ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ - ਪ੍ਰਿੰਸੀਪਲ ਜਸਪਾਲ ਸਿੰਘ ਲੋਹਾਮ

ਵਿਦਿਆਰਥੀ ਬਚਪਨ ਵਿਚ ਵਧੇਰੇ ਸਮਾਂ ਖੇਡ ਮਸਤੀ ਵਿਚ ਬਤੀਤ ਕਰਦੇ ਹਨ ਅਤੇ ਪੜ੍ਹਾਈ ਵੱਲ ਧਿਆਨ ਘੱਟ ਕਰਦੇ ਹਨ ਜਿਸ ਕਰਕੇ ਕਈ ਪਛੜ ਜਾਂਦੇ ਹਨ। ਪਰ ਜਿਹੜੇ ਰੋਜ਼ਾਨਾ ਕੰਮ ਕਰਦੇ ਹਨ, ਘਰ ਦਾ ਕੰਮ ਬਾਕੀ ਨਹੀਂ ਛੱਡਦੇ, ਨਾਲ ਦੀ ਨਾਲ ਯਾਦ ਕਰਦੇ ਰਹਿੰਦੇ ਹਨ, ਲਿਖ ਲਿਖ ਕੇ ਦੇਖਦੇ ਹਨ, ਸਮੇਂ ਦੀ ਸਹੀ ਵਰਤੋਂ ਕਰਦੇ ਹਨ। ਉਹ ਬੱਚੇ ਕਦੇ ਵੀ ਪਿੱਛੇ ਨਹੀਂ ਰਹਿੰਦੇ ਸਗੋਂ ਸਫ਼ਲਤਾ ਦੀਆਂ ਪੌੜੀਆਂ ਚੜ੍ਹਦੇ ਜਾਂਦੇ ਹਨ ਅਤੇ ਇੱਕ ਦਿਨ ਆਪਣੇ ਟੀਚੇ ਤੇ ਪਹੁੰਚ ਜਾਂਦੇ ਹਨ। ਉਹ ਆਪਣੇ ਮਾਂ ਬਾਪ, ਪਿੰਡ, ਸਕੂਲ, ਅਧਿਆਪਕਾਂ ਦਾ ਨਾਂਅ ਰੌਸ਼ਨ ਕਰਦੇ ਹਨ। ਅਕਸਰ ਹੀ ਪ੍ਰਾਇਮਰੀ ਸਕੂਲਾਂ ਦੇ ਬੱਚੇ ਅੱਗੇ ਮਿਡਲ ਹਾਈ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਛੇਵੀਂ ਕਲਾਸ ਵਿਚ ਪੜ੍ਹਨ ਲਈ ਜਾਂਦੇ ਹਨ। ਸਾਰੇ ਬੱਚੇ ਮਿਹਨਤੀ ਹੁੰਦੇ ਹਨ ਪਰ ਕੋਈ ਕਿਸੇ ਪਾਸੇ ਮਿਹਨਤ ਲਗਾ ਦਿੰਦਾ, ਕੋਈ ਕਿਸੇ ਪਾਸੇ। ਮੈਨੂੰ ਯਾਦ ਹੈ ਕਿ ਮੈਂ ਬਦਲੀ ਕਰਵਾ ਕੇ ਸ਼ਹਿਰ ਦੇ ਨੇੜਲੇ ਸਕੂਲ ਵਿਚ ਚਲਾ ਗਿਆ। ਅਜੇ ਗਏ ਨੂੰ ਕੁੱਝ ਕੁ ਦਿਨ ਹੋਏ ਸੀ ਫਿਰ ਜ਼ਿਲ੍ਹਾ ਦਫਤਰ ਨੇ ਦੁਬਾਰਾ ਫ਼ਿਰ ਪੁਰਾਣੇ ਸਕੂਲ ਆਰਡਰ ਕਰ ਦਿੱਤੇ ਪਰ ਅਸੀਂ ਪੰਚਾਇਤ ਦੀ ਮੱਦਦ ਨਾਲ ਆਪਣੇ ਆਰਡਰ ਰੱਦ ਕਰਵਾ ਲਏ। ਇਸ ਨਵੇਂ ਸਕੂਲ ਵਿਚ ਇਮਾਰਤ ਸੰਪੂਰਨ ਨਹੀਂ ਸੀ। ਕਮਰੇ ਬਣੇ ਸਨ ਕੋਈ ਬਾਰ ਦਰਵਾਜਾ ਨਹੀਂ ਸੀ, ਕੋਈ ਫਰਨੀਚਰ ਨਹੀਂ ਸੀ, ਨਾ ਕੋਈ ਚਾਰਦੀਵਾਰੀ। ਸਕੂਲ ਵਿਚ ਕੋਈ ਵੀ ਬਲੈਕਬੋਰਡ ਨਹੀਂ ਸੀ। ਪਾਣੀ ਦਾ ਪ੍ਰਬੰਧ ਨਹੀਂ ਸੀ। ਕੋਈ ਵੀ ਬਾਥਰੂਮ ਹੈ ਹੀ ਨਹੀਂ ਸੀ। ਬਿਜਲੀ ਦਾ ਕੋਈ ਕੁਨੈਕਸ਼ਨ ਨਹੀਂ ਸੀ। ਇੱਕ ਸਮਾਜਸੇਵੀ ਸ਼ਖਸੀਅਤ ਇੱਕ ਦਿਨ ਸਕੂਲ ਆਏ। ਉਨ੍ਹਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ। ਸਭ ਤੋਂ ਪਹਿਲਾਂ ਸਾਨੂੰ ਉਨ੍ਹਾਂ ਨੇ ਇੱਕ ਪੁਰਾਣਾ ਟਰੰਕ ਮੁਹੱਈਆ ਕਰਵਾਇਆ ਜਿਸ ਵਿਚ ਕੁੱਝ ਸਕੂਲ ਦਾ ਰਿਕਾਰਡ ਰੱਖਣਾ ਸ਼ੁਰੂ ਕੀਤਾ। ਜਦੋਂ ਸਾਰੀ ਛੁੱਟੀ ਹੁੰਦੀ ਤਾਂ ਟਰੰਕ ਨੂੰ ਸਕੂਲ ਦੇ ਗੁਆਂਢ ਵਿਚ ਇੱਕ ਘਰ ਵਿਚ ਰੱਖ ਦਿੰਦੇ ਸੀ ਤੇ ਅਗਲੇ ਦਿਨ ਫਿਰ ਲੈ ਆਉਂਦੇ ਸੀ। ਕੁੱਝ ਦਿਨਾਂ ਬਾਅਦ ਇੱਕ ਦਾਨੀ ਪੁਰਖ ਸਕੂਲ ਆਇਆ ਤੇ ਜਦੋਂ ਉਸਨੇ ਦੇਖਿਆ ਕਿ ਬੱਚੇ ਪਾਣੀ ਪੀਣ ਲਈ ਨਾਲ ਦੇ ਪ੍ਰਾਇਮਰੀ ਸਕੂਲ ਜਾਂ ਨੇੜੇ ਦੇ ਘਰਾਂ ਵਿਚ ਜਾਂਦੇ ਹਨ ਤਾਂ ਉਸਨੇ ਇੱਕ ਨਲਕਾ ਲਗਾਉਣ ਦੀ ਸੇਵਾ ਲਈ ਅਤੇ ਕੁੱਝ ਦਿਨਾਂ ਵਿਚ ਸਕੂਲ ਵਿਚ ਨਲਕਾ ਲੱਗ ਗਿਆ ਅਤੇ ਸਾਨੂੰ ਸਭ ਨੂੰ ਚਾਅ ਚੜ੍ਹ ਗਿਆ। ਸਾਡੇ ਬੱਚੇ ਸਾਡੇ ਸਕੂਲ ਵਿਚ ਪਾਣੀ ਪੀਂਦੇ ਸਨ। ਇਸੇ ਤਰ੍ਹਾਂ ਇੱਕ ਬਜ਼ੁਰਗ ਬੰਦਾ ਆਇਆ ਤੇ ਉਨ੍ਹਾਂ ਨੇ ਕਾਫੀ ਸਾਰੀ ਰਕਮ ਸਕੂਲ ਤੇ ਖਰਚ ਕਰਨੀ ਸੀ। ਇਸ ਲਈ ਉਨ੍ਹਾਂ ਸਾਡੇ ਤੋਂ ਪੱਛਿਆ ਕਿ ਤੁਹਾਨੂੰ ਕੀ ਚਾਹੀਦਾ ਹੈ। ਅਸੀਂ ਤਾਂ ਸਾਰਾ ਕੁੱਝ ਦੱਸ ਦਿੱਤਾ। ਉਨ੍ਹਾਂ ਨੇ ਸਾਰੇ ਸਕੂਲ ਦੇ ਕਮਰਿਆਂ ਦੇ ਪੱਲੇ, ਬਾਰ ਬਾਰੀਆਂ ਲਗਾਉਣ ਲਈ ਕਿਹਾ। ਕੁੱਝ ਹਫਤਿਆਂ ਵਿਚ ਇਹ ਕੰਮ ਮੁਕੰਮਲ ਜਿਹਾ ਹੋ ਗਿਆ। ਸਕੂਲ ਵਿਚ ਇੱਟਾਂ ਦੇ ਢੇਰ ਲੱਗੇ ਪਏ ਸਨ ਇਸ ਲਈ ਇਨ੍ਹਾਂ ਨੂੰ ਚੁੱਕ ਕੇ ਸਕੂਲ ਦੇ ਪਿਛਲੇ ਪਾਸੇ ਲੈ ਗਏ ਅਤੇ ਬਿਨ੍ਹਾਂ ਗਾਰੇ ਤੋਂ ਚਿਣ ਕੇ ਉਹਲਾ ਜਿਹਾ ਕਰ ਦਿੱਤਾ ਅਤੇ ਸਭ ਲਈ ਆਰਜੀ ਜਿਹਾ ਬਾਥਰੂਮ ਬਣ ਗਿਆ। ਬਾਅਦ ਵਿਚ ਸਰਪੰਚ ਸਾਹਿਬ ਅਤੇ ਪੰਚਾਇਤ ਰਲ ਕੇ ਸਕੂਲ ਲਈ ਉਪਰਾਲੇ ਕਰਦੇ ਰਹੇ ਇਸ ਤਰ੍ਹਾਂ ਚਾਰਦੀਵਾਰੀ ਵੀ ਕਰ ਦਿੱਤੀ ਗਈ ਅਤੇ ਨਲਕੇ ਤੇ ਮੋਟਰ ਲੱਗ ਗਈ ਅਤੇ ਬਿਜਲੀ ਦਾ ਕੁਨੈਕਸ਼ਨ ਲਗਾ ਦਿੱਤਾ ਅਤੇ ਸਾਰੇ ਪਾਸੇ ਬਿਜਲੀ ਦੀ ਫਿਟਿੰਗ ਹੋ ਗਈ। ਅਜੇ ਵੀ ਬੱਚੇ ਟਾਟਾਂ ਤੇ ਬੈਠਦੇ ਸੀ ਇੱਕ ਸ਼ਖਸੀਅਤ ਨੇ ਸਕੂਲ ਦੀ ਹਾਲਤ ਦੇਖ ਕੇ ਬੈਂਚ ਡੈਸਕ ਬਣਾ ਦਿੱਤੇ। ਮੈਨੂੰ ਯਾਦ ਹੈ ਸ਼ੁਰੂ ਵਿਚ ਮੈਂ ਬਲੈਕਬੋਰਡ ਨਾ ਹੋਣ ਕਰਕੇ ਕੰਧ ਦੇ ਪਲਸਤਰ ਤੇ ਰੰਗ ਕਰਕੇ ਹੀ ਕੰਮ ਚਲਾ ਲਿਆ। ਬਾਅਦ ਵਿਚ ਕਮਰਿਆਂ ਵਿਚ ਵੀ ਬਲੈਕਬੋਰਡ ਬਣ ਗਏ ਅਤੇ ਤਿੰਨ ਲੱਤਾਂ ਵਾਲੇ ਚੱਕਵੇਂ ਬਲੈਕਬੋਰਡ ਵੀ ਲੈ ਆਂਦੇ। ਗੱਲ ਕੀ ਸਮੇਂ ਦੇ ਨਾਲ ਨਾਲ ਸਕੂਲ ਵਿਚ ਸਾਰਾ ਕੁੱਝ ਬਣ ਗਿਆ। ਇਥੇ ਦੇ ਬੱਚੇ ਤਿੰਨ ਸਾਲ ਦੀ ਪੜ੍ਹਾਈ ਕਰਕੇ ਅਗਲੇ ਸਕੂਲਾਂ ਵਿਚ ਚਲੇ ਗਏ। ਜਿਹੜੇ ਬੱਚੇ ਹੁਸ਼ਿਆਰ ਸਨ ਉਹ ਅਜੇ ਵੀ ਯਾਦ ਹਨ। ਸ਼ਰਾਰਤੀ ਵੀ ਯਾਦ ਹਨ। ਉਹ ਆਪਣੀ ਪੜ੍ਹਾਈ ਵਿਚ ਵਿਅਸਥ ਹੋ ਗਏ। ਮੈਂ ਇਥੋਂ ਬਦਲੀ ਕਰਵਾ ਕੇ ਕਿਸੇ ਹੋਰ ਸਕੂਲ ਚਲਾ ਗਿਆ। ਇਸ ਸਕੂਲ ਵਿਚ ਸਾਰੀਆਂ ਸਹੂਲਤਾਂ ਸਨ। ਸ਼ੁਰੂ ਵਿਚ ਮੈਨੂੰ ਇੱਕ ਬਾਰੀ ਕੰਧ ਵਿਚਲੀ ਮਿਲੀ। ਉਹਨੂੰ ਆਮ ਦੇਸੀ ਜਿੰਦਾ ਲਗਾਉਂਦੇ ਸੀ। ਇੱਕ ਮੌਜ ਸੀ ਇਹ ਸਟਾਫ਼ ਰੂਮ ਵਿਚ ਸੀ। ਇਥੋਂ ਦੇ ਸਾਥੀ ਅਧਿਆਪਕ ਬੜੇ ਮਿਹਨਤੀ ਸਨ। ਸਾਰੇ ਡਟ ਕੇ ਪੜ੍ਹਾੲ ਕਰਾਉਂਦੇ ਸਨ। ਮੈਂ ਤਾਂ ਸਾਇੰਸ  ਅਤੇ ਮੈਥ ਦੋਨੇ ਵਿਸ਼ੇ ਕਰਾਉਂਦਾ ਸੀ। ਕਈ ਸਾਲ ਇਥੇ ਲਗਾਏ ਬੱਚਿਆਂ ਨੂੰ ਤਨਦੇਹੀ ਨਾਲ ਪੜ੍ਹਾਇਆ। ਕਈ ਸਕੂਲਾਂ ਵਿਚ ਨੌਕਰੀ ਕਰਨ ਉਪਰੰਤ ਮੇਰੀ ਤਰੱਕੀ ਬਤੌਰ ਮੁੱਖਅਧਿਆਪਕ ਹੋ ਗਈ ਅਤੇ ਨਵੇਂ ਸਕੂਲ ਵਿਚ ਬਤੌਰ ਮੁੱਖੀ ਕੰਮ ਕੀਤਾ। ਮੈਂ ਘਰ ਤੋਂ ਹੀ ਕੰਮਾਂ ਦੀ ਪਰਚੀ ਬਣਾ ਕੇ ਲਿਜਾਂਦਾ ਤੇ ਉਹ ਕੰਮ ਕਰਕੇ ਆਉਂਦਾ। ਇਸ ਰੋਜ਼ਾਨਾ ਦਾ ਸਿਲਸਲਾ ਸੀ। ਇੱਕ ਦਿਨ ਦਫ਼ਤਰ ਵਿਚ ਬੈਠੇ ਕੰਮ ਕਰ ਰਹੇ ਸੀ ਕਿ ਇੱਕ ਲੜਕੀ ਦਫਤਰ ਵੱਲ ਤੁਰੀ ਆ ਰਹੀ ਸੀ । ਬਾਹਰੋਂ ਪੁੱਛ ਕੇ ਅੰਦਰ ਆ ਗਈ। ਉਹਨੇ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ। ਮੈ ਵੀ ਜਵਾਬ ਦਿੱਤਾ। ਮੈਂ ਉਨ੍ਹਾਂ ਨੂੰ ਪੁਛਿਆ ਤੁਸੀਂ ਕਿਸ ਕੰਮ ਆਏ ਹੋ। ਦੱਸੋ। ਉਹਨੇ ਕਿਹਾ ਕਿ ਸਰ! ਤੁਸੀਂ ਮੈਨੂੰ ਪਛਾਣਿਆਂ ਨਹੀਂ। ਉਸਦੀ ਗੱਲ ਸੁਣ ਕੇ ਮੈਂ ਧਿਆਨ ਦਿੱਤਾ ਤਾਂ ਮੈਨੂੰ ਯਾਦ ਆ ਗਿਆ ਇਹ ਲੜਕੀ ਮੇਰੇ ਪਿਛਲੇ ਸਕੂਲ ਵਿਚੋਂ ਮੇਰੇ ਪੜ੍ਹੀ ਸੀ। ਫਿਰ ਮੈਂ ਕਿਹਾ ਹਾਂ ਬੇਟਾ ਯਾਦ ਆ ਗਿਆ। ਮੈਂ ਤੁਹਾਨੂੰ ਪੜ੍ਹਾਉਂਦਾ ਰਿਹਾ ਸੀ। ਉਹਨੇ ਕਿਹਾ ਕਿ ਸਰ! ਮੈਂ ਸਰਕਾਰੀ ਟੀਚਰ ਹਾਂ ਅਤੇ ਮਿਡਲ ਸਕੂਲ ਵਿਚ ਪੜ੍ਹਾ ਰਹੀ ਹਾਂ। ਉਹਦੀ ਗੱਲ ਸੁਣ ਮਨ ਬਹੁਤ ਪ੍ਰਸੰਨ ਹੋਇਆ। ਉਹਨੂੰ ਅਸ਼ੀਰਵਾਦ ਦਿੱਤਾ। ਬੈਠਣ ਨੂੰ ਕਿਹਾ। ਉਹਨੇ ਸਕੂਲ ਦੇ ਨਾਲ ਬਲਾਕ ਦਫਤਰ ਵਿਚ ਕੰਮ ਜਾਣਾ ਸੀ। ਉਹਨੂੰ ਬਲਾਕ ਦਫ਼ਤਰ ਵੱਲ ਭੇਜ ਦਿੱਤਾ। ਮੈਂ ਇਹ ਗੱਲ ਆਪਣੇ ਸਟਾਫ਼ ਨਾਲ ਸਾਂਝੀ ਕੀਤੀ ਕਿ ਇਹ ਮੇਰੀ ਬੱਚੀ ਮੇਰੇ ਕੋਲੋਂ ਪੜ੍ਹ ਕੇ ਅਧਿਆਪਕ ਲੱਗੀ ਹੈ। ਅੱਜ ਮੈਂ ਫੁੱਲਿਆ ਨਹੀਂ ਸਮਾ ਰਿਹਾ ਸੀ। ਸਾਡੀ ਡਿਊਟੀ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਲਗਾ ਦਿੱਤੀ ਸੀ। ਅਸੀਂ ਰਜਿਸਟ੍ਰੇਸ਼ਨ ਟੇਬਲ ਦੇ ਕੋਲ ਬੈਠੇ ਸੀ। ਗੇਟ ਵੱਲ ਧਿਆਨ ਸੀ ਬਾਹਰਲੇ ਸਕੂਲਾਂ ਦੇ ਅਧਿਆਪਕ ਬੱਚਿਆਂ ਨਾਲ ਆਈਟਮਾਂ ਸਮੇਤ ਆ ਰਹੇ ਸਨ। ਸਾਰੇ ਰਜਿਸਟ੍ਰੇਸ਼ਨ ਕਰਵਾ ਕੇ ਕਮਰਿਆਂ ਵਿਚ ਜਾ ਰਹੇ ਸਨ। ਆਪਣੀਆਂ ਆਈਟਮਾਂ ਨੂੰ ਸਜਾ ਰਹੇ ਸਨ। ਦੋ ਅਧਿਆਪਕ ਹੋਰ ਬੱਚਿਆਂ ਨੂੰ ਲੈ ਕੇ ਆ ਰਹੇ ਸਨ ਜਦੋਂ ਨਜਦੀਕ ਆਏ ਤਾਂ ਮੇਰੇ ਕੋਲੋਂ ਪੜ੍ਹੀ ਬੱਚੀ ਵੀ ਬੱਚਿਆਂ ਨਾਲ ਆਈ। ਮੈਂ ਪੁੱਛਿਆ ਬੇਟਾ! ਤੁਸੀਂ ਕਿਵੇਂ ਆਏ। ਉਸਨੇ ਦੱਸਿਆ ਕਿ ਮੈਂ ਸਰਕਾਰੀ ਸਕੂਲ ਵਿਚ ਬਤੌਰ ਸਾਇੰਸ ਮਿਸਟ੍ਰੈਸ ਕੰਮ ਕਰ ਰਹੀ ਹਾਂ ਅਤੇ ਅੱਜ ਬੱਚੇ ਪ੍ਰਦਰਸ਼ਨੀ ਲਿਆਂਦੇ ਹਨ। ਮੈਨੂੰ ਚਾਅ ਚੜ੍ਹ ਗਿਆ ਕਿ ਮੇਰੀ ਤੋਂ ਪੜ੍ਹੀ ਬੱਚੀ ਅੱਜ ਅਧਿਆਪਕ ਹੈ। ਮੇਰੇ ਨਾਲ ਬੈਠੇ ਸਾਰੇ ਸਟਾਫ਼ ਨੂੰ ਮੈਂ ਫ਼ਿਰ ਪੂਰੀ ਹਿਸਟਰੀ ਬਿਆਨ ਕਰ ਦਿੱਤੀ। ਜਦੋਂ ਇਸ ਤਰ੍ਹਾਂ ਬੱਚੇ ਮਿਲਦੇ ਹਨ ਜਿਨ੍ਹਾਂ ਨੇ ਪੜ੍ਹ ਲਿਖ ਕੇ ਆਪਣੇ ਟੀਚੇ ਹਾਸਿਲ ਕੀਤੇ ਹਨ ਸੱਚੀਂ ਰੱਜ ਕੇ ਖੁਸ਼ੀ ਹੁੰਦੀ ਹੈ। ਮੈਂ ਆਖਰਕਾਰ ਬਤੌਰ ਪ੍ਰਿੰਸੀਪਲ ਸੇਵਾਮੁਕਤ ਹੋ ਗਿਆ ਸੀ। ਅਕਸਰ ਮੇਰੇ ਵਿਦਿਆਰਥੀ ਕਿਤੇ ਨਾ ਕਿਤੇ ਮਿਲ ਹੀ ਜਾਂਦੇ ਹਨ ਜਦੋਂ ਆਪਣੇ ਬਾਰੇ ਦੱਸਦੇ ਹਨ ਤਾਂ ਮਨ ਖੁਸ਼ ਹੋ ਜਾਦਾ ਹੈ। ਇਹ ਹੀ ਇੱਕ ਅਧਿਆਪਕ ਦੀ ਅਸਲ ਕਮਾਈ ਹੈ।
***
ਪਤਾ: ਪ੍ਰਿੰਸੀਪਲ ਜਸਪਾਲ ਸਿੰਘ ਲੋਹਾਮ
ਮਕਾਨ ਨੰਬਰ: 166, ਵਾਰਡ ਨੰਬਰ: 29, ਗਲੀ ਹਜਾਰਾ ਸਿੰਘ ਮੋਗਾ-142001
ਮੋਬਾਇਲ ਨੰਬਰ: 97-810-40140
ਈਮੇਲ: jaspal.loham@gmail.com