ਜੋ ਰਾਤੀ ਜਾਗਣ ਕਾਲੀਆਂ ਸੋਈ ਖਾਣ ਸੁਖਾਲੀਆਂ - ਪ੍ਰਿੰਸੀਪਲ ਜਸਪਾਲ ਸਿੰਘ ਲੋਹਾਮ
ਕਰੀਬ 38 ਕੁ ਸਾਲ ਪਹਿਲਾਂ ਦੀ ਗੱਲ ਹੈ। ਕਿਸੇ ਨਜ਼ਦੀਕੀ ਨੇ ਮੇਰੇ ਕੋਲ ਗੱਲ ਕੀਤੀ ਕਿ ਤੁਸੀਂ ਵੀ ਆ ਜਾਉ ਇਥੇ ਤੁਹਾਡੇ ਲਈ ਸਕੂਲ ਪਤਾ ਕਰਕੇ ਰੱਖਦੇ ਹਾਂ, ਨਾਲੇ ਤੁਹਾਡਾ ਤਜ਼ਰਬਾ ਹੋ ਜਾਵੇਗਾ। ਮੈਂ ਆਪਣੀ ਪੜ੍ਹਾਈ ਪੂਰੀ ਕਰੀ ਬੈਠਾ ਸੀ ਇਸ ਲਈ ਮੈਂ ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾ ਦਿੱਤੀ। ਜਦੋਂ ਉਨ੍ਹਾਂ ਨੇ ਮੇਰੇ ਲਈ ਸਕੂਲ ਲੱਭ ਲਿਆ ਤਾਂ ਮੈਂ ਮੋਗਾ ਤੋਂ ਲੁਧਿਆਣਾ ਚਲਾ ਗਿਆ। ਉਨ੍ਹਾਂ ਨੇ ਮੇਰੇ ਵਾਸਤੇ ਬੱਸ ਸਟੈਂਡ ਦੇ ਨਜ਼ਦੀਕ ਇੱਕ ਕਮਰਾ ਕਿਰਾਏ ਤੇ ਲੈ ਲਿਆ ਸੀ। ਆਪਾਂ ਇਥੇ ਆਪਣਾ ਸਮਾਨ ਰੱਖ ਲਿਆ। ਅਗਲੇ ਦਿਨ ਉਹ ਮੈਨੂੰ ਮੇਰੇ ਸੈਂਟਰਲ ਹਾਈ ਸਕੂਲ ਛੱਡ ਗਏ। ਪ੍ਰਿੰਸੀਪਲ ਸਰ ਨਾਲ ਵਿਚਾਰਾਂ ਹੋਈਆਂ। ਉਨ੍ਹਾਂ ਨੇ ਮੈਨੂੰ ਤਨਖਾਹ ਪੰਜ ਸੋ ਰੁਪਏ ਦੇਣ ਦੀ ਗੱਲ ਕੀਤੀ। ਚਲੋ ਮੈਂ ਕਹਿ ਦਿੱਤਾ ਠੀਕ ਹੈ ਸਰ। ਪ੍ਰਿੰਸੀਪਲ ਸਰ ਨੇ ਪੀਰੀਅਡਾਂ ਦੀ ਲਿਸਟ ਮੈਨੂੰ ਦੇ ਦਿੱਤੀ। ਸਰ ਨੇ ਮੈਨੂੰ ਇੱਕ ਕਲਾਸ ਵਿਚ ਲੈ ਕੇ ਗਏ ਅਤੇ ਬੱਚਿਆਂ ਨੂੰ ਦੱਸਿਆ ਕਿ ਇਹ ਸਰ ਤੁਹਾਨੂੰ ਮੈਥ ਸਾਇੰਸ ਪੜ੍ਹਾਇਆ ਕਰਨਗੇ ਅਤੇ ਤੁਸੀਂ ਚੰਗੀ ਤਰ੍ਹਾਂ ਇਨ੍ਹਾਂ ਤੋਂ ਗਿਆਨ ਹਾਸਲ ਕਰਨਾ। ਇਨ੍ਹਾਂ ਕਹਿ ਕੇ ਉਹ ਦਫ਼ਤਰ ਵੱਲ ਚਲੇ ਗਏ। ਅੱਜ ਬੱਚਿਆਂ ਨਾਲ ਜਾਣ ਪਛਾਣ ਕੀਤੀ ਅਤੇ ਨਾਲ ਹੀ ਪੜ੍ਹਾਈ ਦਾ ਕੰਮ ਸ਼ੁਰੂ ਕਰ ਦਿੱਤਾ। ਬਹੁਤ ਵਧੀਆ ਲੱਗਿਆ। ਸਾਰਾ ਦਿਨ ਬੱਚਿਆਂ ਵਿਚ ਰਿਹਾ। ਪਹਿਲੇ ਹਫ਼ਤੇ ਸ਼ਨੀਵਾਰ ਸ਼ਾਮ ਨੂੰ ਮੈਂ ਆਪਣੇ ਘਰ ਚਲਾ ਗਿਆ ਸੀ। ਇਥੇ ਮਾਂ ਬਾਪ ਵੀ ਇਕੱਲੇ ਸਨ। ਸਾਰੇ ਬਾਹਰ ਹੀ ਡਿਊਟੀ ਤੇ ਜਾਣ ਵਾਲੇ ਸਨ। ਘਰ ਵੀ ਪੂਰੀ ਰੌਣਕ ਲੱਗ ਗਈ। ਸਾਡੇ ਮੁਹੱਲੇ ਦੇ ਇੱਕ ਲੜਕੇ ਨੇ ਸਾਈਕਲ ਵੇਚਣਾ ਸੀ ਉਹਦਾ ਸਾਈਕਲ ਮੈਂ 150 ਰੁਪਏ ਵਿਚ ਖਰੀਦ ਲਿਆ। ਸੋਮਵਾਰ ਦਾ ਦਿਨ ਸੀ ਮੈਂ ਘਰ ਤੋਂ ਮੋਗਾ ਅੱਡੇ ਤੱਕ ਸਾਈਕਲ ਤੇ ਗਿਆ ਅਤੇ ਸਾਈਕਲ ਨੂੰ ਬੱਸ ਦੇ ਉੱਪਰ ਰੱਖ ਦਿੱਤਾ। ਲੁਧਿਆਣਾ ਬੱਸ ਅੱਡੇ ਤੇ ਪਹੁੰਚ ਕੇ ਉਤਾਰ ਲਿਆ। ਮੈਂ ਆਪਣੇ ਕਮਰੇ ਤੱਕ ਸਾਈਕਲ ਤੇ ਗਿਆ। ਮੇਰੇ ਕਮਰੇ ਤੋਂ ਮੇਰਾ ਸਕੂਲ ਦੂਰ ਸੀ ਇਸ ਲਈ ਮੇਰੇ ਦੋਸਤ ਨੇ ਕਿਹਾ ਕਿ ਤੂੰ ਮੇਰੇ ਕੋਲ ਆਜਾ, ਆਪਾਂ ਇਕੱਠੇ ਰਹਾਂਗੇ। ਮੈਂ ਪਹਿਲੀ ਤਰੀਕ ਨੂੰ ਦੋਸਤ ਦੇ ਕੋਲ ਸਮਾਨ ਚੱਕ ਕੇ ਚਲਾ ਗਿਆ। ਦੋਨੋ ਹੀ ਢਾਬੇ ਤੇ ਰੋਟੀ ਖਾਂਦੇ ਸੀ। ਇੱਕ ਦਿਨ ਮਨ ਬਣ ਗਿਆ ਕਿ ਯਾਰ ਘਰ ਹੀ ਰੋਟੀ ਬਣਾ ਲਿਆ ਕਰੀਏ। ਸਾਰਾ ਸਮਾਨ ਕੋਲ ਸੀ ਘਰ ਰੋਟੀ ਸਬਜੀ ਬਣਾਉਣ ਲੱਗ ਪਏ। ਜਿਹੋ ਜੀ ਬਣਦੀ ਉਹੋ ਜੀ ਖਾ ਲੈਂਦੇ। ਰਸੋਈ ਦੇ ਕੰਮ ਵਿਚ ਸੁਧਾਰ ਆਉਣ ਲੱਗ ਪਿਆ। ਰੋਟੀ ਬਣਾਉਣ ਦਾ ਕੰਮ ਜਿਆਦਾਤਰ ਮੇਰਾ ਦੋਸਤ ਕਰਦਾ ਸੀ ਉਹ ਕੰਮ ਵਿਚ ਪੂਰੀ ਤਰ੍ਹਾਂ ਮਾਹਿਰ ਸੀ। ਮੈਂ ਸਬਜੀ ਵਗੈਰਾ ਬਣਾ ਦਿੰਦਾ ਸੀ। ਉਪਰਲਾ ਕੰਮ ਕਰ ਦਿੰਦਾ ਸੀ। ਇਸ ਤਰ੍ਹਾਂ ਚੱਲਦਾ ਰਿਹਾ। ਸਵੇਰੇ ਤਿਆਰ ਹੋ ਕੇ ਸਕੂਲ ਚਲੇ ਜਾਂਦੇ। ਮੇਰਾ ਸਕੂਲ ਤਾਂ ਸਾਡੇ ਕਮਰੇ ਦੇ ਨੇੜੇ ਸੀ। ਦੋ ਮਿੰਟ ਦਾ ਰਾਹ ਸੀ। ਇਥੇ ਸਕੂਲ ਦਾ ਸਮਾਂ 8 ਤੋਂ 2 ਸੀੇ ਅਤੇ ਬਾਅਦ ਵਿਚ ਟਿਊਸ਼ਨ 2 ਤੋਂ 4 ਵਜੇ ਲੱਗਦੀ ਸੀ। ਟਿਊਸ਼ਨ ਤੋਂ ਵੀ 300 ਰੁਪਏ ਬਣ ਜਾਂਦੇ ਸੀ। ਮੈਂ ਸਵੇਰ ਦੇ ਸਮੇਂ 6 ਵਜੇ ਮਾਡਲ ਟਾਊਨ ਵਿਚ ਇੱਕ ਡਾਕਟਰ ਦੇ ਬੱਚੇ ਨੂੰ ਘਰ ਟਿਊਸ਼ਨ ਪੜ੍ਹਾਉਣ ਲਈ ਜਾਂਦਾ ਸੀ। ਜਦੋਂ ਆਰਥਿਕ ਵਸੀਲਿਆਂ ਦੀ ਘਾਟ ਹੋਵੇ ਤਾਂ ਬੜੇ ਹੰਬਲੇ ਮਾਰਨੇ ਪੈਂਦੇ ਹਨ। ਸਕੂਲ ਦੀਆਂ ਦੋ ਇਮਾਰਤਾਂ ਸਨ। ਇੱਕ ਇਮਾਰਤ ਵਿਚ ਨਰਸਰੀ ਤੋਂ ਪੰਜਵੀਂ ਜਮਾਤ ਅਤੇ ਦੂਸਰੀ ਵਿਚ ਛੇਵੀਂ ਤੋਂ ਦਸਵੀਂ ਜਮਾਤ ਸੀ। ਖੇਡਾਂ ਲਈ ਇੱਕ ਵੱਖਰੀ ਥਾਂ ਸੀ। ਮੇਰੇ ਖੁਦ ਵਿਚ ਬੜੀ ਊਰਜਾ ਸੀ ਇਸ ਕਰਕੇ ਬੱਚਿਆਂ ਨੂੰ ਹੱਦ ਤੋਂ ਵੱਧ ਮਿਹਨਤ ਕਰਾਉਂਦਾ ਸੀ ਅਤੇ ਬੱਚਿਆਂ ਤੋਂ ਉਨ੍ਹੀਂ ਉਮੀਦ ਰੱਖਦਾ। ਮੇਰੀ ਅਵਾਜ਼ ਹਰ ਬੱਚੇ ਤੱਕ ਤੱਕ ਜਾਂਦੀ ਸੀ। ਪ੍ਰਿੰਸੀਪਲ ਸਰ! ਆਪ ਵੀ ਖੁਦ ਪੜ੍ਹਾਉਂਦੇ ਸਨ। ਉਹ ਦੂਰੋਂ ਹੀ ਸਭ ਵੱਲ ਧਿਆਨ ਰੱਖਦੇ ਸਨ। ਮੇਰੀ ਪੜ੍ਹਾਈ ਦੇ ਤਰੀਕੇ ਤੋਂ ਖਾਕਫ਼ ਸਨ। ਸਰ ਨੇ ਇੱਕ ਦਿਨ ਨੀਲੇ, ਲਾਲ ਅਤੇ ਹਰੇ ਪਿੰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦਾ ਬੱਚਾ ਸਨੀ ਵੀ ਇਸੇ ਸਕੂਲ ਵਿਚ ਪੜ੍ਹਦਾ ਸੀ। ਬਹੁਤ ਹੀ ਪਿਆਰ ਬੱਚਾ ਸੀ। ਇਸ ਸਕੂਲ ਵਿਚ ਇੱਕ ਹਲਵਾਰੇ ਤੋਂ ਡਰਾਇੰਗ ਮਾਸਟਰ ਸੀ ਸਾਡੀ ਆਪਸ ਵਿਚ ਕਾਫ਼ੀ ਨੇੜਤਾ ਸੀ। ਕਾਫ਼ੀ ਮਿਲਵਰਤਨ ਵਾਲੀ ਸ਼ਖਸੀਅਤ ਸਨ। ਉਨ੍ਹਾਂ ਨਾਲ ਸ਼ਾਮ ਨੂੰ ਸਮਾਂ ਬਤੀਤ ਕਰ ਲਈਦਾ ਸੀ। ਸਾਡਾ ਇਹ ਸਕੂਲ ਪੂਰਾ ਪ੍ਰਾਈਵੇਟ ਸੀ ਇਸ ਕਰਕੇ ਇਥੇ ਮੈਂ ਛੇ ਮਹੀਨੇ ਲਗਾਏ। ਸਰ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਰ ਜੀ ਤੁਹਾਡੇ ਸਕੂਲ ਵਿਚ ਵਧੀਆ ਤਜਰਬਾ ਹਾਸਲ ਕੀਤਾ ਅਤੇ ਇਥੇ ਮੇਰਾ ਮਨ ਵੀ ਲੱਗਾ ਹੈ, ਪਰ ਨੌਕਰੀ ਲੈਣ ਵੇਲੇ ਇਸਦਾ ਲਾਭ ਨਹੀਂ ਮਿਲਣਾ। ਉਨ੍ਹਾਂ ਨੇ ਮੈਨੂੰ ਕਹਿ ਦਿੱਤਾ ਕਿ ਜਿਵੇਂ ਤੁਹਾਡਾ ਮਨ ਕਰਦਾ ਹੈ ਉਵੇਂ ਕਰ ਲਉ ਕੋਈ ਗੱਲ ਨਹੀਂ। ਚਲੋ ਮੈਂ ਇਸੇ ਇਲਾਕੇ ਵਿਚ ਖਾਲਸਾ ਸਕੂਲ ਵਿਚ ਬਤੌਰ ਸਾਇੰਸ ਮਾਸਟਰ ਦੀ ਪੋਸਟ ਤੇ ਨੌਕਰੀ ਸ਼ੁਰੂ ਕਰ ਦਿੱਤੀ। ਇਸ ਸਕੂਲ ਦੇ ਕਾਇਦੇ ਕਾਨੂੰਨ ਵੱਖਰੇ ਸਨ। ਇਥੇ ਸਿੱਖ ਮਰਿਆਦਾ ਦਾ ਮਹੱਤਵਪੂਰਨ ਰੋਲ ਸੀ। ਪ੍ਰਿੰਸੀਪਲ ਸਰ ਖੁਦ ਅੰਮ੍ਰਿਤਧਾਰੀ ਸਨ ਇਸ ਲਈ ਸਵੇਰ ਦੀ ਸਭਾ ਵਿਚ ਖੁਦ ਕੀਰਤਨ ਕਰਦੇ ਸਨ। ਇਹ ਬਹੁਤ ਵਧੀਆ ਉਪਰਾਲਾ ਸੀ। ਇਥੇ ਹੀ ਹਲਵਾਰੇ ਤੋਂ ਇੱਕ ਹੋਰ ਸਾਥੀ ਅਧਿਆਪਕ ਡਿਊਟੀ ਕਰਦਾ ਸੀ। ਬਾਕੀ ਦੇ ਨੇੜਲੇ ਪਿੰਡਾਂ ਦੇ ਸਨ। ਸਟਾਫ਼ ਨੂੰ ਸ਼ਰਟਾਂ ਬਾਹਰ ਰੱਖਣ ਦੀ ਹਦਾਇਤ ਸੀ। ਕੋਈ ਵੀ ਸ਼ਰਟ ਪਿੰਟ ਵਿਚ ਅੰਦਰ ਨਹੀਂ ਰੱਖਦਾ ਸੀ। ਜਮਾਤਾਂ ਵਿਚ ਕੋਈ ਕੁਰਸੀ ਨਹੀਂ ਸੀ ਅਧਿਆਪਕ ਨੂੰ ਖੜ੍ਹ ਕੇ ਪੜਾਉਣਾ ਪੈਂਦਾ ਸੀ। ਦੂਜਿਆਂ ਨਾਲੋਂ ਨਿਯਮ ਵੱਖਰੇ ਸਨ। ਸਾਡੇ ਬੱਚੇ ਪੱਕੇ ਪੇਪਰ ਦੇਣ ਲਈ ਤੇਜਾ ਸਿੰਘ ਸਕੂਲ ਵਿਚ ਜਾਂਦੇ ਸਨ ਇਥੇ ਵੀ ਕਈ ਅਧਿਆਪਕ ਜਾਣ ਪਛਾਣ ਵਾਲੇ ਸਨ ਇੱਕ ਸਾਥੀ ਗੁਰਦਾਸਪੁਰ ਦਾ ਸੀ। ਤਿੰਨ ਸਾਥੀ ਗਿੱਲ ਰੋਡ ਤੇ ਰਹਿੰਦੇ ਸਨ। ਕਈ ਵਾਰ ਗਿੱਲ ਚੌਂਕ ਵਿਚ ਬਾਹਰ ਸ਼ਾਮ ਨੂੰ ਘੁੰਮਣ ਫ਼ਿਰਨ ਲਈ ਜਾਂਦੇ। ਸਾਡਾ ਸਕੂਲ ਦੇ ਆਸਪਾਸ ਸੀ.ਟੀ.ਆਈ. ਦੇ ਪਿੱਛੇ, ਢਾਬਾ ਰੋਡ, ਚਿਮਨੀ ਰੋਡ, ਗਿੱਲ ਰੋਡ ਅਤੇ ਸ਼ਿਮਲਾ ਪੁਰੀ ਇਲਾਕਾ ਪੈਂਦਾ ਸੀ। ਸਾਡਾ ਇਹ ਸਕੂਲ ਫ਼ੀਸਾਂ ਦੇ ਆਸਰੇ ਹੀ ਚੱਲਦਾ ਸੀ ਕੋਈ ਗ੍ਰਾਂਟ ਵੀ ਨਹੀਂ ਮਿਲਦੀ ਸੀ ਕਿਉਂਕਿ ਸਕੂਲ ਪ੍ਰਾਈਵੇਟ ਮਾਣਤਾ ਪ੍ਰਾਪਤ ਸੀ। ਇਸ ਕਰਕੇ ਫ਼ੀਸਾਂ ਥੋੜੀਆਂ ਜਿਹੀਆਂ ਵੱਧ ਲਈਆਂ ਜਾਂਦੀਆਂ ਸਨ। ਇਥੇ ਪੜ੍ਹਾਈ ਦੱਬ ਕੇ ਹੁੰਦੀ ਸੀ। ਪੜ੍ਹਾਈ ਸਬੰਧੀ ਕੋਈ ਸਮਝੌਤਾ ਨਹੀਂ ਸੀ। ਹਰ ਵੇਲੇ ਕੋਈ ਗੱਲ ਹੁੰਦੀ ਤਾਂ ਬੱਚੇ ਦੀ ਵੱਧ ਸੁਣੀ ਜਾਂਦੀ ਸੀ। ਪ੍ਰਿੰਸੀਪਲ ਸਰ ਸੁਭਾਅ ਦੇ ਨਰਮ ਸੀ ਪਰ ਸਖ਼ਤ ਪ੍ਰਬੰਧਕ ਸਨ। ਇੱਕ ਦਿਨ ਕਿਸੇ ਨੇ ਦੱਸਿਆ ਕਿ ਮੋਗੇ ਵੀ ਸਕੂਲ ਵਿਚ ਅਧਿਆਪਕ ਦੀ ਲੋੜ ਹੈ ਇਸ ਲਈ ਮੈਂ ਮੋਗਾ ਵਿਚ ਗੱਲ ਕਰ ਆਇਆ। ਖਾਲਸਾ ਸਕੂਲ ਦੇ ਪ੍ਰਿੰਸੀਪਲ ਸਰ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਹੁਣ ਮੈਂ ਆਪਣੇ ਸ਼ਹਿਰ ਜਾਣਾ ਚਾਹੁੰਦਾ ਹਾਂ ਮਾਂ ਬਾਪ ਵੀ ਘਰ ਇਕੱਲੇ ਸਨ। ਪ੍ਰਿੰਸੀਪਲ ਸਰ ਨੇ ਕਿਹਾ ਕਿ ਤੁਹਾਡੇ ਵਰਗੇ ਮਿਹਨਤੀ ਅਧਿਆਪਕ ਨਹੀਂ ਮਿਲਣੇ ਪਰ ਤੁਹਾਡੀ ਵੀ ਮਜਬੂਰੀ ਹੈ ਇਸ ਲਈ ਕੋਈ ਗੱਲ ਨਹੀਂ ਤੁਸੀਂ ਸਕੂਲ ਛੱਡ ਕੇ ਜਾ ਸਕਦੇ ਹੋ। ਇਸ ਸ਼ਹਿਰ ਵਿਚੋਂ ਪੜ੍ਹਾਉਣ ਦਾ ਚੰਗਾ ਵੱਲ ਸਿੱਖ ਲਿਆ ਜਿਹੜਾ ਸਾਰੀ ਉਮਰ ਕੰਮ ਆਇਆ। ਫ਼ਿਰ ਮੈਂ ਆਪਣੇ ਸ਼ਹਿਰ ਵੱਲ ਨੂੰ ਚਾਲੇ ਪਾ ਦਿੱਤੇ।
ਪਤਾ: ਮਕਾਨ ਨੰਬਰ 166, ਵਾਰਡ ਨੰਬਰ: 29, ਗਲੀ ਹਜਾਰਾ ਸਿੰਘ ਮੋਗਾ-142001
ਮੋਬ: 97 810 40140
ਈਮੇਲ: jaspal.loham@gmail.com