ਜ਼ਿਹਨ ਦੀ ਅੱਗ - ਮੁਨੀਸ਼ ਸਰਗਮ
ਜ਼ਿਹਨ ਦੀ ਅੱਗ ਨੂੰ ਸ਼ਬਦਾਂ ਦੇ ਨਾਲ ਨਾ ਨਾਪੋ
ਜ਼ਿਹਨ ਦੀ ਅੱਗ ਦਾ ਕੋਈ ਵੀ ਅਕਾਰ ਨ੍ਹੀਂ ਹੁੰਦਾ
ਦੂਰ ਰੱਖੋ ਹਮੇਸ਼ਾ ਵਸਤੂਆਂ ਦੇ ਲੈਣ ਦੇਣ ਨੂੰ
ਪਿਆਰ ਤਾਂ ਪਿਆਰ ਹੁੰਦਾ ਹੈ, ਕੋਈ ਵਪਾਰ ਨ੍ਹੀਂ ਹੁੰਦਾ
ਤੂੰ ਸ਼ੱਕ ਦੀ ਸਿਲਸਿਲੇਵਾਰ ਕਸੌਟੀ 'ਤੇ ਨਾ ਪਰਖ਼ ਮੈਨੂੰ
ਅੱਕ ਤਾਂ ਅੱਕ ਹੁੰਦਾ ਹੈ,ਅੱਕ ਖ਼ਰਾਬ ਨ੍ਹੀਂ ਹੁੰਦਾ
ਜੇ ਹੋਵੇ ਦਿਲ 'ਚ ਕੋਈ ਗੱਲ ਤਾਂ ਮੂੰਹ 'ਤੇ ਕਹਿ ਦੇਈਏ
ਮੂੰਹ ਆਈ ਬਾਤ ਦਾ ਵੀ ਸੱਜਣਾ ਕੋਈ ਇਖ਼ਲਾਕ ਨ੍ਹੀਂ ਹੁੰਦਾ
ਤੂੰ ਰੁਕ, ਮੈਂ ਦੇਖਦਾ ਹਾਂ ਤੇਰੇ ਅੱਗ ਕਿੱਥੋਂ ਕੁ ਲੱਗੀ ਹੈ
ਪਰ ਇਹ ਤਾਂ ਅੱਗ ਦਿਲ ਦੀ ਹੈ ਜਿਦ੍ਹਾ ਕੋਈ ਦਾਗ਼ ਨ੍ਹੀਂ ਹੁੰਦਾ
ਸਰਗਮ ਦੇ ਸੁਰਾਂ ਸੰਗ ਬਣਦੇ ਹਨ ਸੁਰੀਲੇ ਗੀਤ
'ਸਰਗਮ'ਦਾ ਸੁਰ ਕਦੇ ਵੀ ਤਲਵਾਰ ਨ੍ਹੀਂ ਹੁੰਦਾ।
ਮਾਨਵ - ਮੁਨੀਸ਼ ਸਰਗਮ
ਮਾਨਵ ਰੋਜ਼ ਹੀ ਘਰ ਤੋਂ ਨਿੱਕਲੇ, ਸ਼ਾਮੀਂ ਘਰ ਨੂੰ ਪਰਤੇ
ਰੋਜ਼ ਹੀ ਪੇਪਰ ਦੇਵੇ ਜ਼ਿੰਦਗੀ ਦੀ ਡਿਗਰੀ ਦੇ
ਕਹਿੰਦੇ ਸਭ ਤੋਂ ਉੱਤਮ ਪਰ ਸਭ ਤੋਂ ਔਖਾ ਹੈ ਮਾਨਵ
ਰੋਜ਼ ਤਸੀਹੇ ਝੱਲੇ ਜੁ ਤੀਜੀ ਡਿਗਰੀ ਦੇ
ਪਾਣੀ ਵਾਂਗ ਨਾ ਸੌ 'ਤੇ ਉੱਬਲੇ, ਨਾ ਜ਼ੀਰੋ 'ਤੇ ਜੰਮੇ
ਹਰ ਮਾਨਵ ਟੁੱਟਦਾ ਭੱਜਦਾ ਤੇ ਪੰਘਰੇ ਅੱਡ ਅੱਡ ਡਿਗਰੀ 'ਤੇ
ਅੰਤ ਨੂੰ ਚੱਕਰ ਪੂਰਾ ਕਰਕੇ ਅੰਤ ਹੈ ਹੋਣਾ 'ਸਰਗਮ'
ਲਿਟ ਜਾਣੈ ਕਬਰਾਂ 'ਚ ਆਖ਼ਰ ਇਕ ਸੌ ਅੱਸੀ ਡਿਗਰੀ 'ਤੇ।
ਗ਼ਜ਼ਲ - ਮੁਨੀਸ਼ ਸਰਗਮ
ਸਰਕਾਰੀ ਦਫ਼ਤਰ ਵਿਚ ਆ ਕੇ ਹਰ ਕੋਈ ਘਬਰਾਇਆ ਹੋਇਐ
ਕੀਹਦਾ ਕੀਹਦਾ ਕੰਮ ਨ੍ਹੀਂ ਹੋਇਆ, ਕੌਣ ਕੌਣ ਹੈ ਆਇਆ ਹੋਇਐ
ਇਹ ਤਾਂ ਦੱਸ ਦਿਓ ਮੈਨੂੰ ਸਾਹਿਬ ਕਿ ਮੇਰਾ ਕਸੂਰ ਹੈ ਕੀ?
ਬੰਦਾ ਹਾਂ ਮੈਂ ਬੰਦਾ, ਏਥੇ ਬੰਦੇ ਦੀ ਜੂਨੇਂ ਆਇਆ ਹੋਇਐਂ
ਹੋਰ ਬਹੁਤ ਨੇ ਏਥੇ ਜਗ ਵਿਚ ਰੱਬ ਨੂੰ ਮੰਨਣ ਵਾਲੇ
ਤੂੰ ਹੀ ਨਹੀਂ ਇਕੱਲਾ ਜਿਸਨੇ ਰੱਬ ਨੂੰ ਬੜਾ ਧਿਆਇਆ ਹੋਇਐ
ਤੂੰ ਕਰਨੈਂ ਕਰ ਕੁਝ, ਨਹੀਂ ਤਾਂ ਖਸਮਾਂ ਨੂੰ ਖਾਹ ਜਾ ਕੇ
ਮੈਂ ਵੀ ਇੱਥੇ ਤੀਕ ਸੌ ਸੌ ਧੱਕੇ ਖਾ ਕੇ ਆਇਆ ਹੋਇਐਂ
ਜੇਕਰ ਬਾਊ ਜੀ ਸਭ ਕੁਝ ਤਾਂ ਨਿਯਮਾਂ ਦੇ ਨਾਲ ਹੋਣੈਂ
ਫੇਰ ਸੱਚੇ ਬੰਦਿਆਂ ਕਾਹਨੂੰ ਸੂਲੀ ਟੰਗ ਲਟਕਾਇਆ ਹੋਇਐ
ਲਿਸਟ ਬਣਾਓ ਇਥੇ ਸਾਰੀ, ਜਿਸ ਜਿਸਨੇ ਹੈ ਰਿਸ਼ਵਤ ਖਾਧੀ
ਨਾਲੇ ਇਹ ਵੀ ਦੇਖੋ ਇਨ੍ਹਾਂ ਕਿਸ ਕਿਸਨੂੰ ਭਟਕਾਇਆ ਹੋਇਐ।
ਵਕ਼ਤ - ਮੁਨੀਸ਼ ਸਰਗਮ
ਵਕ਼ਤ ਏ, ਇਕ ਜਿਹਾ ਨਾ ਰਿਹਾ ਏ ਅੱਜ ਤੀਕ
ਬਦਲਦਾ ਰਿਹਾ ਏ, ਬਦਲਦਾ ਰਹੇਗਾ
ਹਾਲਾਤ ਦੀ ਸ਼ੈਅ 'ਤੇ ਬੇਕਰਾਰ ਦਿਲ
ਮਚਲਦਾ ਰਿਹਾ ਏ, ਮਚਲਦਾ ਰਹੇਗਾ
ਸੀਨਾ ਅੰਗਾਰਿਆਂ ਦਾ ਰਹਿੰਦੈ ਪੁਰੇ ਦੀ ਭਾਲ 'ਚ
ਸੁਲਗਦਾ ਰਿਹਾ ਏ, ਸੁਲਗਦਾ ਰਹੇਗਾ
ਸਾਗਰ ਉਮੀਦਾਂ ਦਾ ਕਦੋਂ ਸ਼ਾਂਤ ਏ ਹੁੰਦਾ
ਉਮੜਦਾ ਰਿਹਾ ਏ, ਉਮੜਦਾ ਰਹੇਗਾ
'ਸਰਗਮ' ਜ਼ਮਾਨਾ ਕੋਸ਼ਿਸ਼ਾਂ ਦੇ ਗਰਮ ਤਾਪ ਨਾਲ
ਪਿਘਲਦਾ ਰਿਹਾ ਏ, ਪਿਘਲਦਾ ਰਹੇਗਾ।
ਗ਼ਜ਼ਲ - ਮੁਨੀਸ਼ ਸਰਗਮ
ਉਮਰ ਦੇ ਛੋਟੇ, ਛੋਟੇ ਬਣ ਕੇ ਰਹਿੰਦੇ ਨਹੀਂ
ਵੱਡਿਆਂ ਨੂੰ ਵੀ ਵੱਡੇ ਬਣਨਾ ਆਉਂਦਾ ਨਹੀਂ
ਲੀਡਰ ਵੋਟਾਂ ਲੈ ਕੇ ਮੁੜ ਕੇ ਨਹੀਂ ਲੱਭਦੇ
ਜਨਤਾ ਨੂੰ ਵੀ ਰਾਹੀਂ ਤਣਨਾ ਆਉਂਦਾ ਨਹੀਂ
ਮਾਰ ਉਡਾਰੀ ਸੋਚ ਦੀ ਖੁੱਲ੍ਹੇ ਅਸਮਾਨੀਂ
ਉੱਡਦਾ ਪੰਛੀ ਪਿੰਜਰੇ ਤੜਨਾ ਚਾਹੁੰਦਾ ਨਹੀਂ
ਅਪਰਾਧੀ ਨੂੰ ਬੋਦਿਓਂ ਫੜ ਕੇ ਟੰਗੀਦੈ
ਅਪਰਾਧੀ ਖ਼ੁਦ ਸੂਲੀ ਚੜ੍ਹਣਾ ਚਾਹੁੰਦਾ ਨਹੀਂ
ਜੁਗਨੂੰ ਚਮਕੇ ਰਾਤ ਬਰਾਤੇ ਚੰਨ ਸਾਹਵੇਂ
ਚੰਨ ਨੂੰ ਜੁਗਨੂੰ ਵਾਂਗੂੰ ਮਘਣਾ ਆਉਂਦਾ ਨਹੀਂ
ਅੱਜ ਦੀ ਸੋਹਣੀ ਦਰਿਆਵਾਂ ਨੂੰ ਨਹੀਂ ਲੰਘਦੀ
ਅੱਜ ਦਾ ਰਾਂਝਾ ਕੰਨ ਪੜਵਾਉਣੇ ਚਾਹੁੰਦਾ ਨਹੀਂ।
ਕਵਿਤਾ - ਮੁਨੀਸ਼ ਸਰਗਮ
ਜਦੋਂ ਤੈਨੂੰ ਜਿਉਣ ਦਾ ਮਕਸਦ
ਪੂਰਾ ਹੁੰਦਾ ਨਾ ਦਿਸੇ
ਅਤੇ ਤੇਰੇ ਸੁਪਨਿਆਂ ਦੀ
ਮੌਤ ਹੋ ਰਹੀ ਜਾਪੇ
ਤੇਰੇ ਹੱਥ ਵਿਚ
ਕਾਗ਼ਜ਼ ਤੇ ਪੈੱਨ ਫੜਾ ਕੇ
ਤੈਨੂੰ ਕੁਝ ਹਾਲਾਤ ਬਾਰੇ
ਲਿਖਣ ਨੂੰ ਕਿਹਾ ਜਾਵੇ
ਉਦੋਂ ਜੋ ਤੂੰ ਦਿਲ ਤੋਂ ਲਿਖੇਂਗਾ
ਉਹ ਕਵਿਤਾ ਹੋਵੇਗੀ।
ਜਦੋਂ ਆਪਣੇ, ਆਪਣੇ ਹੋਣ ਦਾ
ਢੋਂਗ ਪਿਆ ਕਰਦੇ ਜਾਪਣ
ਅਤੇ ਤੂੰ ਮਰ ਮੁੱਕਿਆਂ ਨੂੰ
ਭੁੱਲਣ ਦਾ ਨਾਟਕ
ਕਰਦਿਆਂ ਵੇਖਦਾ ਏਂ
ਤੂੰ ਫੈਸਲੇ ਲੈਨਾਂ ਏਂ
ਤੇ ਘਟਨਾਵਾਂ ਨੂੰ
ਅੱਖਾਂ ਦੇ ਸਾਹਮਣੇ
ਘਟਦਿਆਂ ਵੇਖਦਾ ਏਂ
ਫਿਰ ਇਕਾਂਤ ਵਿਚ ਬਹਿ ਕੇ
ਹੋ ਚੁੱਕਿਆਂ ਨੂੰ ਸੋਚਦਾ ਏਂ
ਉਦੋਂ ਜੋ ਤੂੰ ਲਿਖੇਂਗਾ
ਉਹ ਵੀ ਕਵਿਤਾ ਹੋਵੇਗੀ।
ਮੁਨੀਸ਼ ਸਰਗਮ ਪਿੰਡ ਅਤੇ ਡਾਕਘਰ ਸਿੱਧਵਾਂ ਬੇਟ 142 033, ਤਹਿਸੀਲ ਜਗਰਾਉਂ
ਜ਼ਿਲ੍ਹਾ ਲੁਧਿਆਣਾ (ਪੰਜਾਬ) ਸੰਪਰਕ ਨੰਬਰ: 8146541700
Emai :mksargam@gmail.com