ਚੁੰਝਾਂ-ਪ੍ਹੌਂਚੇ  - ਨਿਰਮਲ ਸਿੰਘ ਕੰਧਾਲਵੀ

ਪੰਜਾਬ ‘ਚ ਫ਼ਿਲਮ ਨਾ ਚਲਣ ਦੇਣੀ ਕਲਾ ਅਤੇ ਕਲਾਕਾਰ ਦਾ ਸ਼ੋਸ਼ਣ ਹੈ- ਕੰਗਣਾ ਰਣੌਤ

ਕਾਹਨੂੰ ਬੰਨ੍ਹਦੀ ਐਂ ਛਪੜੀਏ ਦਾਅਵੇ, ਨਾਲ਼ ਦਰਿਆਵਾਂ ਦੇ।

ਅਕਾਲ ਤਖ਼ਤ ਦੇ ਜਥੇਦਾਰ ਦੋ ਦਸੰਬਰ ਦੇ ਫ਼ੈਸਲਿਆਂ ਨੂੰ ਲਾਗੂ ਕਰਵਾਉਣ ਲਈ ਦ੍ਰਿੜ੍ਹ- ਇਕ ਖ਼ਬਰ

ਇਹਦਾ ਜੋਗ ਦਰਗਾਹ ਮੰਨਜ਼ੂਰ ਹੋਇਆ, ਮੱਥਾ ਟੇਕਦਾ ਕੁੱਲ ਜਹਾਨ ਸਾਰਾ।

ਜੀ.ਐੱਸ.ਟੀ. ਇਕੱਠੀ ਕਰਨ ਵਿਚ ਆਮ ਲੋਕਾਂ ਦਾ ਹਿੱਸਾ ਦੋ ਤਿਹਾਈ ਅਤੇ ‘ਚਹੇਤੇ’ ਕਾਰੋਬਾਰੀਆਂ ਦਾ ਸਿਰਫ਼ ਤਿੰਨ ਫ਼ੀਸਦੀ- ਇਕ ਖ਼ਬਰ

ਬਾਣੀਆਂ ਨੇ ਅੱਤ ਚੁੱਕ ਲਈ, ਸਾਰੇ ਜੱਟ ਕਰਜ਼ਾਈ ਕੀਤੇ।

ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਨਾਲ਼ ਪੰਜਾਬ ਦਾ ਨੁਕਸਾਨ ਹੋਵੇਗਾ- ਜਾਖੜ

ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ।

ਕਿਸਾਨ ਅੰਦੋਲਨ ਨੂੰ ਹਾਈਜੈਕ ਕਰਨ ਕਰਨ ਵਾਲਿਆਂ ‘ਚੋਂ ਦਿਲਜੀਤ ਸਭ ਤੋਂ ਅੱਗੇ ਸੀ- ਕੰਗਣਾ ਰਣੌਤ

ਖਸਿਆਨੀ ਬਿੱਲੀ ਖੰਭਾ ਨੋਚੇ।

ਪਿਛਲੇ ਗੁਨਾਹਾਂ ਦਾ ਪਛਤਾਵਾ ਕਰ ਕੇ ਵੀ ਬਾਦਲ ਦਲ ਨੇ ਪੰਥ ਨੂੰ ਧੋਖਾ ਦੇਣ ਦੀ ਆਦਤ ਨਹੀਂ ਛੱਡੀ- ਦਲ ਖ਼ਾਲਸਾ

ਪੂਛ ਕੁੱਤੇ ਦੀ ਕਦੇ ਨਾ ਹੋਏ ਸਿੱਧੀ, ਬਾਰਾਂ ਸਾਲ ਭਾਵੇਂ ਨੌਲ਼ਕੇ ‘ਚ ਪਾਈਏ ਜੀ।

ਸੰਯੁਕਤ ਕਿਸਾਨ ਮੋਰਚੇ ਅਤੇ ਗ਼ੈਰ-ਸਿਅਸੀ ਮੋਰਚੇ ਦਰਮਿਆਨ ਏਕਤਾ ਦੀ ਗੱਲ ਅੱਗੇ ਤੁਰੀ- ਇਕ ਖ਼ਬਰ

ਚੰਨ ਚੜ੍ਹਿਆ ਟਹਿਕਦੇ ਤਾਰੇ, ਇਕ ਮੰਜੇ ਹੋ ਚਲੀਏ।

ਟਰੰਪ ਸਾਹਿਬ ਕੈਨੇਡਾ ਵਿਕਣ ਲਈ ਨਹੀਂ ਹੈ, ਨਾ ਹੁਣ ਤੇ ਨਾ ਅੱਗੇ ਤੋਂ- ਐਨ.ਡੀ.ਪੀ. ਨੇਤਾ ਜਗਮੀਤ ਸਿੰਘ

ਤੇਰੀ ਰੰਨ ਦਾ ਨਾ ਭਰਨਾ ਪਾਣੀ, ਤੇਰੀ ਨਾ ਕਨੌੜ ਝੱਲਣੀ।

ਨਿਰਮਲਾ ਸੀਥਾਰਮਣ ਅਤੇ ਨੱਢਾ ਨੇ ਰਾਹੁਲ ਗਾਂਧੀ ’ਤੇ ਸਿੰਨ੍ਹਿਆਂ ਨਿਸ਼ਾਨਾ- ਇਕ ਖ਼ਬਰ

ਛੜੇ ਹੁੰਦੇ ਨਹੀਂ ਦਿਲਾਂ ਦੇ ਮਾੜੇ, ਛੜੇ ਹੁੰਦੇ ਰੱਬ ਵਰਗੇ।

ਜਸਟਿਨ ਟਰੂਡੋ ਵਲੋਂ ਅਗਲੀਆਂ ਆਮ ਚੋਣਾਂ ‘ਚ ਹਿੱਸਾ ਲੈਣ ਤੋਂ ਇਨਕਾਰ- ਇਕ ਖ਼ਬਰ

ਜਿੰਨਾ ਨ੍ਹਾਤੀ, ਓਨਾ ਹੀ ਪੁੰਨ।

ਮਾਘੀ ਮੇਲੇ ਮੌਕੇ ਅਕਾਲੀ ਕਾਨਫ਼ਰੰਸਾਂ ‘ਚ ਲੀਡਰ ਇਕ ਦੂਜੇ ’ਤੇ ਵਰ੍ਹੇ- ਇਕ ਖ਼ਬਰ

ਕੂੰਡੇ ਟੁੱਟ ਗਏ ਘੋਟਣੇ ਭੱਜ ਗਏ, ਤਕੀਏ ਮਲੰਗ ਲੜ ਪਏ।

ਆਪਣੇ ਵਿਦਾਇਗੀ ਭਾਸ਼ਨ ਵਿਚ ਬਾਇਡਨ ਨੇ ਅਮੀਰਾਂ ਤੋਂ ਲੋਕਤੰਤਰ ਨੂੰ ਖ਼ਤਰੇ ਦੀ ਚਿਤਾਵਨੀ ਦਿਤੀ- ਇਕ ਖ਼ਬਰ

ਡਰਿਓ ਲੋਕੋ ਡਰਿਓ ਵੇ, ਲੰਬੜਾਂ ਦੀ ਸੇਪ ਨਾ ਕਰਿਓ ਵੇ।

ਪੰਜਾਬੀ ਜ਼ੁਬਾਨ ਨੂੰ ਬਿਗਾਨਿਆਂ ਨਾਲੋਂ ਆਪਣਿਆਂ ਤੋਂ ਵਧੇਰੇ ਖ਼ਤਰਾ- ਫ਼ਖ਼ਰ ਜ਼ਮਾਨ

ਇਸ ਘਰ ਕੋ ਆਗ ਲਗ ਗਈ ਘਰ ਕੇ ਚਿਰਾਗ਼ ਸੇ।

ਦੁਕਾਨਦਾਰ ਚੰਗੀ ਕੁਆਲਿਟੀ ਵਾਲਾ ਸ਼ੁੱਧ ਸਾਮਾਨ ਹੀ ਗਾਹਕਾਂ ਨੂੰ ਵੇਚਣ- ਐਸੋਸੀਏਸ਼ਨ ਆਗੂ

ਪਹਿਲਾਂ ਮਿਲਾਵਟੀ ਸਾਮਾਨ ਬਣਾਉਣ ਵਾਲਿਆਂ ਨੂੰ ਤਾਂ ਨੱਥ ਪਾਉ ਭਾਈ!

‘ਮਨ ਕੀ ਬਾਤ’ ‘ਚ ਪ੍ਰਧਾਨ ਮੰਤਰੀ ਨੇ ਚੋਣ ਕਮਿਸ਼ਨ ਦੀ ਕੀਤੀ ਭਰਵੀਂ ਤਾਰੀਫ਼- ਇਕ ਖ਼ਬਰ

ਡੋਰ ਵੱਟ ਕੇ ਗਲ਼ੇ ਦੇ ਵਿਚ ਪਾਵਾਂ, ਮਿੱਤਰਾ ਤਵੀਤ ਬਣ ਜਾ।

========================================================================