ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

27.01.2025

ਟਰੰਪ ਨੇ ਯੂਕਰੇਨ ‘ਚ ਜੰਗ ਖ਼ਤਮ ਕਰਨ ਦਾ ਕੀਤਾ ਵਾਅਦਾ- ਇਕ ਖ਼ਬਰ

ਇਹ ਤਾਂ ਇੰਜ ਹੈ ਜਿਵੇਂ ਸ਼ੇਰ ਕਹੇ ਕਿ ਉਸ ਨੇ ਮਾਸ ਖਾਣਾ ਛੱਡ ਦਿਤਾ ਹੈ।

ਚਾਈਨਾ ਡੋਰ ਬਰਾਮਦ ਹੋਣ ‘ਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ- ਐਸ.ਐਚ.ਓ.

ਲਿਫ਼ਾਫ਼ਾ ਮੋਟਾ ਹੋਵੇ ਤਾਂ ਸੋਚਿਆ ਜਾ ਸਕਦਾ ਹੈ

ਪੰਜਾਬ ਸਰਕਾਰ ਵਲੋਂ ਪਾਣੀ ਵਾਲ਼ੀ ਬਸ ਮੁੜ ਚਲਾਉਣ ਦੀ ਤਿਆਰੀ- ਇਕ ਖ਼ਬਰ

ਓਏ ਮਾਨਾ ਨਾ! ਨਾ ਮੇਰੇ ਜ਼ਖ਼ਮਾਂ ‘ਤੇ ਲੂਣ ਭੁੱਕ ਓਏ

ਰਾਜਸਥਾਨ ‘ਚ ਘੜੇ ਨੂੰ ਹੱਥ ਲਾਉਣ ‘ਤੇ ਦਲਿਤ ਵਿਅਕਤੀ ਦੀ ਕੁਟ-ਮਾਰ- ਇਕ ਖ਼ਬਰ

ਸਭ ਕਾ ਸਾਥ, ਸਭ ਕਾ ਵਿਕਾਸ।

ਭਾਜਪਾ ਆਗੂ ਪ੍ਰਵੇਸ਼ ਵਰਮਾ ਨੇ ਦਿੱਲੀ ‘ਚ ਪੰਜਾਬ ਦੀਆਂ ਗੱਡੀਆਂ ਆਉਣ ‘ਤੇ ਇਤਰਾਜ਼ ਜਤਾਇਆ- ਇਕ ਖ਼ਬਰ

ਗਲੀਆਂ ਹੋ ਜਾਣ ਸੁੰਞੀਆਂ, ਵਿਚ ਮਿਰਜ਼ਾ ਯਾਰ ਫਿਰੇ।

ਜਥੇਦਾਰ ਵਲੋਂ ਹੰਗਾਮੀ ਮੀਟਿੰਗ ਬੁਲਾਉਣ ਮਗਰੋਂ ਅਕਾਲੀ ਦਲ ਬਾਦਲ ਦੀਆਂ ਵਧੀਆਂ ਧੜਕਨਾਂ-ਇਕ ਖ਼ਬਰ

ਮਾਪੇ ਮੈਨੂੰ ਦੁੱਖ ਪੁੱਛਦੇ, ਪਾਣੀ ਮੇਰਿਆਂ ਹੱਡਾਂ ਦਾ ਸੁੱਕਦਾ।

ਟਰੰਪ ਨੇ ਪਹਿਲੇ ਦਿਨ ਹੀ ਲਏ ਕਈ ਸਖ਼ਤ ਫ਼ੈਸਲੇ- ਇਕ ਖ਼ਬਰ

ਯਾਰੀ ਲੱਗੀ ਤੋਂ ਲਵਾ ‘ਤੇ ਤਖ਼ਤੇ, ਟੁੱਟੀ ‘ਤੇ ਚੁਗਾਠ ਪੁੱਟ ਲਈ।

ਭੂੰਦੜ ਨੇ ਮੁਹਾਲੀ ‘ਚ ਆਰੰਭ ਕਰਵਾਈ ਅਕਾਲੀ ਦਲ ਦੀ ਭਰਤੀ ਮੁਹਿੰਮ- ਇਕ ਖ਼ਬਰ

ਜੱਗੇ ਜੱਟ ਦੇ ਕਬੂਤਰ ਚੀਨੇ, ਨਦੀਉਂ ਪਾਰ ਚੁਗਦੇ।

ਸਾਲ 2024 ਵਿਚ ਦੁਨੀਆਂ ਦੇ ਅਰਬਪਤੀਆਂ ਦੀ ਜਾਇਦਾਦ ਤਿੰਨ ਗੁਣਾ ਤੇਜ਼ੀ ਨਾਲ ਵਧੀ- ਆਕਸਫੈਮ

ਰਾਂਝਾ ਕੀਲ ਕੇ ਪਟਾਰੀ ਵਿਚ ਪਾਇਆ, ਹੀਰ ਬੰਗਾਲਣ ਨੇ।

ਜਥੇਦਾਰ ਉਮੈਦਪੁਰੀ ਅਤੇ ਮਨਪ੍ਰੀਤ ਸਿੰਘ ਅਯਾਲੀ ਨੇ ਵਰਕਿੰਗ ਕਮੇਟੀ ਵਲੋਂ ਲਗਾਈ ਡਿਊਟੀ ਸੰਭਾਲਣ ਤੋਂ ਨਾਂਹ- ਇਕ ਖ਼ਬਰ

ਮੈਂ ਕਿੰਜ ਮੁਕਲਾਵੇ ਜਾਵਾਂ, ਮਿੱਤਰਾਂ ਦਾ ਪਿੰਡ ਛੱਡ ਕੇ।

ਹੁਕਮਨਾਮਿਆਂ ਉਪਰੰਤ ਬਾਦਲ ਦਲ ਨੂੰ ਮੀਟਿੰਗਾਂ ਤੇ ਕਾਨਫ਼ਰੰਸਾਂ ਕਰਨ ਦਾ ਕੋਈ ਅਧਿਕਾਰ ਨਹੀਂ-ਇਕਬਾਲ ਸਿੰਘ ਟਿਵਾਣਾ

ਕਾਹਨੂੰ ਮਾਰਦੈਂ ਪਤਲਿਆ ਡਾਕੇ, ਔਖੀ ਹੋ ਜੂ ਕੈਦ ਕੱਟਣੀ।

ਕੇਜਰੀਵਾਲ ‘ਤੇ ਮੁਕੱਦਮਾ ਚਲਾਉਣ ਲਈ ਈ.ਡੀ. ਨੂੰ ਗ੍ਰਹਿ ਮੰਤਰਾਲੇ ਵਲੋਂ ਮਿਲੀ ਮੰਨਜ਼ੂਰੀ- ਇਕ ਖ਼ਬਰ

ਜਿੱਥੇ ਮਰਜ਼ੀ ਨਿਸ਼ਾਨੇ ਲਾ, ਹੁਣ ਤੇਰੇ ਦਿਨ ਬੱਲੀਏ।

ਐਡਵੋਕੇਟ ਖਹਿਰਾ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਦੋ ਸਫ਼ਿਆਂ ਦੀ ਚਿੱਠੀ ਰਾਹੀਂ ਕਾਨੂੰਨੀ ਰਾਇ ਦਿਤੀ- ਇਕ ਖ਼ਬਰ

ਖੋਲ੍ਹ ਦਿਤੀਆਂ ਕਾਨੂੰਨ ਦੀਆਂ ਘੁੰਡੀਆਂ ਮੈਂ, ਖੱਟੇ ਕਰੀਂ ਤੂੰ ਇਨ੍ਹਾਂ ਦੇ ਦੰਦ ਮੀਆਂ।

ਭਾਰਤ ਨੂੰ ਬਾਹਰੋਂ ਨਹੀਂ, ਅੰਦਰੋਂ ਖ਼ਤਰਾ ਹੈ- ਫ਼ਾਰੁਕ ਅਬਦੁੱਲਾ

ਭਾਬੀ ਮੈਨੂੰ ਡਰ ਲਗਦਾ, ਬੁਰਛਾ ਦਿਉਰ ਕੁਆਰਾ।

ਬਾਦਲ ਦਲ ਭਜਾਉ, ਹਰਿਆਣਾ ਕਮੇਟੀ ਬਚਾਉ- ਦਾਦੂਵਾਲ

ਕਿਸੇ ਨੇ ਸਹੇ ਨੂੰ ਪੁੱਛਿਆ, “ਸਹਿਆ ਸਹਿਆ ਮਾਸ ਖਾਣੈ? ਸਹਾ ਕਹਿੰਦਾ, “ ਮੈਨੂੰ ਆਪਣਾ ਬਚਾਉਣ ਦਾ ਫ਼ਿਕਰ ਪਿਆ ਹੋਇਐ”