ਪੱਖੀ - ਰਵਿੰਦਰ ਸਿੰਘ ਕੁੰਦਰਾ ਕੌਂਵੈਂਟਰੀ ਯੂ ਕੇ

ਗਰਮੀ ਦੀ ਦੁਪਿਹਰ ਸੀ, 'ਤੇ ਚਿਲਕਦੀ ਧੁੱਪ ਸੀ,
ਪੱਤਾ ਵੀ ਨਾ ਹਿੱਲਦਾ ਸੀ, ਹੋਇਆ ਡਾਢਾ ਹੁੱਟ ਸੀ।

ਸੜਕ ਦੇ ਦੋਨੋਂ ਪਾਸੇ, ਸੰਘਣੇ ਬੜੇ ਰੁੱਖ ਸੀ,
ਗਰਮੀ ਤੋਂ ਬਚਣ ਦਾ, ਵਧੀਆ ਇਹ ਢੁੱਕ ਸੀ।

ਮੈਂ ਆਪਣੇ ਧਿਆਨ ਵਿੱਚ, ਛਾਵੇਂ ਟਹਿਲ ਰਿਹਾ ਸਾਂ,
ਕੁਦਰਤੀ ਇਕੱਲਤਾ ਦਾ, ਆਨੰਦ ਮਾਣ ਰਿਹਾ ਸਾਂ।

ਅਚਾਨਕ ਹੀ ਪਿੱਛੋਂ ਇੱਕ, ਯੁਵਤੀ ਜੋ ਆਈ ਸੀ,
ਹੱਥ ਵਿੱਚ ਪੱਖੀ, ਜਿਸ 'ਤੇ ਸੁੰਦਰ ਕਢਾਈ ਸੀ।

ਮੇਰੇ ਕੋਲ ਆਕੇ ਉਹਨੇ, ਬਾਂਹ 'ਚ ਬਾਂਹ ਪਾ ਲਈ,
ਤਸੱਲੀ ਵਾਲਾ ਹੌਕਾ ਲੈਕੇ, ਪੱਖੀ ਝੱਲ ਲਾ ਲਈ।

ਕਹਿਣ ਲੱਗੀ ਮੈਂ ਤੈਨੂੰ, ਸਾਲਾਂ ਤੋਂ ਹਾਂ ਜਾਣਦੀ,
ਮੰਨੇ ਤੂੰ ਭਾਵੇਂ ਨਾ, ਤੇਰੀ ਆਵਾਜ਼ ਹਾਂ ਪਛਾਣਦੀ।

ਰੇਡੀਓ 'ਤੇ ਤੇਰੇ ਮੈਂ, ਪ੍ਰੋਗਰਾਮ ਸਾਰੇ ਸੁਣੇ ਨੇ,
ਵਿਚਾਰ ਤੇਰੇ ਸੁਣ ਮੇਰੇ, ਸਿੱਧੇ ਪਏ ਗੁਣੇ ਨੇ।

ਮੇਰੀ ਸਾਰੀ ਜਿੰਦੜੀ ਹੀ, ਪਹਿਲਾਂ ਡਾਵਾਂ ਡੋਲ ਸੀ,
ਕਈ ਪੁੱਠੇ ਸਿੱਧੇ ਮੇਰੀ, ਜ਼ਿੰਦਗੀ ਦੇ ਘੋਲ਼ ਸੀ।

ਅਚਾਨਕ ਇੱਕ ਦਿਨ ਤੇਰਾ, ਸੁਣਿਆ ਵਿਚਾਰ ਸੀ,
ਜਿਸ ਤੋਂ ਹੌਲੀ ਹੌਲੀ, ਮੇਰਾ ਬਦਲਿਆ ਆਚਾਰ ਸੀ।

ਸੱਚ ਪੁੱਛੇਂ ਮੇਰੇ ਲਈ ਤੂੰ, ਬਣਿਆ ਮਸੀਹਾ ਸੀ,
'ਤੇ ਮੇਰੀ ਜ਼ਿੰਦਗੀ ਚੋਂ ਮੁੱਕ, ਗਿਆ ਹਰ ਤਸੀਹਾ ਸੀ।

ਚਾਹੁੰਦੀ ਸਾਂ ਮੈਂ ਤੈਨੂੰ ਮਿਲ, ਦੱਸ ਦੇਵਾਂ ਗੱਲ ਸਾਰੀ,
ਖੁਸ਼ੀ ਮੈਨੂੰ ਹੋਰ ਮਿਲੇ, ਜਾਵਾਂ ਤੈਥੋਂ  ਬਲਿਹਾਰੀ।

ਮੇਰੇ ਧੰਨ ਭਾਗ ਅੱਜ, ਤੂੰ ਹੈਂ ਮੈਨੂੰ ਮਿਲ ਗਿਆ,
ਮੇਰੀ ਹਰ ਘਾਲਣਾ ਦਾ, ਫਲ ਅੱਜ ਪੱਲੇ ਪਿਆ।

ਤੇਰੇ ਅਹਿਸਾਨਾਂ ਦਾ, ਬਦਲਾ ਚੁਕਾਉਣ ਲਈ,
ਮੇਰੀ ਇਹ ਨਿਸ਼ਾਨੀ ਰੱਖ, ਮੇਰੀ ਯਾਦ ਆਉਣ ਲਈ।

ਫੜ ਲੈ ਇਹ ਪੱਖੀ, ਅਤੇ ਝੱਲੇਂਗਾ ਤੂੰ ਜਦੋਂ ਕਦੀ,
ਠੰਢੀ ਹਵਾ ਮੇਰੇ ਵਲ੍ਹੋਂ, ਆਏਗੀ ਫਿਰ ਬਦੋ ਬਦੀ।

ਇੰਨਾਂ ਕਹਿ ਕੇ ਸੁੰਦਰੀ ਉਹ, ਸੜਕ ਪਾਰ ਕਰ ਗਈ,
ਗੱਲਾਂ ਗੱਲਾਂ ਵਿੱਚ ਮੈਨੂੰ, ਠੰਢਾ ਠਾਰ ਕਰ ਗਈ।

ਪੱਖੀ ਹੱਥ ਫੜੀ ਖੜ੍ਹਾ, ਰਹਿ ਗਿਆ ਅਵਾਕ ਮੈਂ,
ਨਾ ਕੋਈ ਸਵਾਲ ਕੀਤਾ, ਨਾ ਦਿੱਤਾ ਕੋਈ ਜਵਾਬ ਮੈਂ।

ਸਕਤੇ ਵਿੱਚ ਆ ਕੇ ਮੈਂ, ਸੁੰਨ ਹੋਇਆ ਖੜ੍ਹਾ ਸੀ,
ਸੱਚਮੁੱਚ ਉਸ 'ਤੇ ਮੈਨੂੰ, ਤਰਸ ਆਇਆ ਬੜਾ ਸੀ।

ਤਰਸਵਾਨ ਅੱਖਾਂ ਤੋਂ, ਉਹ ਅਲੋਪ ਝੱਟ ਹੋ ਗਈ,
ਸੁਪਨੇ ਦੇ ਵਾਂਗ ਉਹ ਵੀ, ਸੁਪਨਾ ਹੀ ਹੋ ਗਈ।
ਸੁਪਨੇ ਦੇ ਵਾਂਗ ਉਹ ਵੀ, ਸੁਪਨਾ ਹੀ ਹੋ ਗਈ।

ਰਵਿੰਦਰ ਸਿੰਘ ਕੁੰਦਰਾ ਕੌਂਵੈਂਟਰੀ ਯੂ ਕੇ