ਹਿਰਦੇ ਦੀ ਵੇਦਨਾ - ਬਲਵੰਤ ਸਿੰਘ ਗਿੱਲ
ਮੈਰਿਜ ਪੈਲੇਸ ਰਿਸ਼ਤੇਦਾਰਾਂ, ਮਿੱਤਰਾਂ ਦੋਸਤਾਂ ਅਤੇ ਸਾਕ ਸੰਬੰਧੀਆਂ ਨਾਲ ਖਚਾ-ਖੱਚ ਭਰਿਆ ਪਿਆ ਸੀ। ਪੈਲੇਸ ਦੇ ਯਾਰਡ ਵਾਲਾ ਗੇਟ ਤਾਜ਼ੇ ਫੁੱਲਾਂ ਅਤੇ ਝੰਡੀਆਂ ਨਾਲ ਸਜਾਇਆ ਗਿਆ ਸੀ। ਪੈਲੇਸ ਦੇ ਯਾਰਡ 'ਚ ਤਰ੍ਹਾਂ-ਤਰ੍ਹਾਂ ਦੇ ਖਾਣਿਆਂ ਦੇ ਪੰਡਾਲ ਲਾਏ ਹੋਏ ਸਨ। ਬਹਿਰੇ ਆਪੋ ਆਪਣੀਆਂ ਟਰੇਆਂ ਵਿੱਚ ਵੱਖ-ਵੱਖ ਜੂਸਾਂ ਦੇ ਗਲਾਸ ਟਿਕਾਈ ਆਉਣ ਵਾਲੇ ਮਹਿਮਾਨਾਂ ਦਾ ਸੁਆਗਤ ਕਰ ਰਹੇ ਸਨ। ਪੈਲੇਸ ਦੇ ਅੰਦਰ ਹਲਕਾ ਜਿਹਾ ਪੰਜਾਬੀ ਸੰਗੀਤ ਵੱਜ ਰਿਹਾ ਸੀ ਜੋ ਕਿ ਵਿਆਹ ਦੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਰਿਹਾ ਸੀ। ਅੰਦਰ ਵਾਲੇ ਗੇਟ 'ਤੇ ਮੁੰਡੇ ਕੁੜੀ ਦੇ ਮਾਂ-ਬਾਪ ਅਤੇ ਬਾਕੀ ਭੈਣ ਭਰਾ ਵਿਆਹ ਵਿੱਚ ਆਉਣ ਵਾਲੇ ਸਾਰੇ ਮਹਿਮਾਨਾਂ ਦਾ ਹੱਥ ਜੋੜ ਕੇ ਸੁਆਗਤ ਕਰ ਰਹੇ ਸਨ। ਫੋਟੋਗ੍ਰਾਫ਼ਰ ਇਨ੍ਹਾਂ ਮਹਿਮਾਨਾਂ ਦੀ ਫੋਟੋ ਖਿੱਚਣ ਵਿੱਚ ਕੋਈ ਉਕਤਾਈ ਨਹੀਂ ਵਰਤ ਰਹੇ ਸਨ। ਟੇਬਲਾਂ ਉਪਰ ਸੁਗੰਧਤ ਫੁੱਲਾਂ ਅਤੇ ਵਾਸ਼ਨਾ ਭਰਪੂਰ ਮੋਮਬੱਤੀਆਂ ਬੈਠਣ ਵਾਲੇ ਮਹਿਮਾਨਾਂ ਦਾ ਆਪਣੇ ਢੰਗ ਨਾਲ ਸੁਆਗਤ ਕਰ ਰਹੀਆਂ ਸਨ। ਹਾਲ ਦੇ ਇੱਕ ਬੰਨੇ ਵਿਅ੍ਹਾਂਦੜ ਜੋੜੇ ਵੱਲੋਂ ਵਿਆਹ ਦੇ ਸ਼ਗਨਾਂ ਵਾਲਾ ਕੇਕ ਟੇਬਲ 'ਤੇ ਸਜਾਇਆ ਗਿਆ ਸੀ ਅਤੇ ਨਾਲ ਹੀ ਇਸ ਨਵ-ਵਿਆਹੀ ਜੋੜੀ ਲਈ ਦੋ ਸ਼ਾਹੀ ਕੁਰਸੀਆਂ ਸਜਾਈਆਂ ਗਈਆਂ ਸਨ। ਵਿਅ੍ਹਾਂਦੜ ਜੋੜੀ ਦੀ ਹਾਲ ਵਿੱਚ ਐਂਟਰੀ ਦੀ ਇੰਤਜ਼ਾਰ ਕੀਤੀ ਜਾ ਰਹੀ ਸੀ। ਕਿਉਂਕਿ ਇਨ੍ਹਾਂ ਨੂੰ ਫੋਟੋਗ੍ਰਾਫ਼ਰ ਕਿਸੇ ਪਾਰਕ ਵਿੱਚ ਯਾਦਗਾਰੀ ਫੋਟੋਆਂ ਖਿੱਚਣ ਲੈ ਗਿਆ ਸੀ।
ਡੀ ਜੇ ਦਾ ਜੌਕੀ ਆਪਣੇ ਮਿਊਜ਼ਕ ਸਿਸਟਮ ਨੂੰ ਸੁਰ ਵਿੱਚ ਕਰ ਰਿਹਾ ਸੀ। ਉਹ ਨਹੀਂ ਸੀ ਚਾਹੁੰਦਾ ਕਿ ਕੋਈ ਵੀ ਸਖ਼ਸ਼ ਉਨ੍ਹਾਂ ਦੇ ਸਾਊਂਡ ਸਿਸਟਮ ਵਿੱਚ ਕੋਈ ਨੁਕਸ ਕੱਢ ਦੇਵੇ। ਵਾਰ-ਵਾਰ ਹੈਲੋ-ਹੈਲੋ ਅਤੇ ਟੈਸਟਿੰਗ-ਟੈਸਟਿੰਗ ਬੋਲ ਕੇ ਸਪੀਕਰਾਂ ਨੂੰ ਟੈਸਟ ਕੀਤਾ ਜਾ ਰਿਹਾ ਸੀ। ਲਾਈਟ ਸਿਸਟਮ ਵਾਲਾ ਟੈਕਨੀਸ਼ੀਅਨ ਡਾਂਸ ਫਲੌਰ 'ਤੇ ਪੈਣ ਵਾਲੀ ਲਾਈਟ ਨੂੰ ਚੈੱਕ ਕਰ ਰਿਹਾ ਸੀ। ਪੈਲੇਸ ਦੇ ਹਰ ਕੋਨੇ 'ਤੇ ਬਹਿਰੇ ਆਪੋ ਆਪਣੀਆਂ ਟਰੇਆਂ ਵਿੱਚ ਵਿਸਕੀ, ਬਰਾਂਡੀ, ਵੋਦਕਾ, ਵਾਈਨ ਅਤੇ ਬੀਅਰਾਂ ਦੀਆਂ ਬੋਤਲਾਂ ਰੱਖ ਕੇ ਪਿਆਕਲਾਂ ਦੀ ਆਓ ਭਗਤ ਕਰਨ ਲਈ ਪੱਬਾਂ ਭਾਰ ਹੋਏ ਪਏ ਸਨ। ਕੁੱਝ ਬਹਿਰੇ ਮੱਛੀ, ਤਰਾਂ ਤਰਾਂ ਦੇ ਚਿਕਨ ਮੀਟਾਂ, ਆਲੂ ਟਿੱਕੀਆਂ ਅਤੇ ਹੋਰ ਚਟ ਪਟੇ ਸੁਆਦੀ ਖਾਣਿਆਂ ਦੀਆਂ ਟਰੇਆਂ ਫੜੀ ਆਪੋ ਆਪਣੀਆਂ ਵੰਨਗੀਆਂ ਮਹਿਮਾਨਾਂ ਮੂਹਰੇ ਧਰ ਰਹੇ ਸਨ। ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਦੁਨੀਆਂ ਦੇ ਹੋਰ ਵੱਖ-ਵੱਖ ਦੇਸ਼ਾਂ ਤੋਂ ਆਏ ਮੁੰਡੇ ਅਤੇ ਕੁੜੀ ਦੇ ਸੱਜਣ ਮਿੱਤਰ ਅਤੇ ਸਾਕ ਸੰਬੰਧੀ ਵਿਆਹ ਦੀਆਂ ਰੌਣਕਾਂ ਵਧਾ ਰਹੇ ਸਨ। ਬਹੁਤੇ ਬਹਿਰੇ ਇਨ੍ਹਾਂ ਐਨ ਆਰ ਆਈਆਂ ਦਿਆਂ ਟੇਬਲਾਂ ਦੁਆਲੇ ਵਾਰ-ਵਾਰ ਚੱਕਰ ਕੱਢ ਰਹੇ ਸਨ, ਸ਼ਾਇਦ ਚੋਖੀ ਟਿੱਪ ਮਿਲਣ ਦੀ ਆਸ ਹੋਣ ਕਰਕੇ।
ਇਹ ਵਿਆਹ ਕੈਨੇਡਾ ਨਿਵਾਸੀ ਸਰਦਾਰ ਮਿਲਖਾ ਸਿੰਘ ਅਤੇ ਉਸਦੀ ਸੁਪੱਤਨੀ ਹਰਭਜਨ ਕੌਰ ਦੇ ਲੜਕੇ ਬਲਕਾਰ ਸਿੰਘ ਦਾ ਸੀ, ਜਿਸ ਦਾ ਵਿਆਹ ਰਸ਼ਪਿੰਦਰ ਕੌਰ ਨਾਲ ਹੋਣ ਜਾ ਰਿਹਾ ਸੀ। ਬਲਕਾਰ ਸਿੰਘ ਨੂੰ ਇਸ ਦੇ ਮਿੱਤਰ ਦੋਸਤ ਬੱਲੀ ਆਖ ਕੇ ਬੁਲਾਉਂਦੇ ਸਨ ਅਤੇ ਰਸ਼ਪਿੰਦਰ ਨੂੰ ਇਸ ਦੀਆਂ ਸਹੇਲੀਆਂ ਪਿਆਰ ਨਾਲ ਰੇਸ਼ੀ ਆਖ ਕੇ ਬੁਲਾਉਂਦੀਆਂ ਸਨ। ਰੇਸ਼ੀ ਪਿਛਲੇ ਚਾਰ ਕੁ ਸਾਲਾਂ ਤੋਂ ਕੈਨੇਡਾ ਵਿੱਚ ਸਟੂਡੈਂਟ ਵੀਜੇ ਤੇ ਗਈ ਹੋਈ ਸੀ। ਬੱਲੀ ਕੈਨੇਡਾ ਦਾ ਪੱਕਾ ਵਸਨੀਕ ਸੀ ਜੋ ਆਪਣੇ ਮਾਂ-ਬਾਪ ਨਾਲ ਪੀ. ਆਰ. ਲੈ ਕੇ ਕੈਨੇਡਾ ਗਿਆ ਹੋਇਆ ਸੀ। ਬੱਲੀ ਦਾ ਪ੍ਰੀਵਾਰ ਪੈਸੇ ਧੇਲੇ ਵੱਲੋਂ ਕਾਫ਼ੀ ਸੰਪੰਨ ਸੀ, ਪਰ ਰੇਸ਼ੀ ਦੇ ਮਾਂ-ਬਾਪ ਪੰਜਾਬ ਦੇ ਛੋਟੇ ਜ਼ਿੰਮੀਦਾਰ ਘਰਾਣੇ ਨਾਲ ਸਬੰਧ ਰੱਖਦੇ ਸਨ। ਬੱਲੀ ਆਪਣੀਆਂ ਵੱਡੀਆਂ ਦੋ ਭੈਣਾਂ ਸ਼ਿੰਦਰ ਅਤੇ ਬਿੰਦਰ ਦਾ ਇਕਲੌਤਾ ਭਰਾ ਸੀ। ਬੱਲੀ ਅਤੇ ਇਸ ਦਾ ਬਾਪ ਮਿਲਖਾ ਸਿੰਘ ਦਸ ਕੁ ਸਾਲ ਪਹਿਲਾਂ ਜਦੋਂ ਕੈਨੇਡਾ ਗਏ ਸਨ, ਉਦੋਂ ਦੇ ਟਰੱਕ ਡਰਾਈਵਰੀ ਕਰਕੇ ਖੂਬ ਪੈਸੇ ਕਮਾ ਰਹੇ ਸਨ।
ਸਖ਼ਤ ਮਿਹਨਤ ਅਤੇ ਕਿਰਸ ਕਰਦੇ ਇਸ ਪਰਿਵਾਰ ਨੇ ਆਪਣੇ ਰਹਿਣ ਵਾਸਤੇ ਤਾਂ ਇੱਕ ਆਲੀਸ਼ਾਨ ਮਕਾਨ ਖ੍ਰੀਦ ਹੀ ਲਿਆ ਸੀ, ਸਗੋਂ ਇਸ ਤੋਂ ਇਲਾਵਾ ਇੱਕ ਹੋਰ ਮਕਾਨ ਖ੍ਰੀਦ ਕੇ ਕਿਰਾਏ 'ਤੇ ਵੀ ਚਾੜ੍ਹਿਆ ਹੋਇਆ ਸੀ। ਇਸ ਮਕਾਨ ਵਿੱਚ ਹੀ ਰੇਸ਼ੀ ਅਤੇ ਇਸ ਦੀਆਂ ਕੁੱਝ ਸਹੇਲੀਆਂ ਕਿਰਾਏ 'ਤੇ ਰਹਿੰਦੀਆਂ ਸਨ। ਚੰਗੀ ਚੋਖੀ ਕਮਾਈ ਕੀਤੀ ਹੋਣ ਕਰਕੇ ਸਰਦਾਰ ਮਿਲਖਾ ਸਿੰਘ ਆਪਣੇ ਇਕਲੌਤੇ ਪੁੱਤਰ ਦਾ ਹਰ ਸ਼ਗਨ ਖੁੱਲ੍ਹੇ ਖ਼ਰਚੇ ਨਾਲ ਕਰ ਰਿਹਾ ਸੀ, ਪਰ ਦੂਸਰੇ ਪਾਸੇ ਰੇਸ਼ੀ ਦੇ ਪਿਤਾ ਭਗਵਾਨ ਸਿੰਘ ਅਤੇ ਮਾਤਾ ਹਰਬੰਸ ਕੌਰ ਨੂੰ ਇਹ ਸਭ ਕੁੱਝ ਦੇਖ ਕੇ ਅੱਡੀਆਂ ਚੁੱਕ-ਚੁੱਕ ਫ਼ਾਹਾ ਲੈਣਾ ਪੈ ਰਿਹਾ ਸੀ। ਉਹ ਸਮਝਦੇ ਸਨ ਕਿ ਜੇਕਰ ਖ਼ਰਚੇ 'ਚ ਕੋਈ ਕਮੀ ਰਹਿ ਗਈ ਤਾਂ ਉਨ੍ਹਾਂ ਦਾ ਕੁੜਮਾਚਾਰੀ 'ਚ ਨੱਕ ਵੱਢਿਆ ਜਾਏਗਾ।ਇਸ ਤੋਂ ਵੱਡੀ ਗੱਲ ਇਹ ਸੀ ਕਿ ਇਸ ਵਿਆਹ ਜ਼ਰੀਏ ਰਸ਼ਪਿੰਦਰ ਕੈਨਡਾ ਵਿੱਚ ਪੱਕੀ ਹੋਣ ਜਾ ਰਹੀ ਸੀ।
ਬੱਲੀ ਦੇ ਮਿੱਤਰਾਂ ਦੋਸਤਾਂ ਨੇ ਹੁਣ ਤੱਕ ਖ਼ਾਸਾ ਹੀ ਪੈੱਗ ਲਾ ਰੱਖੇ ਸਨ ਅਤੇ ਹਰ ਇੱਕ ਦੇ ਅੱਖਾਂ ਦੇ ਡੋਰੇ ਚਮਕ ਰਹੇ ਸਨ। ਹਰ ਕੋਈ ਬੱਲੀ ਅਤੇ ਰੇਸ਼ੀ ਦੀ ਹਾਲ ਵਿੱਚ ਐਂਟਰੀ ਦੀ ਉਡੀਕ ਕਰ ਰਿਹਾ ਸੀ। ਹੁਣ ਤੱਕ ਡੀ ਜੇ ਵਾਲੇ ਨੇ ਵੀ ਹਲਕੇ ਮਿਊਜ਼ਕ 'ਚ ਤਿੱਖਾਪਣ ਲੈ ਆਂਦਾ ਸੀ। ਬੀਟ ਅਤੇ ਭੰਗੜੇ ਵਾਲੇ ਗਾਣਿਆਂ ਨਾਲ ਡਾਂਸ ਫਲੋਰ ਧੱਮਕ ਰਿਹਾ ਸੀ। ਸ਼ਾਮ ਦੇ ਤਿੰਨ ਕੁ ਵਜੇ ਐਂਟਰੀ ਗੇਟ ਵੱਲੋਂ ਢੋਲ ਦੀ ਧੱਮਕ ਦੀ ਆਵਾਜ਼ ਕੰਨਾਂ ਵਿੱਚ ਗੂੰਜਣ ਲੱਗੀ। ਡੀ ਜੇ ਜੌਕੀ ਨੇ ਸਟੇਜ ਤੋਂ ਅਨਾਊਂਸ ਕਰ ਦਿੱਤਾ ਕਿ ਲਾੜਾ ਅਤੇ ਲਾੜੀ ਕੁੱਝ ਮਿੰਟਾਂ ਵਿੱਚ ਹਾਲ ਅੰਦਰ ਦਾਖ਼ਲ ਹੋਣ ਵਾਲੇ ਹਨ ਅਤੇ ਉਨ੍ਹਾਂ ਦਾ ਖੜ ਕੇ ਤਾੜੀਆਂ ਅਤੇ ਸੀਟੀਆਂ ਮਾਰ-ਮਾਰ ਕੇ ਸੁਆਗਤ ਕੀਤਾ ਜਾਵੇ।
ਆਸ ਮੁਤਾਬਕ ਲਾੜਾ ਅਤੇ ਲਾੜੀ ਇੱਕ ਦੂਸਰੇ ਦਾ ਹੱਥ ਫੜੀ ਪੈਲੇਸ ਹਾਲ ਵਿੱਚ ਦਾਖ਼ਲ ਹੋ ਗਏ। ਸਾਰਾ ਹਾਲ ਤਾੜੀਆਂ ਅਤੇ ਸੀਟੀਆਂ ਨਾਲ ਗੂੰਜ ਉਠਿਆ। ਬੱਲੀ ਦੇ ਦੋਸਤਾਂ ਨੇ ਭੰਗੜਾ ਪਾਉਂਦੇ ਹੋਏ ਇਸ ਜੋੜੀ ਦਾ ਸੁਆਗਤ ਕੀਤਾ। ਵਿਅ੍ਹਾਂਦੜ ਜੋੜੀ ਮੁਸਕਰਾਉਂਦੇ ਅਤੇ ਇੱਕ ਦੂਜੇ ਦੀਆਂ ਅੱਖਾਂ ਵਿੱਚ ਅੱਖਾਂ ਪਾਈ ਕੇਕ ਵਾਲੇ ਟੇਬਲ ਲਾਗੇ ਪਹੁੰਚ ਗਏ। ਦੋਹਾਂ ਨੇ ਪਿਆਰ ਨਾਲ ਕੇਕ ਕੱਟਿਆ ਅਤੇ ਇੱਕ ਦੂਜੇ ਦੇ ਮੂੰਹ ਨੂੰ ਕੇਕ ਲਾਇਆ। ਕੇਕ ਕੱਟਣ ਦੀ ਰਸਮ ਪੂਰੀ ਹੋਣ ਦੀ ਦੇਰ ਸੀ ਕਿ ਡੀ ਜੇ ਵਾਲੇ ਨੇ ਵਿਅ੍ਹਾਂਦੜ ਜੋੜੀ ਦੇ ਡਾਂਸ ਵਾਲਾ ਰੁਮਾਂਟਿਕ ਗੀਤ ਲਾ ਦਿੱਤਾ। ਵਿਅ੍ਹਾਂਦੜ ਜੋੜੀ ਨੇ ਇੱਕ ਦੂਸਰੇ ਦੇ ਲੱਕ ਦੁਆਰੇ ਹੱਥ ਰੱਖ ਕੇ ਅਤੇ ਪਿਆਰ ਦਾ ਪ੍ਰਗਟਾਵਾ ਕਰਦੇ ਹੋਏ ਖ਼ੂਬਸੂਰਤ ਡਾਂਸ ਕੀਤਾ। ਇਸ ਜੋੜੀ ਦੇ ਡਾਂਸ ਨੂੰ ਹੋਰ ਚਾਰ ਚਾਂਦ ਲਾਉਣ ਲਈ ਬੱਲੀ ਅਤੇ ਰੇਸ਼ੀ ਦੇ ਵਿਅ੍ਹਾਂਦੜ ਦੋਸਤ ਅਤੇ ਉਨ੍ਹਾਂ ਦੀਆਂ ਪਤਨੀਆਂ ਵੀ ਆਪਣੇ ਵਿਆਹ ਦੀ ਯਾਦ ਨੂੰ ਤਾਜ਼ਾ ਕਰਨ ਲੱਗੀਆਂ। ਇਨ੍ਹਾਂ ਨੌਜਵਾਨਾਂ ਨੇ ਤਾਂ ਆਪਣੇ ਵਿਆਹ ਦੀ ਯਾਦ ਤਾਜ਼ਾ ਕਰਨੀ ਹੀ ਸੀ ਪਰ ਕਈ ਬਜ਼ੁਰਗ ਬਾਬੇ ਵੀ ਆਪਣੀਆਂ ਬੁੜੀਆਂ ਨੂੰ ਖਿੱਚ ਕੇ ਡਾਂਸ ਕਰਨ ਲਈ ਉਨ੍ਹਾਂ ਨੂੰ ਡਾਂਸ ਫਲੋਰ 'ਤੇ ਖਿੱਚ ਲਿਆਏ। ਮਿੰਟਾਂ ਵਿੱਚ ਹੀ ਪਾਰਟੀ ਦਾ ਮਾਹੌਲ ਨਸ਼ੱਈ ਹੋ ਗਿਆ। ਡਾਂਸ ਵਾਲੀਆਂ ਜੋੜੀਆਂ ਉੱਤੇ ਰੁਪੱਈਆਂ ਦੀ ਬਰਖਾ ਹੋਣ ਲੱਗੀ। ਹਾਲ ਵਿੱਚ ਬੈਠਾ ਹਰ ਇੱਕ ਇਨਸਾਨ ਇਸ ਰੰਗੀਨੀ ਮਹੌਲ ਦਾ ਲੁੱਤਫ਼ ਉੱਠਾ ਰਿਹਾ ਸੀ।
ਵਿਅ੍ਹਾਂਦੜ ਜੋੜੀ ਦੇ ਡਾਂਸ ਦਾ ਗੀਤ ਖ਼ਤਮ ਹੁੰਦਿਆਂ ਸਾਰ ਹੀ ਡੀ ਜੇ ਵਾਲੇ ਨੇ 'ਅੱਜ ਮੇਰੇ ਯਾਰ ਦੀ ਸ਼ਾਦੀ ਹੈ' ਵਾਲਾ ਗੀਤ ਲਾ ਦਿੱਤਾ। ਬੱਲੀ ਦੇ ਸਾਰੇ ਮਿੱਤਰ ਦੋਸਤ ਅਤੇ ਰੇਸ਼ੀ ਦੀਆਂ ਸਹੇਲੀਆਂ ਛਾਲਾਂ ਮਾਰਦੀਆਂ ਡਾਂਸ ਫਲੋਰ 'ਤੇ ਆ ਗਈਆਂ। ਫਲੋਰ 'ਤੇ ਤਿੱਲ ਸੁੱਟਣ ਜੋਗੀ ਵੀ ਥਾਂ ਖਾਲੀ ਨਾ ਰਹੀ। ਹਰ ਇੱਕ ਖੁਸ਼ੀ ਵਿੱਚ ਝੂਮਣ ਲੱਗਾ। ਸਾਰੇ ਪਾਸੇ ਮਸਤ ਖ਼ੁਮਾਰੀ ਨਜ਼ਰ ਆ ਰਹੀ ਸੀ। ਬੱਲੀ ਦੇ ਯਾਰ ਬੇਲੀ ਤਾਂ ਇਸ ਦੇ ਹਾਲ 'ਚ ਆਉਣ ਤੋਂ ਪਹਿਲਾਂ ਹੀ ਹਵਾ-ਪਿਆਜ਼ੀ ਹੋਏ ਪਏ ਸਨ। 'ਯਾਰ ਦੀ ਸ਼ਾਦੀ' ਵਾਲੇ ਗਾਣੇ ਨੇ ਅਨੋਖਾ ਹੀ ਰੰਗ ਬੰਨ੍ਹ ਦਿੱਤਾ। ਦੇਖਦਿਆਂ-ਦੇਖਦਿਆਂ ਬੱਲੀ ਦੇ ਦੋਸਤਾਂ ਨੇ ਇਸ ਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ। ਰੇਸ਼ੀ ਦੀਆਂ ਸਹੇਲੀਆਂ ਨੇ ਵੀ ਘੱਟ ਨਹੀਂ ਕੀਤੀ। ਇੱਕ ਹੱਟੀ ਕੱਟੀ ਸਹੇਲੀ ਨੇ ਰੇਸ਼ੀ ਨੂੰ ਆਪਣੇ ਮੋਢੇ 'ਤੇ ਚੁੱਕ ਲਿਆ ਅਤੇ ਮਸਤੀ ਵਿੱਚ ਝੂਮਣ ਲੱਗੀ। ਡਾਂਸ ਫਲੋਰ 'ਤੇ ਧੂੰਆਂ ਛੱਡ ਕੇ ਸੰਗੀਤ ਦੇ ਮਾਹੌਲ ਨੂੰ ਹੋਰ ਗਰਮਾਇਆ ਗਿਆ ਸੀ ਅਤੇ ਵਿੱਚ-ਵਿੱਚ ਪਟਾਕੇ ਚੱਲਣ ਦੀ ਆਵਾਜ਼ ਵੀ ਕੰਨੀ ਪੈ ਰਹੀ ਸੀ।
ਸੰਗੀਤ ਦੇ ਇਸ ਗਰਮਾਏ ਹੋਏ ਮਹੌਲ ਵਿੱਚ ਅਚਾਨਕ ਇੱਕ ਜ਼ਬਰਦਸਤ ਪਟਾਕੇ ਦੀ ਆਵਾਜ਼ ਆਈ ਅਤੇ ਰੇਸ਼ੀ ਆਪਣੀ ਸਹੇਲੀ ਦੇ ਮੋਢਿਆਂ ਤੋਂ ਧੜੱਮ ਕਰਦੀ ਫਰਸ਼ 'ਤੇ ਡਿੱਗ ਪਈ। ਸਾਰੇ ਪਾਸੇ ਹਾਅ-ਹਾਅ-ਕਾਰ ਮਚ ਗਈ। ਕੋਈ ਬੰਦਾ ਮੋਢੇ ਚੱਕਣ ਵਾਲੀ ਕੁੜੀ ਦੇ ਪੈਰ ਫਿਸਲਣ ਦਾ ਸ਼ੱਕ ਕਰਦਾ ਸੀ ਅਤੇ ਕੋਈ ਉਸ ਕੁੜੀ 'ਤੇ ਸ਼ਰਾਬੀ ਹੋਣ ਬਾਰੇ ਸੋਚ ਕੇ ਆਖ ਰਿਹਾ ਸੀ, 'ਇਸ ਨੇ ਜੇਕਰ ਆਪਣੇ ਪੈਰੀਂ ਨਹੀਂ ਸੀ ਰਹਿਣਾ ਤਾਂ ਏਨੀ ਪੀਣ ਦੀ ਕੀ ਜ਼ਰੂਰਤ ਸੀ।'
ਰੇਸ਼ੀ ਦੇ ਸਿਰ ਵਿੱਚੋਂ ਧੜਾ-ਧੱੜ ਖੂਨ ਵਗ ਰਿਹਾ ਸੀ। ਰੌਲਾ ਪੈ ਗਿਆ ਕਿ ਇਸ ਉੱਤੇ ਕਿਸੀ ਨੇ ਫਾਇਰ ਕਰ ਦਿੱਤਾ ਹੈ। ਗੋਲੀ ਸਿਰ ਦੇ ਇੱਕ ਪਾਸਿਉਂ ਨਿਕਲ ਕੇ ਦੂਸਰੇ ਪਾਸੇ ਨਿਕਲ ਗਈ ਸੀ। ਗੋਲੀ ਚੱਲਣ ਨਾਲ ਪਾਰਟੀ ਵਿੱਚ ਭੱਗਦੜ ਮਚ ਗਈ। ਸਹਿਮ ਦੇ ਮਾਰੇ ਬਹਿਰੇ ਦੌੜ ਕੇ ਕਿਚਨ ਵਾਲੇ ਪਾਸੇ ਲੁੱਕ ਗਏ। ਡੀ ਜੇ ਜੌਕੀ ਸਪੀਕਰਾਂ ਪਿੱਛੇ ਚਲਾ ਗਿਆ। ਦੇਖਦਿਆਂ-ਦੇਖਦਿਆਂ ਡਾਂਸ ਫਲੋਰ ਖਾਲੀ ਹੋ ਗਿਆ ਅਤੇ ਬਰਾਤੀ ਹੌਲੀ-ਹੌਲੀ ਕਰਕੇ ਆਪਣੇ ਘਰਾਂ ਨੂੰ ਜਾਣ ਲੱਗੇ। ਰੇਸ਼ੀ ਦੇ ਮਾਂ-ਬਾਪ ਆਪਣੀ ਧੀ ਕੋਲ ਆ ਕੇ ਪਿੱਟ ਸਿਆਪਾ ਕਰਨ ਲੱਗੇ। ਰੇਸ਼ੀ ਇਸ ਦੁਨੀਆਂ ਤੋਂ ਵਿਦਾ ਹੋ ਚੁੱਕੀ ਸੀ। ਬੱਲੀ ਦੇ ਦੋਸਤ ਡਰ ਦੇ ਮਾਰੇ ਬੱਲੀ ਨੂੰ ਕਿਸੇ ਸੁਰੱਖਿਅਤ ਥਾਂ 'ਤੇ ਲੈ ਗਏ। ਬੱਲੀ ਦੀਆਂ ਭੈਣਾਂ ਸ਼ਿੰਦਰ ਅਤੇ ਬਿੰਦਰ ਤੋਂ ਆਪਣੇ ਭਰਾ ਦਾ ਘਰ ਉੱਜੜਿਆ ਦੇਖ ਕੇ ਬਿਪਤਾਵਾਂ ਦਾ ਪਹਾੜ ਟੁੱਟ ਗਿਆ ਜਾਪਦਾ ਸੀ ਅਤੇ ਇਨ੍ਹਾਂ ਦੇ ਮਾਂ-ਬਾਪ ਇਸ ਅਚਾਨਕ ਭਾਣੇ ਨੂੰ ਦੇਖ ਕੇ ਬੇ-ਹੱਦ ਸਦਮੇ ਵਿੱਚ ਸਨ।
ਗੋਲੀ ਚਲਾਉਣ ਵਾਲੇ ਦੋਸ਼ੀ ਦੀ ਇਕਦਮ ਭਾਲ ਹੋਣ ਲੱਗੀ। ਪਤਾ ਲੱਗਾ ਕਿ ਗੋਲੀ ਬਾਲਕੋਨੀ ਪਾਸਿਉਂ ਚੱਲੀ ਸੀ। ਕੁੱਝ ਨੌਜਵਾਨ ਪੌੜੀਆਂ ਚੜ੍ਹ ਕੇ ਬਾਲਕੋਨੀ ਵਿੱੱਚ ਚਲੇ ਗਏ। ਕੀ ਦੇਖਦੇ ਹਨ ਕਿ ਦਿਲਪ੍ਰੀਤ ਨਾਂਅ ਦਾ ਨੌਜਵਾਨ ਹੱਥ 'ਚ ਪਿਸਤੌਲ ਫੜੀ ਬੇਖ਼ੌਫ਼ ਖੜ੍ਹਾ ਸੀ। ਹਰ ਇੱਕ ਉਸ ਦੇ ਲਾਗੇ ਜਾਣ ਤੋਂ ਡਰਦਾ ਸੀ।ਪਰ ਇੱਕ ਨੌਜਵਾਨ ਨੇ ਹੌਸਲਾ ਕਰਕੇ ਉਸ ਦਾ ਪਿਸਤੌਲ ਖੋਹ ਲਿਆ ਅਤੇ ਬਾਕੀ ਦੋਸਤ ਦਿਲਪ੍ਰੀਤ 'ਤੇ ਝੱਪਟ ਪਏ। ਦਿਲਪ੍ਰੀਤ ਨੇ ਉਨ੍ਹਾਂ ਨਾਲ ਮੁਕਾਬਲਾ ਕਰਨ ਦੀ ਰੱਤੀ ਵੀ ਕੋਸ਼ਿਸ਼ ਨਹੀਂ ਕੀਤੀ, ਸ਼ਾਇਦ ਇਸ ਕਰਕੇ ਕਿ ਉਸ ਦਾ ਮਿਸ਼ਨ ਪੂਰਾ ਹੋ ਚੁੱਕਾ ਸੀ।
ਮਿੰਟਾਂ 'ਚ ਪੁਲਿਸ ਸੱਦ ਲਈ ਗਈ ਅਤੇ ਦਿਲਪ੍ਰੀਤ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਰੇਸ਼ੀ ਦੀ ਲਾਸ਼ ਦਾ ਪੋਸਟ ਮਾਰਟਮ ਕਰਨ ਲਈ ਹਸਪਤਾਲ ਲੈ ਗਈ। ਬੱਲੀ ਨੂੰ ਵੀ ਗ੍ਰਿਫ਼ਤਾਰ ਕਰਕੇ ਪੁੱਛ ਗਿੱਛ ਲਈ ਥਾਣੇ ਲਿਜਾਇਆ ਗਿਆ।
ਬੱਲੀ ਅਤੇ ਰੇਸ਼ੀ ਦੇ ਪਰਿਵਾਰਾਂ ਵਿੱਚ ਮਾਤਮ ਦਾ ਮਾਹੌਲ ਛਾਅ ਗਿਆ। ਦੋਨਾਂ ਦੇ ਮਾਪਿਆਂ ਨੇ ਰੋ-ਰੋ ਕੇ ਅੱਖਾਂ ਸੁਜਾ ਲਈਆਂ। ਜਿਸ ਹਾਲ ਵਿੱਚ ਕੁੱਝ ਪਲ ਪਹਿਲਾਂ ਜਿਹੜੇ ਖੁਸ਼ੀਆਂ ਦੇ ਗੀਤ ਗਾਏ ਜਾ ਰਹੇ ਸਨ ਉੱਥੇ ਕੀਰਨਿਆਂ ਦੀ ਆਵਾਜ਼ ਆ ਰਹੀ ਸੀ। ਜਿਸ ਮਾਂ ਨੇ ਚਾਵਾਂ ਨਾਲ ਪਾਣੀ ਵਾਰ ਕੇ ਆਪਣੇ ਨੂੰਹ ਪੁੱਤ ਨੂੰ ਆਪਣੇ ਘਰ ਦੀ ਦਹਿਲੀਜ਼ ਟਪਾਉਣੀ ਸੀ, ਉੱਥੇ ਹੁਣ ਵੈਣ ਪੈ ਰਹੇ ਸਨ। ਪੁੱਤ ਸਲਾਖਾਂ ਪਿੱਛੇ ਬੰਦ ਸੀ ਅਤੇ ਨੂੰਹ ਰਾਣੀ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੀ ਸੀ।
ਲੋਕਾਂ ਵਿੱਚ ਇੱਕ ਬੁਝਾਰਤ ਬਣ ਗਈ ਕਿ ਇਸ ਖੁਸ਼ੀ ਦੇ ਆਲਮ ਵਿੱਚ ਉਸ ਹਤਿਆਰੇ ਨੇ ਕਿਉਂ ਰੰਗ 'ਚ ਭੰਗ ਪਾ ਦਿੱਤੀ। ਉਸ ਨੌਜਵਾਨ ਨੇ ਰੇਸ਼ੀ ਨੂੰ ਮਾਰਨ ਦਾ ਘਿਨਾਉਣਾ ਕਦਮ ਕਿਉਂ ਚੁੱਕਿਆ? ਕੋਈ ਬੋਲ ਰਿਹਾ ਸੀ ਕਿ ਇਸ ਨੌਜਵਾਨ ਦੀ ਬੱਲੀ ਨਾਲ ਕੋਈ ਲਾਗ ਡਾਟ ਹੋਏਗੀ। ਕੋਈ ਆਖੇ ਕਿ ਇਸ ਦੀ ਰੇਸ਼ੀ ਨਾਲ ਯਾਰੀ ਹੋਏਗੀ ਅਤੇ ਧੋਖੇ ਦਾ ਬਦਲਾ ਲੈਣ ਲਈ ਇਸ ਨੇ ਰੇਸ਼ੀ ਦੀ ਜਾਨ ਲੈ ਲਈ। ਸਭ ਆਪੋ ਆਪਣੀਆਂ ਤੂਤੀਆਂ ਬੋਲ ਰਹੇ ਸਨ। ਦੂਸਰੇ ਪਾਸੇ ਰੇਸ਼ੀ ਦੀ ਮਾਂ ਨੂੰ ਹੱਟ-ਹੱਟ ਕੇ ਗਸ਼ੀਆਂ ਪੈ ਰਹੀਆਂ ਸਨ ਅਤੇ ਬਾਪੂ ਭਗਵਾਨ ਸਿੰਘ ਦੇ ਅੱਥਰੂ ਰੋਕਿਆਂ ਵੀ ਨਹੀਂ ਰੱਕ ਰਹੇ ਸਨ। ਬੱਲੀ ਦੇ ਮਾਂ-ਬਾਪ ਵੀ ਗ਼ਮ ਦੀ ਭੱਠੀ ਵਿੱਚ ਝੁੱਲਸ ਰਹੇ ਸਨ।ਆਪਣੇ ਇਕਲੌਤੇ ਪੁੱਤਰ ਦੇ ਅਨੇਕ ਸ਼ਗਨਾਂ ਅਤੇ ਮਹਿੰਗੇ ਕਾਰਜਾਂ 'ਤੇ ਪਾਣੀ ਫਿਰ ਗਿਆ ਦੇਖ ਕੇ ਉਨ੍ਹਾਂ ਦੇ ਵਿਯੋਗ ਦੀ ਵੀ ਕੋਈ ਹੱਦ ਨਾ ਰਹੀ।
ਥਾਣੇ ਲਿਜਾ ਕੇ ਥਾਣੇਦਾਰ ਹਜ਼ੂਰਾ ਸਿੰਘ ਨੇ ਪਹਿਲਾਂ ਬੱਲੀ ਤੋਂ ਇਸ ਕਤਲ ਦੇ ਬਿਆਨ ਦਰਜ ਕੀਤੇ। ਨਾਰੇ ਬੌਲਦ ਦੇ ਸਿੰਗਾਂ ਵਰਗੀਆਂ ਮੁੱਛਾਂ ਨੂੰ ਹੋਰ ਤਿੱਖਾ ਕਰਦਾ ਹੋਇਆ ਥਾਣੇਦਾਰ ਕੜ੍ਹਕਿਆ, "ਦੇਖ ਓਏ ਬੱਲੀ ਦੇ ਬੱਚਿਆਂ, ਜੇ ਝੂਠ ਬੋਲਿਆ ਤਾਂ ਕੁੱਟ-ਕੁੱਟ ਤੇਰੇ ਪੁੜੇ ਸੇਕ ਦਊਂ। ਸੱਚ ਬੋਲ, ਰੇਸ਼ੀ ਦੇ ਕਤਲ ਕਰਾਉਣ 'ਚ ਤੇਰਾ ਕਿੰਨਾ ਕੁ ਹੱਥ ਹੈ?"
"ਸਾਹਿਬ ਮੈਂ ਆਪਣੀ ਪਤਨੀ ਦਾ ਕਤਲ ਕਿਉਂ ਕਰਾਊਂ! ਮੈਂ ਤਾਂ ਉਸ ਨਾਲ ਜੀਵਨ ਬਿਤਾਉਣ ਲਈ ਮਹਾਰਾਜ ਦੀ ਹਜ਼ੂਰੀ 'ਚ ਚਾਰ ਲਾਵਾਂ ਲਈਆਂ ਸਨ। ਲੱਖਾਂ ਰੁਪਏ ਖ਼ਰਚ ਕੇ ਵਿਆਹ ਦੇ ਸ਼ਗਨ ਮਨਾਉਣੇ ਸ਼ੁਰੂ ਕੀਤੇ ਸਨ!" ਬੱਲੀ ਨਿਰਦੋਸ਼ਾਂ ਵਾਂਗ ਬੋਲ ਪਿਆ। "ਕੋਈ ਤਾਂ ਕਾਰਨ ਹੋਏਗਾ ਕਿ ਦਿਲਪ੍ਰੀਤ ਨੂੰ ਰੇਸ਼ੀ 'ਤੇ ਗੋਲੀ ਚਲਾਉਣੀ ਪਈ।" ਥਾਣੇਦਾਰ ਦੀ ਬੜ੍ਹਕ ਵਿੱਚ ਰੜਕ ਸੀ।।
"ਸਾਹਿਬ, ਚਾਰ ਸਾਲ ਪਹਿਲਾਂ ਰੇਸ਼ੀ ਕੈਨੇਡਾ ਪੜ੍ਹਨ ਲਈ ਗਈ ਸੀ।ਕੈਨਡਾ ਵਿੱਚ ਘਰਾਂ ਦੀ ਘਾਟ ਹੋਣ ਕਰਕੇ ਇਸ ਨੂੰ ਅਤੇ ਇਸ ਦੀਆਂ ਸਹੇਲੀਆਂ ਨੂੰ ਕੋਈ ਕਮਰਾ ਕਿਰਾਏ 'ਤੇ ਨਹੀਂ ਮਿਲ ਰਿਹਾ ਸੀ। ਰੇਸ਼ੀ ਨੇ ਮੇਰੇ ਬਾਪੂ ਪਾਸੋਂ ਰਿਹਾਇਸ਼ ਦੀ ਪੁੱਛ ਗਿੱਛ ਕੀਤੀ। ਸਾਡਾ ਇੱਕ ਮਕਾਨ ਉਸੇ ਸਮੇਂ ਬਣ ਕੇ ਤਿਆਰ ਹੋਇਆ ਸੀ। ਸਾਨੂੰ ਕਿਰਾਏਦਾਰਾਂ ਦੀ ਜ਼ਰੂਰਤ ਸੀ ਅਤੇ ਅਸੀਂ ਇਨ੍ਹਾਂ ਨੂੰ ਲੋੜਵੰਦ ਸਮਝ ਕੇ ਆਪਣੇ ਘਰ ਵਿੱਚ ਕਿਰਾਏ 'ਤੇ ਰੱਖ ਲਿਆ। ਮੈਂ ਕਦੇ ਕਦਾਈਂ ਆਪਣੇ ਇਸ ਘਰ ਵੱਲ ਗੇੜਾ ਮਾਰ ਆਉਂਦਾ ਸੀ, ਇਹ ਦੇਖਣ ਵਾਸਤੇ ਕਿ ਘਰ ਵਿੱਚ ਇਹ ਕਿਰਾਏਦਾਰ ਗੰਦ ਤਾਂ ਨਹੀਂ ਪਾਉਂਦੇ ਅਤੇ ਆਂਢ-ਗੁਆਂਢ ਨੂੰ ਇਨ੍ਹਾਂ ਦੇ ਰੌਲੇ ਰੱਪੇ ਦੀ ਕੋਈ ਸ਼ਿਕਾਇਤ ਤਾਂ ਨਹੀਂ। ਕੁੱਝ ਸਮੇਂ ਬਾਅਦ ਮੈਨੂੰ ਲੱਗਾ ਕਿ ਰਸ਼ਪਿੰਦਰ ਮੇਰੇ ਤੇ ਮੋਹਿਤ ਹੁੰਦੀ ਜਾਂਦੀ ਹੈ। ਇਸ ਦੀਆਂ ਮਨਮੋਹਣੀਆਂ ਅੱਖਾਂ ਵਿੱਚੋਂ ਪਿਆਰ ਦੇ ਡੋਰੇ ਸਾਫ਼ ਦਿਖਾਈ ਦਿੰਦੇ ਸਨ। ਮੈਂ ਇਸ ਬਾਰੇ ਪੂਰਾ ਵਾਕਿਫ਼ ਨਾ ਹੋਣ ਕਰਕੇ ਰੇਸ਼ੀ ਤੋਂ ਵਕਫ਼ਾ ਰੱਖਦਾ ਸੀ। ਇਹ ਆਨੇ ਬਹਾਨੇ ਮੈਨੂੰ ਮਿਲਣ ਦੇ ਢੰਗ ਤਰੀਕੇ ਵਰਤਦੀ ਰਹਿੰਦੀ। ਕਦੇ ਘਰ ਵਿੱਚ ਕੋਈ ਚੀਜ਼ ਖ਼ਰਾਬ ਹੋਣ ਦਾ ਜਾਂ ਫਿਰ ਗੈਸ, ਬਿਜਲੀ 'ਚ ਪਏ ਨੁਕਸ ਨੂੰ ਦੱਸ ਦਿੰਦੀ।
ਮੈਂ ਪੂਰੀ ਤਰ੍ਹਾਂ ਭਾਂਪ ਗਿਆ ਸੀ ਕਿ ਰੇਸ਼ੀ ਮੈਨੂੰ ਚਾਹੁੰਦੀ ਹੈ। ਮੈਂ ਇੱਕ ਦਿਨ ਸਾਫ਼-ਸਾਫ਼ ਪੁੱਛ ਹੀ ਲਿਆ। 'ਰੇਸ਼ੀ ਤੂੰ ਮੈਨੂੰ ਸੱਚ-ਮੁੱਚ ਪਿਆਰ ਕਰਦੀ ਹੈਂ? ਕਿਤੇ ਇਉਂ ਤਾਂ ਨਹੀਂ ਕਿ ਮੈਂ ਇਸ ਮੁਲਕ ਦਾ ਪੱਕਾ ਵਸਨੀਕ ਹੋਣ ਕਰਕੇ, ਇਸ ਗੱਲ ਦਾ ਫ਼ਾਇਦਾ ਲੈਣ ਲਈ ਤੂੰ ਵਿਆਹ ਕਰਕੇ ਇੱਥੇ ਪੀ. ਆਰ. ਲੈਣ ਦੀ ਚਾਹਵਾਨ ਹੋਵੇਂ।' ਉਸ ਦਾ ਜਵਾਬ ਸੀ 'ਬੱਲੀ ਮੇਰਾ ਤੇਰੇ ਨਾਲ ਸੱਚਾ ਪਿਆਰ ਹੈ ਅਤੇ ਮੇਰੀ ਜ਼ਿੰਦਗੀ ਵਿੱਚ ਤੇਥੋਂ ਬਿਨਾਂ ਕੋਈ ਹੋਰ ਨਹੀਂ। ਮੈਂ ਆਪਣਾ ਸਭ ਕੁੱਝ ਤੇਰੇ 'ਤੇ ਵਾਰ ਦੇਣਾ ਚਾਹੁੰਦੀ ਹਾਂ ਅਤੇ ਸਦਾ ਲਈ ਤੇਰੀ ਬਣਨ ਕੇ ਜੀਉਣਾ ਚਾਹੁੰਦੀ ਹਾਂ।' ਮੈਂ ਇਸ ਨੂੰ ਵਾਰ-ਵਾਰ ਚਤਾਰਿਆ ਸੀ ਕਿ ਇੰਡੀਆ ਤੋਂ ਵਿਦੇਸ਼ ਆ ਕੇ ਮੁੰਡੇ ਕੁੜੀਆਂ ਕਿਸੇ ਪੀ. ਆਰ. ਨਾਲ ਵਿਆਹ ਕਰਾ ਕੇ ਪੱਕੇ ਹੋ ਜਾਂਦੇ ਹਨ। ਫੇਰ ਤਲਾਕ ਦੇ ਕੇ ਆਪਣੇ ਪੰਜਾਬ ਰਹਿੰਦੇ ਆਸ਼ਕ ਜਾਂ ਮਹਿਬੂਬਾ ਨਾਲ ਵਿਆਹ ਕਰ ਲੈਂਦੇ ਹਨ। ਇਨ੍ਹਾਂ ਸਾਰੇ ਸ਼ੰਕਿਆਂ ਨੂੰ ਨਿਵਿਰਤ ਕਰਦੀ ਰਸ਼ਪਿੰਦਰ ਨੇ ਮੇਰੇ ਨਾਲ ਜੀਵਨ ਸਾਥ ਨਿਭਾਉਣ ਦਾ ਵਚਨ ਕੀਤਾ ਸੀ।"
ਬੱਲੀ ਆਪਣੀ ਸੱਚਾਈ ਨੂੰ ਬਿਆਨ ਕਰਦਾ ਹੋਇਆ ਅੱਗੇ ਬੋਲਿਆ, "ਥਾਣੇਦਾਰ ਸਾਹਿਬ, ਰੇਸ਼ੀ ਦੀਆਂ ਗੱਲਾਂ ਨੇ ਮੈਨੂੰ ਭਰੋਸੇ 'ਚ ਲੈ ਲਿਆ ਅਤੇ ਮੈਂ ਇਸ ਦੇ ਨੇੜੇ ਹੁੰਦਾ ਗਿਆ। ਗੱਲ ਇੱਥੋਂ ਤੱਕ ਵੱਧ ਗਈ ਕਿ ਮੇਰਾ ਰੇਸ਼ੀ ਨਾਲ ਦਿਲੀ ਪਿਆਰ ਹੋਣ ਦੇ ਨਾਲ-ਨਾਲ ਸਰੀਰਕ ਸਬੰਧ ਵੀ ਪੈਦਾ ਹੋ ਗਏ। ਮੈਂ ਆਪਣੇ ਮਾਪਿਆਂ ਪਾਸ ਕਿਸੇ ਮਿੱਤਰ ਦੋਸਤ ਦੇ ਘਰ ਜਾਣ ਦਾ ਬਹਾਨਾ ਪਾ ਕੇ ਰੇਸ਼ੀ ਨਾਲ ਰਾਤਾਂ ਬਿਤਾਉਂਦਾ ਰਿਹਾ। ਰੇਸ਼ੀ ਨੇ ਇੱਕ ਦਿਨ ਮੈਨੂੰ ਆਖਿਆ ਕਿ ਕਿੰਨਾ ਕੁ ਚਿਰ ਅਸੀਂ ਮਾਂ-ਬਾਪ ਤੋਂ ਚੋਰੀ ਇਹ ਪਿਆਰ ਦੀ ਖੇਡ ਖੇਡਦੇ ਰਹਾਂਗੇ। ਸਾਨੂੰ ਆਪਣੇ ਮਾਪਿਆਂ ਨੂੰ ਆਪਣੇ ਪਿਆਰ ਬਾਰੇ ਦੱਸ ਦੇਣਾ ਚਾਹੀਦਾ ਹੈ।
ਇਸੇ ਤਰ੍ਹਾਂ ਹੋਇਆ ਮੈਂ ਰੇਸ਼ੀ ਨੂੰ ਆਪਣੇ ਮਾਂ-ਬਾਪ ਨਾਲ ਮਿਲਾ ਕੇ ਆਪਣੇ ਸਬੰਧਾਂ ਬਾਰੇ ਜਾਣਕਾਰੀ ਦੇ ਦਿੱਤੀ ਅਤੇ ਰੇਸ਼ੀ ਨੇ ਫ਼ੋਨ ਕਰਕੇ ਇੰਡੀਆ ਵਿੱਚ ਆਪਣੇ ਬਾਪੂ ਅਤੇ ਬੇਬੇ ਨੂੰ ਦੱਸ ਦਿੱਤਾ। ਸਾਡੇ ਮਾਪਿਆਂ ਨੇ ਸਲਾਹ ਦਿੱਤੀ ਕਿ ਬਿਨਾਂ ਕਿਸੇ ਦੇਰੀ ਤੋਂ ਸਾਨੂੰ ਵਿਆਹ ਕਰ ਲੈਣਾ ਚਾਹੀਦਾ ਹੈ। ਇਸੇ ਤਰ੍ਹਾਂ ਅਸੀਂ ਜ਼ਿੰਦਗੀ ਭਰ ਇੱਕ ਦੂਸਰੇ ਦੇ ਸਾਥੀ ਬਣਨ ਲਈ ਪੰਜਾਬ ਆ ਕੇ ਵਿਆਹ ਕਰਨ ਦਾ ਉਪਰਾਲਾ ਕੀਤਾ ਸੀ।" ਥਾਣੇਦਾਰ ਹਜ਼ੂਰਾ ਸਿੰਘ ਨੇ ਬੱਲੀ ਦੇ ਬਿਆਨ ਕਲਮ-ਬੱਧ ਕੀਤੇ ਅਤੇ ਅਗਲੀ ਕਾਰਵਾਈ ਤੱਕ ਇਸ ਨੂੰ ਜਮਾਨਤ ਉੱਤੇ ਛੱਡ ਦਿੱਤਾ।
ਹੁਣ ਰੇਸ਼ੀ ਦੇ ਅਸਲੀ ਕਾਤਲ ਦਿਲਪ੍ਰੀਤ ਦੇ ਬਿਆਨ ਲੈਣ ਦੀ ਵਾਰੀ ਆ ਗਈ। ਥਾਣੇਦਾਰ ਹਜ਼ੂਰਾ ਸਿੰਘ ਨੂੰ ਇਹ ਤਾਂ ਪਤਾ ਸੀ ਕਿ ਇਸ ਨੇ ਹੀ ਰੇਸ਼ੀ ਦਾ ਕਤਲ ਕੀਤਾ ਹੈ। ਪਰ ਕਤਲ ਕਿਉਂ ਕੀਤਾ ਇਸ ਬਾਰੇ ਬਿਆਨ ਲੈਣੇ ਜ਼ਰੂਰੀ ਸਨ ਤਾਂ ਕਿ ਅਦਾਲਤੀ ਕਾਰਵਾਈ ਕਰਨ ਵਿੱਚ ਸਪੱਸ਼ਟਤਾ ਆ ਜਾਵੇ ਅਤੇ ਇਸ ਦਾ ਫੜਿਆ ਕਾਤਲ ਅਦਾਲਤ ਸਾਹਮਣੇ ਆਪਣਾ ਜ਼ੁਰਮ ਕਬੂਲ ਕਰ ਲਵੇ।
"ਦੇਖ ਓਏ ਨੌਜਵਾਨਾਂ, ਤੈਨੂੰ ਭਲੀ ਭਾਂਤ ਪਤਾ ਹੀ ਹੈ ਕਿ ਪੁਲਸ ਤਾਂ ਮੁਰਦਿਆਂ ਤੋਂ ਵੀ ਸੱਚ ਬੁਲਵਾ ਲੈਂਦੀ ਹੈ। ਸੱਚ ਬੋਲੀਂ, ਜੇ ਕੋਈ ਬਲ਼- ਫ਼ਰੇਬ ਕੀਤਾ ਤਾਂ ਪੁੱਠਾ ਟੰਗ ਕੇ ਤੈਨੂੰ ਨਾਨੀ ਚੇਤੇ ਕਰਾ ਦਊਂ। ਕੰਜਰਾ, ਤੈਨੂੰ ਕੀ ਲੋੜ ਸੀ ਇੱਕ ਜੋੜੀ ਦੇ ਹੱਸਦੇ ਵਸਦੇ ਜੀਵਨ ਵਿੱਚ ਰੋੜਾ ਬਨਣ ਦੀ। ਬੰਦਾ ਬਣ ਕੇ ਦੱਸ ਕਿ ਤੂੰ ਇਹ ਕਤਲ ਕਿਸ ਲਾਲਚ ਵਿੱਚ ਆ ਕੇ ਕੀਤਾ? ਕਿਸੇ ਨੇ ਤੈਨੂੰ ਫ਼ਰੌਤੀ ਦਿੱਤੀ ਏ?" ਥਾਣੇਦਾਰ ਇਸ ਕਤਲ ਦੀ ਤਹਿ ਤੱਕ ਪਹੁੰਚਣਾ ਚਾਹੁੰਦਾ ਸੀ।
"ਥਾਣੇਦਾਰ ਜੀ, ਯਕੀਨ ਕਰਿਓ ਮੈਂ ਤੁਹਾਨੂੰ ਸੱਚ ਦੱਸਣ ਜਾ ਰਿਹਾ ਹਾਂ। ਇਹ ਤੁਹਾਡੀ ਮਰਜ਼ੀ ਹੈ ਕਿ ਮੇਰੇ 'ਤੇ ਯਕੀਨ ਕਰਨਾ ਹੈ ਜਾਂ ਫਿਰ ਮੇਰੇ ਬਿਆਨਾਂ 'ਤੇ ਸ਼ੱਕ ਕਰਨਾ ਹੈ। ਸਾਹਿਬ ਮੈਂ ਅਤੇ ਰਸ਼ਪਿੰਦਰ ਸਕੂਲ ਦੇ ਸਮੇਂ ਤੋਂ ਇਕੱਠੇ ਪੜ੍ਹਦੇ ਰਹੇ ਹਾਂ। ਸਾਡੀ ਇੱਕੋ ਕਲਾਸ ਸੀ ਅਤੇ ਉਵੇਂ ਵੀ ਇਹ ਮੇਰੇ ਲਾਗਲੇ ਪਿੰਡ ਦੀ ਰਹਿਣ ਵਾਲੀ ਸੀ। ਸਾਡੇ ਦੋਹਾਂ ਵਿਚਕਾਰ ਅੱਲ੍ਹੜਪੁਣੇ ਵਾਲੀ ਕੁਦਰਤੀ ਖਿੱਚ ਸੀ ਅਤੇ ਆਪਸੀ ਪਵਿੱਤਰ ਪਿਆਰ। ਸਕੂਲ ਤੋਂ ਬਾਅਦ ਅਸੀਂ ਕਾਲਜ ਵਿੱਚ ਦਾਖ਼ਲਾ ਲੈ ਲਿਆ। ਮੈਂ ਤਾਂ ਪੜ੍ਹਨ ਵਿੱਚ ਦਰਮਿਆਨਾ ਜਿਹਾ ਹੀ ਸੀ ਪਰ ਰਸ਼ਪਿੰਦਰ ਖੂਬ ਹੁਸ਼ਿਆਰ। ਅਸੀਂ ਇਕੱਠੇ ਕਾਲਜ ਜਾਂਦੇ ਅਤੇ ਇਕੱਠੇ ਹੀ ਵਾਪਸ ਪਿੰਡ ਆਉਂਦੇ। ਸਾਡੇ ਪਿਆਰ ਦੀਆਂ ਤੰਦਾਂ ਦਿਨ-ਪ੍ਰਤੀ-ਦਿਨ ਪੱਕੀਆਂ ਹੁੰਦੀਆਂ ਗਈਆਂ। ਸਾਡੀ ਇੱਕ ਦੂਸਰੇ ਪ੍ਰਤੀ ਸਰੀਰਕ ਖਿੱਚ ਅਤੇ ਪਿਆਰ ਹੋਣ ਦੇ ਬਾਵਜੂਦ ਵੀ ਮੈਂ ਇਸ ਪਿਆਰ ਦੀ ਪਵਿੱਤਰਾ ਨੂੰ ਬਰਕਰਾਰ ਰੱਖਿਆ। ਮੈਂ ਇਹ ਪਿਆਰ ਦਾ ਰਿਸ਼ਤਾ ਆਪਣੇ ਵਿਆਹ ਤੱਕ ਬੇਦਾਗ਼ ਰੱਖਣਾ ਚਾਹੁੰਦਾ ਸੀ। ਰੇਸ਼ੀ ਭਾਵੇਂ ਕਈ ਵਾਰ ਇਹ ਹੱਦ ਬੰਨੇ ਟੱਪਣ ਦੀਆਂ ਗੱਲਾਂ ਕਰਦੀ ਹੁੰਦੀ ਸੀ, ਪਰ ਮੇਰੀ ਆਤਮਾ ਇਸ ਪਵਿੱਤਰਤਾ ਦੀ ਲੀਕ ਟੱਪਣਾ ਨਹੀਂ ਚਾਹੁੰਦੀ ਸੀ।"
ਦਿਲਪ੍ਰੀਤ ਭਾਵੁਕ ਹੋਇਆ ਰੇਸ਼ੀ ਨਾਲ ਆਪਣੇ ਸਬੰਧਾਂ ਨੂੰ ਬੇਖ਼ੌਫ਼ ਅਤੇ ਨਿਸੰਗ ਬਿਆਨ ਕਰਦਾ ਗਿਆ। "ਥਾਣੇਦਾਰ ਸਾਹਿਬ, ਰਸ਼ਪਿੰਦਰ ਚੰਗੇ ਨੰਬਰਾਂ 'ਚ ਬੀ.ਐਸ.ਸੀ. ਕਰ ਗਈ, ਪਰ ਮੈਥੋਂ ਬੀ.ਏ. ਮਸਾਂ ਥਰਡ ਡਵੀਜ਼ਨ 'ਚ ਪਾਸ ਹੋਈ। ਇਸ ਬੇਰੁਜ਼ਗਾਰੀ ਦੀ ਮਾਰਕਿਟ ਵਿੱਚ ਮੇਰੀ ਥਰਡ ਡਿਗਰੀ ਵਿੱਚ ਕੀਤੀ ਬੀ.ਏ. ਨੂੰ ਨੌਕਰੀ ਕਿੱਥੋਂ ਮਿਲਣੀ ਸੀ, ਪਰ ਰੇਸ਼ੀ ਦੀ ਫ਼ਸਟ ਡਵੀਜ਼ਨ ਵਿੱਚ ਕੀਤੀ ਸਾਇੰਸ ਦੀ ਡਿਗਰੀ ਨੂੰ ਵੀ ਕਿਸੇ ਨੇ ਹਾਮੀ ਨਾ ਭਰੀ। ਅਸੀਂ ਦੋਹਾਂ ਨੇ ਸਲਾਹ ਕੀਤੀ ਕਿ ਬਿਨਾਂ ਹੋਰ ਸਮਾਂ ਬਰਬਾਦ ਕੀਤਿਆਂ, ਸਾਨੂੰ ਵਿਦੇਸ਼ ਜਾਣ ਲਈ ਆਈਲੈਟਸ ਦਾ ਇਮਤਿਹਾਨ ਪਾਸ ਕਰਨਾ ਚਾਹੀਦਾ ਹੈ।
ਅਸੀਂ ਆਈਲੈਟਸ ਦੇ ਟੈਸਟ ਲਈ ਦਾਖ਼ਲਾ ਲੈ ਲਿਆ। ਮੈਥੋਂ ਦੋ ਤਿੰਨ ਟੈਸਟ ਦੇਣ ਤੋਂ ਬਾਅਦ ਵੀ ਚਾਰ ਗਰੇਡ ਤੋਂ ਵੱਧ ਨੰਬਰ ਨਾ ਆਏ ਪਰ ਰੇਸ਼ੀ ਪਹਿਲੀ ਵਾਰੀ ਸੱਤ ਗਰੇਡ ਲੈ ਕੇ ਪਾਸ ਹੋ ਗਈ। ਮੈਂ ਰੇਸ਼ੀ ਨਾਲ ਸਲਾਹ ਕੀਤੀ ਕਿ ਉਹ ਬਿਦੇਸ਼ ਵਿੱਚ ਪੜ੍ਹਾਈ ਕਰਨ ਜਾਣ ਦੀ ਤਿਆਰੀ ਕਰੇ। ਮੈਂ ਉਸ ਦਾ ਬਿਦੇਸ਼ 'ਚ ਪੜ੍ਹਾਈ ਕਰਨ ਦਾ ਖਰਚ ਕਰਾਂਗਾ ਅਤੇ ਅੱਜ ਹੀ ਬੇਬੇ ਬਾਪੂ ਨਾਲ ਵੀ ਇਹ ਗੱਲ ਸਾਂਝੀ ਕਰਾਂਗਾ।ਉਨ੍ਹਾਂ ਕੋਲ ਬੱਚਤ ਕੀਤੀ ਰਾਸ਼ੀ ਤਾਂ ਹੈ ਕੋਈ ਨਹੀਂ। ਪਰ ਜਿਹੜੇ ਦੋ ਖੇਤ ਜ਼ਮੀਨ ਦੇ ਹਨ, ਵੇਚ ਕੇ ਉਸ ਦੀ ਕੈਨੇਡਾ ਦੀ ਪੜ੍ਹਾਈ ਦੇ ਪੈਸਿਆਂ ਦਾ ਇੰਤਜ਼ਾਮ ਕਰ ਦੇਵੇਗਾ।" ਥਾਣੇਦਾਰ ਸਾਹਮਣੇ ਦਿਲਪ੍ਰੀਤ ਦੀ ਜ਼ੁਬਾਨ ਤੋਂ ਸਚਾਈ ਫੁੱਟ-ਫੁੱਟ ਕੇ ਬਾਹਰ ਆ ਰਹੀ ਸੀ।
"ਮੇਰੇ ਮਾਂ-ਬਾਪ ਦੇ ਮਾਇਕ ਹਾਲਾਤ ਭਾਵੇਂ ਕਿ ਬਹੁਤੇ ਚੰਗੇ ਨਹੀਂ ਸਨ ਅਤੇ ਦੋ ਡੰਗ ਦੀ ਰੋਟੀ ਦਾ ਹੋਰ ਕੋਈ ਸਾਧਨ ਵੀ ਨਹੀਂ ਸੀ। ਫਿਰ ਵੀ ਮੈਂ ਰੇਸ਼ੀ ਅਤੇ ਆਪਣੇ ਭਵਿੱਖ ਨੂੰ ਉੱਜਲਾ ਹੁੰਦਾ ਸੋਚ ਕੇ ਬੇਬੇ ਬਾਪੂ ਨਾਲ ਆਪਣੀ ਪੁਰਖ਼ਿਆਂ ਦੀ ਜ਼ਮੀਨ ਵੇਚਣ ਦਾ ਤਰਲਾ ਪਾਇਆ। ਗੱਲ ਸੁਣਦਿਆਂ ਸਾਰ ਹੀ ਦੋਨਾਂ ਦੀਆਂ ਅੱਖਾਂ ਦੇ ਕੋਏ ਨੰਮ ਹੋ ਗਏ ਸਨ। ਬਾਪੂ ਤਾਂ ਇਹ ਗੱਲ ਸੁਣ ਕੇ ਜਿਵੇਂ ਗੁੰਮ ਸੁੰਮ ਹੀ ਹੋ ਗਿਆ ਸੀ ਪਰ ਬੇਬੇ ਹਰਖ਼ ਅਤੇ ਫ਼ਿਕਰ ਕਰਦੀ ਹੋਈ ਬੋਲ ਹੀ ਪਈ ਸੀ। 'ਪੁੱਤਰਾ, ਇਹੋ ਦੋ ਖੇਤ ਤਾਂ ਸਾਡੇ ਦੋ ਡੰਗ ਦੇ ਢਿੱਡ ਭਰਨ ਦਾ ਸਾਧਨ ਹਨ ਅਤੇ ਇਨ੍ਹਾਂ ਨਾਲ ਹੀ ਸਾਡਾ ਮਾੜਾ ਪਤਲਾ ਗੁਜ਼ਾਰਾ ਚੱਲਦਾ ਹੈ। ਉਹ ਵੀ ਤੂੰ ਵੇਚਣ ਦੀ ਸਲਾਹ ਦੇ ਰਿਹੈਂ। ਇਹ ਫੈਸਲਾ ਲੈਣ ਲੱਗਿਆਂ ਕੀ ਤੂੰ ਸੋਚਿਆ ਹੈ ਕਿ ਨਾ ਜਾਣੇ ਕੁੜੀ ਵਲੋਂ ਕੋਈ ਧੋਖਾ ਹੋ ਗਿਆ ਤਾਂ ਕਿਸ ਖੂਹ ਖਾਤੇ ਪਵਾਂਗੇ। ਨਸੀਹਤ ਦਿੰਦੀ ਬੇਬੇ ਨੇ ਮੈਨੂੰ ਚਤਾਰਿਆ ਸੀ ਕਿ ਅਨਜਾਣੇ ਵਿੱਚ ਮੈਂ ਇੰਨਾ ਵੱਡਾ ਜੋਖ਼ਮ ਨਾ ਲਵਾਂ। ਗੱਲਾਂ ਕਰਦੀ ਬੇਬੇ ਨੇ ਆਪਣੀ ਚੁੰਨੀ ਦੇ ਲੜ ਨਾਲ ਪਤਾ ਨਹੀਂ ਕਿੰਨੀ ਵਾਰ ਅੱਖਾਂ ਪੂੰਝੀਆਂ ਸਨ। ਪਰ ਮੇਰਾ ਉਦਾਸ ਚਿਹਰਾ ਦੇਖ ਕੇ ਅਤੇ ਮੇਰੇ ਉਤੇ ਤਰਸ ਖਾ ਕੇ ਮਾਂ- ਬਾਪ ਨੇ ਆਪਣੀ ਸਾਰੀ ਜੱਦੀ ਜਾਇਦਾਦ 'ਤੇ ਆਗੂੰਠਾ ਲਾ ਦਿੱਤਾ ਸੀ ਅਤੇ ਮੈਂ ਰੇਸ਼ੀ ਦੀ ਕੈਨਡਾ ਦੀ ਪੜ੍ਹਾਈ ਦੇ ਚਾਲੀ ਲੱਖ ਰੁਪਇਆਂ ਦਾ ਸਾਰਾ ਪ੍ਰਬੰਧ ਕਰ ਦਿੱਤਾ ਸੀ।" ਦਿਲਪ੍ਰੀਤ ਦੀ ਜ਼ੁਬਾਨ ਤੋਂ ਸਚਾਈ ਫੁੱਟ-ਫੁੱਟ ਕੇ ਬਾਹਰ ਆ ਰਹੀ ਸੀ।
"ਇਸ਼ਕ 'ਚ ਅੰਨ੍ਹਿਆ, ਤੂੰ ਰੱਤੀ ਵੀ ਨਹੀਂ ਸੋਚਿਆ ਕਿ ਜੇਕਰ ਇਹ ਕੁੜੀ ਤੁਹਾਡਾ ਸਭ ਕੁੱਝ ਵਿਕਾ ਕੇ ਸਿਰ ਫੇਰ ਗਈ ਤਾਂ ਭਵਿੱਖ ਵਿੱਚ ਤੁਹਾਡੀ ਰੋਟੀ ਰੋਜ਼ੀ ਦਾ ਕੀ ਬਣੇਗਾ?" ਥਾਣੇਦਾਰ ਨੇ ਜ਼ਮਾਨੇ ਦੀ ਸੱਚਾਈ ਬਿਆਨ ਕਰਦਿਆ ਦਿਲਪ੍ਰੀਤ ਨੂੰ ਸਵਾਲ ਕੀਤਾ।
"ਥਾਣੇਦਾਰ ਸਾਹਿਬ, ਜਦੋਂ ਕਿਸੀ ਕੁੜੀ ਨਾਲ ਸੱਚਾ ਪਿਆਰ ਹੋ ਜਾਏ ਤਾਂ ਘਾਟੇ ਨਫ਼ੇ ਨਹੀਂ ਦੇਖੇ ਜਾਂਦੇ। ਨਾਲੇ ਰੇਸ਼ੀ ਦੇ ਭਵਿੱਖ ਨਾਲ ਮੇਰੇ ਰੁਜ਼ਗਾਰ ਦਾ ਭਵਿੱਖ ਜੁੜਿਆ ਹੋਇਆ ਸੀ। ਇਸ ਤੋਂ ਆਸ ਸੀ ਕਿ ਇਹ ਕੈਨੇਡਾ 'ਚ ਪੜ੍ਹਾਈ ਕਰਨ ਉਪਰੰਤ ਉਥੋਂ ਦੀ ਪੱਕੀ ਵਸਨੀਕ ਬਣ ਜਾਏਗੀ ਅਤੇ ਮੈਨੂੰ ਵਿਆਹ ਲਈ ਕੈਨੇਡਾ ਸੱਦ ਲਵੇਗੀ। ਇਸ ਤਰ੍ਹਾਂ ਕਰਨ ਨਾਲ ਮੇਰੇ ਮਾਪਿਆਂ ਦੇ ਦੋਨੋਂ ਕਾਰਜ ਰਾਸ ਆ ਜਾਣਗੇ, ਮੇਰਾ ਵਿਆਹ ਅਤੇ ਇੱਕ ਸਰਦੇ ਪੁੱਜਦੇ ਦੇਸ਼ ਵਿੱਚ ਮੇਰਾ ਰੁਜ਼ਗਾਰ। ਮੇਰੇ ਮਨ ਵਿੱਚ ਇਹ ਗੱਲ ਤਾਂ ਕਦਾਚਿੱਤ ਨਹੀਂ ਆਈ ਸੀ ਕਿ ਮੇਰੇ ਨਾਲ ਇਹੋ ਜਿਹਾ ਧੋਖਾ ਹੋ ਜਾਏਗਾ।" ਦਿਲਪ੍ਰੀਤ ਨੇ ਦੁੱਖੀ ਹਿਰਦੇ ਨਾਲ ਦੱਸਿਆ।
"ਜੇਕਰ ਤੁਹਾਡਾ ਆਪਸੀ ਪਿਆਰ ਇੰਨਾ ਡੂੰਘਾ ਸੀ ਤਾਂ ਕਿਸੇ ਗ਼ੈਰ ਮਰਦ ਨਾਲ ਸ਼ਾਦੀ ਕਰਨ ਬਾਰੇ ਰੇਸ਼ੀ ਨੇ ਕਿਉਂ ਸੋਚਿਆ? ਤੇਰੇ ਵਿੱਚ ਵੀ ਕੋਈ ਨੁਕਸ ਜਰੂਰ ਹੋਏਗਾ!" ਥਾਣੇਦਾਰ ਹਜ਼ੂਰਾ ਸਿੰਘ ਅਜੇ ਵੀ ਗੱਲ ਦੀ ਗੁੰਝਲ ਖੋਹਲਣੀ ਚਾਹੁੰਦਾ ਸੀ।
"ਸਾਹਿਬ, ਕੈਨੇਡਾ ਪਹੁੰਚ ਕੇ ਪਹਿਲੇ ਛੇ ਕੁ ਮਹੀਨੇ ਤਾਂ ਰਸਪਿੰਦਰ ਮੇਰੇ ਸੰਪਰਕ ਵਿੱਚ ਰਹੀ ਸੀ। ਪਰ ਫੇਰ ਪਤਾ ਨਹੀਂ ਇਸ ਨੂੰ ਕੀ ਹੋ ਗਿਆ, ਇਹ ਮੇਰਾ ਫ਼ੋਨ ਵੀ ਨਹੀਂ ਚੁੱਕਦੀ ਸੀ। ਕੁੱਝ ਚਿਰ ਬਾਅਦ ਇਸ ਨੇ ਆਪਣਾ ਮੋਬਾਇਲ ਨੰਬਰ ਹੀ ਬਦਲ ਲਿਆ। ਮੈਂ ਬਥੇਰੀਆਂ ਟੋਲ ਟੱਕਰਾਂ ਮਾਰੀਆਂ ਪਰ ਇਸ ਦਾ ਫ਼ੋਨ ਨੰਬਰ ਹੀ ਨਹੀਂ ਮਿਲ ਰਿਹਾ ਸੀ। ਮੈਂ ਕੈਨੇਡਾ ਵੱਸਦੇ ਕੁੱਝ ਦੋਸਤਾਂ ਰਾਹੀਂ ਰੇਸ਼ੀ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਹਰ ਵਾਰ ਨਿਰਾਸ਼ਾ ਦਾ ਮੂੰਹ ਦੇਖਣਾ ਪੈਂਦਾ ਸੀ। ਇਸ ਤਰ੍ਹਾਂ ਨਿਰਾਸ਼ਾ ਦੇ ਆਲਮ ਵਿੱਚ ਮੇਰੇ ਚਾਰ ਸਾਲ ਲੰਘ ਗਏ। ਮੇਰੇ ਮਾਂ-ਬਾਪ ਮੈਨੂੰ ਚੇਤਾ ਕਰਾਉਂਦੇ ਰਹਿੰਦੇ ਕਿ ਪੁੱਤਰਾ ਤੂੰ ਖਿਆਲ ਰੱਖੀਂ ਕਿ ਕਿਤੇ ਕੁੜੀ ਧੋਖਾ ਨਾ ਦੇ ਜਾਏ। ਪਰ ਮੈਂ ਚਾਰੇ ਸਾਲ ਉਨ੍ਹਾਂ ਤੋਂ ਗੱਲ ਲਕੋਈ ਰੱਖੀ ਕਿ ਰੇਸ਼ੀ ਤਾਂ ਹੁਣ ਮੈਨੂੰ ਫ਼ੋਨ ਵੀ ਨਹੀਂ ਕਰਦੀ ਸੀ। ਜੇਕਰ ਉਨ੍ਹਾਂ ਨੁੰ ਸਚਾਈ ਦੱਸ ਦਿੰਦਾ ਤਾਂ ਉਨ੍ਹਾਂ ਤੋਂ ਇੱਹ ਗੱਲ ਬਰਦਾਸ਼ਤ ਨਹੀਂ ਹੋਣੀ ਸੀ ਅਤੇ ਉਹ ਆਪਣੇ ਆਪ ਨੂੰਪਤਾ ਨਹੀਂ ਕੀ ਕਰ ਲੈਂਦੇ।" ਦਿਲਪ੍ਰੀਤ ਨੇ ਆਪਣੇ ਨਾਲ ਬੀਤੀ ਸਾਰੀ ਕਹਾਣੀ ਥਾਣੇਦਾਰ ਨੂੰ ਬਿਆਨ ਕਰ ਦਿੱਤੀ।
ਥਾਣੇਦਾਰ ਹਜ਼ੂਰਾ ਸਿੰਘ ਨੂੰ ਯਕੀਨ ਹੋ ਗਿਆ ਕਿ ਦੋਸ਼ੀ ਨੇ ਸਾਰੇ ਦੋਸ਼ ਕਬੂਲ ਕਰ ਲਏ ਹਨ। ਇਨ੍ਹਾਂ ਬਿਆਨਾਂ ਦੇ ਆਧਾਰ 'ਤੇ ਇਸ ਨੂੰ ਸਜ਼ਾ ਜ਼ਰੂਰ ਮਿਲੇਗੀ ਅਤੇ ਉਸ ਦੀ ਨੌਕਰੀ ਵਿੱਚ ਤਰੱਕੀ ਪੱਕੀ ਹੈ। ਸਬੂਤਾਂ ਸਮੇਤ ਸਾਰਾ ਕੇਸ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ।
ਆਪਣੇ ਪੁੱਤ ਨਾਲ ਹੋਈ ਠੱਗੀ ਦਾ ਦਿਲਪ੍ਰੀਤ ਦੇ ਮਾਂ-ਬਾਪ 'ਤੇ ਡਾਢਾ ਅਸਰ ਹੋਇਆ। ਉਨ੍ਹਾਂ ਦੀ ਦੋ ਡੰਗ ਦੀ ਰੋਟੀ ਦਾ ਸਾਧਨ ਤਾਂ ਹੱਥੋਂ ਗਿਆ ਹੀ ਸੀ ਪਰ ਜਿਸ ਨੇ ਬੁੱਢੇ ਬਾਰੇ ਉਨ੍ਹਾਂ ਦੀ ਡੰਗੋਰੀ ਬਨਣਾ ਸੀ, ਉਹ ਵੀ ਸੁਲਾਖ਼ਾਂ ਪਿੱਛੇ ਬੰਦ ਹੋ ਗਿਆ ਸੀ। ਪੁੱਤਰ ਨੂੰ ਵਾਰ-ਵਾਰ ਨਸੀਹਤਾਂ ਦਿੱਤੀਆਂ ਸਨ ਕਿ ਕਈ ਕੁੜੀਆਂ ਆਪਣੇ ਮਿੱਤਰ ਮੁੰਡਿਆਂ ਨੂੰ ਪਿਆਰ ਦਾ ਝਾਂਸਾ ਦੇ ਕੇ ਖ਼ਰਚਾ ਕਰਵਾ ਲੈਂਦੀਆਂ ਹਨ ਅਤੇ ਫੇਰ ਮਤਲਬ ਨਿਕਲਣ ਤੋਂ ਬਾਅਦ ਮੂੰਹ ਫੇਰ ਲੈਂਦੀਆਂ ਹਨ। ਪਰ ਪੁੱਤਰ ਆਪਣੀ ਮਹਿਬੂਬਾ ਦੇ ਪਿਆਰ ਵਿੱਚ ਐਨਾ ਅੰਨ੍ਹਾ ਹੋਇਆ ਫਿਰਦਾ ਸੀ ਕਿ ਉਸ ਨੂੰ ਜਾਪ ਰਿਹਾ ਸੀ ਸਹੇ ਦੀਆਂ ਤਿੰਨ ਹੀ ਲੱਤਾਂ ਹਨ।
ਹੁਣ ਤਾਂ ਤੀਰ ਕਮਾਨ ਵਿੱਚੋਂ ਨਿਕਲ ਚੁੱਕਾ ਸੀ। ਪਛਤਾਵਾ ਅਤੇ ਫ਼ਿਕਰ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਸੀ। ਪੁੱਤਰ ਨੂੰ ਕਤਲ ਦੇ ਕੇਸ ਵਿੱਚ ਜੇਲ੍ਹ ਤਾਂ ਅਵੱਸ਼ ਹੋਣੀ ਸੀ, ਪਰ ਹੋ ਸਕਦਾ ਹੈ ਫਾਂਸੀ ਦਾ ਰੱਸਾ ਵੀ ਚੁੰਮਣਾ ਪੈ ਜਾਵੇ। ਬਿਰਧ ਅਵੱਸਥਾ ਵਿੱਚ ਇਹ ਬਜ਼ੁਰਗ ਮਾਪੇ ਆਪਣੇ ਅਤੇ ਆਪਣੇ ਪੁੱਤਰ ਨਾਲ ਬੀਤੀ ਦੀ ਚਿੰਤਾ ਵਿੱਚ ਡੁੱਬੇ ਰਹਿੰਦੇ। ਇਨ੍ਹਾਂ ਫ਼ਿਕਰਾਂ ਨਾਲ ਦੋਹਾਂ ਜੀਆਂ ਦੀ ਸਿਹਤ ਦਿਨ-ਪ੍ਰਤੀ-ਦਿਨ ਵਿਗੜਨ ਲੱਗੀ। ਭੁੱਖ ਲੱਗਣੀ ਘੱਟ ਗਈ ਅਤੇ ਹਰ ਦੂਸਰੇ ਦਿਨ ਕਿਸੇ ਨਾ ਕਿਸੇ ਬੀਮਾਰੀ ਦੇ ਇਲਾਜ ਲਈ ਡਾਕਟਰਾਂ ਪਾਸ ਗੇੜੇ ਕੱਢਦੇ ਰਹਿੰਦੇ। ਮਾਲੀ ਹਾਲਤ ਇੰਨੀ ਮਾੜੀ ਹੋ ਗਈ ਕਿ ਨਾ ਡਾਕਟਰਾਂ ਜਾਂ ਦੁਆਈਆਂ ਲਈ ਪੈਸੇ ਪੱਲੇ ਹੁੰਦੇ ਅਤੇ ਨਾ ਹੀ ਪੁੱਤ ਦੀ ਜੇਲ੍ਹ ਵਿੱਚ ਮੁਲਾਕਾਤ ਕਰਨ ਲਈ ਕਿਰਾਇਆ ਹੁੰਦਾ। ਗਰੀਬੀ ਦੇ ਹਾਲਤ ਵਿੱਚ ਲੋਕ ਵੀ ਉਧਾਰ ਦੇਣ ਤੋਂ ਹੱਟ ਗਏ।
ਰੇਸ਼ੀ ਦੇ ਮਾਂ-ਬਾਪ ਲਈ ਆਪਣੀ ਧੀ ਦਾ ਸਦਮਾ ਸਹਾਰਨਾ ਬਹੁਤ ਔਖਾ ਜਾਪ ਰਿਹਾ ਸੀ। ਪੁਲਿਸ ਉਨ੍ਹਾਂ ਨੂੰ ਵੀ ਕਈ ਵਾਰ ਥਾਣੇ ਬੁਲਾ ਕੇ ਤੰਗ ਪ੍ਰੇਸ਼ਾਨ ਕਰਦੀ ਰਹਿੰਦੀ। ਮਾਲੀ ਹਾਲਤ ਉਨ੍ਹਾਂ ਦੀ ਵੀ ਬਹੁਤੀ ਚੰਗੀ ਨਹੀਂ ਸੀ, ਪਰ ਧੀ ਦੀਆਂ ਹੱਥਾਂ ਦੀਆਂ ਦਿੱਤੀਆਂ ਉਨ੍ਹਾਂ ਨੂੰ ਮੂੰਹ ਨਾਲ ਖੋਲ੍ਹਣੀਆਂ ਪੈ ਰਹੀਆਂ ਸਨ। ਉਧਾਰ ਜਾਂ ਵਿਆਜੂ ਪੈਸੇ ਫੜ ਕੇ ਥਾਣੇਦਾਰ ਦੀ ਮੁੱਠੀ ਗਰਮ ਕਰ ਦਿੰਦੇ ਤਾਂ ਕਿਤੇ ਥਾਣੇ ਤੋਂ ਛੁੱਟਕਾਰਾ ਹੁੰਦਾ।
ਪੁਲਿਸ ਨੇ ਸਾਰੀਆਂ ਧਿਰਾਂ ਦੇ ਬਿਆਨ ਕਲਮਬੱਧ ਕਰਕੇ ਅਦਾਲਤ ਵਿੱਚ ਪੇਸ਼ ਕਰ ਦਿੱਤੇ ਸਨ। ਹੁਣ ਜੇਕਰ ਉਡੀਕ ਸੀ ਤਾਂ ਸਿਰਫ਼ ਇਸ ਫ਼ੈਸਲੇ ਦੀ ਸੀ ਕਿ ਕਿਸ ਧਿਰ ਨੂੰ ਕਿੰਨੀ ਸਜ਼ਾ ਹੁੰਦੀ ਹੈ। ਦਿਲਪ੍ਰੀਤ ਦੇ ਹਮਾਇਤੀ ਇਸ ਨਾਲ ਹਮਦਰਦੀ ਪੇਸ਼ ਕਰ ਰਹੇ ਸਨ ਕਿ ਇਸ ਨਾਲ ਇਸ ਦੀ ਮਹਿਬੂਬਾ ਨੇ ਧੋਖਾ ਕੀਤਾ ਹੈ। ਕੁੜੀ ਸਾਈਆਂ ਕਿਤੇ ਅਤੇ ਵਧਾਈਆਂ ਕਿਸੇ ਹੋਰ ਪਾਸੇ ਦਿੰਦੀ ਰਹੀ। ਬਲਕਾਰ ਸਿੰਘ ਦੇ ਹਮਾਇਤੀ ਇਸ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰ ਰਹੇ ਸਨ, 'ਇਸ ਦਾ ਕੀ ਕਸੂਰ ਸੀ ਇਸ ਨੇ ਤਾਂ ਸਗੋਂ ਰੇਸ਼ੀ ਨੂੰ ਕੈਨੇਡਾ 'ਚ ਪੱਕਾ ਕਰਨ ਲਈ ਆਪਣੀ ਜੀਵਨ ਸਾਥਣ ਬਣਾਉਣ ਲਈ ਆਪਣਾ ਵਚਨ ਨਿਭਾਇਆ ਸੀ। ਇਸ ਨੂੰ ਕਿਹੜੀ ਰਿਸ਼ਤਿਆਂ ਦੀ ਘਾਟ ਸੀ। ਚਾਰ ਪੈਸੇ ਕੋਲ ਸਨ ਅਤੇ ਕੈਨਡਾ ਦਾ ਪੱਕਾ ਨਿਵਾਸੀ ਸੀ। ਜਦੋਂ ਤੱਕ ਅਦਾਲਤ ਦਾ ਫ਼ੈਸਲਾ ਨਹੀਂ ਸੁਣਾਇਆ ਜਾਣਾ, ਹਰ ਕੋਈ ਆਪੋ ਆਪਣੇ ਕਿਆਫ਼ੇ ਲਾ ਰਹੇ ਸਨ।
----------
ਕੁੱਝ ਮਹੀਨਿਆਂ ਬਾਅਦ ਆਖਰ ਅਦਾਲਤ ਦੇ ਫ਼ੈਸਲੇ ਦੀ ਤਰੀਕ ਆ ਗਈ। ਬਿਆਨਾਂ ਅਤੇ ਸਬੂਤਾਂ ਦੇ ਆਧਾਰ 'ਤੇ ਮਾਨਯੋਗ ਅਦਾਲਤ ਨੇ ਬਲਕਾਰ ਸਿੰਘ ਨੂੰ ਇਹ ਆਖ ਕੇ ਬਰੀ ਕਰ ਦਿੱਤਾ ਕਿ ਇਸਨੂੰ ਰੇਸ਼ੀ ਨੇ ਹਨ੍ਹੇਰੇ 'ਚ ਰੱਖ ਕੇ ਇਸ ਦੇ ਕੈਨੇਡਾ 'ਚ ਪੱਕੇ ਵਸਨੀਕ ਹੋਣ ਦਾ ਫ਼ਾਇਦਾ ਲੈਣਾ ਚਾਹਿਆ। ਇਸ ਕਤਲ ਵਿੱਚ ਇਸ ਦੀ ਕੋਈ ਭੂਮਿਕਾ ਨਹੀਂ ਸੀ। ਇਹ ਤਾਂ ਸਗੋਂ ਰੇਸ਼ੀ ਲਈ ਇੱਕ ਸਹਾਰਾ ਬਣਨਾ ਚਾਹੁੰਦਾ ਸੀ।
ਹੁਣ ਫ਼ੈਸਲਾ ਦਿਲਪ੍ਰੀਤ ਦੀ ਕਿਸਮਤ ਦਾ ਹੋਣਾ ਬਾਕੀ ਸੀ। ਮਾਨਯੋਗ ਅਦਾਲਤ ਪਾਸ ਪੂਰੇ ਸਬੂਤ ਸਨ ਕਿ ਰੇਸ਼ੀ ਦਾ ਕਤਲ ਦਿਲਪ੍ਰੀਤ ਨੇ ਹੀ ਕੀਤਾ ਹੈ। ਪਰ ਮੁਜ਼ਰਮ ਨੇ ਇਹ ਕਤਲ ਕਿਨ੍ਹਾਂ ਹਾਲਤਾਂ ਵਿੱਚ ਕੀਤਾ ਸੀ, ਮਾਨਯੋਗ ਅਦਾਲਤ ਦੇ ਜੱਜਾਂ ਲਈ ਇਹ ਫ਼ੈਸਲਾ ਕਰਨਾ ਔਖਾ ਜਾਪ ਰਿਹਾ ਸੀ। ਮੁਜ਼ਰਮ ਦਾ ਇਰਾਦਾ ਕਤਲ ਕਰਨ ਦਾ ਨਹੀਂ ਸੀ।
ਫੈਸਲਾ ਕਰਨ ਲੱਗਿਆਂ ਜੱਜਾਂ ਦਿਆਂ ਕੰਨਾਂ ਵਿੱਚ ਮੁਜ਼ਰਮ ਦਿਲਪ੍ਰੀਤ ਦੇ ਦਿੱਤੇ ਬਿਆਨ ਗੂੰਜ ਰਹੇ ਸਨ, "ਮਾਨਯੋਗ ਅਦਾਲਤ ਜੀ, ਰੇਸ਼ੀ ਮੇਰੀ ਬਚਪਨ ਦੀ ਦੋਸਤ ਸੀ। ਇਕੱਠਿਆਂ ਪੜ੍ਹਦਿਆਂ ਅਸੀਂ ਇੱਕ ਦੂਜੇ ਲਈ ਜਾਨ ਵਾਰਨ ਦਾ ਵਾਅਦਾ ਕੀਤਾ ਹੋਇਆ ਸੀ। ਜ਼ਿੰਦਗੀ ਭਰ ਇੱਕ ਦੂਜੇ ਦਾ ਸਾਥ ਨਿਭਾਉਣ ਅਤੇ ਦੁੱਖ ਸੁੱਖ ਵਿੱਚ ਸਹਾਈ ਹੋਣ ਦਾ। ਇਸੇ ਭਰੋਸੇ ਵਿੱਚ ਆਪਣੇ ਮਾਂ-ਬਾਪ ਦੀਆਂ ਨਸੀਹਤਾਂ ਨੂੰ ਦਰ-ਨਿਕਾਰ ਕਰਦੇ ਹੋਏ ਮੈਂ ਉਨ੍ਹਾਂ ਨੂੰ ਆਪਣੀ ਰੋਜ਼ੀ ਰੋਟੀ ਦਾ ਇੱਕੋ ਇੱਕ ਸਾਧਨ ਜ਼ਮੀਨ ਨੂੰ ਵਿਕਾ ਕੇ ਰੇਸ਼ੀ ਦੀ ਕੈਨੇਡਾ ਦੀ ਪੜ੍ਹਾਈ ਅਤੇ ਰਹਿਣ ਸਹਿਣ ਦਾ ਖ਼ਰਚਾ ਦਿੱਤਾ ਸੀ। ਮੇਰੇ ਮਾਂ-ਬਾਪ ਮੈਨੂੰ ਵਰਜਦੇ ਸਨ ਕਿ ਇੰਨਾ ਵੱਡਾ ਰਿਸਕ ਨਾ ਲਵਾਂ। ਪਰ ਜੱਜ ਸਾਹਿਬ ਮੇਰੇ ਸਿਰ 'ਤੇ ਪਿਆਰ ਅਤੇ ਵਫ਼ਾਈ ਦਾ ਭੂਤ ਸਵਾਰ ਸੀ। ਪਰ ਮੈਨੂੰ ਕੀ ਪਤਾ ਸੀ ਕਿ ਕੈਨੇਡਾ ਜਾ ਕੇ ਰੇਸ਼ੀ ਮੇਰੇ ਲਈ ਏਨੀ ਬੇ-ਵਫ਼ਾ ਹੋ ਜਾਏਗੀ।
ਜਦੋਂ ਮੈਨੂੰ ਪਤਾ ਲੱਗਾ ਕਿ ਰੇਸ਼ੀ ਹੁਣ ਕਿਸੇ ਹੋਰ ਦੀ ਹੋ ਗਈ ਹੈ, ਇਹ ਸਭ ਕੁੱਝ ਸਹਾਰਨਾ ਹੱਦੋਂ ਵੱਧ ਅਸੰਭਵ ਸੀ।ਪਰ ਜਦੋਂ ਸਾਰੇ ਬਾਅਦੇ ਕਰਕੇ ਮਹਿਬੂਬਾ ਕਿਸੇ ਹੋਰ ਦੀ ਹੋਰ ਜਾਏ ਤਾਂ ਮੇਰੇ ਵੱਸ ਹੁਣ ਸਬਰ ਤੋਂ ਬਿਨਾਂ ਕੀ ਰਹਿ ਗਿਆ ਸੀ।ਰੇਸ਼ੀ ਦੀ ਬੇਵਫ਼ਾਈ ਨੂੰ ਵੀ ਸਬਰ ਨਾਲ ਸਹਾਰ ਲਿਆ ਸੀ ਅਤੇ ਆਪਣੇ ਦੋਸਤਾਂ ਰਾਹੀਂ ਰੇਸ਼ੀ ਨੂੰ ਸੁਨੇਹਾ ਭੇਜਿਆ ਸੀ ਕਿ ਉਹ ਜਿਸ ਨਾਲ ਵੀ ਵਿਆਹ ਕਰਾਉਣਾ ਇਹ ਉਸ ਦੀ ਮਰਜ਼ੀ ਹੈ, ਪਰ ਮੈਨੂੰ ਘਰੋਂ ਬੇ-ਘਰ ਹੋਣ ਤੋਂ ਬਚਾ ਲਵੇ। ਮੈਨੂੰ ਮਾੜੀ ਮੋਟੀ ਰੋਟੀ ਖਾਂਦਾ ਰਹਿਣ ਦੇਵੇ ਅਤੇ ਮੇਰੀ ਜ਼ਮੀਨ ਦੇ ਚਾਲੀ ਲੱਖ ਰੁਪਏ ਮੋੜ ਦੇਵੇ, ਤਾਂ ਕਿ ਮੈਂ ਪੰਜਾਬ ਵਿੱਚ ਕੋਈ ਮਾੜਾ ਮੋਟਾ ਵਿਉਪਾਰ ਚਲਾ ਲਵਾਂ।
ਪਰ ਰੇਸ਼ੀ ਨੇ ਇਸ ਗੱਲ ਦਾ ਕੋਈ ਜਵਾਬ ਨਾ ਦਿੱਤਾ।ਮੇਰੇ ਸਿਰ ਤੋਂ ਜਿਵੇਂ ਪਾਣੀ ਹੀ ਲੰਘ ਗਿਆ ਹੋਵੇ।ਮੈਂ ਆਪਣੇ ਮਾਪਿਆਂ ਪਾਸੋਂ ਉਨ੍ਹਾਂ ਦੇ ਹੱਥੀਂ ਆਪਣੀ ਜ਼ਮੀਨ ਵਿਕਾ ਚੁੱਕਾ ਸੀ। ਭਾਰਤ ਦੀ ਬੇਰੁਜ਼ਗਾਰੀ ਦੀ ਮੰਡੀ 'ਚ ਰੁਜ਼ਗਾਰ ਦਾ ਕੋਈ ਸਾਧਨ ਨਜ਼ਰ ਨਹੀਂ ਆ ਰਿਹਾ ਸੀ। ਬੁੱਢੇ ਮਾਂ-ਬਾਪ ਦੇ ਫ਼ਿਕਰਾਂ 'ਚ ਪਿੰਜਰ ਹੋਏ ਸਰੀਰ ਮੈਨੂੰ ਵਾਰ ਵਾਰ ਲਾਹਨਤਾਂ ਪਾ ਰਹੇ ਸਨ ਕਿ ਕਿ ਕੁੜੀਆਂ ਆਪਣਾ ਮਤਲਬ ਕੱਢ ਕੇ ਫੇਰ ਨਹੀਂ ਪੁੱਛਦੀਆਂ ਹੁੰਦੀਆਂ। ਜੱਜ ਸਾਹਿਬ, ਮੈਂ ਆਪਣਾ ਭਵਿੱਖ ਨਰਕ ਬਣਦਾ ਦੇਖ ਕੇ ਇਸ ਵਤੀਰੇ ਨੂੰ ਬਰਦਾਸ਼ਤ ਨਾ ਕਰ ਸਕਿਆ। ਇਸੇ ਕਰਕੇ ਮੈਂ ਰੇਸ਼ੀ ਦਾ ਕਤਲ ਕਰ ਦਿੱਤਾ। ਹੁਣ ਜੱਜ ਸਾਹਿਬ ਜੋ ਸਜ਼ਾ ਤੁਸੀਂ ਦੇਵੋਗੇ, ਮੈਂ ਸਿਰ ਮੱਥੇ ਮੰਨਾਂਗਾ।"
ਮਾਨਯੋਗ ਅਦਾਲਤ ਨੇ ਕਾਫ਼ੀ ਸਮਾਂ ਸੋਚ ਸਮਝ ਕੇ ਫ਼ੈਸਲਾ ਦਿੱਤਾ। "ਕਤਲ ਕਰਨ ਦੇ ਕਾਰਨ ਭਾਵੇਂ ਜਿੰਨੇ ਮਰਜ਼ੀ ਸਾਰਥਿਕ ਅਤੇ ਭਾਵੁਕਤਾ ਨਾਲ ਭਰੇ ਹੋਏ ਹਨ। ਪਰ ਭਾਰਤ ਦਾ ਕਨੂੰਨ ਇਹ ਇਜ਼ਾਜਤ ਨਹੀਂ ਦਿੰਦਾ ਕਿ ਕੋਈ ਇਨਸਾਨ ਆਪਣੇ ਨਾਲ ਹੋਈ ਠੱਗੀ ਜਾਂ ਵਧੀਕੀ ਦਾ ਬਦਲਾ ਕਤਲ ਕਰਕੇ ਲਵੇ। ਸਾਰੇ ਸਬੂਤਾਂ ਅਤੇ ਗਵਾਹੀਆਂ ਨੂੰ ਮੱਧੇ ਨਜ਼ਰ ਰੱਖਦੇ ਹੋਏ ਅਦਾਲਤ ਇਸ ਫ਼ੈਸਲੇ 'ਤੇ ਪਹੁੰਚੀ ਹੈ ਕਿ ਮੁਲਜ਼ਮ ਨਾਲ ਨਿੱਜੀ ਜ਼ਿੰਦਗੀ ਵਿੱਚ ਹੋਈ ਧੋਖੇਬਾਜ਼ੀ ਕਰਕੇ ਅਦਾਲਤ ਹਮਦਰਦੀ ਰੱਖਦੀ ਹੈ। ਪਰ ਕਨੂੰਨ ਦੀ ਪਾਲਣਾ ਕਰਨਾ ਹਰ ਇੱਕ ਭਾਰਤੀ ਦਾ ਫ਼ਰਜ ਹੈ।ਕਿਸੇ ਦੀ ਜਾਨ ਲੈਣਾ ਇੱਕ ਭਿਆਨਕ ਜ਼ੁਲਮ ਹੈ।ਇਸ ਕਰਕੇ ਦਿਲਪ੍ਰੀਤ ਨੂੰ ਵੀਹ ਸਾਲ ਦੀ ਬਾ-ਮੁਸ਼ੱਕਤ ਸਜ਼ਾ ਦਿੱਤੀ ਜਾਂਦੀ ਹੈ।
ਦਿਲਪ੍ਰੀਤ ਨੂੰ ਹੱਥਕੜੀਆਂ ਸਮੇਤ ਪੁਲਿਸ ਅਧਿਕਾਰੀ ਜੇਲ੍ਹ ਕੋਠੜੀ ਵਿੱਚ ਲੈ ਗਏ। ਅਦਾਲਤ ਵਿੱਚ ਫ਼ੈਸਲਾ ਸੁਣਨ ਆਏ ਰੇਸ਼ੀ ਅਤੇ ਬਲਕਾਰ ਸਿੰਘ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਦੇ ਹਾਵ-ਭਾਵ ਵੱਖਰੇ-ਵੱਖਰੇ ਸਨ। ਕੋਈ ਆਖ ਰਿਹਾ ਸੀ ਕਿ ਮੁਜ਼ਰਮ ਨੂੰ ਸਜ਼ਾ ਥੋੜ੍ਹੀ ਹੋਈ ਹੈ ਅਤੇ ਕੋਈ ਆਖ ਰਿਹਾ ਸੀ ਕਿ ਅਦਾਲਤ ਨੇ ਦਿਲਪ੍ਰੀਤ ਨੂੰ ਬਰੀ ਕਿਉਂ ਨਹੀਂ ਕੀਤਾ। ਪਰ ਦਿਲਪ੍ਰੀਤ ਦੇ ਮਾਂ-ਬਾਪ ਆਪਣੇ ਪੁੱਤ ਨੂੰ ਜੇਲ੍ਹ ਕੋਠੜੀ ਵੱਲ ਜਾਂਦਿਆਂ ਦੇਖ ਕੇ ਭੁੱਬਾਂ ਮਾਰ-ਮਾਰ ਕੇ ਰੋ ਰਹੇ ਸਨ। ਦਿਲਪ੍ਰੀਤ ਦੇ ਮਾਤਾ ਪਿਤਾ ਦੀਆਂ ਅੱਖਾਂ 'ਚੋਂ ਡੁੱਲ-ਡੁੱਲ ਪੈਂਦੇ ਹੰਝੂ ਦੇਖ ਕੇ ਅਦਾਲਤ ਦਾ ਫ਼ੈਸਲਾ ਸੁਣਨ ਆਇਆ ਹਰ ਪ੍ਰਾਣੀ ਇਹੋ ਸੋਚ ਰਿਹਾ ਸੀ ਕਿ ਆਪਣੇ ਇੱਕਲੌਤੇ ਪੁੱਤਰ ਨੂੰ ਜੇਲ ਕੋਠੜੀ ਭੇਜ ਕੇ ਉਸ ਦੇ ਵਿਯੋਗ 'ਚ ਇਹ ਭੁੱਖ ਅਤੇ ਗਰੀਬੀ ਦੀ ਜ਼ਿੰਦਗੀ ਹੰਢਾਉਂਦੇ ਬੀਮਾਰ ਬਜ਼ੁਰਗ, ਕਿੰਨੇ ਕੁ ਦਿਨ ਹੋਰ ਜਿਉੇਣਗੇ! ਉਨ੍ਹਾਂ ਦੇ ਹਿਰਦੇ ਦੀ ਵੇਦਨਾ ਉਹੀ ਜਾਣ ਸਕਦੇ ਹਨ।