ਰਿਸ਼ਤਿਆਂ ਦੀ ਮਹਿਕ ਮੇਰੀ ਮੇਹਣਤੀ ਧੀ ਮਨਜੀਤ ਕੈਨੇਡੀਅਨ - ਰਵੇਲ ਸਿੰਘ
ਮੈਂ ਪਿੰਡ ਵਿੱਚ ਜੰਮਿਆ ਪਲਿਆ,ਪਿੰਡ ਵਿੱਚ ਪੜ੍ਹਾਈ ਕੀਤੀ, ਤੇ ਨੌਕਰੀ ਵੀ ਪਿੰਡਾਂ ਦੀ ਹੀ ਕੀਤੀ ਤੇ ਰਿਹਾ ਵੀ ਪਿੰਡ ਵਿੱਚ ਹੀ, ਵਿਆਹ ਵੀ ਪਿੰਡ ਵਿੱਚ ਹੀ ਹੋਇਆ ।
ਭਾਂਵੇਂ ਕੁੱਝ ਸਮਾਂ ਸ਼ਹਿਰ ਵਿੱਚ ਨੌਕਰੀ ਵੀ ਕੀਤੀ ਪਰ ਰਹਿਣਾ ਮੈਂ ਪਿੰਡ ਵਿੱਚ ਹੀ ਚੰਗਾ ਸਮਝਿਆ, ਸੋ ਪਿੰਡ ਹੀ ਟਿਕਿਆ ਰਿਹਾ ।
ਬੱਚੇ ਪਿੰਡ ਦੇ ਸਕੂਲ ਦੀ ਪੜ੍ਹਾਈ ਕਰਕੇ ਸ਼ਹਿਰ ਕਾਲੇਜ ਵਿੱਚ ਵੀ ਪੜ੍ਹੇ, ਪਰ ਹੋਲੀ ਹੌਲੀ ਉਹ ਨੌਕਰੀਆਂ ਨਾ ਮਿਲਣ ਕਰਕੇ ਵਿਦੇਸ਼ਾਂ ਵਿੱਚ ਜਾ ਵੱਸੇ ।
ਜਦੋਂ ਮੈਂ ਸੇਵਾ ਮੁਕਤ ਹੋਇਆ ਤਾਂ ਮੇਰੇ ਪ੍ਰਿਵਾਰ ਦਾ ਕੋਈ ਮੈਂਬਰ ਕਿਸੇ ਨੌਕਰੀ ਆਦਿ ਤੇ ਨਹੀਂ ਲੱਗ ਸਕਿਆ ਸੀ।ਏਨਾ ਸ਼ੁਕਰ ਹੈ ਕਿ ਮੇਰੀ ਸੇਵਾ ਸੁਕਤੀ ਤੋਂ ਪਹਿਲਾਂ ਮੇਰੀਆਂ ਤਿੰਨੇ ਧੀਆਂ ਦੀ ਸ਼ਾਦੀ ਹੋ ਕੇ ਉਹ ਆਪਣੇ ਸਹੁਰੇ ਘਰੀਂ ਜਾ ਚੁਕੀਆਂ ਸਨ।ਮੇਰੇ ਦੋਵੇਂ ਬੇਟੇ ਧੀਆਂ ਤੋਂ ਛੋਟੇ ਸਨ,ਉਨ੍ਹਾਂ ਨੂੰ ਉਨ੍ਹਾਂ ਦੇ ਵਿਆਹਵਾਂ ਤੇ ਕੋਈ ਬੋਝ ਝੱਲਣਾ ਨਹੀਂ ਪਿਆ।ਦੋ ਧੀਆਂ ਪਿੰਡਾਂ ਵਿੱਚ ਹੀ ਵਿਆਹੀਆਂ ਗਈਆਂ ਸਨ।
ਪਰ ਇਨ੍ਹਾਂ ਵਿੱਚੋਂ ਇੱਕ ਵਿਚਕਾਰਲੀ ,ਮਨਜੀਤ, ਦਾ ਵਿਆਹ 1987 ਵਿੱਚ ਚੰਡੀਗੜ੍ਹ ਵਰਗੇ ਮਾਡਰਨ ਸ਼ਹਿਰ ਵਿੱਚ ਇੱਕ ਪੜ੍ਹੇ ਲਿਖੇ ਤੇ ਅਗਾਂਹ ਵਧੂ ਪ੍ਰਿਵਾਰ ਵਿੱਚ ਇਕ ਵੱਧੀਆ ਡਿਗਰੀ ਹੋਲਡਰ ਉੱਚ ਲੰਮੇ ਕੱਦ ਕਾਠ ਵਾਲੇ ਨੌਜਵਾਨ ਨਾਲ ਹੋਇਆ।ਸੁੰਦਰਤਾ,ਪੜ੍ਹਾਈ ਪੱਖੋਂ ਮੇਰੀ ਇਸ ਧੀ ਵਿੱਚ ਭਾਂਵੇਂ ਕੋਈ ਘਾਟ ਨਹੀਂ ਪਰ ਪਾੜਾ ਸਿਰਫ ਪਿੰਡ ਤੇ ਸ਼ਹਿਰ ਦਾ ਹੋਣ ਕਰਕੇ ਤੇ ਕੁੱਝ ਸਹੁਰਾ ਸਾਹਿਬ ਦੇ ਸਖਤ ਸੁਭਾਅ ਹੋਣ ਕਰਕੇ ਉਸ ਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ,ਪਰ ਉਹ ਆਪਣੀ ਮੇਹਣਤ,ਸੁਹਜ ਸਿਆਣਪ,ਤੇ ਸਹਿਣ ਸ਼ੀਲਤਾ ਕਰਕੇ ਉਸ ਪ੍ਰਿਵਾਰ ਵਿੱਚ ਕੱਟ ਗੁਜ਼ਰਣ ਵਿੱਚ ਸਫਲ ਹੋਈ,ਤੇ ਇਸ ਸੱਭ ਕੁੱਝ ਲਈ ਉਹ ਪ੍ਰਸ਼ੰਸਾ ਦੀ ਪਾਤਰ ਹੈ।
ਵਿਆਹ ਤੋਂ ਬਾਅਦ ਪ੍ਰਾਹੁਣੇ ਦੀ ਨੌਕਰੀ ਪਹਿਲਾਂ ਵੀ ਆਰਜੀ ਹੀ ਸੀ , ਪਰ ਉਹ ਛੱਡ ਕੇ ਜਿੱਥੇ ਵੀ ਮਿਲੀ ਆਰਜੀ ਤੌਰ ਤੇ ਹੀ ਮਿਲੀ ਤੇ ਘਰ ਤੋਂ ਵੀ ਦੂਰ ਹੀ ਮਿਲੀ।ਤਨਖਾਹ ਥੋੜ੍ਹੀ ਹੋਣ ਕਰਕੇ ਨਾਲ ਘਰ ਦਾ ਗੁਜਾਰਾ ਕਰਨਾ ਔਖਾ ਸੀ।ਜਿੰਦਗੀ ਦੀ ਖਿੱਚੋਤਾਣ ਏਸੇ ਤਰ੍ਹਾਂ ਹੀ ਚਲਦੀ ਰਹੀ।ਉਹਨੇਂ ਸਹੁਰੇ ਘਰ ਰਹਿੰਦਿਆਂ ਹੀ ਏਧਰੋਂ ਓਧਰੋਂ ਬੀਊਟੀ ਪਾਰਲਰ ਦਾ ਕੰਮ ਸਿੱਖ ਤਾਂ ਲਿਆ, ਪਰ ਸਹੁਰਾ ਸਾਹਬ ਦੇ ਕੱਟੜ ਧਾਰਮਿਕ ਹੋਣ ਕਰਕੇ ਘਰ ਵਿੱਚ ਉਸ ਲਈ ਇਹ ਕੰਮ ਕਰਨਾ ਔਖਾ ਸੀ, ਪਰ ਉਹ ਬਚਬਚਾ ਕੇ ਕਿਸੇ ਵੱਖਰੇ ਕਮਰੇ ਵਿੱਚ ਇਹ ਕੰਮ ਕਰਕੇ ਆਪਣੇ ਔਖੇ ਸੌਖੇ ਵੇਲੇ ਲਈ ਕੁੱਝ ਕਮਾ ਹੀ ਲੈਂਦੀ ਇਸ ਤਰ੍ਹਾਂ ਕਰਦੇ ਕਰਾਂਦੇ ਉਨ੍ਹਾਂ ਦੀ ਨੌਕਰੀ ਦੇ ਸਿਲਸਿਲੇ ਵਿੱਚ ਹੁਸ਼ਿਆਰ ਪੁਰ ਹੋ ਗਈ. ਜਿੱਥੋਂ ਉਹ ਬੜੀ ਕੋਸ਼ਸ਼ ਨਾਲ ਸਾਲ 2005 ਵਿੱਚ ਪੀ-ਆਰ ਵੀਜੇ ਤੇ ਸਾਲ 2005 ਵਿੱਚ ਆਪਣੇ ਦੋ ਬੇਟਿਆਂ ਨਾਲ ਕੈਨੇਡਾ ਆ ਗਏ ।
ਕੈਨੇਡਾ ਵਰਗੇ ਦੇਸ਼ ਵਿੱਚ ਆ ਕੇ ਸੈੱਟ ਹੋਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਏਥੇ ਆ ਕੇ ਪਿੱਛਲੀਆਂ ਕੀਤੀਆਂ ਪੜ੍ਹਾਈਆਂ ਤੇ ਡਿਗਰੀਆਂ ਵੀ ਕਿਸੇ ਕੰਮ ਜੋਗੀਆਂ ਨਹੀਂ ਰਹਿੰਦੀਆਂ, ਸੋ ਇਹ ਹਾਲ ਇਨ੍ਹਾਂ ਨਾਲ ਵੀ ਏਸੇ ਤ੍ਹਰਾਂ ਹੀ ਹੋਇਆ,ਘਰ ਵਾਲਾ ਹੁਣ ਤੀਕ ਵੱਖ ਕੰਪਨੀਆਂ ਵਿੱਚ ਟਰੱਕ ਡਰਾਈਵਰੀ ਕਰਦਾ ਤੋਂ ਬੜੀ ਔਖ ਸੌਖ ਨਾਲ ਮਸਾਂ ਇੱਕ ਟਰੱਕ ਕਿਸ਼ਤਾਂ ਤੇ ਲੈ ਕੇ ਟਰੱਕ ਦਾ ਮਾਲਿਕ ਬਣਿਆ ਹੈ।ਏਥੇ ਟਰੱਕ,ਗੱਡੀਆਂ , ਘਰ ਤੇ ਹੋਰ ਬਹੁਤ ਕੁੱਝ ਲੰਮੀਆਂ ਕਿਸ਼ਤਾਂ ਦੇ ਕਰਜੇ ਤੇ ਲੈ ਕੇ ਹੀ ਚਲਦਾ ਹੈ ।
ਮਨਜੀਤ ਏਥੇ ਆ ਕੇ ਬਿਊਟੀ ਪਾਰਲਰ ਦਾ ਕੋਰਸ ਕਰਕੇ ਹੁਣ ਕਿਤੇ ਜੌਬ ਕਰਦੀ ਹੈ ਤੇ ਆਪਣੇ ਵੱਡੇ ਤੇ ਪੂਰੇ ਸੁੱਖ ਸਹੂਲਤਾਂ ਵਾਲੇ ਘਰ ਵਿੱਚ ਰਹਿ ਰਹੀ ਹੈ।
ਉਹ ਬਚਪਣ ਤੋਂ ਹੀ ਬੜੀ ਲਾਡਲੀ ਤੇ ਸੁਹਣੀ ਸੀ । ਗੋਲ ਮਟੋਲ ਸਰੀਰ ਗੋਰਾ ਚਿੱਟਾ ਰੰਗ , ਭੂਰੇ ਵਾਲਾਂ ਤੇ ਲਾਲ ਰਿਬਨ ਵਾਲੀ ਚੂੰਡੀ ਕੀਤੀ ਜਦੋਂ ਉਹ ਵੇਹੜੇ ਵਿੱਚ ਨੱਚਦੀ ਕੁਦਾੜੀਆਂ ਮਾਰਦੀ ਤਾਂ ਵੇਹੜਾ ਭਰਿਆ ਤੇ ਸ਼ਿੰਗਾਰਿਆ ਜਾਂਦਾ । ਨਿੱਕੀ ਹੁੰਦੀ ਨੂੰ ਸਾਰੇ ਉਸ ਨੂੰ ਨਿੱਕੀ ਬਿੱਲੇ ਕਿਹਾ ਕਰਦੇ ਸਨ। ਉਹ ਆਪਣੇ ਆਪ ਨੂੰ ਕੁੜੀ ਨਹੀਂ ਸਗੋਂ ਮੁੰਡਾ ਹੀ ਸਮਝਦੀ ਸੀ ।ਵਿਆਹ ਸ਼ਾਦੀਆਂ ਤੇ ਹੋਰ ਖੁਸ਼ੀ ਦੇ ਮੌਕਿਆਂ ਤੇ ਜਦੋਂ ਕਿਤੇ ਮੇਰੇ ਨਾਲ ਜਾਂਦੀ ਤਾਂ ਹੋਰਨਾਂ ਬੱਚਿਆਂ ਵਿੱਚ ਉਸ ਦੀ ਪਛਾਣ ਵੱਖਰੀ ਦਿੱਖ ਵਾਲੀ ਤੇ ਖਿੱਚ ਵਾਲੀ ਹੁੰਦੀ। ਉਸ ਵੇਲੇ ਸਾਡੇ ਘਰ ਪੁੱਤਰ ਨਾ ਹੋਣ ਕਰਕੇ ਉਸ ਨੇ ਪੁੱਤਰਾਂ ਵਾਲਾ ਮੋਹ ਪਿਆਰ ਵੀ ਸਾਥੋਂ ਖੂਬ ਲਿਆ।
ਹੁਣ ਭਾਂਵੇ ਉਹ ਪੰਜਾਬਣ ਤੋਂ ਕੈਨੇਡੀਅਨ ਬਣ ਕੇ ਹੁਣ ਪੁੱਤ ਪੋਤਿਆਂ ਵਾਲੀ ਹੋ ਚੁਕੀ ਹੈ ਪਰ ਉਸ ਦੇ ਰੰਗ ਰੂਪ ,ਬੋਲ ਚਾਲ,ਤੋਂ ਅਜੇ ਵੀ ਮੈਨੂੰ ਉਹ ਮੇਰੀ ਬਚਪਣ ਵਾਲੀ ਲਾਡਲੀ ਧੀ ਮਨਜੀਤ ਹੀ ਲੱਗਦੀ ਹੈ ।
ਉਮਰ ਭਰ ਇਹ ਕਦੇ ਨਾ ਹੋਣ ਪਿੱਛੇ ਸਦਾ ਮੋਹ ਦਾ ਭਰਿਆ ਭੰਡਾਰ ਧੀਆਂ ।
ਕੈਰੀ ਨਜਰ ਕੋਈ ਮਾਪਿਆਂ ਵੱਲ ਵੇਖੇ, ਹੋਣ ਐਸਿਆਂ ਲਈ ਤਲਵਾਰ ਧੀਆਂ ।
ਦੁੱਖ ਸੁੱਖ ਵੇਲੇ ਸਦਾ ਹੋਣ ਹਾਜਰ , ਭਾਂਵੇਂ ਹੋਣ ਸਮੁੰਦਰੋਂ ਪਾਰ ਧੀਆਂ ।
ਧੀਆਂ ਮਾਪਿਆਂ ਦੀ ਸਦਾ ਸੁੱਖ ਮੰਗਣ ,ਭਾਂਵੇਂ ਜਾਂਣ ਉਡਾਰੀਆਂ ਮਾਰ ਧੀਆਂ ।
ਰਵੇਲ ਸਿੰਘ
Brampton C.a.