ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

03.02.2025

ਟਰੰਪ ਨੇ ਕੌਮਾਂਤਰੀ ਮੰਚ ‘ਤੇ ਕੈਨੇਡਾ ਅਤੇ ਕੈਨੇਡਾ ਵਾਲਿਆਂ ਨੂੰ ਭੰਡਿਆ- ਇਕ ਖ਼ਬਰ

ਨੀਂ ਉਹ ਲੰਬੜਾਂ ਦਾ ਮੁੰਡਾ ਬੋਲੀ ਹੋਰ ਬੋਲਦਾ। 

ਭਾਰਤ ਨੇ ਕੈਨੇਡਾ ਦੀਆਂ ਚੋਣਾਂ ਵਿਚ ਦਖਲ ਦੇਣ ਦੀ ਕੋਸ਼ਿਸ਼ ਕੀਤੀ- ਇਕ ਰਿਪੋਰਟ

ਕਾਟੋ ਦੁੱਧ ਰਿੜਕੇ, ਚੁਗ਼ਲ ਝਾਤੀਆਂ ਮਾਰੇ।

ਦਿੱਲੀ ਚੋਣਾਂ ‘ਚ ਟਿਕਟਾਂ ਨਾ ਮਿਲਣ ‘ਤੇ ‘ਆਪ’ ਦੇ ਅੱਠ ਵਿਧਾਇਕਾਂ ਨੇ ਦਿਤਾ ਅਸਤੀਫਾ- ਇਕ ਖ਼ਬਰ

ਤੇਲੀ ਕਰ ਕੇ ਰੁੱਖਾ ਖਾਈਏ, ਇਹ ਨਹੀਂ ਪੁੱਗਦਾ ਸਾਨੂੰ।

ਅਕਾਲ ਤਖ਼ਤ ਦੇ ਜਥੇਦਾਰ ਨੇ ਸੱਤ ਮੈਂਬਰੀ ਕਮੇਟੀ ਨੂੰ ਕਾਰਜਸ਼ੀਲ ਹੋਣ ਲਈ ਮੁੜ ਦਿਤੇ ਹੁਕਮ- ਇਕ ਖ਼ਬਰ

ਢੀਠਪੁਣੇ ਦੀ ਝੰਡੀ ਹੈ ਕੋਲ ਸਾਡੇ, ਥੁੱਕ ਕੇ ਚੱਟਣ ਦੀ ਸਾਨੂੰ ਕੋਈ ਸ਼ਰਮ ਨਾਹੀਂ।

ਪ੍ਰਧਾਨ ਮੰਤਰੀ ਕਦੇ ਵੀ ਲੋਕਾਂ ਦੇ ਮੁੱਦਿਆਂ ‘ਤੇ ਗੱਲ ਨਹੀਂ ਕਰਦੇ- ਪ੍ਰਿਅੰਕਾ ਗਾਂਧੀ

ਬੀਬੀ, ਇਹ ਵੋਟਤੰਤਰ ਹੈ, ਲੋਕਤੰਤਰ ਦਾ ਭਰਮ ਨਾ ਪਾਲ਼ੋ।

ਕੇਂਦਰੀ ਬਜਟ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਕੀਤਾ ਨਿਰਾਸ਼- ਹਰਪਾਲ ਸਿੰਘ ਚੀਮਾ

ਖੱਟੀ ਲੱਸੀ ਦੀ ਸੁਲਾਹ ਵੀ ਨਾ ਮਾਰੀ, ਬਾਪੂ ਤੇਰੇ ਕੁੜਮਾਂ ਨੇ।

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਲਈ ਯਤਨ ਤੇਜ਼- ਇਕ ਖ਼ਬਰ

ਰੁੱਤ ਆਈ ਗਿੱਧੇ ਪਾਉਣ ਦੀ, ਲੱਕ ਲੱਕ ਹੋ ਗਏ ਬਾਜਰੇ।

ਟਰੰਪ ਵਲੋਂ ਭਾਰਤ ਸਮੇਤ ਬ੍ਰਿਕਸ ਦੇਸ਼ਾਂ ਨੂੰ 100% ਟੈਰਿਫ਼ ਦੀ ਧਮਕੀ- ਇਕ ਖ਼ਬਰ

ਕਾਹਨੂੰ ਪਾਲ਼ਿਆ ਕੁਲੱਛਣੀ ਬੋਤਾ, ਚੜ੍ਹਦੀ ਨੂੰ ਵੱਢੇ ਦੰਦੀਆਂ।

ਜੇ ਮੈਂ ਪ੍ਰਧਾਨ ਮੰਤਰੀ ਬਣੀ ਤਾਂ ਕੈਨੇਡਾ ‘ਚੋਂ ਪੰਜ ਲੱਖ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਾਂਗੀ- ਰੂਬੀ ਢੱਲਾ

ਮਾਂ ਮਾਂ, ਜੇ ਮੈਂ ਠਾਣੇਦਾਰ ਬਣਿਆ ਪਹਿਲਾਂ ਤੇਰੇ ਪੁੜੇ ਸੇਕੂੰ।

ਸਿੱਖ ਪੰਥ ਦਾ ਸੰਕਟ ਅੱਧ ਵਿਚਕਾਰ ਛੱਡ ਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਧਰਮ ਪ੍ਰਚਾਰ ਲਈ ਹੋਏ ਵਿਦੇਸ਼ ਰਵਾਨਾ- ਇਕ ਖ਼ਬਰ

ਤੇਰੇ ਲੱਡੂਆਂ ਤੋਂ ਨੀਂਦ ਪਿਆਰੀ, ਸੁੱਤੀ ਨਾ ਜਗਾਈਂ ਮਿੱਤਰਾ।

ਸੌਦਾ ਸਾਧ ਨੂੰ ਮੁੜ ਮਿਲੀ 30 ਦਿਨਾਂ ਦੀ ਪੈਰੋਲ- ਇਕ ਖ਼ਬਰ

ਮਿੱਤਰਾਂ ਦੇ ਫੁਲਕੇ ਨੂੰ, ਨੀਂ ਮੈਂ ਖੰਡ ਦਾ ਪਲੇਥਣ ਲਾਵਾਂ।

ਭਾਜਪਾ ਚੋਣਾਂ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ- ਅਮਨ ਅਰੋੜਾ

ਨਾ ਖੇਲ੍ਹਣਾ ਨਾ ਖੇਲ੍ਹਣ ਦੇਣਾ, ਖੁੱਤੀ ਵਿਚ ਅਸੀਂ ਮੂ....ਣਾ।

ਬਾਗ਼ੀ ਅਕਾਲੀ ਧੜੇ ਦੇ ਆਗੂ ਮੁੜ ਅਕਾਲ ਤਖ਼ਤ ‘ਤੇ ਸ਼ਿਕਾਇਤ ਪੱਤਰ ਦੇਣਗੇ- ਇਕ ਖ਼ਬਰ

ਜੇ ਤੂੰ ਭਾਗਭਰੀ ਚੁੱਕ ਲਿਆਵੇਂ, ਮਣ ਘਿਉ ਤੇਰਾ ਬੋਤਿਆ।

ਅਰਬਪਤੀਆਂ ਦੀ ਕਰਜ਼ਾ ਮੁਆਫ਼ੀ ‘ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਬਣਾਵੇ ਸਰਕਾਰ- ਕੇਜਰੀਵਾਲ

ਨੀ ਐਡਾ ਤੇਰਾ ਕਿਹੜਾ ਦਰਦੀ, ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ।

ਹੁਣ ਹਨੀਪ੍ਰੀਤ ਅਤੇ ਡੇਰਾ ਪ੍ਰਬੰਧਕ ਕਮੇਟੀ ਵਿਚਕਾਰ ਛਿੜਿਆ ਵਿਵਾਦ- ਇਕ ਖ਼ਬਰ

ਕੁੰਢੀਆਂ ਦੇ ਸਿੰਙ ਫ਼ਸ ਗਏ, ਕੋਈ ਨਿਕਲੂ ਵੜੇਵੇਂ ਖਾਣੀ।

==================================================================