ਟੁੱਟੀ ਗੰਢਣ ਦਾ ਅਲੌਕਿਕ ਵਰਤਾਰਾ - ਬਘੇਲ ਸਿੰਘ ਧਾਲੀਵਾਲ

ਮੁਕਤਸਰ ਸਾਹਿਬ ਦਾ ਨਾਮ ਸਿੱਖੀ ਦੀ ਲਾਲ-ਸੂਹੀ ਅਤੇ ਫੈਸਲਾਕੁਨ  ਤਵਾਰੀਖ ਨਾਲ ਜੁੜਿਆ ਪਵਿੱਤਰ ਨਾਮ ਹੈ।ਇਸ ਮੁਕਤਸਰ ਸਾਹਿਬ ਦੀ ਧਰਤੀ ਤੇ ਅਕਾਲ ਪੁਰਖ ਨੇ ਗੁਰੂ ਸਾਹਿਬ ਦੀ ਜਿੰਦਗੀ ਦੀ ਆਖਰੀ ਜੰਗ ਵਿੱਚ ਵੀ ਖਾਲਸੇ ਨੂੰ ਫਤਿਹ ਦੀ ਬਖਸ਼ਿਸ਼ ਕੀਤੀ ਸੀ। ਇਹ ਜੰਗ ਵਿੱਚ ਜੂਝਣ ਵਾਲੇ  ਮਾਝੇ ਦੇ ਚਾਲੀ ਸਿੰਘਾਂ ਦਾ ਜਿਕਰ ਵਿਸ਼ੇਸ਼ ਤੌਰ ਤੇ ਹੁੰਦਾ ਹੈ। ਮੁਕਤਸਰ ਸਾਹਿਬ ਦੀ ਜੰਗ ਨੂੰ ਜਿੱਤ ਵਿੱਚ ਬਦਲਣ ਵਾਲੇ ਭਾਈ ਮਹਾਂ ਸਿੰਘ ਦੇ ਜਥੇ ਦੇ ਉਪਰੋਕਤ ਅਣਖੀ ਸਿੰਘਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਮੁਗਲਾਂ ਅਤੇ ਪਹਾੜੀ ਰਾਜਿਆਂ  ਵੱਲੋਂ ਪਾਏ ਘੇਰੇ ਦੌਰਾਨ ਮਨ ਡੋਲ ਜਾਣ ਕਾਰਨ ਗੁਰੂ ਸਾਹਿਬ ਤੋ ਮੁੱਖ ਮੋੜ ਲਿਆ ਸੀ ਅਤੇ ਗੁਰੂ ਨੂੰ ਬੇਦਾਵਾ ਲਿਖ ਕੇ ਘਰਾਂ ਨੂੰ ਵਾਪਸ ਆ ਗਏ ਸਨ,ਪਰ ਘਰ  ਪਹੁੰਚਣ ‘ਤੇ ਪਰਿਵਾਰਾਂ ਵੱਲੋਂ ਭਾਰੀ ਰੋਸ਼ ਜਾਹਰ ਕੀਤਾ ਗਿਆ ਅਤੇ ਔਖੇ ਵੇਲੇ ਗੁਰੂ ਸਾਹਿਬ ਦਾ ਸਾਥ ਛੱਡਣ ਲਈ ਲਾਹਣਤਾਂ ਪਾਈਆਂ ਗਈਆਂ ਸਨ।ਪਰਿਵਾਰਾਂ ਵੱਲੋਂ ਮਾਰੇ ਗਏ ਮਿਹਣਿਆਂ ਨੂੰ ਨਾ ਸਹਾਰਦਿਆਂ ਗੈਰਤੀ ਸਿੰਘਾਂ ਨੇ ਬਗੈਰ ਪਾਣੀ ਦੀ ਘੁੱਟ ਵੀ ਪੀਤਿਆਂ ਗੁਰੂ ਸਾਹਿਬ ਵੱਲ ਮੁੜ ਚਾਲੇ ਪਾ ਦਿੱਤੇ ਸਨ।ਇਸ ਜਥੇ ਦੀ ਅਗਵਾਈ ਉਪਰੋਕਤ ਸਿੰਘਾਂ ਦੇ ਪਰਿਵਾਰਾਂ ਚੋਂ ਇੱਕ ਗੁਰੂ ਦੀ ਸਿੰਘਣੀ ਬੀਬੀ,ਜਿਸ ਨੂੰ ਖਾਲਸਾ ਪੰਥ ਮਾਈ ਮਾਈ ਭਾਗ ਕੌਰ ਦੇ ਨਾਮ ਨਾਲ ਯਾਦ ਕਰਦਾ ਹੈ,ਉਹ ਕਰ ਰਹੇ ਸਨ।ਇਹ ਜਥਾ ਗੁਰੂ ਸਾਹਿਬ ਦੇ ਪਿੱਛੇ ਪਿੱਛੇ ਮਾਝੇ ਤੋ ਚੱਲਿਆ ਮਾਲਵੇ  ਦੇ ਉਹਨਾਂ ਟਿੱਬਿਆਂ ਤੱਕ ਪਹੁੰਚ ਗਿਆ,ਜਿੰਨਾਂ ਨੂੰ ਗੁਰੂ ਸਾਹਿਬ ਦੇ ਮੁਬਾਰਕ ਚਰਨ ਹਮੇਸਾਂ ਹਮੇਸਾਂ ਲਈ ਪਵਿੱਤਰ ਕਰ ਰਹੇ ਸਨ। ਗੁਰੂ ਸਾਹਿਬ ਤੋ ਕੁੱਝ ਹੀ ਕਦਮਾਂ ਦੀ ਦੂਰੀ ਤੇ ਪਹੁੰਚ ਚੁੱਕੇ ਇਸ ਨਿੱਕੇ ਜਿਹੇ ਜਥੇ ਨੂੰ ਜਦੋ ਪਿੱਛੋਂ ਮੁਗਲ ਫੌਜਾਂ ਦੀ ਪੈੜ ਚਾਲ ਸੁਣਾਈ ਦਿੱਤੀ,ਤਾਂ ਉਹਨਾਂ ਇਹ ਫੈਸਲਾ ਕਰ ਲਿਆ ਕਿ ਉਹ ਕਿਸੇ ਵੀ ਕੀਮਤ ਤੇ ਮੁਗਲ ਅਤੇ ਪਹਾੜੀ ਫੌਜਾਂ ਨੂੰ ਅੱਗੇ ਨਹੀ ਵਧਣ ਦੇਣਗੇ।ਸੋ ਮਾਈ ਭਾਗ ਕੌਰ ਅਤੇ ਜਥੇਦਾਰ ਮਹਾਂ ਸਿੰਘ ਦੇ ਇਸ ਜਥੇ ਨੇ ਫੱਟ ਖਾਧੇ ਸੱਪ ਦੀ ਤਰਾਂ ਦੁਸ਼ਮਣ ਫੌਜਾਂ ਤੇ ਹਮਲਾ ਕਰ ਦਿੱਤਾ।ਇੱਕ ਪਾਸੇ ਮਰਜੀਵੜਿਆਂ ਦਾ ਹਮਲਾ,ਦੂਜਾ ਅੰਤਾਂ ਦੀ ਗਰਮੀ ਚ ਮਾਲਵੇ ਦੇ ਟਿੱਬਿਆਂ ਦੇ ਅੱਗ ਵਾਂਗ ਤਪਦੇ ਰੇਤੇ ਨੇ ਮੁਗਲ ਫੌਜਾਂ ਦੀ ਹਾਲਤ ਬਿਗਾੜ ਕੇ ਰੱਖ ਦਿੱਤੀ।ਸਿੰਘਾਂ ਦੀ ਮਾਰ ਦੇ ਝੰਬੇ ਪਾਣੀ ਖੁਣੋ,ਪਿਆਸੇ ਮਰਦੇ ਮੁਗਲਾਂ ਨੇ ਪਿੱਛੇ ਨੱਸ ਜਾਣ ਵਿੱਚ ਹੀ  ਭਲਾਈ ਸਮਝੀ। ਸੋ ਇਸਤਰਾਂ ਗੁਰੂ ਤੋ ਬੇਮੁੱਖ ਹੋ ਕੇ ਗਏ ਮਾਝੇ ਦੇ ਸਿੱਖਾਂ ਨੇ ਗੁਰੂ ਸਾਹਿਬ ਤੋ ਆਪਣੀ ਭੁੱਲ ਸ਼ਹਾਦਤਾਂ ਨਾਲ ਬਖਸ਼ਾ ਕੇ ਮੁਕਤੀ ਪਾ ਲਈ।ਉਹਨਾਂ ਸ਼ਹੀਦਾਂ ਨੂੰ ਸਿੱਖ  ਕੌਂਮ ਹਮੇਸਾਂ ਦੀ ਅਰਦਾਸ ਵਿੱਚ ਚਾਲੀ ਮੁਕਤਿਆਂ ਦੇ ਖਾਸ ਰੁਤਬੇ ਨਾਲ ਯਾਦ ਕਰਦੀ ਹੈ।ਇਹ ਮਾਘੀ ਦਾ ਪਵਿੱਤਰ ਦਿਹਾੜਾ ਉਹਨਾਂ ਚਾਲੀ ਮੁਕਤਿਆਂ ਦੀ ਯਾਦ ਦਿਵਾਉਂਦਾ ਹੈ,ਜਿੰਨਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਚੋ ਬੇਦਾਵਾ ਲਿਖ ਕੇ ਗੁਰੂ ਨਾਲੋਂ  ਆਪਣੀ ਸਾਂਝ ਤੋੜ ਲਈ ਸੀ,ਪਰ ਮਾਲਵੇ ਚ ਖਿਦਰਾਣੇ ਦੀ ਢਾਬ ਲਾਗੇ ਮੁਗਲ ਫੌਜਾਂ ਨਾਲ ਹੋਈ  ਅਸਾਵੀਂ ਜੰਗ ਵਿੱਚ ਜਿੱਤ ਪਰਾਪਤ ਕਰਕੇ ਗੁਰੂ ਨਾਲ ਟੁੱਟੀ ਗੰਢ ਲਈ ਸੀ।ਜਿੱਥੇ ਅੱਜਕੱਲ੍ਹ ਗੁਰਦੁਆਰਾ ਸਾਹਿਬ ਟੁੱਟੀ ਗੰਢੀ ਸ਼ਸ਼ੋਭਿਤ ਹੈ।ਇਸ ਅਸਥਾਨ ਤੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਮਨਾਏ ਜਾਂਦੇ ਸ਼ਹੀਦੀ ਦਿਹਾੜਿਆਂ ਨੂੰ ਸਿੱਖ ਕੌਂਮ ਨੇ ਭਾਂਵੇ ਲੋਹੜੀ ਤੋ ਅਗਲੇ ਦਿਨ  ਇੱਕ ਮਾਘ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਹੋਇਆ ਹੈ,ਜਿਸ ਨੂੰ ਸਿੱਖ ਕੌਂਮ ਮਾਘੀ ਦੇ ਦਿਨ ਨਾਲ ਯਾਦ ਕਰਦੀ ਹੈ,ਪਰ ਅਸਲ ਵਿੱਚ ਇਹ ਅਸਾਵੀਂ ਜੰਗ ਜੂਨ ਮਹੀਨੇ ਵਿੱਚ ਉਸ ਮੌਕੇ ਹੋਈ ਸੀ,ਜਦੋ ਗਰਮੀ ਆਪਣੇ ਪੂਰੇ ਜੋਬਨ ਤੇ ਹੁੰਦੀ ਹੈ।  ਸਿੱਖਾਂ ਦੀ ਵਿਲੱਖਣਤਾ ਇਹ ਵੀ ਹੈ ਕਿ ਭਾਵੇਂ ਚਮਕੌਰ ਦੀ ਕੱਚੀ ਗੜੀ ਹੋਵੇ ਜਾਂ ਖਿਦਰਾਣੇ ਦੀ ਢਾਬ ਉਹਨਾਂ ਨੇ ਅਜਿਹੇ ਕੀਰਤੀਮਾਨ ਸਥਾਪਤ ਕੀਤੇ ਹਨ,ਜਿਹੜੇ ਰਹਿੰਦੀ  ਦੁਨੀਆ ਤੱਕ ਸੰਸਾਰ ਦੇ ਲੋਕਾਂ ਨੂੰ ਤਾਂ ਅਚੰਭਤ ਕਰਦੇ ਹੀ ਰਹਿਣਗੇ, ਸਗੋ ਸਿੱਖ ਕੌਂਮ ਦੀਆਂ ਆਉਣ ਵਾਲੀਆਂ ਨਸਲਾਂ ਅੰਦਰ ਅਪਣੀ ਕੌਂਮ,ਅਪਣੇ ਧਰਮ ਅਤੇ ਹੱਕ ਸੱਚ ਇਨਸਾਫ ਖਾਤਰ ਕੁਰਬਾਨ ਹੋ ਜਾਣ ਦੀ ਤਾਂਘ ਬਣਾਈ ਰੱਖਣ ਅਤੇ ਕੁਰਬਾਂਨ ਹੋਣ ਦੀ ਭਾਵਨਾ ਨੂੰ ਜਿਉਂਦੀ ਰੱਖਣ ਲਈ ਪ੍ਰੇਰਨਾ ਸਰੋਤ ਵੀ ਬਣੇ ਰਹਿਣਗੇ।ਸੋ ਮਾਝੇ ਦੇ ਉਹਨਾਂ ਚਾਲੀ ਸ਼ਹੀਦ ਸਿੰਘਾਂ (ਮੁਕਤਿਆਂ) ਦੇ ਸ਼ਹੀਦੀ ਦਿਹਾੜੇ ਮੌਕੇ ਸਿੱਖ ਕੌਂਮ ਨੂੰ ਜਿੱਥੇ ਇਹਨਾਂ ਮਹਾਂਨ ਪੁਰਖਿਆਂ ਦੀਆਂ ਸ਼ਹਾਦਤਾਂ ਤੋ ਪਰੇਰਨਾ ਲੈਣ ਦੀ ਜਰੂਰਤ ਹੈ ਓਥੇ ਆਏ ਦਿਨ ਵਧ ਰਹੀ ਨਿੱਜ ਪ੍ਰਸਤੀ,ਆਚਰਣ ਚ ਗਿਰਾਬਟ, ਲੋਭ ਲਾਲਸਾ ਵੱਸ ਹੋਕੇ ਦੁਸ਼ਮਣ ਤਾਕਤਾਂ ਨਾਲ ਸਾਂਝ ਭਿਆਲੀ ਅਤੇ ਆਪਸੀ ਪਾਟੋਧਾੜ ਦੇ ਮੱਦੇਨਜਰ ਸਵੈ ਪੜਚੋਲ ਦੀ ਲੋੜ ਨੂੰ ਵੀ ਸ਼ਿੱਦਤ ਨਾਲ ਮਹਿਸੂਸ ਕੀਤਾ ਜਾਣਾ ਚਾਹੀਦਾ ਹੈ। ਫਿਰ ਹੀ ਪੁਰਖਿਆਂ ਦੀਆਂ ਮਹਾਂਨ ਸ਼ਹਾਦਤਾਂ ਦੇ ਦਿਹਾੜੇ ਮਨਾਏ ਜਾਣੇ ਸਾਰਥਿਕ ਸਿੱਧ ਹੋ ਸਕਣਗੇ।ਮਾਘੀ ਦਾ ਪਵਿੱਤਰ ਦਿਹਾੜਾ ਜਿੱਥੇ ਬਖਸ਼ਣਹਾਰੇ ਦਸ਼ਮੇਸ ਪਿਤਾ ਦੇ ਟੁੱਟੀ ਗੰਢਣ ਦੇ ਅਲੌਕਿਕ ਵਰਤਾਰੇ ਦੀ ਯਾਦ ਨੂੰ ਤਾਜਾ ਕਰਦਾ ਹੈ,ਓਥੇ ਖਾਲਸਾ ਪੰਥ ਨੂੰ ਦਿੱਤੇ ਸਵਾ ਸਵਾ ਲੱਖ ਨਾਲ ਲੜਨ ਦੇ ਵਰਦਾਨ ਦੀ ਯਾਦ ਵੀ ਓਨੀ ਹੀ ਸ਼ਿੱਦਤ ਨਾਲ ਤਾਜਾ ਕਰਵਾਉਂਦਾ ਹੈ।
ਬਘੇਲ ਸਿੰਘ ਧਾਲੀਵਾਲ
99142-58142