ਸੋ ਕਿਉ ਮੰਦਾ ਆਖੀਐ - ਸੁਖਪਾਲ ਸਿੰਘ ਗਿੱਲ
ਔਰਤ ਦੀ ਹੋਣੀ ਅਤੇ ਹੋਣਾ ਸਮਾਜ ਵਿੱਚ ਅੱਡਰੇ ਹੋ ਕੇ ਚੱਲਦੇ ਦੋ ਵਿਸ਼ੇ ਹਨ। ਸਾਡੀ ਸੋਚ ਔਰਤ ਦੇ ਹੋਣ ਨੂੰ ਹੋਣੀ ਵਿੱਚ ਬਦਲ ਦਿੰਦੀ ਹੈ।ਇਹ ਆਦਿ ਕਾਲ ਤੋਂ ਚੱਲਦਾ ਆਇਆ ਹੈ।ਇਸ ਲਈ ਧਾਰਮਿਕ, ਸਮਾਜਿਕ ਅਤੇ ਇਤਿਹਾਸਕ ਕਲਮਾਂ ਇਸ ਵਰਤਾਰੇ ਦੀਆਂ ਖੈਰ ਖਵਾਹ ਬਣੀਆਂ।ਹਿਰਦੇ ਵਿੱਚੋਂ ਨਿਕਲੀ ਹੂਕ ਵਿੱਚੋਂ ਲਿਖੇ ਸ਼ਬਦ ਕਈ ਵਾਰ ਅਹਿਜੀ ਛਾਪ ਛੱਡਦੇ ਹਨ ਜੋ ਰਹਿੰਦੀ ਦੁਨੀਆਂ ਤੱਕ ਸੁਨਹਿਰੀ ਪੰਨੇ ਦੇ ਲਿਖੇ ਮਿਲਦੇ ਹਨ। ਇਸ ਪ੍ਰਸੰਗ ਵਿੱਚ ਔਰਤ ਪ੍ਰਤੀ ਸਮਾਜਿਕ ਨਜ਼ਰੀਏ ਨੂੰ ਪੇਸ਼ ਕਰਦੇ ਨਾਨਕ ਸਿੰਘ ਦੇ ਸ਼ਬਦ ਹਨ,"ਓ ਇਸਤਰੀ! ਤੂੰ ਏਡੀ ਉੱਚਤਾ ਏਡੀ ਵਿਸ਼ਾਲਤਾ ਕਿੱਥੋਂ ਪ੍ਰਾਪਤ ਕਰ ਲਈ? ਸਹਿਨਸ਼ੀਲਤਾ ਦੇ ਸੋਮੇ ਤੇਰੇ ਅੰਦਰ ,ਮਮਤਾ ਦੀਆਂ ਕਾਂਗਾਂ ਤੇਰੇ ਵਿੱਚ,ਤਿਆਗ ਦੇ ਅਟੁੱਟ ਪਹਾੜ ਤੇਰੇ ਵਿੱਚ,ਪਿਆਰ ਦੇ ਅਥਾਹ ਸਮੁੰਦਰ ਤੇਰੇ ਵਿੱਚ,ਇਹ ਸਭ ਕੁੱਝ,ਹੇ ਇਸਤ੍ਰੀ! ਤੂੰ ਕਿੱਥੋਂ ਪ੍ਰਾਪਤ ਕਰ ਲਿਆ?"।ਔਰਤ ਬਾਰੇ ਬਹੁਤ ਪੜਿਆ, ਲਿਖਿਆ ਅਤੇ ਸੁਣਿਆ ਜਾ ਚੁੱਕਾ ਹੈ। ਵੱਖ ਵੱਖ ਖਿੱਤਿਆਂ ਦੀਆਂ ਰੁਚੀਆਂ, ਸੰਭਾਵਨਾਵਾਂ ਅਤੇ ਦਿ੍ਸ਼ਟੀਕੋਣ ਵੱਖ ਵੱਖ ਹੁੰਦੇ ਹਨ। ਸਾਡੀ ਸੰਸਕਿ੍ਤੀ ਵਿੱਚ ਔਰਤ ਮਹਾਨ ਸੀ, ਮਹਾਨ ਹੈ, ਮਹਾਨ ਰਹੇਗੀ। ਪਰ ਇਹ ਕਥਨ ਔਰਤ ਇਮਾਨ ਇੱਜਤ ਦੇ ਚੱਕਰ ਵਿੱਚ ਫਸਕੇ ਵਯੂਦ ਗੁਆ ਦਿੰਦਾ ਹੈ।ਇਤਿਹਾਸ ਅਤੇ ਮਿਥਿਹਾਸ ਔਰਤ ਨੂੰ ਮਰਦ ਤੋਂ ਕਮਜੋਰ ਦੱਸਦਾ ਹੈ। ਇਸ ਨੂੰ ਸੀਮਤ ਦਾਇਰੇ ਵਿੱਚ ਰਹਿਣਾ ਪੈਂਦਾ ਹੈ। ਦਾਰਸ਼ਨਿਕ ਸੈਕਸ਼ਪੀਅਰ ਦਾ ਕਥਨ ਹੈ, "ਕਮਜੋਰੀ ਤੇਰਾ ਨਾਮ ਔਰਤ ਹੈ" ਔਰਤ ਖਿਲਾਫ਼ ਲਿੰਗਕ ਅਪਰਾਧ ਭਾਰੂ ਰਹਿੰਦੇ ਹੈ। ਸੰਯੁਕਤ ਰਾਸ਼ਟਰ ਵਿੱਚ ਵੀ ਔਰਤ ਦੀ ਤ੍ਰਾਸਦੀ ਲਿਖੀ ਪਈ ਹੈ,
"ਔਰਤ ਅਤੇ ਕੁੜੀਆਂ ਖਿਲਾਫ਼ ਹਿੰਸਾ ਮਹਾਂਮਾਰੀ ਹੈ, ਦੁਨੀਆਂ ਵਿੱਚ ਹਰ ਤਿੰਨ ਵਿੱਚੋਂ ਇੱਕ ਔਰਤ ਕੁੱਟ ਦਾ ਸਿਕਾਰ ਹੁੰਦੀ ਹੈ, ਸੰਭੋਗ ਲਈ ਮਜਬੂਰ ਕੀਤੀ ਜਾਂਦੀ ਹੈ ਜਾਂ ਜਿੰਦਗੀ ਵਿੱਚ ਉਸ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ, ਦੁਰਵਿਵਹਾਰੀ ਨਜ਼ਦੀਕੀ ਹੁੰਦਾ ਹੈ"
ਸਮਾਜ ਦਾ ਪ੍ਰਚੱਲਿਤ ਕਥਨ ਹੈ ਕਿ ਔਰਤ ਨੂੰ ਘਰ ਅੰਦਰ ਮਰਦ ਪਹਿਲਾਂ ਅਤੇ ਤਸੱਲੀ ਨਾਲ ਖੁਆ ਕੇ ਆਪ ਤਸੱਲੀ ਪ੍ਰਗਟ ਕਰਦੀ ਹੈ। ਕਿੰਨਾ ਤਹਿਜ਼ੀਬ ਵਾਲਾ ਸੁਭਾਅ! ਇਹ ਸਲੀਕਾ ਔਰਤ ਪ੍ਰਤੀ ਸਾਰੀਆਂ ਧਾਰਨਾਵਾਂ ਨੂੰ ਹਜ਼ਮ ਕਰਕੇ ਇੱਕ ਨੁਕਤੇ ਵਿੱਚ ਨਿਬੇੜ ਦਿੰਦਾ ਹੈ,ਜਾਂ ਕਹਿ ਲਿਆ ਜਾਵੇ ਇਸ ਨੁਕਤੇ ਵਿੱਚ ਸਮੁੰਦਰ ਹੈ। ਪਰ ਧੰਨ ਹੈ ਔਰਤ ਸਭ ਕੁੱਝ ਚੁੱਪ ਚੁਪੀਤੇ ਸਹਿਣ ਕਰੀ ਜਾਂਦੀ ਹੈ। ਅੰਮਿ੍ਤਾ ਪ੍ਰੀਤਮ ਦਾ ਇਹ ਕਥਨ ਇਸ ਵਰਤਾਰੇ ਤੇ ਢੁੱਕਵਾਂ ਹੈ,
"ਪ੍ਰਛਾਵਿਆਂ ਨੂੰ ਪਕੜਨ ਵਾਲਿਓ, ਛਾਤੀ ਵਿੱਚ ਬਲਦੀ ਅੱਗ ਦਾ ਪ੍ਰਛਾਵਾਂ ਨਹੀੰ ਹੁੰਦਾ"
ਇਸਤਰੀ ਸੰਭੋਗ ਲਈ ਮਰਦ ਦੀ ਇੱਛਾ ਬਣਦੀ ਹੈ। ਪਰ ਇੱਛਾਵਾਂ ਦਾ ਅੰਤ ਨਹੀਂ ਹੁੰਦਾ ਨਾ ਹੀ ਤਿ੍ਪਤ ਹੁੰਦੀਆ ਹਨ। ਔਰਤ ਨੂੰ ਮਰਦ ਦਾ ਡਰ ਭੈਅ ਰਹਿੰਦਾ ਹੈ। ਇਸ ਪ੍ਰਤੀ ਕਨੂੰਨੀ ਸਿਕੰਜਾ ਤਾਂ ਹੈ ਪਰ ਸਾਡੀ ਸੰਸਕਿ੍ਤੀ ਵਿੱਚ ਇੱਜ਼ਤ ਬੜੀ ਸਮਝੀ ਜਾਂਦੀ ਹੈ। ਇਸ ਲਈ ਗੁਨਾਹ ਨੂੰ ਇੱਜ਼ਤ ਦੀ ਆੜ ਹੇਠ ਛੁਪਣ ਦਾ ਮੌਕਾ ਮਿਲਦਾ ਹੈ। ਹੋਰ ਦੇਸ਼ਾ ਵਿੱਚ ਅਜਿਹੀ ਸੋਚ ਨਹੀੰ ਹੈ। ਮਨੁੱਖ ਜੋ ਮਰਜ਼ੀ ਦਾ ਹੋਵੇ ਔਰਤ ਪ੍ਰਤੀ ਸੋਚ ਉਹੀ ਰੱਖਦਾ ਹੈ ਜੋ ਹੋਣੀ ਨਹੀਂ ਚਾਹੀਦੀ। ਬਹੁਤ ਕੁੱਝ ਬਦਲ ਚੁੱਕਿਆ ਹੈ ਪਰ ਔਰਤ ਪ੍ਰਤੀ ਨਜ਼ਰੀਆ ਅਤੇ ਮਨੁੱਖੀ ਸੋਚ ਘਰ ਦੀ ਸਰਦਲ ਦੇ ਬਾਹਰ ਕੁੱਤੇ ਵਾਂਗ ਬੈਠੀ ਹੈ। ਲੱਖ ਉਪਾਵਾਂ ਅਤੇ ਵਿਚਾਰਾਂ ਦੇ ਬਾਵਯੂਦ ਸਰਦਲ ਟੱਪਣ ਲਈ ਮਾਯੂਸ ਬੈਠੀ ਹੈ। ਔਰਤ ਨੂੰ ਪ੍ਰਕਿਰਤੀ ਦੀ ਕੰਨਿਆ ਸਮਝਿਆ ਜਾਂਦਾ ਹੈ। ਪਰ ਇਹ ਸਿਰਫ਼ ਸਮਝਿਆ ਹੀ ਜਾਂਦਾ ਹੈ ਮਨੁੱਖੀ ਸੋਚ ਮੂਹਰੇ ਇਹ ਵਿਚਾਰ ਗੋਡੇ ਟੇਕ ਦਿੰਦਾ ਹੈ। ਇਸ ਦਾ ਨਿਪਟਾਰਾ ਲਾਰਡ ਵਿਲੀਅਮ ਬਲੇਕ ਨੇ ਸੋਹਣੇ ਸ਼ਬਦਾਂ ਵਿੱਚ ਕੀਤਾ ਹੈ, "ਜਿਹੜਾ ਵਿਅਕਤੀ ਆਪਣੀ ਸੋਚ ਸਮਝ ਨਹੀਂ ਬਦਲ ਸਕਦਾ ਉਹ ਖੜ੍ਹੇ ਪਾਣੀ ਵਾਂਗ ਹੈ, ਜਿਸ ਵਿੱਚ ਮਾਨਸਿਕ ਕੀੜੇ ਪੈਦਾ ਹੁੰਦੇ ਹਨ"ਇਹ ਕਥਨ ਸਿਰੇ ਤੇ ਗੰਢ ਮਾਰਨ ਲਈ ਕਾਫੀ ਹੈ।
ਜੀਵ ਵਿਗਿਆਨਕ, ਕੁਦਰਤੀ ਅਤੇ ਦੁਨਿਆਵੀ ਤੌਰ ਤੇ ਮਰਦ ਔਰਤ ਸਿੱਕੇ ਦੇ ਦੋਵਾਂ ਪਾਸਿਆਂ ਵਾਂਗ ਹਨ। ਜੇ ਦੋਵੇਂ ਪਾਸੇ ਛੇੜਛਾੜ ਹੋਵੇ ਤਾਂ ਜੱਚਦਾ ਨਹੀਂ। ਇਸ ਪ੍ਰਤੀ ਸੀਮਤ ਦਾਇਰਾ ਲਾਜ਼ਮੀ ਹੈ। ਇਸ ਤੋਂ ਇਲਾਵਾ ਮਰਦ ਦੀ ਮਰਦਾਨਗੀ ਅਤੇ ਪ੍ਰਧਾਨਗੀ ਨੂੰ ਸੀਮਤ ਰੱਖਣ ਵਾਲੀ ਸੋਚ ਉਭਾਰਨੀ ਚਾਹੀਦੀ ਹੈ। ਇੱਥੇ ਪੈਪਸੀਕੋ ਦੇ ਮੁਖੀ ਦੀ ਮਾਂ ਦਾ ਕਥਨ ਵੀ ਦਰਜ਼ ਕੀਤਾ ਗਿਆ ਹੈ,"ਤੂੰ ਪੈਪਸੀਕੋ ਦੀ ਮੁਖੀ ਬਣ ਗਈ ਹੈ ਪਰ ਘਰ ਦੇ ਬੂਹੇ ਅੰਦਰ ਪੈਰ ਧਰਦਿਆਂ ਹੀ ਤੂੰ ਇੱਕ ਪਤਨੀ ਇੱਕ ਮਾਂ ਹੈ ਜਿਸ ਦੀ ਕੋਈ ਥਾਂ ਨਹੀਂ ਲੈ ਸਕਦਾ" ਮਾਂ ਦੇ ਇਸ ਵਿਚਾਰ ਨੂੰ ਗਲਤ ਵੀ ਨਹੀਂ ਕਿਹਾ ਜਾ ਸਕਦਾ। ਜਦੋਂ ਸੱਭਿਅਤਾ ਦਾ ਵਿਕਾਸ ਹੋ ਰਿਹਾ ਸੀ, ਤਾਂ ਔਰਤ ਨੂੰ ਜਿਸ ਸੀਮਤ ਦਿਸ਼ਾ ਚ ਰੱਖਿਆ ਸੀ ਉੱਥੇ ਮਰਦ ਨੂੰ ਵੀ ਬਾਹਰੀ ਅਤੇ ਆਰਥਿਕ ਪ੍ਰਬੰਧਨ ਦੀ ਜਿੰਮੇਵਾਰੀ ਦਿੱਤੀ ਗਈ ਸੀ। ਇਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਮਨੂੰ ਸਿਮਰਤੀ ਵਿੱਚ ਔਰਤ ਨੂੰ ਮਾਂ ਪਿਓ, ਘਰਵਾਲੇ ਅਤੇ ਪੁੱਤਰਾਂ ਦੇ ਅਧੀਨ ਰੱਖਿਆ ਗਿਆ ਹੈ। ਇਹ ਭਾਰਤੀ ਸੰਸਕਿ੍ਤੀ ਦੀ ਤਰਜ਼ਮਾਨੀ ਕਰਦਾ ਹੈ। ਆਲਮੀ ਪੱਧਰ ਤੇ ਇਹ ਠੀਕ ਨਹੀਂ ਜਾਪਦਾ। ਔਰਤਾਂ ਦੀ ਸਰਕਾਰ ਨੇ ਹਰ ਥਾਂ ਭਾਗੀਦਾਰੀ ਅਤੇ ਰਾਖਵਾਂਕਰਨ ਕਰਕੇ ਮਰਦ ਔਰਤ ਦੀ ਬਰਾਬਰਤਾ ਵੱਲ ਤੋਰਿਆ ਕਦਮ ਹੀ ਹੈ, ਮਾਨਸਿਕਤਾ ਨੂੰ ਮੋੜਾ ਦੇਣ ਲਈ ਕਾਫੀ ਕੁੱਝ ਕਰਨ ਲਈ ਬਾਕੀ ਹੈ। ਮਰਦ ਦੀ ਸੋੜੀ ਸੋਚ ਜਿਸ ਨੂੰ ਸਮਾਜ ਵੀ ਮਾਨਤਾ ਦੇ ਦਿੰਦਾ ਹੈ, ਇਸ ਅੱਗੇ ਸਭ ਬੇਵੱਸ ਹੋ ਜਾਂਦਾ ਹੈ। ਆਦਮੀ ਗਾਲ ਔਰਤ ਨੂੰ ਮੁਖਾਤਿਬ ਹੋ ਕੇ ਕੱਢਦਾ ਹੈ, ਔਰਤ ਮਰਦ ਨੂੰ ਗਾਲ ਨਹੀਂ ਕੱਢਦਾ। ਸਰਦਲ ਅੰਦਰ ਜਾਣ ਲਈ ਕੋਈ ਭਵਿੱਖੀ ਸੰਕੇਤ ਨਹੀਂ ਹੈ। ਔਰਤ ਅੱਜ ਵੀ ਵਿਚਾਰੀ ਹੈ। ਸਵੇਰੇ ਤੋਂ ਆਥਣ ਤੱਕ ਟੱਬਰ ਦੀ ਜੂਠ ਮਾਂਜਦੀ ਹੋਈ ਬਾਕੀ ਮੈਂਬਰਾਂ ਦਾ ਢਿੱਡ ਭਰਦੀ ਹੈ। ਇਹ ਸਭ ਕੁੱਝ ਸਹਿਣ ਕਰਦੀ ਹੈ, ਪਰ ਅਹਿਸਾਸ ਵੀ ਨਹੀਂ ਹੋਣ ਦਿੰਦੀ। ਉੱਮਦਾ ਹੁਕਮ ਸ੍ਰੀ ਗੁਰੂ ਨਾਨਕ ਦੇਵ ਜੀ ਸੁਣਾਇਆ ਸੀ, "ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ"
ਔਰਤ ਪ੍ਰਤੀ ਸੋਚ ਇਸ ਕਦਰ ਹੀ ਬਦਲ ਜਾਵੇ ਕਿ ਘਰ ਵਿੱਚ ਨੈਤਿਕ ਬਰਾਬਰੀ ਹਾਸਿਲ ਕਰ ਸਕੇ। ਲੈਨਿਨ ਦਾ ਵਿਚਾਰ ਇਸ ਰੁਖ ਵੱਲ ਸਹੀ ਸਾਬਿਤ ਹੁੰਦਾ ਹੈ, "ਜਦੋਂ ਤੱਕ ਔਰਤ ਨੂੰ ਰਸੋਈ ਦੀ ਗੁਲਾਮੀ ਤੋਂ ਆਜਾਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਸਦੀ ਅਜਾਦੀ ਅਧੂਰੀ ਹੈ" ਸਮਾਜ ਨੂੰ ਸਮਝਣਾ ਚਾਹੀਦਾ ਹੈ ਕਿ ਆਦਮੀ ਆਇਆ ਕਿੱਥੋਂ? ਪਤਾ ਲੱਗ ਵੀ ਜਾਵੇ ਤਾਂ ਮਰਦ ਮਾਨਸਿਕਤਾ ਘੁੰਮ ਕੇ ਉੱਥੇ ਹੀ ਖੜ੍ਹ ਜਾਂਦੀ ਹੈ। ਆਦਮੀ ਦੇ ਮਨ ਵਿੱਚ ਮਰਦਾਨਗੀ, ਪ੍ਰਧਾਨਗੀ ਅਤੇ ਅਣਖ ਦੀ ਉੱਪਜ ਦਾ ਕੀੜਾ, ਜੋ ਉਸ ਦੀ ਸੋਚ ਦੀ ਤਰਜ਼ਮਾਨੀ ਕਰਦਾ ਹੈ, ਇਹੀ ਔਰਤ ਪ੍ਰਤੀ ਚੰਗੀ ਸੋਚ ਨੂੰ ਅੱਗੇ ਨਹੀਂ ਤੁਰਨ ਦਿੰਦਾ। ਮਾੜੀ ਸੋਚ ਦੀ ਬੁਨਿਆਦ ਉੱਤੇ ਟਿਕਿਆ ਮਰਦ ਪ੍ਰਧਾਨ ਸਮਾਜ ਅੱਗੇ ਨਹੀਂ ਵਧ ਸਕਦਾ ਜਦੋਂ ਤੱਕ ਇਹ ਨਹੀਂ ਸਮਝ ਲੈਂਦਾ ਚੰਗਾ ਮਾੜਾ ਕੁੱਝ ਨਹੀਂ ਹੁੰਦਾ, ਕੇਵਲ ਸੋਚ ਹੀ ਚੰਗੀ ਮਾੜੀ ਹੁੰਦੀ ਹੈ।ਆਓ ਆਪਣੀ ਸੰਸਕ੍ਰਿਤੀ ਮੁਤਾਬਿਕ ਔਰਤ ਦੇ ਸਤਿਕਾਰ ਨੂੰ ਘੋਖੀਏ ਇਸ ਨਾਲ ਹਵਸ਼, ਹਿੰਸਾ ਅਤੇ ਦਾਜ ਦਰਿੰਦਗੀ ਨੂੰ ਮੋੜਾ ਪੈਣ ਦੀ ਗੁੰਜਾਇਸ਼ ਜ਼ਰੂਰ ਬਣੇਗੀ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445