੇਲੇ ਵਿਕਾਸ ਵਿਕਾਸ ਹੀ ਸਰਕਾਰਾਂ ਕੂਕਦੀਆਂ, ਇਸ ਬਾਰੇ ਤੇਰਾ ਕੀ ਵਿਚਾਰ ਐ?”
“ ਲੈ ਵਿਕਾਸ ਵੀ ਦੇਖ ਲੈ,” ਕਹਿ ਕੇ ਉਸ ਨੇ ਜੇਬ ‘ਚੋਂ ਮੋਬਾਈਲ ਫੂਨ ਕੱਢਿਆ ਤੇ ਦੋ ਦੋ ਤਿੰਨ ਤਿੰਨ ਮਿਨਟ ਦੀਆਂ ਵੀਡੀਓ ਦਿਖਾਈਆਂ। ਇਕ ਵੀਡੀਓ ਕਿਸੇ ਵੱਡੇ ਸ਼ਹਿਰ ਦੀ ਸੀ ਜਿੱਥੇ ਸੜਕ ਦੇ ਕੰਢੇ ਕੂੜੇ ਦਾ ਇਕ ਬਹੁਤ ਵੱਡਾ ਢੇਰ ਲੱਗਿਆ ਹੋਇਆ ਸੀ। ਕੂੜੇ ਨੂੰ ਕਾਂ, ਕੁੱਤੇ ਫੋਲ ਰਹੇ ਸਨ। ਗਰਮੀ ਦਾ ਮੌਸਮ ਸੀ ਤੇ ਕੂੜੇ ਦੀ ਬਦਬੂ ਵੀ ਦੂਰ ਦੂਰ ਤੱਕ ਜਾਂਦੀ ਹੋਵੇਗੀ। ਹੈਰਾਨੀ ਵਾਲ਼ੀ ਗੱਲ ਇਹ ਸੀ ਕਿ ਕੂੜੇ ਦੇ ਢੇਰ ਤੋਂ ਥੋੜ੍ਹੀ ਦੂਰ ਹੀ ਦੁਲਹਨਾਂ ਵਾਂਗ ਸਜੀਆਂ ਰੇਹੜ੍ਹੀਆਂ ‘ਤੇ ਖੜ੍ਹੇ ਲੋਕ ਗੋਲ-ਗੱਪੇ, ਚਾਟ ਅਤੇ ਆਈਸ ਕਰੀਮ ਆਦਿਕ ਚਟਕਾਰੇ ਲੈ ਲੈ ਕੇ ਖਾ ਰਹੇ ਸਨ ਤੇ ਨੇੜੇ ਹੀ ਕੁੱਤੇ ਸੁੱਟੇ ਹੋਏ ਡੂਨਿਆਂ ਤੇ ਆਈਸ-ਕਰੀਮ ਦੇ ਕੱਪਾਂ ਵਿਚ ਮੂੰਹ ਮਾਰ ਰਹੇ ਸਨ।
ਵੀਡੀਓ ਦੇਖ ਕੇ ਮੈਂ ਫੂਨ ਉਸ ਨੂੰ ਫੜਾਇਆ ਤਾਂ ਉਹ ਸਵਾਲੀਆ ਲਹਿਜ਼ੇ ‘ਚ ਬੋਲਿਆ, “ ਕਿਹੜੇ ਵਿਕਾਸ ਦੀ ਗੱਲ ਕਰਦੈਂ ਯਾਰ? ਜਿਹੜਾ ਦੇਸ਼ ਪੰਝੱਤਰ ਸਾਲਾਂ ‘ਚ ਆਪਣੇ ਕੂੜੇ ਦਾ ਬੰਦੋਬਸਤ ਹੀ ਨਹੀਂ ਕਰ ਸਕਿਆ, ਉੱਥੇ ਕਿਹੜਾ ਵਿਕਾਸ, ਕਾਹਦਾ ਵਿਕਾਸ।”
ਵੀਡੀਓ ਦੇਖ ਕੇ ਮੈਨੂੰ ਅੱਜ ਤੋਂ ਪੰਜਤਾਲੀ ਸਾਲ ਪਹਿਲਾਂ ਦਾ ਅਜਿਹਾ ਹੀ ਸੀਨ ਯਾਦ ਆ ਗਿਆ। ਕਾਲਜ ਦੀ ਪੜ੍ਹਾਈ ਲਈ ਮੈਂ ਸ਼ਹਿਰ ਦੇ ਕਾਲਜ ‘ਚ ਦਾਖਲਾ ਲੈ ਲਿਆ। ਰੋਜ਼ਾਨਾ ਹੀ ਬਸ ‘ਤੇ ਆਉਣ ਜਾਣ ਕਰਦਾ। ਨੇੜਲੇ ਇਕ ਪਿੰਡ ਦੇ ਦੋ ਮੁੰਡੇ ਨਛੱਤਰ ਅਤੇ ਸੁਰਜੀਤ ਵੀ ਉਸੇ ਬਸ ਵਿਚ ਹੀ ਜਾਂਦੇ। ਹੌਲੀ ਹੌਲੀ ਸਾਡੀ ਤਿੰਨਾਂ ਦੀ ਦੋਸਤੀ ਹੋ ਗਈ। ਨਛੱਤਰ ਬੜਾ ਟਿੱਚਰੀ ਤੇ ਗੱਲਕਾਰ ਤੇ ਸੁਰਜੀਤ ਬਹੁਤ ਘੱਟ ਬੋਲਣ ਵਾਲਾ। ਬਸ ਅੱਡੇ ‘ਤੇ ਉੱਤਰ ਕੇ ਅਸੀਂ ਬੜਾ ਘੁੰਮ ਕੇ ਕਾਲਜ ਨੂੰ ਜਾਂਦੇ। ਫਿਰ ਪਤਾ ਲੱਗਿਆ ਕਿ ਗਲੀਆਂ ਵਿਚੀਂ ਲੰਘ ਕੇ ਕਾਲਜ ਬਹੁਤੀ ਦੂਰ ਨਹੀਂ ਸੀ। ਅਸੀਂ ਇਹ ਰਸਤਾ ਲੱਭ ਲਿਆ। ਮਹੀਨੇ ਕੁ ਬਾਅਦ ਇਕ ਦਿਨ ਨਛੱਤਰ ਕਹਿਣ ਲੱਗਾ, “ ਮੇਰੀ ਅੰਤਰਆਤਮਾ ਕਹਿੰਦੀ ਐ ਬਈ ਜੇ ਐਸ ਗਲੀ ਰਾਹੀਂ ਜਾਈਏ ਤਾਂ ਬਸ ਅੱਡਾ ਹੋਰ ਵੀ ਨੇੜੇ ਪਊ।”
ਸੁਰਜੀਤ ਬੋਲਿਆ, “ ਜੇ ਅੱਗਿਉਂ ਰਸਤਾ ਬੰਦ ਹੋਇਆ ਤਾਂ ਫੇਰ ਮੁੜ ਕੇ ਆਉਣਾ ਪਊ।”
ਮੈਂ ਕਿਹਾ, “ ਕੋਈ ਨਾ, ਮੁੜ ਆਵਾਂਗੇ, ਬਥੇਰੀਆਂ ਬੱਸਾਂ ਜਾਂਦੀਆਂ ਆਪਣੇ ਵਲ ਨੂੰ।”
ਥੋੜ੍ਹਾ ਅਗਾਂਹ ਗਏ ਤਾਂ ਇਕ ਮਾਤਾ ਜੀ ਆਪਣੇ ਘਰ ਅੱਗੇ ਖੜ੍ਹੀ ਸੀ। ਉਸ ਨੂੰ ਪੁੱਛਿਆ ਤਾਂ ਉਹ ਕਹਿਣ ਲੱਗੀ, “ ਪੁੱਤ ਰਿਸ਼ਕਾ ਸ਼ੈਂਕਲ ਬਗੈਰਾ ਤਾਂ ਨਈਂ ਲੰਘਦਾ, ਊਂ ਬੰਦਾ ਲੰਘਣ ਜੋਗਾ ਲਾਂਘਾ ਹੈਗਾ।” ਮਾਤਾ ਦੇ ਦੱਸਣ ਨਾਲ ਸਾਨੂੰ ਹੌਸਲਾ ਹੋਇਆ ਤੇ ਅਸੀਂ ਅਗਾਂਹ ਤੁਰ ਪਏ।
ਥੋੜ੍ਹੀ ਦੂਰ ਗਏ ਤਾਂ ਤੰਦੂਰੀ ਰੋਟੀਆਂ ਤੇ ਮਾਂਹ ਦੀ ਤੜਕੇ ਵਾਲ਼ੀ ਦਾਲ਼ ਦੀ ਖ਼ੁਸ਼ਬੂ ਨੇ ਸਾਡੀਆਂ ਨਾਸਾਂ ਫ਼ਰਕਣ ਲਾ ਦਿਤੀਆਂ। ਸੁਰਜੀਤ ਬੋਲਿਆ, “ ਬਈ ਸੱਜਣੋਂ ਕਿਸੇ ਦੇ ਘਰੇ ਤੰਦੂਰੀ ਰੋਟੀਆਂ ਬਣਦੀਆਂ।”
ਨਛੱਤਰ ਇਕ ਦਮ ਬੋਲ ਉੱਠਿਆ, “ ਬਈ ਮੇਰੀ ਅੰਤਰਆਤਮਾ ਕਹਿੰਦੀ ਐ ਇਧਰ ਨੇੜੇ ਤੇੜੇ ਜ਼ਰੂਰ ਕੋਈ ਢਾਬਾ ਐ।”
ਮੈਂ ਕਿਹਾ, “ ਯਾਰ ਕੋਈ ਅਕਲ ਦੀ ਦੁਆਈ ਖਾਹ, ਢਾਬੇ ਵੱਡੀਆਂ ਸੜਕਾਂ ਦੇ ਕੰਢੇ ਹੁੰਦੇ ਆ, ਇਥੇ ਗਲੀਆਂ ‘ਚ ਢਾਬਾ ਕਿੱਥੋਂ ਆ ਗਿਆ, ਨਾਲੇ ਇਹ ਤਾਂ ਗਲ਼ੀ ਵੀ ਅੱਗਿਉਂ ਬੰਦ ਐ, ਢਾਬੇ ਵਾਲ਼ੇ ਨੇ ਭੁੱਖੇ ਮਰਨਾ।”
ਉਹੋ ਗੱਲ ਹੋਈ ਥੋੜ੍ਹਾ ਅੱਗੇ ਗਏ ਤਾਂ ਸੱਚੀਂ ਇਕ ਖਾਲੀ ਪਲਾਟ ਵਿਚ ਢਾਰੇ ਜਿਹੇ ਦੇ ਹੇਠਾਂ ਉਚੀ ਜਿਹੀ ਥਾਂ ‘ਤੇ ਢਾਬਾ ਸੀ। ਹੱਥ ਧੋਣ ਵਾਲ਼ੀ ਪਾਣੀ ਦੀ ਟੈਂਕੀ ਉਪਰ ‘ਭਲਵਾਨ ਭਰਾਵਾਂ ਦਾ ਵੈਸ਼ਨੂੰ ਢਾਬਾ’ ਲਿਖਿਆ ਹੋਇਆ ਸੀ। ਨਛੱਤਰ ਨੇ ਜੇਤੂ ਅੰਦਾਜ਼ ਨਾਲ ਸਾਡੇ ਵਲ ਦੇਖਿਆ। ਸੁਰਜੀਤ ਮੇਰੇ ਨੇੜੇ ਹੋ ਕੇ ਕਹਿਣ ਲੱਗਾ, “ ਲਗਦੈ ਇਹ ਸਹੁਰੀ ਦਾ ਪਿਛਲੇ ਜਨਮ ‘ਚ ਕੋਈ ਰਿਸ਼ੀ ਮੁਨੀ ਸੀਗਾ ਜਿਹੜਾ ਆਪਣੀ ਅੰਤਰਆਤਮਾ ਵੀ ਨਾਲ ਹੀ ਚੁੱਕ ਲਿਆਇਆ ਏਸ ਮਾਤਲੋਕ ਵਿਚ।”
ਤੰਦੂਰੀ ਰੋਟੀਆਂ ਦੀ ਮਹਿਕ ਨੇ ਸਾਡੇ ਪੈਰਾਂ ਨੂੰ ਬਰੇਕਾਂ ਲਾ ਦਿਤੀਆਂ। ਸਾਡੀਆਂ ਅੱਖਾਂ ਨੇ ਆਪਸ ਵਿਚ ਹੀ ਗਿਟਮਿਟ ਕੀਤੀ ਤੇ ਫ਼ੈਸਲਾ ਕਰ ਲਿਆ ਕਿ ਰੋਟੀ ਖਾਧੀ ਜਾਵੇ ਤੇ ਅਸੀਂ ਹੱਥ ਧੋ ਕੇ ਥੜ੍ਹੇ ਦੀਆਂ ਪੌੜੀਆਂ ਚੜ੍ਹ ਕੇ ਅੰਦਰ ਜਾ ਬੈਠੇ। ਅਨਘੜਤ ਜਿਹੇ ਮੇਜ ਅਤੇ ਬੈਂਚ ਬੈਠਣ ਲਈ।
ਗੱਦੀ ਉੱਪਰ ਪੰਜਾਹ ਕੁ ਸਾਲ ਦੀ ਉਮਰ ਦਾ ਇਕ ਸੱਜਣ ਬੈਠਾ ਸੀ, ਉਸ ਦੇ ਅੱਗੇ ਚਾਰ ਪੰਜ ਪਤੀਲੇ, ਨਿਹੰਗਾਂ ਦੇ ਡੋਲ ਵਾਂਗ ਮਾਂਜੇ ਹੋਏ, ਪਏ ਸਨ ਤੇ ਇਕ ਪਾਸੇ ਗੱਲਾ ਪਿਆ ਸੀ। ਉਸ ਨੇ ਇਸ਼ਾਰੇ ਨਾਲ ਹੀ ਸਾਨੂੰ ਜੀ ਆਇਆਂ ਕਿਹਾ। ਥੋੜ੍ਹੀ ਹੀ ਦੂਰ ‘ਤੇ ਤੰਦੂਰ ਸੀ ਜਿਸ ਦੇ ਨੇੜੇ ਰੋਟੀਆਂ ਲਾਉਣ ਵਾਲਾ ਸੱਜਣ ਬੈਠਾ ਸੀ। ਉਨ੍ਹਾਂ ਦੋਵਾਂ ਦੀ ਵਰਦੀ ਇਕੋ ਜਿਹੀ ਤੇ ਉਨ੍ਹਾਂ ਦੀਆਂ ਸ਼ਕਲਾਂ ਵੀ ਇਕ ਦੂਜੇ ਨਾਲ ਮਿਲਦੀਆਂ। ਪਿਛਲੇ ਪਾਸੇ ਦੀ ਕੰਧ ਵਿਚ ਇਕ ਦਰਵਾਜ਼ਾ ਸੀ ਜਿਸ ਉੱਪਰ ਇਕ ਚਾਦਰ ਜਿਹੀ ਟੰਗ ਕੇ ਪਰਦਾ ਕੀਤਾ ਹੋਇਆ ਸੀ। ਪਰਦਾ ਚੁੱਕ ਕੇ ਇਕ ਬੰਦਾ ਅੰਦਰ ਆਇਆ, ਉਸ ਦਾ ਪਹਿਰਾਵਾ ਵੀ ਦੂਜੇ ਦੋਵਾਂ ਵਰਗਾ ਤੇ ਸ਼ਕਲ ਵੀ ਉਨ੍ਹਾਂ ਵਰਗੀ। ਸਾਨੂੰ ਸਮਝਣ ‘ਚ ਦੇਰ ਨਾ ਲੱਗੀ ਕਿ ਢਾਬੇ ਦਾ ਨਾਮ ਭਰਾਵਾਂ ਦਾ ਢਾਬਾ ਕਿਉਂ ਸੀ। ਬਾਹਰੋਂ ਆਏ ਬੰਦੇ ਨੇ ਸਾਨੂੰ ਪੁੱਛਿਆ, “ ਹਾਂ ਜੀ, ਤਿੰਨ ਥਾਲ਼ੀਆਂ!
ਅਸੀਂ ਜਦੋਂ ਪੁੱਛਿਆ ਕਿ ਕੀ ਕੀ ਬਣਾਇਐ ਤਾਂ ਉਹ ਬੋਲਿਆ, “ ਸਾਢੇ ਢਾਬੇ ਦੀ ਤਾਂ ਮਾਂਹ ਦੀ ਦਾਲ਼ ਮਸ਼ਹੂਰ ਐ ਜੀ, ਬਾਕੀ ਇਕ ਅੱਧੀ ਮੌਸਮੀ ਸਬਜ਼ੀ ਹੁੰਦੀ ਐ ਜੀ, ਨਾਲ ਰਾਇਤਾ ਤੇ ਸਲਾਦ ਹੁੰਦੈ ਬੱਸ।”
ਅਸੀਂ ਉਸ ਨੂੰ ਤਿੰਨ ਥਾਲ਼ੀਆਂ ਲਿਆਉਣ ਲਈ ਕਹਿ ਦਿਤਾ। ਸ਼ਾਇਦ ਪਹਿਲੀ ਵਾਰ ਢਾਬੇ ‘ਤੇ ਆਉਣ ਕਰ ਕੇ ਸਾਡੀ ਦਾਲ਼ ‘ਚ ਵਿਸ਼ੇਸ਼ ਤੌਰ ‘ਤੇ ਇਕ ਇਕ ਚਮਚਾ ਮੱਖਣ ਦਾ ਵੀ ਪਾਇਆ ਗਿਆ। ਖਾਣਾ ਵਾਕਿਆ ਹੀ ਬਹੁਤ ਸੁਆਦ ਸੀ। ਰੋਟੀ ਖਾ ਕੇ ਜਦੋਂ ਟੰਕੀ ‘ਤੇ ਹੱਥ ਧੋਣ ਗਏ ਤਾਂ ਟੰਕੀ ਖਾਲੀ ਸੀ। ਸਾਨੂੰ ਕਿਹਾ ਗਿਆ ਕਿ ਪਿਛਲੇ ਪਾਸੇ ਨਲਕੇ ‘ਤੇ ਹੱਥ ਧੋ ਲਈਏ। ਪਰਦਾ ਚੁੱਕ ਕੇ ਜਦੋਂ ਨਲਕੇ ਤਾਂ ਪਹੁੰਚੇ ਤਾਂ ਖਾਧੀ ਹੋਈ ਰੋਟੀ ਦਾ ਸਾਰਾ ਸੁਆਦ ਕਿਰਕਿਰਾ ਹੋ ਗਿਆ। ਰੋਟੀ ਬਾਹਰ ਆਉਣ ਨੂੰ ਕਰੇ। ਨਲਕੇ ਦੇ ਨੇੜੇ ਜੂਠੇ ਭਾਂਡਿਆਂ ਦਾ ਢੇਰ ਲੱਗਿਆ ਹੋਇਆ ਸੀ ਤੇ ਦੋ ਤਿੰਨ ਕੁੱਤੇ ਜੂਠੇ ਭਾਂਡਿਆਂ ਨੂੰ ਚੱਟ ਕੇ ‘ਸੇਵਾ’ ਕਰ ਰਹੇ ਸਨ। ਬੜੇ ‘ਭਲੇਮਾਣਸ’ ਜਿਹੇ ਕੁੱਤੇ ਸਨ। ਸਾਡੇ ਵਲ ਉਨ੍ਹਾਂ ਨੇ ਕੋਈ ਧਿਆਨ ਨਾ ਦਿਤਾ ਤੇ ਆਪਣੀ ‘ਸੇਵਾ’ ‘ਚ ਮਸਤ ਰਹੇ। ਹੱਥ ਧੋ ਕੇ ਅੰਦਰ ਆਏ ਤਾਂ ਨਛੱਤਰ ਗੱਦੀ ‘ਤੇ ਬੈਠੇ ਸੱਜਣ ਨੂੰ ਮੁਖਾਤਿਬ ਹੋ ਕੇ ਬੋਲਿਆ, “ ਭਲਵਾਨ ਜੀ, ਔਹ ਕੁੱਤੇ ਅਵਾਰਾ ਨੇ ਜਾਂ ਜੂਠੇ ਭਾਂਡਿਆਂ ਦੀ ‘ਸੇਵਾ’ ਲਈ ਰੱਖੇ ਹੋਏ ਐ।”
ਭਲਵਾਨ ਨਛੱਤਰ ਦੀ ਟਿੱਚਰ ਨੂੰ ਸਮਝ ਗਿਆ ਤੇ ਹੀਂ ਹੀਂ ਕਰ ਕੇ ਬੋਲਿਆ, “ ਓ ਜੀ ਅੱਜ ਮੁੰਡੂ ਨੀ ਆਇਆ ਕੰਮ ‘ਤੇ ਉਹਦੀ ਮਾਂ ਬਿਮਾਰ ਐ, ਟੰਕੀ ‘ਚ ਪਾਣੀ ਵੀ ਉਹੀ ਭਰਦੈ ਹੁੰਦੈ ਜੀ।” ਤੇ ਨਾਲ ਹੀ ਉਸ ਨੇ ਨਲਕੇ ਵਲ ਨੂੰ ਇਸ਼ਾਰਾ ਕਰ ਕੇ ਹੋਕਰਾ ਮਾਰਿਆ, “ ਓਏ ਜੱਗਿਆ, ਔਹ ਕਤੀੜ ਨੂੰ ਕੱਢ ਬਾਹਰ, ਮਾਰ ਇਹਨਾਂ ਦੇ ਇਕ ਇਕ ਢੂਈ ‘ਤੇ।”
“ਭਲਵਾਨ ਜੀ, ਜੇ ਕਿਧਰੇ ਹੈਲਥ ਵਾਲਿਆਂ ਨੇ ਛਾਪਾ ਮਾਰ ਲਿਆ ਤਾਂ ਹੋਰ ਪੰਗਾ ਖੜ੍ਹਾ ਹੋ ਜਾਊ ਤੁਹਾਡੇ ਲਈ,” ਨਛੱਤਰ ਕਦੋਂ ਟਲਣ ਵਾਲ਼ਾ ਸੀ, ਉਹਨੇ ਹੋਰ ਟੋਣਾ ਲਾ ਦਿਤਾ।
“ ਆਉਂਦੇ ਈ ਰਹਿੰਦੇ ਆ ਜੀ, ਨਾਲ਼ੇ ਰੋਟੀ ਖਾ ਜਾਂਦੇ ਐ ਤੇ ਨਾਲ਼ ਡੱਬਿਆਂ ‘ਚ ਦਾਲ਼ ਪੁਆ ਕੇ ਲੈ ਜਾਂਦੇ ਐ ਘਰ ਵਾਲ਼ੀਆਂ ਲਈ,” ਭਲਵਾਨ ਬੜੀ ਬੇਪਰਵਾਹੀ ਨਾਲ਼ ਬੋਲਿਆ।
ਮੁੜ ਅਸੀਂ ਉਸ ਗਲ਼ੀ ਵਿਚੀਂ ਨਹੀਂ ਲੰਘੇ।