ਪੁਸਤਕ ਸਮੀਖਿਆ - ਸ਼ਿਵਨਾਥ ਦਰਦੀ

ਪੁਸਤਕ :- "ਦਰਦਾਂ ਦੀ ਆਤਮਕਥਾ"
ਲੇਖਕ :- ਪਵਨ ਹਰਚੰਦਪੁਰੀ
ਸੰਪਰਕ:- 9417034029
ਪਬਲੀਕੇਸ਼ਨਜ :- ਸਪਰੈੱਡ ਪਬਲੀਕੇਸ਼ਨ ( ਪਟਿਆਲਾ)
ਮੁੱਲ :- 220/- ਰੁਪਏ
ਸਫੇ :- 112
  ਗ਼ਜ਼ਲ ਇੱਕ ਐਹੋ ਜਿਹੀ ਸਿਨਫ਼ ਹੈ ਜਿਸ ਵਿਚ ਅਕਸਰ ਸਰੋਕਾਰਾਂ,ਵਿਚਾਰਾਂ ਅਤੇ ਭਾਵਾਂ ਦਾ ਵੰਨਸੁਵੰਨਾ ਦ੍ਰਿਸ਼ ਹੁੰਦਾ ਹੈ। ਅੱਜ ਪੰਜਾਬੀ ਸਾਹਿਤਕ ਗਲਿਆਰਿਆਂ ਅੰਦਰ ਨਵੇ ਸਾਇਰਾਂ ਧੜਾਧੜ ਗ਼ਜ਼ਲ ਲਿਖੀ ਜਾ ਰਹੀ ਤੇ ਗ਼ਜ਼ਲ ਦੇ ਮਾਹਿਰਾਂ ਵੱਲੋ ਇਸ ਨੂੰ ਹੋਰ ਵੀ ਖੂਬਸੂਰਤ ਦੇਣ ਲਈ ਖੋਜ ਪੱਤਰ ਅਤੇ ਕਿਤਾਬਾਂ ਸੰਪਾਦਕ ਕੀਤੀਆਂ ਜਾ ਰਹੀਆਂ ਹਨ।
   ਮੈ ਅੱਜ ਗੱਲ ਕਰਨ ਜਾ ਰਿਹਾ ਪੰਜਾਬੀ ਮਾਂ ਬੋਲੀ ਨਾਮਵਰ ਸਾਹਿਤਕਾਰ 'ਪਵਨ ਹਰਚੰਦਪੁਰੀ' ਜੀ ਦੇ ਗ਼ਜ਼ਲ ਸੰਗ੍ਰਿਹ "ਦਰਦਾਂ ਦੀ ਆਤਮਕਥਾ" ਦੀ। ਪਵਨ ਹਰਚੰਦਪੁਰੀ ਜੀ ਬਹੁਤ ਮਿਹਨਤ ਲਗਨ ਵਾਲੇ ਸਾਹਿਤ-ਕਰਮੀ ਹਨ ਅਤੇ 'ਕੇਦਰੀ ਲੇਖਕ ਸਭਾ ਸੇਖੋ (ਰਜਿ) ਦੇ ਮੌਜੂਦਾ ਪ੍ਰਧਾਨ ਹਨ । ਉਹ ਪੰਜਾਬੀ ਦੇ ਬਹੁ-ਵਿਧਾਈ ਲੇਖਕ ਹਨ। ਇਸ ਤੋ ਪਹਿਲਾ ਵੀ ਏਨਾ ਦੀਆਂ ਕਈ ਕਿਤਾਬਾਂ ਸਹਿਤਕ ਖੇਤਰ ਵਿਚ, ਸਹਿਤਕ ਪੁਰਸਕਾਰ ਹਾਸਿਲ ਕਰ ਚੁੱਕੀਆਂ ਹਨ। ਏਨਾ ਕਈ ਬਾਲ ਕਾਵਿ-ਸੰਗ੍ਰਿਹ, ਮਹਾਂ ਕਾਵਿ,ਗੀਤ ਸੰਗ੍ਰਿਹ, ਕਹਾਣੀ ਸੰਗ੍ਰਿਹ ਅਨੁਵਾਦ ਤੇ ਸੰਪਾਦਕ ਅਤੇ ਰਚੇ ਹੋਏ ਹਨ।
    ਪਵਨ ਹਰਚੰਦਪੁਰੀ ਜੀ ਦੀ ਨਿਡਰ ਤੇ ਬੇਖੌਫ ਕਲਮ ਕਾਗਜ ਦੇ ਸੀਨੇ ਤੇ ਜਾਲਮ,ਲੁਟੇਰਿਆਂ, ਘਮੰਡੀ,ਮਾਨਵ ਵਿਰੋਧੀ ਰਾਜਸੀ ਹਾਕਮਾਂ ਵਿਰੁੱਧ ਅੰਦੋਲਨ ਦਾ ਐਲਾਨ ਕਰਦੀ ਹੈ ਅਤੇ ਜ਼ਮੀਰ ਵਾਲਿਆਂ ਨੂੰ ਠੋਕਰ ਮਾਰ ਜਗਾਉਂਦੀ ਹੈ ਤੇ ਹਾਅ ਦਾ ਨਾਅਰਾ ਮਾਰਦੀ ਕਹਿੰਦੀ :-
   ਜਮੀਰਾਂ ਮਹਿੰਗੀਆਂ ਵਿਕੀਆਂ ਭਾਵੇ ਸਸਤੀਆਂ ਵਿਕੀਆਂ
   ਸ਼ਰੇ ਬਾਜ਼ਾਰ ਵਿੱਚ ਆਕੇ ਕਈ ਅੱਜ ਹਸਤੀਆਂ ਵਿਕੀਆਂ
   ਰੋ ਪਈ 'ਹਰਚੰਦਪੁਰੀ' ਫਿਰ ਮੁਲਕ ਆਪਣੇ ਦੀ ਜ਼ਮੀਰ
   ਜਦ ਵਿੱਕ ਗਏ ਮਲਾਹ ਤੇ ਨਾਲ ਕਿਸ਼ਤੀਆਂ ਵਿਕੀਆਂ
 ਅੱਜ ਮਨੁੱਖ ਤਰੱਕੀ ਕਰ ਕੁਦਰਤ ਨੂੰ ਭੁਲਦਾ ਜਾਦਾਂ, ਹਰਚੰਦਪੁਰੀ ਜੀ ਦੀ ਗ਼ਜ਼ਲ ਮਨੁੱਖ ਨੂੰ ਕੁਦਰਤ ਤੇ ਜੀਵ ਜੰਤੂਆਂ ਨਾਲ ਪਿਆਰ ਕਰਨ ਦਾ ਸੁਨੇਹਾ ਦਿੰਦੀ ।
    ਆਪਣੇ ਘਰਾਂ 'ਚ ਹੁਣ ਅਸੀ ਪੱਥਰ ਲਵਾ ਲਏ ਨੇ
    ਜੀਵਾਂ ਤੇ ਜੰਤੂਆਂ ਤੋ ਮੁਖੜੇ ਭਵਾ ਲਏ ਨੇ
    ਕੁਦਰਤ ਦੀ ਗੋਦ ਵਿੱਚ ਹੀ ਪਲਿਆਂ ਹੈ ਆਦਮੀ
   'ਹਰਚੰਦਪੁਰੀ' ਹੁਣ ਫ਼ਰਕ ਕਿਉ ਕੁਦਰਤ ਤੋ ਪਾ ਲਏ ਨੇ
  ਕਦੇ ਕਦੇ ਸ਼ਾਇਰ ਦੀ ਸੋਚ ਅੰਬਰ ਦੇ ਹਾਣ ਦਾ ਹੋਣ ਵੱਲ ਚਲੀ ਜਾਦੀ ਹੈ ਤੇ ਲਿਖਦੀ ਹੈ :-
    ਹੋ ਜਾਂਦਾ ਜੇ ਮੈ ਵੀ ਕਦੇ ਅੰਬਰ ਦੇ ਹਾਣ ਦਾ
    ਚੰਨ ਤਾਰਿਆਂ ਦਾ ਜੀਵਨ ਮੈ ਵੀ ਫਿਰ ਮਾਣ ਦਾ
    ਕਰਮ ਕਰਦਾ ਰਹਿ 'ਪਵਨ' ਨਾ ਫਲ ਦੀ ਰੱਖ ਤੂੰ ਆਸ
    ਐਵੇ ਕਿਉ ਸੋਚ-ਸੋਚ ਕੇ ਰਹੇ ਰੇਤਾ ਤੂੰ ਛਾਣਦਾ
  'ਪਵਨ ਹਰਚੰਦਪੁਰੀ' ਜੀ ਕਲਮ ਮੁਹੱਬਤ ਦੀ ਗੱਠੜੀ ਬੰਨ ਤੁਰ ਗਏ ਮੁਹੱਬਤੀ ਦਿਲਬਰ ਦੀ ਯਾਦ ਵਿੱਚ ਪੀੜਾਂ ਨੂੰ ਕਾਗਜ਼ ਤੇ ਉਤਾਰ ਕੀ ਬਿਆਨ ਕਰਦੀ । ਸੇਅਰ ਵੱਲ ਧਿਆਨ ਦੇਣਾ :-
    ਪਿਆਰ ਦਾ ਬੂਟਾ ਦਿਲ ਦੇ ਵਿਹੜੇ ਲਾ ਕੇ ਚਲਾ ਗਿਆ
    ਬਿਨਾ ਕਹੇ ਹੀ ਮੈਨੂੰ ਕੁਝ ਸਮਝਾ ਕੇ ਚਲਾ ਗਿਆ
    'ਹਰਚੰਦਪੁਰੀ' ਦਿਲ ਕਮਲਾ ਹੈ ਦੀਵਾਨਾ ਹੈ ਮੇਰਾ
    ਇਸ਼ਕ ਦੇ ਅਰਮਾਨਾਂ ਨੂੰ ਭੜਕਾ ਕੇ ਚਲਾ ਗਿਆ
 ਅਜੋਕੇ ਯੁੱਗ ਅੰਦਰ ਬੰਦਾ ਬੇਵੱਸ ਹੋਇਆਂ ਚਿੰਤਤ ਮਨ ਲੈ ਇਧਰ-ਉਧਰ ਭਟਕ ਰਿਹਾ।ਉਸ ਨੂੰ ਕਿਤੇ ਚਾਨਣ ਨਹੀ ਦਿਖ ਰਿਹਾ।ਓਹ ਆਪਣਾ ਆਪ ਲੱਭ ਰਿਹਾ। ਓਹ ਕਿਥੇ ਖੋ ਗਿਆਂ ' ਹਰਚੰਦਪੁਰੀ' ਜੀ ਦੇ ਗ਼ਜ਼ਲ ਸੇਅਰ ਦੱਸਦੇ ਨੇ :-
     ਚਿੰਤਾ ਵਿਚ ਡੁਬੋਇਆ ਬੰਦਾ
     ਫਿਰਦਾ ਹੈ ਅਧਮੋਇਆ ਬੰਦਾ
    ਕਿਸ ਥਾਂ ਜਾ ਕੇ ਉਮਰ ਲੰਘਾਵੇ
    ਘਰ ਤੋ ਬੇਘਰ ਹੋਇਆ ਬੰਦਾ
    'ਹਰਚੰਦਪੁਰੀ' ਫੜ ਬਾਂਹ ਬੰਦੇ ਦੀ
    ਨ੍ਹੇਰੇ ਦੇ ਵਿਚ ਖੋਇਆ ਬੰਦਾ
'ਪਵਨ ਹਰਚੰਦਪੁਰੀ' ਇਕ ਸਾਫ ਸੁਥਰੇ ਅਕਸ ਦਾ ਮਾਲਕ ਹੈ। ਓਨਾਂ ਅੰਦਰ ਪਿਆਰ ਦੀ ਗੰਗਾ ਵਗਦੀ ਹੈ ਤੇ ਇਲਾਹੀ ਜੋਤ ਹਮੇਸ਼ਾਂ ਜਗਦੀ ਰਹਿੰਦੀ ਹੈ । ਇਸ ਕਰਕੇ ਖੁਦਾ ਨੂਰ ਕਲਮ ਦੇ ਰਾਹੀ ਬਰਸਦਾ ਰਹਿੰਦਾ ਹੈ ਅਤੇ ਸਾਡੇ ਨਾਲ ਮੁਹੱਬਤੀ ਸਾਂਝ ਪਾਉਂਦਾ ਹੈ। ਓਨਾਂ ਖੂਬਸੂਰਤ ਗ਼ਜ਼ਲ ਦੇ ਸੇਅਰਾਂ ਦੀ ਜੁਬਾਨ :-
      ਪਿਆਰ ਦੀ ਗੰਗਾ ਭਾਵੇ ਮਨ ਵਿਚ ਵਗਦੀ ਹੈ
      ਚਿੰਤਨ ਦੀ ਚੰਗਿਆੜੀ ਅੰਦਰੋ ਮਘਦੀ ਹੈ
      ਤੀਜਾ ਨੇਤਰ ਖੁੱਲ੍ਹ ਜਾਵੇ ਜਦ ਬੰਦੇ ਦਾ
     ਜੋਤ ਇਲਾਹੀ ਮਨ ਮੰਦਰ ਵਿੱਚ ਜਗਦੀ ਹੈ
     ਸੋਚ ਸਿਦਕ 'ਹਰਚੰਦਪੁਰੀ' ਜਿਸ ਪੱਲੇ ਹੈ
     ਮੁੱਖ 'ਤੇ ਆਭਾ ਸੂਰਜ ਵਾਗੂੰ ਦਗਦੀ ਹੈ
'ਪਵਨ ਹਰਚੰਦਪੁਰੀ' ਜੀ ਦਾ ਗ਼ਜ਼ਲ ਸੰਗ੍ਰਿਹ "ਦਰਦਾਂ ਦੀ ਆਤਮਕਥਾ" ਪੜਦਿਆਂ ਮਨ ਦਾ ਪੰਛੀ ਆਪ ਮੁਹਾਰੇ ਪਰਵਾਜ਼ ਭਰਨ ਲੱਗਦਾ ਤੇ ਅੰਬਰਾਂ ਨੂੰ ਛੂਹਦਾ ਹੈ । ਅਸੀ ਜਿਵੇਂ ਜਿਵੇਂ ਅਸੀ ਗ਼ਜ਼ਲਾਂ ਨਾਲ ਸਾਂਝ ਪਾਉਂਦੇ ਹਾਂ ਤੇ ਓਨਾਂ ਰੰਗ ਵਿਚ ਰੰਗੇ ਜਾਂਦੇ ਹਾਂ।
  'ਪਵਨ ਹਰਚੰਦਪੁਰੀ' ਜੀ ਨੂੰ ਖੂਬਸੂਰਤ ਗ਼ਜ਼ਲ ਸੰਗ੍ਰਿਹ "ਦਰਦਾਂ ਦੀ ਆਤਮਕਥਾ" ਦੀ ਮੁਬਾਰਕਬਾਦ। ਓਹ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣ। ਆਮੀਨ
     ਸ਼ਿਵਨਾਥ ਦਰਦੀ ਫ਼ਰੀਦਕੋਟ
       ਫਿਲਮ ਜਰਨਲਿਸਟ
    ਸੰਪਰਕ:- 9855155392