ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
17.02.2025
ਪੰਜਾਬ ਨੂੰ ਇਕ ਮਾਡਲ ਸੂਬਾ ਬਣਾਉਣ ਲਈ ਦਿੱਲੀ ਦੀ ਮੁਹਾਰਤ ਦੀ ਵਰਤੋਂ ਕਰਾਂਗੇ- ਭਗਵੰਤ ਮਾਨ
ਮਾਨ ਸਾਹਿਬ, ਦਿੱਲੀ ਦੇ ਮਹਾਂਰਥੀ ਚੰਡੀਗੜ੍ਹ ‘ਚ ਬੈਠੇ ਪਹਿਲਾਂ ਹੀ ਮਾਡਲ ਸੂਬਾ ਬਣਾ ਰਹੇ ਐ!
ਉੱਤਰ ਪ੍ਰਦੇਸ਼ ਦੀ ‘ਡਬਲ ਇੰਜਣ’ ਸਰਕਾਰ ਕਰ ਰਹੀ ਹੀ ‘ਡਬਲ ਬਲੰਡਰ’ - ਅਖਿਲੇਸ਼ ਯਾਦਬ
ਮੈਂ ਡਿਪਟੀ ਦੀ ਸਾਲ਼ੀ, ਕੈਦ ਕਰਾ ਦਊਂਗੀ।
ਦਿੱਲੀ ਦੀ ਹਾਰ ਤੋਂ ਬਾਅਦ ਮਾਨ ਸਰਕਾਰ ਅੰਦਰ ਹਲਚਲ ਛਿੜੀ- ਰੰਧਾਵਾ
ਨੱਚਾਂ ਮੈਂ ਪਟਿਆਲੇ, ਮੇਰੀ ਧਮਕ ਜਲੰਧਰ ਪੈਂਦੀ।
ਸਿਖਿਆ ‘ਚ ਕਿਸੇ ਨਾਲ ਵੀ ਵਿਤਕਰਾ ਨਾ ਕੀਤਾ ਜਾਵੇ- ਸੁਪਰੀਮ ਕੋਰਟ
ਹੋਰ ਕੁਝ ਵੀ ਨਹੀਂ ਅਸੀਂ ਦੇਣ ਜੋਗੇ, ਮਿੱਟੀ ਗੋਂਗਲੂਆਂ ਦੇ ਉੱਤੋਂ ਝਾੜਦੇ ਹਾਂ।
ਜਾਖੜ ਦੀ ਹਾਲਤ ‘ ਨਾ ਘਰ ਦੇ ਰਹੇ ਨਾ ਘਾਟ ਦੇ’ ਵਾਲ਼ੀ ਹੋ ਗਈ ਹੈ- ਨੀਲ ਗਰਗ
ਨਾ ਖੁਦਾ ਹੀ ਮਿਲਾ, ਨਾ ਵਿਸਾਲੇ-ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ।
ਅਡਾਨੀ ਲਈ ਰਾਹਤ: ਟਰੰਪ ਨੇ ਵਿਦੇਸ਼ੀ ਰਿਸ਼ਵਤਖੋਰੀ ਕਾਨੂੰਨ ਨੂੰ ਲਾਗੂ ਕਰਨ ’ਤੇ ਲਗਾਈ ਰੋਕ- ਇਕ ਖ਼ਬਰ
ਲੱਡੂ ਵੰਡਦੀ ਗਲ਼ੀ ਦੇ ਵਿਚੋਂ ਨਿਕਲਾਂ, ਜੇ ਪਹਿਲੀ ਪੇਸ਼ੀ ਯਾਰ ਛੁੱਟ ਜਾਏ।
ਸਾਰੇ ਜਥੇਦਾਰਾਂ ਦੀ ਮੀਟਿੰਗ ਸੱਦ ਕੇ ਗਿਆਨੀ ਰਘਬੀਰ ਸਿੰਘ ਸੁਖਬੀਰ ਬਾਦਲ ਨੂੰ ਪੰਥ ‘ਚੋਂ ਛੇਕਣ- ਦਾਦੂਵਾਲ
ਨਾ ਰਹੇ ਬਾਂਸ, ਨਾ ਵੱਜੇ ਬੰਸਰੀ।
ਸ਼੍ਰੋਮਣੀ ਅਕਾਲੀ ਦਲ ਨੂੰ ‘ਸ਼੍ਰੋਮਣੀ ਭਗੌੜਾ ਦਲ’ ਆਖਣਾ ਵਾਜਬ ਹੋਵੇਗਾ- ਗਿਆਨੀ ਹਰਪ੍ਰੀਤ ਸਿੰਘ
ਮੈਂ ਕੋਈ ਝੂਠ ਬੋਲਿਆ, ਮੈਂ ਕੋਈ ਕੁਫ਼ਰ ਤੋਲਿਆ। ਕੋਈ ਨਾ ਬਈ ਕੋਈ ਨਾ!
ਭਾਜਪਾ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਜਿੱਤ ਸਕਦੀ- ਲਾਲੂ ਯਾਦਵ ਦਾ ਦਾਅਵਾ
ਪਰੇ ਹਟ ਜਾ ਬਲਦ ਸਿੰਙ ਮਾਰੂ, ਨੀਂ ਸੋਨੇ ਦੇ ਤਵੀਤ ਵਾਲ਼ੀਏ।
ਪਾਕਿਸਤਾਨ ਦੇ ਸਿੱਖਾਂ ਵਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿਚ ਹਾਅ ਦਾ ਨਾਅਰਾ- ਇਕ ਖ਼ਬਰ
ਮੈਨੂੰ ਬਗਲੀ ਸਿਖਾ ਦੇ ਗਲ਼ ਪਾਉਣੀ, ਚੱਲੂੰਗੀ ਤੇਰੇ ਨਾਲ ਜੋਗੀਆ।
ਪਰਵਾਸੀਆਂ ਦੇ ਦੇਸ਼ ਨਿਕਾਲੇ ‘ਤੇ ਪੋਪ ਨੇ ਕੀਤੀ ਟਰੰਪ ਪ੍ਰਸ਼ਾਸਨ ਦੀ ਨਿੰਦਾ- ਇਕ ਖ਼ਬਰ
ਅੰਬਰਸਰੀਆ ਮੁੰਡਿਆ ਵੇ ਕੱਚੀਆਂ ਕਲੀਆਂ ਨਾ ਤੋੜ।
ਮੀਟਿੰਗ ‘ਚ ਤੀਜੀ ਧਿਰ ਦੇ ਸ਼ਾਮਲ ਨਾ ਹੋਣ ਕਰ ਕੇ ਕਿਸਾਨ ਜਥੇਬੰਦੀਆਂ ‘ਚ ਏਕੇ ਦਾ ਫ਼ੈਸਲਾ ਨਾ ਹੋ ਸਕਿਆ- ਇਕ ਖ਼ਬਰ
ਨਾ ਖੇਡਣਾ ਨਾ ਖੇਡਣ ਦੇਣਾ, ਖੁੱਤੀ ਵਿਚ ਅਸੀਂ ਮੂ...ਣਾ।
ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ‘ਚ ਆਏ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ- ਇਕ ਖ਼ਬਰ
ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ਼ ਵੀ ਵਿੰਗਾ ਨਾ ਹੋਵੇ।
ਸ਼੍ਰੋਮਣੀ ਕਮੇਟੀ ਦੇ ਕਈ ਮੈਂਬਰਾਂ ਨੇ ਹੁਣ ਧਾਮੀ ਤੋਂ ਮੰਗਿਆ ਅਸਤੀਫ਼ਾ- ਇਕ ਖ਼ਬਰ
ਚੁੱਕ ਚਰਖ਼ਾ ਪਰ੍ਹਾਂ ਕਰ ਪੀੜ੍ਹੀ, ਛੜਿਆਂ ਨੇ ਬੋਕ ਬੰਨ੍ਹਣਾ।
ਸੁਖਬੀਰ ਬਾਦਲ ਦੀ ਤਾਨਾਸ਼ਾਹੀ ਵਿਰੁੱਧ ਰਣਨੀਤੀ ਉਲੀਕਣ ਦਾ ਸਮਾਂ ਆ ਗਿਐ- ਭਾਈ ਰਾਮ ਸਿੰਘ
ਡਾਂਗ ਮੇਰੀ ਖ਼ੂਨ ਮੰਗਦੀ, ਜੱਟ ਵੜ ਕੇ ਚਰ੍ਹੀ ਵਿਚ ਬ੍ਹੜਕੇ।
=================================================================