ਆਜਾ ਮੇਰਾ ਪਿੰਡ ਵੇਖ ਲੈ - ਬਲਜਿੰਦਰ ਕੌਰ ਸ਼ੇਰਗਿੱਲ
ਪਿੰਡ ਖਮਾਣੋਂ ਖੁਰਦ ਜਿਸ ਨੂੰ ਕਿਲੇ ਵਾਲੀ ਖਮਾਣੋਂ ਵੀ ਕਹਿੰਦੇ ਹਨ। ਪਿੰਡ ਖਮਾਣੋਂ ਦਾ ਨਾਂ ਸੂਬੇਦਾਰ ਸਰਹਿੰਦ ਦੀ ਭਤੀਜੀ ਬੇਗਮ ਖੇਮੋ ਦੇ ਨਾਂ ’ਤੇ ਦੱਸਿਆ ਜਾਂਦਾ ਹੈ। ਜਦੋਂ ਸਿੱਖ ਮਿਸਲਾਂ ਨੇ 30 ਦਸੰਬਰ 1761 ਤੋਂ ਪਹਿਲੀ ਜਨਵਰੀ 1762 ਤੱਕ ਲੜਾਈ ਵਿੱਚ ਸਰਹੰਦ ਦੇ ਸੂਬੇਦਾਰ ਜੈਨ ਖਾਂ ਦਾ ਕਤਲ ਕਰਕੇ ਸਰਹੰਦ ਉੱਤੇ ਕਬਜ਼ਾ ਕੀਤਾ ਸੀ। ਡੱਲੇਵਾਲੀਆ ਮਿਸਲ ਨੂੰ ਕਿਲ੍ਹਾ ਹਯਾਤਪੁਰ ਅਤੇ ਇਸ ਦੇ ਨਾਲ ਲੱਗਦੇ 62 ਪਿੰਡ ਚਿੱਤ ਵਿੱਚ ਹਿੱਸੇ ਆਏ ਸਨ।
ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਦੇ ਖਾਨਦਾਨ ਦੀ ਧੀ ਖੇਮੋਂ ਬੱਸੀ ਗੁਜਰਾਂ ਦੇ ਕਿਲੇਦਾਰ ਮੁਹੰਮਦ ਬਸ਼ੀਰ ਖਾਨ ਨਾਲ ਵਿਆਹੀ ਹੋਈ ਸੀ। ਜੋ ਖੇਮੋਂ ਬੇਗਮ ਨਾਂ ਨਾਲ ਪ੍ਰਸਿੱਧ ਸੀ। ਸਿੱਖਾਂ ਵੱਲੋਂ ਇਸ ਕਿਲੇ ਉੱਤੇ ਕਬਜ਼ਾ ਕਰਨ ਵੇਲੇ ਮੁਹੰਮਦ ਬਸ਼ੀਰ ਖਾਂ ਬਸੀ ਗੁਜਰਾਂ ਵਿੱਚ ਸੀ। ਸਿੱਖਾਂ ਨੇ ਉਸ ਨੂੰ ਉੱਥੇ ਜਾ ਕੇ ਦਬੋਚਿਆ ਅਤੇ ਇਸ ਕਿਲ੍ਹੇ ਵਿੱਚ ਬੰਦੀ ਬਣਾ ਕੇ ਨਜ਼ਰਬੰਦ ਕਰ ਦਿੱਤਾ। ਹੁਣ ਖੇਮੋਂ ਬੇਗਮ ਅਤੇ ਮੁਹੰਮਦ ਬਸ਼ੀਰ ਥਾਂ ਦੀ ਕਿਸਮਤ ਦਾ ਫੈਸਲਾ ਸਿੱਖਾਂ ਨੇ ਕਰਨਾ ਸੀ। ਜਥੇਦਾਰ ਕੋਇਰ ਦੀ ਅਗਵਾਈ ਵਿੱਚ ਸੰਘਣੀ ਸੋਚ ਉਪਰੰਤ ਉਹਨਾਂ ਨੇ ਜਿਹੜਾ ਫੈਸਲਾ ਸੁਣਾਇਆ ਉਸ ਨਾਲ ਡੱਲਾ ਮਿਸਲ ਦਾ ਇਤਿਹਾਸ ਰੁਤਬਾ ਸਿਕੰਦਰ ਮਹਾਨ ਜਿੰਨਾਂ ਉੱਚਾ ਹੋ ਗਿਆ।
ਖੇਮੋਂ ਬੇਗਮ ਮੁਹੰਮਦ ਬਸ਼ੀਰ ਖਾਂ ਕਿਸਮਤ ਦੇ ਸਿਕੰਦਰ ਨਿਕਲੇ। ਜਿਨਾਂ ਨੂੰ ਕਿਲ੍ਹੇ ’ਚੋਂ ਬਾਹਰ ਬੁਲਾ ਕੇ ਸਿੱਖਾਂ ਦੀ ਪੰਜ ਪ੍ਰਧਾਨੀ ਜਥੇਦਾਰ ਨੇ ਫੈਸਲਾ ਸੁਣਾਇਆ। ਸਿੱਖ ਆਪਣੀ ਗੁਰੂ ਸਿੱਖਿਆ ਦੇ ਪ੍ਰਬੰਧ ਹਨ ਉਹ ਕਿਸੇ ਨਿਹੱਥੇ ਉੱਤੇ ਵਾਰ ਨਹੀਂ ਸੀ ਕਰਦੇ। ਇਸਤਰੀ ਦੀ ਆਨ ਅਤੇ ਜਾਨ ਦੇ ਰਾਖੇ ਸਨ। ਖੇਮੋਂ ਬੇਗਮ ਨੂੰ ਕਿਲ੍ਹੇ ਵਿੱਚ ਕਿਤੇ ਵੀ ਜਾਣ ਦੀ ਖੁੱਲ ਦਿੱਤੀ ਗਈ। ਇਸਤਰੀਆਂ ਨੂੰ ਗਹਿਣਿਆਂ ਨਾਲ ਬਹੁਤ ਪਿਆਰ ਹੁੰਦਾ ਹੈ। ਗਹਿਣੇ ਉਸ ਦੇ ਅੰਗ ਦਾ ਸ਼ਿੰਗਾਰ ਹੁੰਦੇ ਹਨ। ਖੇਮੋਂ ਬੇਗਮ ਨੂੰ ਆਗਿਆ ਦਿੱਤੀ ਗਈ ਕਿ ਪਹਿਨੇ ਹੋਏ ਗਹਿਣਿਆਂ ਦੇ ਨਾਲ ਉਹ ਗਹਿਣੇ ਵੀ ਨਾਲ ਲੈ ਜਾਵੇ ਜੋ ਕਿਲ੍ਹੇ ਅੰਦਰ ਮੌਜੂਦ ਹਨ ।
ਪੰਚ ਪ੍ਰਧਾਨ ਲਈ ਜਥੇਦਾਰ ਦੀਆਂ ਗੱਲਾਂ ਸੁਣ ਕੇ ਖੇਮੋਂ ਬੇਗਮ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਸੀ। ਜਿਨ੍ਹਾਂ ਨੂੰ ਉਹ ਕਾਫ਼ਰ ਸਮਝਦੀ ਰਹੀ ਉਹ ਫ਼ਰਿਸ਼ਤੇ ਨਿਕਲੇ। ਉਸ ਦਾ ਰੋਮ- ਰੋਮ ਅਹਿਸਾਨਮੰਦ ਸੀ।
ਖੇਮੋਂ ਬੇਗਮ ਨੇ ਜਥੇਦਾਰ ਨੂੰ ਤਰਲੇ ਭਰੀ ਆਵਾਜ਼ ਵਿੱਚ ਕਿਹਾ ਕਿ ਇੱਕ ਬਖਸ਼ਿਸ਼ ਹੋਰ ਕਰ ਦੇਣਾ ਜੀ। ਜਥੇਦਾਰ ਜੀਓ, ਮੈਂ ਇਸ ਕਿਲ੍ਹੇ ਦੀ ਚਾਰ ਦੀਵਾਰੀ ਓਹਲੇ ਪਰਦੇ ਵਿਚ ਲੋਕਾਂ ਦੀ ਫ਼ਰਿਆਦ ਸੁਣਦੀ ਰਹੀ। ਮੇਰਾ ਇੱਥੇ ਦੀ ਪਰਜਾ ਨਾਲ ਬਹੁਤ ਮੋਹ ਦਾ ਰਿਸ਼ਤਾ ਬਣਿਆ ਹੋਇਆ ਹੈ। ਮੈਂ ਇਸ ਧਰਤੀ ਉੱਤੇ ਨੰਗੇ ਪੈਰੀਂ ਤੁਰ ਕੇ ਆਪਣੀ ਪੈੜ ਦੇਖਦੀ ਰਹਿੰਦੀ ਹਾਂ। ਦੇਖਿਓ ਕਿਤੇ ਸਮੇਂ ਦੀ ਧੂੜ ਨਾਲ ਇਹ ਮਿਟ ਨਾ ਜਾਵੇ। ਕਿਰਪਾ ਕਰਨਾ ਇਸ ਪਿੰਡ ਦਾ ਨਾਂ ਖੇਮੋਂ ਰੱਖ ਦੇਣਾ ਜੀ। ਜਥੇਦਾਰ ਨੇ ਜੈਕਾਰਾ ਛੱਡਦਿਆਂ ਖੇਮੋਂ ਬੇਗਮ ਦੇ ਨਾਂ ਦੀ ਪ੍ਰਵਾਨਗੀ ਦੇ ਦਿੱਤੀ। ਜਿਸ ਨੂੰ ਅੱਜ ਕੱਲ੍ਹ ਲੋਕ ਪਿੰਡ ਖਮਾਣੋਂ ਦੇ ਨਾਂ ਨਾਲ ਜਾਣਦੇ ਹਨ। ਜਥੇਦਾਰ ਵਲੋਂ ਔਰਤ ਹੋਣ ਕਾਰਨ ਖੇਮੋਂ ਬੇਗਮ ਦੀ ਜਾਨ ਬਖ਼ਸ਼ ਕੇ ਉਸ ਨੂੰ ਉਸ ਦੀ ਇੱਛਾ ਅਨੁਸਾਰ ਸੁਰੱਖਿਅਤ ਥਾਂ ਪਹੁੰਚਾਇਆ।
ਅੱਜ ਕੱਲ੍ਹ ਇਹ ਪਿੰਡ ਪੰਜਾਬ ਦੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦਾ ਪਿੰਡ ਖਮਾਣੋਂ ਕਲਾ ਜੋ ਕਿ ਜੀਟੀ ਰੋਡ ਉੱਤੇ ਹੋਣ ਕਰ ਕੇ ਇੱਕ ਵੱਡਾ ਪਿੰਡ ਬਣ ਚੁੱਕਾ ਹੈ। ਇਸ ਪਿੰਡ ਦੇ ਆਲੇ ਦੁਆਲੇ ਦੇ ਪਿੰਡਾਂ ਨੂੰ ਇਹ ਸ਼ਹਿਰ ਲੱਗਦਾ ਹੈ ਹਰ ਕਿਸੇ ਨੂੰ ਖ਼ਰੀਦਦਾਰੀ ਕਰਨ ਲਈ ਸ਼ਹਿਰ ਖਮਾਣੋਂ ਆਉਣਾ ਪੈਂਦਾ ਹੈ। ਇਸ ਪਿੰਡ ਨੂੰ ਤਿੰਨ ਨਾਵਾਂ ਨਾਲ ਜਾਣਿਆ ਜਾਂਦਾ ਹੈ। ਪਿੰਡ ਖਮਾਣੋਂ ਕਲਾਂ, ਖਮਾਣੋਂ ਖੁਰਦ, ਖਮਾਣੋਂ ਕਮਲੀ ਨਾਲ ਕਿਹਾ ਜਾਂਦਾ ਹੈ। ਖਮਾਣੋਂ ਪਿੰਡ ਸੰਘੋਲ ਦੇ ਨੇੜੇ ਹੋਣ ਕਰਕੇ ਇਹ ਇਤਿਹਾਸ ਨਾਲ ਜੁੜਿਆ ਹੋਇਆ ਹੈ ਇਸ ਪਿੰਡ ਵਿੱਚ ਪੁਰਾਤਨ ਸਮੇਂ ਦੀ ਹਵੇਲੀ ਅੱਜ ਵੀ ਮੌਜੂਦ ਹੈ। ਪੁਰਾਤਨ ਸਮੇਂ ਦੇ ਹਿਸਾਬ ਨਾਲ ਇਸ ਪਿੰਡ ਦਾ ਨਾਂ ਇੱਥੇ ਦੀ ਰਾਣੀ ਖੇਮੋਂ ਬੇਗਮ ਦੇ ਨਾਂ ਤੇ ਰੱਖਿਆ ਗਿਆ ਹੈ।
ਇਸ ਪਿੰਡ ਵਿੱਚ ਕਦੇ ਟਿੱਬੇ ਵੀ ਹੋਇਆ ਕਰਦੇ ਸੀ ਜੋ ਸਮੇਂ ਦੇ ਨਾਲ ਨਾਲ ਖ਼ਤਮ ਹੋ ਚੁੱਕੇ ਹਨ। ਦਿਨੋਂ ਦਿਨ ਆਬਾਦੀ ਵੱਧਣ ਕਾਰਨ ਸ਼ਹਿਰ ਦਾ ਘੇਰਾ ਵਿਸ਼ਾਲ ਹੋ ਗਿਆ ਹੈ।
ਪਿੰਡ ਜੀਟੀ ਰੋਡ ਉੱਤੇ ਹੋਣ ਕਰਕੇ ਆਵਾਜਾਈ ਨੂੰ ਕੰਟਰੋਲ ਵਿਚ ਕਰਨ ਲਈ ਮੇਨ ਸੜਕ ਉਤੇ ਇਕ ਫਲਾਈਓਵਰ ਬਣਾਇਆ ਗਿਆ ਹੈ। ਜਿਥੋਂ ਫਲਾਈਓਵਰ ਦੀ ਸ਼ੁਰੂਆਤ ਹੁੰਦੀ ਹੈ ਉਥੇ ਰੋਡ ਉੱਤੇ ਬਾਬਾ ਸ੍ਰੀ ਚੰਦ ਜੀ ਦਾ ਅਸਥਾਨ ਆਉਂਦਾ ਹੈ। ਇਹ ਅਸਥਾਨ ਦਹਾਕਿਆਂ ਤੋਂ ਇੱਥੇ ਬਾਬਾ ਸ੍ਰੀ ਚੰਦ ਜੀ ਦੀ ਜੋਤ ਜਗਦੀ ਹੈ। ਜਿਸ ਦੀ ਬਹੁਤ ਮਹਾਨਤਾ ਹੈ। ਇਸ ਨੂੰ "ਬਰੋਟੇ ਵਾਲੇ" ਬਾਬਾ ਜੀ ਵੀ ਕਿਹਾ ਜਾਂਦਾ ਹੈ। ਕਿਉਂਕਿ ਇਹ ਬਰੋਟਾ ਦਹਾਕਿਆਂ ਤੋਂ ਇਥੇ ਮੌਜੂਦ ਹੈ। ਜਿਸ ਦੀ ਦਿਖ ਆਪਣੇ ਆਪ ਹੀ ਬਿਆਨ ਕਰਦੀ ਹਾਂ। ਕੁਝ ਲੋਕਾਂ ਮੁਤਾਬਕ ਇਥੇ ਸਭ ਤੋਂ ਪਹਿਲਾਂ ਇਥੇ ਖੇਮੋਂ ਬੇਗਮ ਦੇ ਨਾਂ ਦੀਵਾ ਬਾਲਿਆ ਜਾਂਦਾ ਸੀ।
ਇਥੇ ਕੁਝ ਕੁ ਕਦਮਾਂ ਉਤੇ ਇਕ ਕੋਰਟ ਅਤੇ ਗਰਾਊਂਡ ਹੈ ਉਸ ਦੇ ਸਾਹਮਣੇ ਇਕ ਸਰਕਾਰੀ ਹਾਈ ਸਕੂਲ ਹੈ। ਰੋਡ ਉੱਤੇ ਇਕ ਗੋਦਾਮ ਅਤੇ ਦਾਣਾ ਮੰਡੀ ਮੌਜੂਦ ਹੈ। ਅੱਗੇ ਪੁਲ ਦੇ ਨੇੜੇ ਇਕ ਬਹੁਤ ਪੁਰਾਣੀ ਮਿਠਾਈ ਦੀ ਦੁਕਾਨ ਹੈ ਜਿਸ ਚ ਸਮੇਂ ਦੇ ਹਿਸਾਬ ਨਾਲ ਨਾਲ ਤਬਦੀਲੀ ਆ ਚੁੱਕੀ ਹੈ।
ਪਿੰਡ ਦੇ ਅੰਦਰ ਇਕ ਪੁਰਾਣਾ ਸ਼ਿਵ ਮੰਦਰ ਹੈ। ਜਿਥੇ ਕਦੇ ਪੁਰਾਤਨ ਬਜ਼ਾਰ ਹੁੰਦਾ ਸੀ । ਪਿੰਡ ਵਾਸੀਆਂ ਮੁਤਾਬਕ ਇਹ ਮੰਦਰ ਪਹਿਲਾਂ ਤੋਂ ਮੌਜੂਦ ਸੀ ਭਾਵ ਧਰਤੀ ਵਿੱਚ ਸ਼ਿਵਲਿੰਗ ਨਿਕਲਿਆ ਸੀ ਅਤੇ ਹੌਲੀ -ਹੌਲੀ ਇਸ ਦਾ ਨਿਰਮਾਣ ਵੀ ਕੀਤਾ ਗਿਆ। ਇਸ ਨੂੰ ਪੁਰਾਤਨ ਮੰਦਰ ਕਿਹਾ ਜਾਂਦਾ ਹੈ।
ਸਮੇਂ ਦੇ ਨਾਲ ਨਾਲ ਪਿੰਡ ਖਮਾਣੋਂ ਦਾ ਘੇਰਾ ਵਿਸ਼ਾਲ ਹੋ ਚੁੱਕਾ ਹੈ। ਪਿੰਡ ਦੀ ਖਾਸੀਅਤ ਇਹ ਹੈ ਕਿ ਹਰ ਬੰਦਾ ਪੜਿਆ ਲਿਖਿਆ ਹੈ। ਪਿੰਡ ਦੀ ਹਰ ਗਲੀ ਤੇ ਮਕਾਨ ਪੱਕਾ ਹੈ, ਇਸ ਪਿੰਡ ਹਰ ਧਰਮ ਦੇ ਲੋਕ ਵੱਸਦੇ ਹਨ। ਇਸ ਪਿੰਡ ਵਿੱਚ ਫ਼ਿਲਮਾਂ ਵੀ ਬਣ ਚੁੱਕੀਆਂ ਹਨ ।
ਪਿੰਡ ਦੇ ਕਿੰਨੇ ਪੁੱਤ ਫੌਜ ਵਿੱਚ ਭਰਤੀ ਹੋ ਬਾਰਡਰ 'ਤੇ ਸੇਵਾਵਾਂ ਦੇ ਚੁੱਕੇ ਹਨ। ਕਈ ਸੇਵਾਮੁਕਤ ਹੋ ਆਪੋ ਆਪਣਾ ਜੀਵਨ ਬਸਰ ਕਰ ਰਹੇ ਹਨ।
ਪਿੰਡ ਵਾਸੀਆਂ ਨੂੰ ਹਰ ਸਹੂਲਤ ਜਿਵੇਂ ਕਿ ਹਸਪਤਾਲ , ਬੈਂਕ, ਡਾਕਖਾਨਾ, ਬਿਜਲੀ ਘਰ, ਬੱਸ ਸਟੈਂਡ, ਸਕੂਲ ਕਾਲਜ, ਧਰਮਸ਼ਾਲਾ, ਗੁਰਦੁਆਰਾ ਸਾਹਿਬ, ਮੰਦਰ, ਮਸਜਿਦ, ਨਹਿਰੀ ਪਾਣੀ, ਕੋਰਟ, ਗੋਦਾਮ, ਆਟਾ ਚੱਕੀ, ਰੇਲਵੇ ਸਟੇਸ਼ਨ, ਦਾਣਾ ਮੰਡੀ, ਸ਼ੀਤਲਾ ਮਾਤਾ ਮੰਦਰ, ਬਾਲਮੀਕ ਮੰਦਰ, ਦੁੱਧ ਦੀ ਡੇਅਰੀ, ਵੈਟਰਨਰੀ ਹਸਪਤਾਲ, ਆਕਾਲ ਐਕਡਮੀ, ਸ਼ਮਸ਼ਾਨ ਘਾਟ, ਨਗਰ ਨਿਗਮ ਕਮੇਟੀ ਦਫ਼ਤਰ, ਡਿਪੂ, ਸੈਲਰ, ਪਟਰੋਲ ਪੰਪ ਆਦਿ ਮੌਜੂਦ ਹਨ।
ਪੰਜਾਬ ਵਿਚ ਮੇਲਿਆਂ ਦਾ ਬਹੁਤ ਮਹੱਤਵ ਹੈ, ਉਥੇ ਹੀ ਇਹ ਲੋਕਾਂ ਦੇ ਰੀਤੀ ਰਿਵਾਜ ਤੇ ਸੱਭਿਆਚਾਰ ਦੀ ਗਵਾਹੀ ਭਰਦੇ ਹਨ। ਮੇਲੇ ਪ੍ਰਾਚੀਨ ਸਮੇਂ ਤੋਂ ਪ੍ਰਚਲਿਤ ਹਨ। ਇਹਨਾਂ ਮੇਲਿਆਂ ਦਾ ਮਹੱਤਵ ਇੱਕ ਤਿਉਹਾਰ ਤੋਂ ਵਾਂਗ ਮੰਨਿਆ ਜਾਂਦਾ ਹੈ। ਜਿਸ ਤਰ੍ਹਾਂ ਤਿਉਹਾਰਾਂ ਦਾ ਚਾਅ ਹੁੰਦਾ ਹੈ ਉਸੇ ਤਰ੍ਹਾਂ ਮੇਲੇ ਦਾ ਵੀ ਉਨ੍ਹਾਂ ਹੀ ਮਹੱਤਵ ਹੁੰਦਾ ਹੈ। ਜਿਸ ਵਿੱਚ ਹਰ ਪਿੰਡ ਤੇ ਸ਼ਹਿਰ ਦੇ ਲੋਕੀਂ ਸ਼ਾਮਿਲ ਹੁੰਦੇ ਹਨ। ਇਹ ਮੇਲੇ ਸਰਬ ਸਾਂਝੇ ਹੁੰਦੇ ਹਨ। ਜਿਥੇ ਸਾਰੇ ਧਰਮਾਂ ਦੇ ਲੋਕ ਇੱਕਠੇ ਹੁੰਦੇ ਹਨ।
ਪੰਜਾਬ ਵਿੱਚ ਸਥਾਨਕ ਪੱਧਰ ਦੇ ਮੇਲੇ ਜਿਵੇਂ ਸ਼ਹੀਦੀ ਜੋੜਾ ਮੇਲਾ ਫਤਿਹਗੜ੍ਹ ਸਾਹਿਬ ਜੀ, ਜਰਗ ਦਾ ਮੇਲਾ, ਮਾਲਵੇ ਦਾ ਮੇਲਾ, ਛਪਾਰ ਦਾ ਮੇਲਾ, ਮੁਕਤਸਰ ਦਾ ਮੇਲਾ, ਹੈਦਰ ਸ਼ੇਖ ਦਾ ਮੇਲਾ, ਸਾਈ ਇਲਾਹੀ ਸ਼ਾਹ ਦੀ ਦਰਗਾਹ ਦਾ ਮੇਲਾ, ਆਨੰਦਪੁਰ ਦਾ ਹੌਲਾ ਮੁਹੱਲਾ, ਦੁਆਬੇ ਦਾ ਬਾਬਾ ਸੋਢਲ ਦਾ ਮੇਲਾ, ਤੜਾਗੀਆਂ ਦਾ ਮੇਲਾ ਆਦਿ ਮੇਲਿਆਂ ਦਾ ਜ਼ਿਕਰ ਮਿਲਦਾ ਹੈ।
ਇਹਨਾਂ ’ਚ ਇੱਕ ਮੇਲਾ ਜੋ ਦਹਾਕਿਆਂ ਤੋਂ ਭਰਦਾ ਆ ਰਿਹਾ ਹੈ ਉਹ ਹੈ ਪਿੰਡ ਖਮਾਣੋਂ ਸ਼ਹਿਰ ਭਰਦਾ ਹੈ। ਇਥੇ "ਬਾਬਾ ਪੂਰਨਗਿਰ" ਜੀ ਦੀ ਸਮਾਧ ਹੈ। ਇਥੇ ਮੇਲਾ ਸਾਲ ਵਿੱਚ ਦੋ ਵਾਰ ਭਰਦਾ ਹੈ। ਇਹ ਮੇਲਾ ਦੇਸੀ ਮਹੀਨਾ ਚੇਤਰ (ਚੇਤ) ਵਿੱਚ ਭਰਿਆ ਹੈ। ਦੂਜੀ ਵਾਰ ਇਹ ਮੇਲਾ, ਪਹਿਲੇ ਨਾਰਾਤੇ, ਦੀਵਾਲੀ ਤੋਂ ਪਹਿਲਾਂ ਦੇਸੀ ਮਹੀਨਾ ਕੱਤਕ ਵਿੱਚ ਭਰਦਾ ਹੈ। ਸ਼ਹਿਰ ਦੇ ਮੇਨ ਰੋਡ ’ਤੇ ਬੱਸ ਸਟੈਂਡ ਦੇ ਸਾਹਮਣੇ ਇਸ ਦਾ ਅਸਥਾਨ ਹੈ। ਇਸ ਮੇਲੇ ਦਾ ਮਹੱਤਵ ਹੈ ਕਿ ਇੱਥੇ ਘੜੌਲੀਆਂ ਚੜ੍ਹਾਈਆਂ ਜਾਂਦੀਆਂ ਹਨ। ਨਵੀਆਂ ਜੌੜੀਆਂ ਦੇ ਮੱਥਾ ਟਕਾਇਆ ਜਾਂਦਾ ਹੈ। ਜਿਹਨਾਂ ਦੇ ਘਰ ਔਲਾਦ ਨਹੀਂ ਹੁੰਦੀ ਉਹ ਇਸ ਸਥਾਨ ’ਤੇ ਘੜੌਲੀ ਸੁੱਖ ਜਾਂਦੇ ਹਨ। ਜਦੋਂ ਸੁੱਖ ਪੂਰੀ ਹੋ ਜਾਦੀ ਹੈ ਭਾਵ ਜਿਹਨਾਂ ਦੇ ਘਰ ਔਲਾਦ ਹੋ ਜਾਂਦੀ ਹੈ ਤਾਂ ਇਥੇ ਘੜੌਲੀ ਚੜਾਉਣ ਆਉਂਦੇ ਹਨ। ਸੁੱਖਣਾ ਪੂਰੀ ਹੋਣ ’ਤੇ ਬਾਬਾ ਪੂਰਨਗਿਰ ਜੀ ਦੀ ਸਮਾਧ ’ਤੇ ਬੱਚੇ ਦਾ ਮੱਥਾ ਟਿਕਿਆ ਜਾਂਦਾ ਹੈ। ਇੱਥੇ ਪ੍ਰਸਾਦ ਵਿੱਚ ਪਤਾਸੇ ਚੜ੍ਹਾਏ ਜਾਂਦੇ ਹਨ। ਜਿਨ੍ਹਾਂ ਦੇ ਮੂੰਹ ’ਤੇ ( ਮੌਂਕੇ) ਦਾਣਿਆਂ ਦੀ ਤਰ੍ਹਾਂ ਛੋਟੇ -ਛੋਟੇ ਮਾਸ ਦਾਣੇ ਆ ਜਾਂਦਾ ਹੈ ਉਹ ਵੀ ਇਥੇ ਲੂਣ ਤੇ ਝਾੜੂ ਸੁੱਖਦੇ ਹਨ। ਜਦੋਂ ਉਨ੍ਹਾਂ ਦਾ ਇਹ ਕਸ਼ਟ ਦੂਰ ਹੋ ਜਾਂਦਾ ਹੈ ਤਾਂ ਇਥੇ ਝਾੜੂ ਤੇ ਲੂਣ ਚੜਾ ਕੇ ਜਾਂਦੇ ਹਨ। ਇਥੇ ਗੇਟ ਉੱਤੇ ਢੋਲੀ ਢੋਲ ਵਜਾਉਂਦੇ ਹਨ। ਖੁਸ਼ੀ ਵਿੱਚ ਲੋਕੀਂ ਨਵੀ ਜੌੜੀ ਨੂੰ ਜਾਂ ਜਿਨ੍ਹਾਂ ਘਰ ਬੱਚਾ ਹੋਇਆ ਹੋਵੇ ਉਹ ਢੋਲੀ ਨੂੰ ਨਾਲ ਲਿਜਾ ਢੋਲ ਵਜਾ ਮੱਥਾ ਟਿਕਾਉਂਦੇ ਹਨ। ਇਥੇ ਹਰ ਕੋਈ ਦੂਰੋਂ-ਦੂਰੋਂ ਆ ਮੱਥਾ ਟੇਕਦਾ ਹੈ। ਇਥੇ ਇੱਕ ਵੱਡਾ ਇੱਕਠ ਹੁੰਦਾ ਹੈ ਭਾਵ ਮੇਲੇ ਭਰਿਆ ਜਾਂਦਾ ਹੈ।
ਮੇਲੇ ’ਤੇ ਧਾਰਮਿਕ ਸੰਗੀਤਕਾਰ ਵੀ ਆਉਂਦੇ ਹਨ। ਜੋ ਮੇਲੇ ਦੀ ਮਹਿਮਾ ਸੁਣਾਉਂਦੇ ਹਨ। ਉਹ ਆਪਣੇ ਸੰਗੀਤ ਰਾਹੀਂ ਲੋਕਾਂ ਨੂੰ ਮੇਲੇ ਦੇ ਪ੍ਰਤੀ ਸ਼ਰਧਾ ਤੇ ਸਤਿਕਾਰ ਦੱਸਦੇ ਹਨ। ਜਿਸ ਦਾ ਹਰ ਕੋਈ ਵਿਰਤਾਂਤ ਧਿਆਨ ਨਾਲ ਸੁਣਦਾ ਹੈ। ਮੇਲੇ ਵਿੱਚ ਹਰ ਧਰਮ ਸਾਂਝਾਂ ਯੋਗਦਾਨ ਕਰ ਇਹਨਾਂ ਸੰਗੀਤਕਾਰ ਨੂੰ ਆਪਣੀ- ਆਪਣੀ ਸ਼ਰਧਾ ਅਨੁਸਾਰ ਸੇਵਾ ਭੇਟਾ ਭੇਟ ਕਰਦਾ ਹੈ।
ਮੇਲੇ ਦੀ ਰੌਣਕ ਦੇਖਿਆ ਹੀ ਦਿਖਦੀ ਹੈ। ਜਿਥੇ ਪੌਕੜੇ, ਜਲੇਬੀਆਂ ਕੱਢਦੇ ਦੁਕਾਨਾਂ ਸੜਕਾਂ ’ਤੇ ਲੱਗੀਆਂ ਹੁੰਦੀਆਂ। ਬੱਚਿਆਂ ਦੇ ਖਿਡੌਣੇ, ਬਾਸਰੀ, ਝੂਲੇ, ਬੰਸਾਰੀਆਂ ਵਾਲਾ, ਨਿਸ਼ਾਨੇ ਲਗਾਉਣੇ, ਕਾਗਜ਼ ਦੇ ਬਣੇ ਕਾਨਿਆਂ ’ਤੇ ਪੱਖੇ ਉਢਾਣਾ, ਘੌੜਿਆਂ ’ਤੇ ਬੈਠ ਝੂਲੇ ਲੈਂਦੇ ਹੋਏ ਬੱਚੇ ਜਿਥੇ ਖੂਬ ਮਜਾ ਕਰਦੇ ਹਨ, ਉਥੇ ਹੀ ਖਰੀਦਦਾਰੀ ਦੀ ਵੀ ਜ਼ਿੱਦ ਕਰਦੇ ਹਨ। ਮੇਲੇ ਵਿਚ ਇੱਕ ਗੱਲ ਬੱਚਿਆਂ ਨੂੰ ਬਹੁਤ ਚੰਗੀ ਲੱਗਦੀ ਹੈ ਇੱਕ ਭਾਈ ਮੂੰਹ ’ਚ ਪਾ ਪੌਅ ਪੌਅ ਕਰਕੇ ਵਾਜਾ ਵਜਾਉਂਦਾ ਹੈ ਜਿਸ ਨੂੰ ਹਰ ਬੱਚਾ ਖਰੀਦਦਾ ਹੈ ਤੇ ਮੇਲੇ ’ਚ ਆਪ ਵੀ ਵਜਾਉਂਦੇ ਪੌਅ -ਪੌਅ ਕਰਦੇ ਹਨ। ਮੇਲੇ ਵਿਚ ਸ਼ੌਰ ਸ਼ਰਾਬਾਂ ਬਹੁਤ ਹੁੰਦਾ ਹੈ ਪਰ ਫਿਰ ਵੀ ਮੇਲਾ ਖੂਬ ਆਨੰਦ ਵਾਲਾ ਹੁੰਦਾ ਹੈ। ਜਿਸ ਦਾ ਹਰ ਇੱਕ ਬੱਚੇ ਤੇ ਬਜ਼ੁਰਗ ਨੂੰ ਇੰਤਜਾਰ ਰਹਿੰਦਾ ਹੈ।
ਕਹਿੰਦੇ ਨੇ.....
ਤੂੜੀ ਤੰਦ ਹਾੜੀ ਸਭ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਕੱਛੇ ਮਾਰ ਵੰਝਲੀ ਆਨੰਦ ਆ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਮੇਲੇ ਦੇ ਆਨੰਦ ਦਾ ਮਾਣ ਕਿ ਹੀ ਪਤਾ ਚੱਲਦਾ ਹੈ। ਕਿ ਸਾਡੇ ਪੂਰਵਜ਼ ਮੇਲਿਆਂ ਦਾ ਅਨੰਦ ਲੈਂਦੇ ਸੀ ਤੇ ਸਰੀਰ ਨੂੰ ਫਿਟ ਰੱਖਣ ਲਈ ਇੱਥੇ ਘੋਲ ਵੀ ਕਰਵਾਏ ਜਾਂਦੇ ਸੀ। ਇਹਨਾਂ ਘੋਲਾਂ ਵਿਚ ਨੌਜਵਾਨ ਆਪਣੇ ਜੋਸ਼ ਨਾਲ ਹਿੱਸਾ ਵੀ ਲੈਂਦੇ ਸੀ।
ਭਾਵੇਂ ਸ਼ਹਿਰ 'ਚ ਡਿਵੈਲਪਮੈਂਟ ਬਹੁਤ ਹੋ ਗਈ ਹੈ, ਪਰ ਫਲਾਈਓਵਰ ਬਣ ਨਾਲ ਸ਼ਹਿਰ ਤੰਗ ਹੋ ਗਿਆ ਹੈ। ਪਰ ਲੋਕਾਂ ਦੀ ਆਸਥਾ ਘੱਟ ਨਹੀਂ ਹੋਈ, ਉਸੇ ਤਰ੍ਹਾਂ ਅੱਜ ਮੇਲਾ ਭਰਦਾ ਹੈ। ਝੂਲੇ ਲੱਗਦੇ ਹਨ, ਵੱਖੋਂ ਵੱਖਰੀਆਂ ਦੁਕਾਨਾਂ ਸਜਾਈਆਂ ਜਾਂਦੀਆਂ ਹਨ।
ਅੰਤ ਦੇਖਿਆ ਜਾਵੇ ਤਾਂ ਦਿਨ ਪਰ ਦਿਨ ਪੁਰਾਣੀਆਂ ਚੀਜ਼ਾਂ ਅਲੋਪ ਹੋ ਗਈਆਂ ਹਨ ਪਰੰਤੂ ਬੱਸ ਅੱਡੇ ਤੇ ਪਿੰਡ ਨੂੰ ਜਾਣ ਵਾਲੇ ਟੈਂਪੂ ਅੱਜ ਵੀ ਮੌਜੂਦ ਹਨ। ਸ਼ਹਿਰ ਦੇ ਨਾਲ ਪਿੰਡਾਂ ਲਈ ਸਵਾਰੀਆਂ ਟੈਂਪੂ ਤੇ ਸਫ਼ਰ ਕਰਦੀਆਂ ਨਜ਼ਰ ਆਉਂਦੀਆਂ ਹਨ। ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਪਿੰਡ ਉਨ੍ਹਾਂ ਹੀ ਖੁਸ਼ਹਾਲ ਹੈ ਜਿਨ੍ਹਾਂ ਰਾਣੀ ਖੇਮੋਂ ਸਮੇਂ ਹੁੰਦਾ ਸੀ।
ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
98785-19278