ਦੁਰ ਫਿੱਟੇ ਮੂੰਹ ਅਜਿਹੇ ਕਲਾਕਾਰਾਂ ਦੀ ਸੋਚ ਦੇ - ਮਨਜਿੰਦਰ ਸਿੰਘ ਸਰੌਦ
ਜੇਕਰ ਇੱਕ ਦਹਾਕੇ ਤੋਂ ਪਹਿਲਾਂ ਦੀ ਪੰਜਾਬੀ ਗਾਇਕੀ ਤੇ ਪੜਚੋਲਵੀਂ ਨਜ਼ਰ ਮਾਰੀਏ ਤਾਂ ਹੁਣ ਦੇ ਮੁਕਾਬਲੇ ਸ਼ਾਇਦ ਉਹ ਪਲ ਕਾਫੀ ਹੱਦ ਤੱਕ ਰਾਹਤ ਭਰੇ ਸਨ। ਕੁਝ ਇੱਕ ਨੂੰ ਛੱਡ ਕੇ ਬਹੁਤੇ ਗੀਤਾਂ ਨੂੰ ਆਪਣਿਆਂ ਵਿੱਚ ਬੈਠ ਕੇ ਸੁਣਿਆ ਜਾ ਸਕਦਾ ਸੀ। ਸਮੇਂ ਦੀ ਬਦਲੀ ਦਿਸ਼ਾ ਅਤੇ ਦਸ਼ਾ ਨੇ ਅਜਿਹਾ ਆਲਮ ਸਿਰਜ ਦਿੱਤਾ ਕਿ ਅੱਜ ਦੀ ਬਹੁਤੀ ਗਾਇਕੀ ਆਪਣਿਆਂ ਵਿੱਚ ਤਾਂ ਦੂਰ ਦੀ ਗੱਲ, ਕੱਲੇ ਬੈਠ ਕੇ ਵੀ ਸੁਣਨਯੋਗ ਨਹੀਂ ਰਹੀ।
ਇੱਕ ਸਵਾਲ ਜੋ ਵਾਰ ਵਾਰ ਉੱਠਦੈ ਹੈ ਕਿ ਆਖਰ ਜਬਲੀਆਂ ਵਾਲੇ ਕਲਾਕਾਰਾਂ ਨੂੰ ਮਾਨਤਾ ਦੇ ਕੇ ਪ੍ਰਮੋਟ ਕੌਣ ਕਰ ਰਿਹੈ ਤੇ ਕਿਸ ਨੇ ਕੀਤਾ ਹੈ ਇਹ ਕਸੂਰ ਕਿਸ ਦਾ ਹੈ ਤਾਂ ਜ਼ਿਹਨ ਤੇ ਜੋ ਜਵਾਬ ਤੈਰਨ ਲੱਗਦਾ ਹੈ ਕਿ ਕਿਤੇ ਨਾ ਕਿਤੇ ਸੁਣਨ ਵਾਲੇ ਵੀ ਵੱਡੀ ਹੱਦ ਤੱਕ ਜ਼ਿੰਮੇਵਾਰ ਨੇ ਜੇਕਰ ਅਸੀ ਇਨ੍ਹਾਂ ਲੋਕਾਂ ਨੂੰ ਮੌਕਾ ਹੀ ਨਹੀਂ ਦੇਵਾਂਗੇ ਤਾਂ ਮਾੜਾ ਤੇ ਬੇਹਿਆਤ ਗੀਤ ਗਾਉਣ ਤੋਂ ਪਹਿਲਾਂ ਇਹ ਲੋਕ ਸੌ ਵਾਰ ਸੋਚਣਗੇ। ਅਸੀਂ ਇਨ੍ਹਾਂ ਨਾਲ ਮਿੱਤਰਤਾ ਗੰਢ ਕੇ ਯਾਰੀਆਂ ਪਾ ਆਪਣੇ ਹੀ ਵਿਰਸੇ ਦੀ ਦੁਰਗਤੀ ਕਰਵਾਉਣ ਵਿੱਚ ਬਰਾਬਰ ਦੇ ਭਾਈਵਾਲ ਬਣਦੇ ਹਾਂ। ਕਦੇ ਕਦੇ ਕਿਸੇ ਪਾਸਿਓਂ ਸੰਗੀਤਕ ਸਫ਼ਰ ਦੀ ਗੰਧਲੀ ਹੋ ਚੁੱਕੀ ਆਬੋ ਹਵਾ ਦੇ ਵਿੱਚੋਂ ਠੰਢੀ ਹਵਾ ਦਾ ਬੁੱਲਾ ਜ਼ਰੂਰ ਆਉਂਦਾ ਹੈ ਜਦ ਕੋਈ ਸੂਝਵਾਨ ਸਰੋਤਾ ਿਿਨ੍ਹਾਂ ਨੂੰ ਸਵਾਲ ਕਰਦੈ ਕਿ ਤੁਸੀਂ ਕੱਚ ਘਰੜ ਗੀਤਾਂ ਰਾਹੀਂ ਕਿਹੜੇ ਸੱਭਿਆਚਾਰ ਦੀ ਸੇਵਾ ਕਰ ਰਹੇ ਹੋ ਤਾਂ ਇਨ੍ਹਾਂ ਅਖੌਤੀ ਗਵੱਈਆਂ ਦੇ ਚਿਹਰੇ ਤੇ ਬਾਰਾਂ ਵੱਜ ਜਾਂਦੇ ਨੇ ਤੇ ਇਹ ਪਸੀਨੇ ਨਾਲ ਭਿੱਜ ਕੇ ਇੱਕੋ ਰੱਟਿਆ ਰਟਾਇਆ ਜਵਾਬ ਦਿੰਦੇ ਹਨ ਕਿ ਅਸੀਂ ਤਾਂ ਜੀ ਉਹ ਗਾਉਂਦੇ ਹਾਂ ਜੋ ਨੌਜਵਾਨ ਸੁਣਦੇ ਨੇ।
ਇਨ੍ਹਾਂ ਕਲਾਕਾਰਾਂ ਦੇ ਦਿਮਾਗ ਦੀ ਸੂਈ ਪਤਾ ਨਹੀਂ ਕਿਉਂ ਇੱਥੇ ਹੀ ਅਟਕੀ ਪਈ ਹੈ। ਕੋਈ ਇਨ੍ਹਾਂ ਨੂੰ ਪੁੱਛੇ ਬਈ ਭਲੇਮਾਣਸੋ ਗੀਤ ਸੰਗੀਤ ਦੀ ਲੋੜ ਕੇਵਲ ਨੌਜਵਾਨਾਂ ਨੂੰ ਹੀ ਹੈ ਬਜ਼ੁਰਗ ਬੱਚੇ ਔਰਤਾਂ ਕਿੱਧਰ ਜਾਣਗੇ ਉਹ ਕਿੱਥੇ ਜਾ ਕੇ ਆਪਣੇ ਹਾਣ ਦਾ ਗੀਤ ਸੰਗੀਤ ਭਾਲਣ। ਸਾਡੀ ਨੌਜਵਾਨੀ ਕਿਸ ਕਦਰ ਇਨ੍ਹਾਂ ਫੁਕਰਾਪੰਥੀ ਕਲਾਕਾਰਾਂ ਦੀ ਦੀਵਾਨੀ ਹੈ ਉਸ ਦੀ ਉਦਾਹਰਨ ਇਸ ਵਰਤਾਰੇ ਤੋਂ ਸਾਫ਼ ਝਲਕਦੀ ਹੈ ਕਿ ਕਿੱਡੇ ਚੰਦਰੇ ਚੰਦਰੇ ਨਾਵਾਂ ਵਾਲੇ ਕਲਾਕਾਰਾਂ ਨੂੰ ਵੀ ਨੌਜਵਾਨੀ ਅੱਖ ਪਲਕਾਂ ਤੇ ਬਿਠਾਉਣੋ ਬਾਜ ਨਹੀਂ ਆਉਂਦੀ। ਝੱਲ ਵਲੱਲੀਆਂ ਮਾਰਨ ਵਾਲੇ ਇਨ੍ਹਾਂ ਫ਼ਨਕਾਰਾਂ ਵੱਲੋਂ ਬੜੇ ਭੱਦੇ ਭੱਦੇ ਨਾਵਾਂ ਥੱਲੇ ਆਪਣੇ ਗਰੁੱਪ ਕਾਇਮ ਕਰਕੇ ਗੰਦ ਖਿਲਾਰਿਆ ਜਾ ਰਿਹੈ। ਲੰਘੇ ਦਿਨੀਂ ਮੈਨੂੰ ਇੱਕ ਨਿੱਜੀ ਚੈਨਲ ਤੇ ਪ੍ਰੋਗਰਾਮ ਕਰਦੇ ਸਮੇਂ ਕਈ ਸਵਾਲ ਇੱਕ ਅਜੀਬ ਜਿਹੇ ਨਾਮ ਦੇ ਬੈਨਰ ਹੇਠ ਗਾਇਕੀ ਦਾ ਕੀੜਾ ਸ਼ਾਂਤ ਕਰਦੇ ਕੁੱਝ ਇੱਕ ਨੌਜਵਾਨਾਂ ਦੇ ਸੰਬੰਧ ਵਿੱਚ ਸਰੋਤਿਆਂ ਨੇ ਕੀਤੇ।
ਸੋਸ਼ਲ ਮੀਡੀਆ ਤੇ ਇਸ ਗਰੁੱਪ ਦਾ ਨਾਮ ,ਦਾ ਲੰਡਰਜ, ਦੱਸਿਆ ਜਾ ਰਿਹਾ ਹੈ ਪਿਛਲੇ ਸਮੇਂ ਇਨ੍ਹਾਂ ਅਣਸਿੱਖ ਕਲਾਕਾਰਾਂ ਨੇ ਰੱਜ ਕੇ ਗੰਦ ਬਕਿਆ ਹੈ ਜਿਸ ਨੂੰ ਮੈਂ ਬਿਆਨ ਨਹੀਂ ਕਰ ਸਕਦਾ। ਪੰਜਾਬੀਆਂ ਦੀਆਂ ਧੀਆਂ ਬਾਰੇ ਅਜਿਹੀਆਂ ਗੱਲਾਂ ਇਨ੍ਹਾਂ ਨੇ ਕੀਤੀਆਂ ਨੇ ਜਿਨ੍ਹਾਂ ਨੂੰ ਸੁਣ ਸ਼ਰਮ ਨਾਲ ਸਿਰ ਝੁਕ ਜਾਵੇ। ਕਲਾਕਾਰੋ ਜਵਾਬ ਨਹੀਂ ਤੁਹਾਡੀ ਸੋਚ ਤੇ ਅਕਲ ਦਾ ਤੁਸੀਂ ਤਾਂ ਆਪਣੇ ਹੀ ਵਿਰਸੇ ਅਤੇ ਸੱਭਿਆਚਾਰ ਦੇ ਮੱਥੇ ਤੇ ਕਲੰਕ ਬਣ ਕੇ ਬੈਠ ਗਏ।
ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਚੰਗਾ ਗਾਉਣ ਵਾਲਿਆਂ ਨੂੰ ਪੁੱਛਦਾ ਕੌਣ ਹੈ। ਹਫਤਾ ਕੁ ਲੰਘੇ ਇੱਕ ਵਿਆਹ ਦੌਰਾਨ ਵਧੀਆ ਗਾਇਕੀ ਦੇ ਵਾਰਿਸ ਸੱਭਿਅਕ ਗੀਤਾਂ ਨੂੰ ਪ੍ਰਣਾਈ ਸੋਚ ਦੇ ਮਾਲਕ ਗਾਇਕ ਸੁਖਵਿੰਦਰ ਸਿੰਘ ਸੁੱਖੀ ਦਾ ਕੁੱਝ ਸਮੇਂ ਲਈ ਅਖਾੜਾ ਸੁਣਿਆ ਜਿਸ ਨੂੰ ਸ਼ਰਾਬੀ ਸਰੋਤਿਆਂ ਅਤੇ ਬਾਕੀ ਬਰਾਤੀਆਂ ਨੇ ਰੂਹ ਨਾਲ ਪੁਰਾਣੇ ਕਲਾਕਾਰਾਂ ਦੀ ਤਰ੍ਹਾਂ ਮਾਣ ਦਿੱਤਾ ਇੱਕ ਵੀ ਗੀਤ ਇਸ ਸਾਊ ਕਲਾਕਾਰ ਨੇ ਅਜਿਹਾ ਨਹੀਂ ਗਾਇਆ ਜਿਸ ਨੂੰ ਸਾਡਾ ਸਮਾਜ ਪ੍ਰਵਾਨ ਨਾ ਕਰਦਾ ਹੋਵੇ। ਜੇ ਸੋਚੀਏ ਤਾਂ ਉਸ ਕਲਾਕਾਰ ਦਾ ਚੁਲ੍ਹਾ ਵੀ ਵਧੀਆ ਗੀਤਾਂ ਦੇ ਸਿਰ ਤੇ ਚੰਗਾ ਬਲਦੈ। ਆਹ ਲੰਡਰ ਭਾਈਚਾਰੇ ਨੂੰ ਅਜਿਹੀ ਕਿਹੜੀ ਭੀੜ ਪਈ ਹੈ ਬਈ ਇਹ ਊਲ ਜਲੂਲ ਬਕੀ ਜਾਂਦੇ ਨੇ।
ਇਨ੍ਹਾਂ ਨੂੰ ਇੱਕ ਰਾਏ ਦੇਣੀ ਚਾਹਾਂਗਾ ਕਿ ਵਧੀਆ ਗੀਤ ਗਾਉਣ ਵਾਲੇ ਵੀ ਚੰਗੀ ਜ਼ਿੰਦਗੀ ਬਸਰ ਕਰਦੇ ਨੇ ਤੁਸੀਂ ਕਿਉਂ ਖਰੂਦ ਪਾ ਕੇ ਸਮਾਜ ਅੰਦਰ ਨੈਤਿਕ ਕਦਰਾਂ ਕੀਮਤਾਂ ਨੂੰ ਤਹਿਸ ਨਹਿਸ ਕਰਦੇ ਹੋ। ਧਿਆਨ ਦਿਉ ਜ਼ਰਾ ਸੀਡੀ ਲਾ ਕੇ ਗਾਉਣ ਵਾਲਿਓ ਕਿਉਂ ਨਹੀਂ ਤੁਸੀਂ ਵੀ ,ਦੁਨੀਆਂ ਤੇ ਸਭ ਤੋਂ ਪਿਆਰਾ ਹੁੰਦਾ ਪਤੀ ਨਾਰ, ਨੂੰ ਵਰਗੇ ਵਧੀਆ ਗੀਤਾਂ ਦੀ ਮਾਲਕ ਗਾਇਕਾ ਬੀਬੀ ਦੇ ਗੀਤਾਂ ਤੋਂ ਸੇਧ ਲੈ ਕੇ ਗੀਤ ਲਿਖਦੇ ਜਾਂ ਗਾਉਂਦੇ। ਤੁਹਾਡੇ ਨਾਲੋਂ ਤਾਂ ਕਰਨਾਟਕ ਦਾ ਪ੍ਰੋਫੈਸਰ ਪੰਡਤ ਰਾਓ ਧਰੇਨਵਰ ਹੀ ਚੰਗਾ ਹੈ ਜਿਹੜਾ ਦੂਜੇ ਸੂਬੇ ਵਿੱਚ ਆ ਕੇ ਵੀ ਉੱਥੋਂ ਦੀ ਮਾਂ ਬੋਲੀ ਨੂੰ ਪਿਆਰ ਕਰਦਾ ਹੈ!
ਮੇਰੇ ਖਿਆਲ ਮੁਤਾਬਕ ਅਗਲਾ ਸਮਾਂ ਅਜਿਹਾ ਆਏਗਾ ਕਿ ਜੇਕਰ ਅਖੌਤੀ ਗਵੱਈਆਂ ਨੇ ਆਪਣੇ ਖ਼ਰਚੇ ਅਤੇ ਖਾਹਿਸ਼ਾਂ ਨੂੰ ਇਸੇ ਤਰ੍ਹਾਂ ਵਧਾ ਕੇ ਨੌਜਵਾਨੀ ਨੂੰ ਗਲਤ ਰਸਤੇ ਤੇ ਤੋਰੀ ਰੱਖਿਆ ਤਾਂ ਇਹ ਵੀ ਖੁਦਕੁਸ਼ੀਆਂ ਦੇ ਰਾਹ ਪੈਣਗੇ। ਕਿਉਂਕਿ ਜੋ ਇਨਸਾਨ ਆਪਣੀ ਹਵਸ ਤੇ ਸੋਹਰਤ ਖਾਤਰ ਸਮਾਜ ਨੂੰ ਵਿਗਾੜਦਾ ਹੈ ਆਖਰ ਉਹ ਆਪਣੇ ਹੀ ਬੁਣੇ ਜਾਲ ਵਿੱਚ ਫਸ ਕੇ ਦਮ ਤੋੜ ਦਿੰਦਾ ਹੈ। ਸੋ ਸੰਭਲ ਸਕਦੇ ਹੋ ਤਾਂ ਸੰਭਲ ਜਾਵੋ ਸਮਾਂ ਹੱਥਾਂ ਵਿੱਚੋਂ ਰੇਤ ਦੀ ਤਰ੍ਹਾਂ ਕਿਰਦਾ ਜਾ ਰਿਹਾ ਹੈ
ਮਨਜਿੰਦਰ ਸਿੰਘ ਸਰੌਦ
ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਲੇਖਕ ਮੰਚ
9463463136
26 Oct. 2018