ਦਾਜ ਦਾ ਵਰਤਮਾਨ ਰੂਪ ਅਟਕੀ ਸੋਚ - ਸੁਖਪਾਲ ਸਿੰਘ ਗਿੱਲ
ਦਾਜ ਕੋਈ ਸਮੱਸਿਆ ਨਹੀਂ ਹੁੰਦੀ ਬਲਕਿ ਲਾਲਚਖੋਰਾਂ ਅਤੇ ਘੱਟ ਸੂਝਵਾਨਾਂ ਦੇ ਮਨ ਦੀ ਉੱਪਜ ਹੁੰਦੀ ਹੈ। ਹਾਲਾਂ ਕਿ ਭਾਰਤੀ ਸੰਸਕ੍ਰਿਤੀ ਵਿੱਚ ਧੀ ਦੇ ਵਿਆਹ ਨੂੰ ' ਕੰਨਿਆ ਦਾਨ'ਕਿਹਾ ਜਾਂਦਾ ਹੈ। ਇਸ ਵੱਡੇ ਦਾਨ ਨਾਲ ਛੋਟੇ ਦਾਨ ਆਪ ਹੀ ਸਹੇੜ ਲਏ। ਜਦੋਂ ਇਸ ਦੇ ਨਾਂਹ-ਪੱਖੀ ਪ੍ਰਭਾਵ ਸ਼ੁਰੂ ਹੋਏ ਤਾਂ ਸਰਕਾਰ ਨੇ 1961 ਵਿੱਚ ਦਾਜ ਵਿਰੋਧੀ ਕਾਨੂੰਨ ਸਥਾਪਿਤ ਕੀਤਾ।ਦਾਜ ਦਾ ਕੋਹੜ ਇਸ ਕਦਰ ਵਧਿਆ ਕਿ ਅਮੀਰ ਗਰੀਬ ਦਾ ਪਾੜਾ ਵੀ ਇਸੇ ਕਰਕੇ ਸ਼ਿਖ਼ਰ ਤੇ ਪੁੱਜਾ।ਇਸ ਨਾਲ ਸਮਾਜਿਕ ਤਾਣਾ ਬਾਣਾ ਪ੍ਰਭਾਵਿਤ ਹੋਇਆ, ਪਾਟੋਧਾੜ ਵਧੀ। ਕੁੜੀ ਵਾਲਿਆਂ ਨੂੰ ਮੁੰਡੇ ਵਾਲਿਆਂ ਦੀ ਇੱਕ ਵਿਅੰਗਮਈ ਗੱਲ ਚਿੜਾ ਦਿੰਦੀ ਹੈ," ਆਵੇਗਾ ਤਾਂ ਕਿਆ ਲਿਆਵੇਗਾ, ਮੈਂ ਆਵਾਂ ਤਾਂ ਕਿਹਾ ਦੇਵੇਂਗਾ"ਲੱਖ ਦੀ ਲਾਹਣਤ। ਪੰਜਾਬੀ ਸੱਭਿਅਤਾ ਹੜੱਪਾ ਸਮੇਂ ਤੋਂ ਸੰਸਾਰ ਦੀ ਸਭ ਤੋਂ ਪੁਰਾਣੀ ਅਤੇ ਅਮੀਰ ਸੱਭਿਅਤਾ ਹੈ। ਪੰਜਾਬੀ ਇਸ ਦਾ ਅਨੰਦ ਮਾਣਦੇ ਹਨ,ਪਰ ਨਾਲ ਦੀ ਨਾਲ ਅਲਾਮਤਾਂ ਵੀ ਸਹੇੜੀ ਗਏ।ਦਾਜ, ਲੱਚਰਤਾ,ਚੰਮ ਲਾਹੂ ਵਿਆਜ,ਹਿੰਸਾ, ਨਸ਼ਾ ਅਤੇ ਗੈਰ ਹੁੰਨਰਵੰਦੀ ਜਿਹੀਆਂ ਅਲਾਮਤਾਂ ਨੇ ਪੈਰ ਦੀ ਮੋਚ ਵਾਂਗ ਅੱਗੇ ਨਹੀਂ ਵਧਣ ਦਿੱਤੇ। ਵਧੀਆ ਪ੍ਰੀਵਾਰ ਵੀ ਇਸ ਪ੍ਰਥਾ ਵਿੱਚ ਇਸ ਤਰ੍ਹਾਂ ਸਮਾਏ ਜਿਸ ਤਰ੍ਹਾਂ ਸਮੁੰਦਰ ਵਿੱਚ ਨਦੀਆਂ ਸਮਾ ਜਾਂਦੀਆਂ ਹਨ।
ਦਾਜ ਦੀ ਰੀਤ," ਲੋੜ ਕਾਂਢ ਦੀ ਮਾਂ ਹੈ" ਦੇ ਵਿਸ਼ੇ ਤੇ ਅਧਾਰਿਤ ਬਣੀ ਸੀ।ਇਹ ਇਸ ਲਈ ਸੀ ਕਿ ਸਮਾਜ ਦੀ ਨਵੀਂ ਯੂਨਿਟ ਪੈਦਾ ਹੁੰਦੀ ਹੈ।ਇੱਕ ਮਕਰੀ ਸੱਸ ਦੇ ਘਰ ਮਹਿਮਾਨ ਆਏ, ਉਹਨਾਂ ਨੂੰ ਖਾਣਪੀਣ ਲਈ ਤਿਆਰੀ ਆਰੰਭੀ।ਝੱਟ ਸੱਸ ਨੇ ਕਿਹਾ," ਲਿਆ ਬਹੂ ਆਪਣੇ ਭਾਂਡੇ ਕੱਢੀਂ, ਰੋਟੀ ਖਿਲਾਉਣੀ ਹੈ" ਬਹੂ ਆਪੇ ਵਿੱਚ ਗਵਾਚ ਕੇ ਭਾਂਡੇ ਕੱਢ ਲਿਆਈ।ਭਲਾ ਜੇ ਨਾ ਲੈ ਕੇ ਆਉਂਦੀ ਤਾਂ ਬਹੂ ਤੇ ਕੀ ਬੀਤਦੀ ? ਪਛਤਾਵਾ ਪੱਲੇ ਰਹਿ ਜਾਣਾ ਸੀ।ਕੁੱਝ ਸੱਸਾਂ ਵਡੇਰੀ ਉਮਰੇ ਮਾਲਾ ਫੜ ਲੈਂਦੀਆਂ ਹਨ," ਕਰਮ ਧਰਮ ਸਭ ਥੋਥੇ ਧਾਈਂ,ਦਇਆ ਨਾ ਜਿਸ ਮਨ ਆਈ"ਅਕਲ ਤੋਂ ਵਿਹੂਣੀਆਂ ਨੂੰਹਾਂ ਵੀ ਦਾਜ ਦੀ ਆੜ ਹੇਠ ਸਹੁਰਿਆਂ ਨੂੰ ਪ੍ਰੇਸ਼ਾਨ ਕਰ ਦਿੰਦੀਆਂ ਹਨ।ਦਾਜ ਦੀ ਸਮੱਸਿਆ ਦਾ ਇੱਕ ਰੂਪ ਇਹ ਵੀ ਰਿਹਾ ਹੈ ਕਿ ਕਨੂੰਨ ਦੀ ਦੁਰਵਰਤੋਂ ਵਿੱਚ ਨਜਾਇਜ਼ ਵੀ ਰਗੜੇ ਜਾਂਦੇ ਰਹੇ।
ਪੰਜਾਬ ਸਰਕਾਰ ਦੀ ਸੱਭਿਆਚਾਰਕ ਨੀਤੀ 2017-18 ਵਿੱਚ ਦਾਜ ਦੇ ਕਿਸੇ ਵੀ ਰੂਪ ਨੂੰ ਖਤਮ ਕਰਨ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਸੀ।ਇਸ ਦੇ ਅਜੋਕੇ ਸਮੇਂ ਚੱਲ ਰਹੇ ਵੱਖੋ ਵੱਖ ਰੂਪਾਂ ਵਿੱਚ ਪੰਜਾਬੀ ਅਮੀਰ ਸੱਭਿਅਤਾ ਦੇ ਨਾਂਹ-ਪੱਖੀ ਪ੍ਰਭਾਵ ਉਜਾਗਰ ਹੋ ਰਹੇ ਹਨ।ਇਸ ਬੁਰਾਈ ਨੂੰ ਮਾਰਨਾ ਜ਼ਰੂਰੀ ਹੈ।ਹਰ ਪੱਧਰ ਤੇ ਦਾਜ ਦੇ ਨਵੇਂ ਨਵੇਂ ਰੂਪਾਂ ਨਾਲੋਂ ਧੀਆਂ ਦੀ ਪੜ੍ਹਾਈ ਲਿਖਾਈ ਅਤੇ ਸਮਾਜੀਕਰਨ ਦਾ ਹੋਰ ਵੀ ਮਜ਼ਬੂਤ ਪ੍ਰਬੰਧ ਕੀਤਾ ਜਾਵੇ।ਦਾਜ ਦੇ ਰੂਪਾਂ ਨੇ ਸਿੱਕੇ ਦੇ ਦੋਵਾਂ ਪਾਸਿਆਂ ਵੱਲ ਆਪਣੀ ਹੋਂਦ ਬਣਾ ਲਈ ਹੈ।ਹੁਣ ਕਿਤੇ ਕਿਤੇ ਮੁੰਡੇ ਵਾਲੇ ਕੁੜੀ ਨੂੰ ਦਾਜ ਦਿੰਦੇ ਹਨ।ਲਾੜੀ ਦਾ ਮੁੱਲ ਵੀ ਪਾਇਆ ਜਾਂਦਾ ਹੈ।ਦਾਜ ਅਤੇ ਲਾੜੀ ਦਾ ਮੁੱਲ ਤਾਰਨਾ ਅੱਜ ਸਿੱਕੇ ਦੇ ਦੋਵਾਂ ਪਾਸਿਆਂ ਵਾਂਗ ਹੈ।ਇਸ ਪਿੱਛੇ ਸਭ ਤੋਂ ਵੱਡੇ ਕਾਰਨ ਭਰੂਣ ਹਤਿਆਵਾਂ ਦੇ ਨਤੀਜੇ ਅਤੇ ਆਈ ਲੈਟਸ ਹੈ।ਉਂਝ ਵੀ ਪੰਜਾਬੀਆਂ ਦੀ ਪੜ੍ਹਾਈ ਲਿਖਾਈ ਆਈ ਲੈਟਸ ਤੇ ਖੜ੍ਹ ਜਾਂਦੀ ਹੈ। ਮੁੰਡੇ ਵਾਲੇ ਜ਼ਮੀਨਾਂ ਵੇਚ ਕੇ ਪੱਚੀ ਤੀਹ ਲੱਖ ਲਾ ਕੇ ਆਈ ਲੈਟ ਵਾਲੀ ਕੁੜੀ ਦੀਆਂ ਮਿੰਨਤਾਂ ਕਰਦੇ ਫਿਰਦੇ ਹਨ।ਕਈ ਵਾਰ ਵਿਦੇਸ਼ ਜਾ ਕੇ ਕੁੜੀਆਂ ਰਫੂਚੱਕਰ ਹੋ ਜਾਂਦੀਆਂ ਹਨ। ਇਹ ਵੀ ਪੰਜਾਬੀਆਂ ਦੀ ਸੱਭਿਅਤਾ ਅਤੇ ਵਿਰਸੇ ਨੂੰ ਝੰਜੋੜ ਦਿੰਦਾ ਹੈ।ਇਹ ਵਰਤਾਰਾ ਮੁੰਡੇ ਵਾਲਿਆਂ ਨੂੰ ਉਂਨਾ ਹੀ ਜ਼ਲੀਲ ਕਰਦਾ ਹੈ ,ਜਿੰਨਾ ਦਾਜ ਪਿੱਛੇ ਕੁੜੀ ਵਾਲਿਆਂ ਨੂੰ ਜ਼ਲੀਲ ਹੋਣਾ ਪੈਂਦਾ ਹੈ। ਸਰਦੂਲ ਸਿਕੰਦਰ ਦਾ ਗਾਣਾ ਢੁੱਕਦਾ ਹੈ," ਬੰਨ੍ਹ ਸਿਹਰੇ ਜਾਇਆ ਕਰਨਗੀਆਂ, ਮੁੰਡਿਆਂ ਨੂੰ ਕੁੜੀਆਂ ਵਿਆਉਣ ਲਈ"ਸਾਡੀ ਸਿੱਖਿਆ, ਸੱਭਿਅਤਾ ਅਤੇ ਹੁਨਰ ਮੁੰਡੇ ਕੁੜੀ ਤੇ ਨਿਰਭਰ ਹੈ। ਦੋਵੇਂ ਧਿਰਾਂ ਇਧਰ ਉਧਰ ਹੋ ਕੇ ਦਾਜ ਦੇ ਲੁਕਵੇਂ ਰੂਪ ਵਿੱਚ ਅਸਲੀ ਮੁਕਾਮ ਤੋਂ ਖੁੰਝ ਜਾਂਦੀਆਂ ਹਨ।
ਦਾਜ ਦੇ ਅਤੀਤ ਅਤੇ ਵਰਤਮਾਨ ਦੀ ਪਰਖ ਪੜਚੋਲ ਕਰੀਏ ਤਾਂ ਦਾਜ ਦੇ ਮਾਰੂ ਰੂਪ ਜ਼ਰੂਰ ਘਟੇ ਹਨ।ਪਰ ਬਦਲਵੇਂ ਰੂਪ ਆ ਚੁੱਕੇ ਹਨ।ਹੁਣ ਪਿੰਡਾਂ ਵਿੱਚ ਟਰੱਕਾਂ ਟਰਾਲੀਆਂ ਤੇ ਦਾਜ ਨਹੀਂ ਜਾਂਦਾ।ਇਸ ਤੋਂ ਇਲਾਵਾ ਪੈਲੇਸਾਂ ਦਾ ਖਰਚ ਵੱਧ ਜਾਂਦਾ ਹੈ। ਦਿਖਾਵੇ ਵਾਲੇ ਦਾਜ ਨਾਲੋਂ ਗੱਬਰ ਤੇ ਗੁਪਤ ਮਾਲ ਵੀ ਲਿਆ ਜਾਂਦਾ ਹੈ।2001ਵਿੱਚ ਭਾਰਤ ਵਿੱਚ 7000 ਮੌਤਾਂ ਦਾਜ ਖਾਤਰ ਹੋਈਆਂ।2008 ਵਿੱਚ ਦਾਜ ਨਾਲ 3876 ਮੌਤਾਂ ਹੋਈਆਂ।2010 ਵਿੱਚ ਭਾਰਤ ਵਿੱਚ 8391 ਮੌਤਾਂ ਦਾਜ ਦੇ ਦੈਂਤ ਨੇ ਕੀਤੀਆਂ।2012 ਵਿੱਚ 8233 ਮੌਤਾਂ ਹੋਈਆਂ ਭਾਵ 90 ਮਿੰਟਾਂ ਵਿੱਚ ਇੱਕ ਅਬਲਾ ਦਾਜ ਦੀ ਭੇਂਟ ਚੜੀ।ਇੱਕ ਲੱਖ ਔਰਤਾਂ ਪਿੱਛੇ 1.4 ਔਰਤਾਂ ਦਾਜ ਦੀ ਭੇਂਟ ਚੜ੍ਹੀਆਂ।2017 ਤੋਂ 2022 ਤੱਕ ਭਾਰਤ ਵਿੱਚ 35493 ਧੀਆਂ ਦਾਜ ਨੇ ਖਾਧੀਆਂ।ਇਸ ਕਨੂੰਨ ਦੀ ਨਜਾਇਜ਼ ਦੁਰਵਰਤੋਂ ਵੀ ਹੋਈ। ਪਾਕਿਸਤਾਨ ਚ ਇੱਕ ਰਿਪੋਰਟ ਅਨੁਸਾਰ 1999 ਵਿੱਚ 1600 ਧੀਆਂ ਦਾਜ ਨੇ ਨਿਗਲੀਆਂ, ਕਨੂੰਨੀ ਸ਼ਿਕੰਜਾ ਨਰਮ ਰਿਹਾ। ਸਾਡੇ ਮੁਲਕ ਵਿੱਚ ਕਨੂੰਨ ਵੀ ਸਖ਼ਤੀ ਨਾਲ ਕੰਮ ਕਰਦਾ ਹੈ,ਪਰ ਨਜਾਇਜ਼ ਵੀ ਹੁੰਦਾ ਹੈ।9.6 ਫੀਸਦੀ ਵਿਆਹਾਂ ਚ ਦਾਜ ਭਾਰੂ ਰਹਿੰਦਾ ਹੈ।ਅੱਜ ਦਾਜ ਕੋਈ ਖਾਸ ਮਸਲਾ ਨਹੀਂ ਹੈ ਪਰ ਲੁਕਵੇਂ ਰੂਪ ਵਿੱਚ ਇਸ ਦੇ ਬਦਲੇ ਰੂਪਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦਾਜ," ਅਟਕੀ ਸੋਚ ਅਤੇ ਪੈਰ ਦੀ ਮੋਚ ਵਾਂਗ"ਅੱਗੇ ਨਹੀਂ ਵਧਣ ਦਿੰਦਾ। ਸਾਡੀ ਮਾਨਸਿਕਤਾ ਦਾਜ ਨੂੰ ਰੀਤੀ ਬਣਾ ਕੇ ਘਰ ਦੇ ਗਲਿਆਰਿਆਂ ਵਿੱਚੋਂ ਬਾਹਰ ਕੱਡਣ ਦੀ ਬਜਾਏ ਅਟਕੀ ਸੋਚ ਵਾਂਗ ਉੱਥੋਂ ਅੱਗੇ ਨਹੀਂ ਤੁਰਨ ਦਿੰਦੀ।ਸੋਚ ਦਾ ਵਿਕਾਸ ਅਤੇ ਬਦਲਾਓ ਹੀ ਇਸ ਦਾ ਹੱਲ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445