ਕਹਾਣੀ - ਕਾਲ਼ੀ ਜੈਕਿਟ ਦਾ ਕਮਾਲ - ਰਵੇਲ ਸਿੰਘ
ਗੋਲ ਗੋਲ ਨੈਣ ਨਕਸ਼ ,ਕਾਲਾ ਪੱਕਾ ਰੰਗ , ਜਾਮਨੂੰ ਰੰਗੇ ਮੋਟੇ ਬੁਲ੍ਹ ,ਲਾਲ ਪੀਲੇ ਘਰੇੜੇ ਮਾਰੇ ਦੰਦ, ਮਧਰਾ ਕੱਦ, ਸਿਰ ਤੇ ਉਘੜ ਦੁਘੜ ਲਪੇਟਿਆ ਪਰਨਾ,ਤੇੜ ਡੱਬੀਆਂ ਵਾਲੀ ਚਾਦਰ, ਪੈਰੀਂ ਘੱਸੀਆਂ ਕੈਂਚੀ ਚੱਪਲਾਂ ,ਹੱਥ ਵਿੱਚ ਖੁੰਗਿਆਂ ਵਾਲਾ ਵਿੰਗ ਤੜਿੰਗਾ ਜਿਹਾ ਸੋਟਾ ,ਇਹ ਹੁਲੀਆ ਹੈ ,ਉਸ ਦਾ ਜੋ ਸਾਰੇ ਪਿੰਡ ਵਿੱਚ ,ਬਦਰੂ, ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਬਦਰੂ ਦਾ ਪੂਰਾ ਨਾਂ ਪੂਰਾ ਨਾਂ ਬਦਰ ਮਸੀਹ ਹੈ ,ਘਰ ਵਿੱਚ ਸੱਭ ਤੋਂ ਛੋਟੀ ਔਲਾਦ ਹੋਣ ਕਰਕੇ ਲਾਡਲਾ ਹੋਣ ਕਰਕੇ ਉਹ ਸ਼ਰਾਰਤੀ ਤੇ ਅੱਖੜ ਸੀ ,ਘਰ ਵਿੱਚ ਗਰੀਬੀ ਦੇ ਡੇਰੇ ਪੱਕੇ ਤੌਰ ਤੇ ਲਾਈ ਰਹਿਣ ਕਰਕੇ ਉਹ ਸਕੂਲ ਨਹੀਂ ਜਾ ਸਕਿਆ ਤੇ ਪਿੰਡ ਦਾ ਚੌਣਾ ਹੀ ਚਾਰਦਾ ਉਹ ਏਥੇ ਤੀਕ ਆਣ ਪਹੁੰਚਾ ਹੈ।
ਹੁਣ ਤਾਂ ਨਹੀਂ ਪਰ ਕਿਸੇ ਵੇਲੇ ਉਹ ,ਦੂਜਿਆਂ ਦੀਆਂ ਨਕਲਾਂ ਲਾਹੁਣ ਵਾਲਾ ਰੌਣਕੀ ਬੰਦਾ ਹੋਇਆ ਕਰਦਾ ਸੀ।
ਸੰਤ ਰਾਮ ਨਾਂ ਦਾ ਬੰਦਾ , ਜੋ ਗੱਲੇ ਗੱਲੇ ,ਸਈਂ ਪਈਂ ,ਸਈਂ ਪਈਂ, ਕਿਹਾ ਕਰਦਾ ਸੀ ਟਿੱਬਿਆਂ ਤੇ ਭੇਡਾਂ ਚਾਰਦਾ ਆਪਣੀ ਲੰਮੀ ਹੇਕ ਨਾਲ ਕੁੱਝ ਗਾਇਆ ਕਰਦਾ ਸੀ,ਬਦਰੂ ਉਸ ਦੀ ਹੂਬਹੂ ਐਸੀ ਨਕਲ ਲਾਉਂਦਾ ਕਿ ਸੁਣਨ ਵਾਲੇ ਹਸਦੇ ਹਸਦੇ ਲੋਟ ਪੋਟ ਹੋ ਜਾਂਦੇ ।
ਇਕ ਵਾਰ ਤਾਂ ਉਸ ਨੇ ਭੇਡਾਂ ਚਰਾਉਂਦੇ ਆਪਣੀ ਮੌਜ ਵਿੱਚ ਗਾਉਂਦੇ ਉਸ ਸਈਂ ਪਈਂ ਨੂੰ ਪਿੱਛੋਂ ਦੀ ਜਾ ਕੇ ਉਸ ਦੀ ਐਸੀ ਨਕਲ ਲਾਹੀ ਕਿ ਉਸ ਵਿਚਾਰੇ ਨੂੰ ਡਰਦੇ ਨੂੰ ਆਪਣੀ ਲੋਈ ਛੱਡ ਕੇ ਦੌੜਨਾ ਪਿਆ।
ਇਸ ਤਰਾਂ ਦੀਆਂ ਹੋਰ ਵੀ ਕਈ ਇੱਲਤਾਂ ਕਰਨੀਆਂ ਸ਼ਾਇਦ ਉਸ ਦਾ ਜਿਵੇਂ ਉਸ ਦਾ ਸ਼ੁਗਲ ਹੀ ਬਣ ਗਿਆ ਸੀ ,ਉਹ ਕਦੇ ਨਿਚੱਲਾ ਨਹੀਂ ਬੈਠ ਸਕਦਾ ਸੀ ਕਈ ਵਾਰ ਰਾਤ ਨੂੰ ਸਿਵਿਆਂ ਵਿੱਚ ਦੀਵਾ ਬਾਲ ਕੇ ਭੂਤਾਂ ਵਰਗੀਆਂ ਖੇਡਾਂ ਖੇਡ ਕੇ ਡਰਾਉਣ ਦੇ ਕਾਰੇ ਕਰਦਾ, ਕਦੇ ਰੇਤਲੇ ਟਿੱਬਿਆਂ ਤੇ ਸਿਖਰ ਦੁਪਹਿਰੇ ਕੜਕਦੀ ਧੁੱਪ ਦੀ ਪਰਵਾਹ ਨਾ ਕਰਦਾ ਹੋਇਆ ਰੇਤ ਦੀਆਂ ਮੁੱਠਾਂ ਭਰ ਭਰ ਕੇ ਉਡਾ ਕੇ ਆਉਂਦੇ ਜਾਂਦੇ ਰਾਹੀਆਂ ਨੂੰ ਡਰਾ ਕੇ ਚਾਂਗਰਾਂ ਮਰਵਾਉਂਦਾ ਤੇ ਆਪ ਕਿਧਰੇ ਬੂਝਿਆਂ ਉਹਲੇ ਲੁੱਕ ਜਾਂਦਾ ਤੇ ਉਨਾਂ ਦੀਆਂ ਗਾਲ੍ਹਾਂ ਸੁਣ ਕੇ ਖੁਸ਼ ਹੋਣਾ, ਉਸ ਦਾ ਆਮ ਜੇਹਾ ਕੰਮ ਹੀ ਬਣ ਗਿਆ ਸੀ।
ਪਰ ਸਮਾਂ ਬਦਲਦਿਆਂ ਦੇਰ ਨਹੀਂ ਲਗਦੀ , ਮਾਪੇ ਉਸ ਦਾ ਵਿਆਹ ਕਰਕੇ ਛੇਤੀ ਹੀ ਕਬਰਾਂ ਹਵਾਲੇ ਹੋ ਗਏ ਮਗਰੋਂ ਭਰਾਵਾਂ ਦੀ ਆਪਸੀ ਵੰਡ ਵੰਡਾਈ ਵਿੱਚ ਡੇੜ੍ਹ ਕੁ ਮਰਲੇ ਦਾ ਕੱਚੇ ਢਾਰੇ ਵਰਗਾ ਘਰ ਉਸ ਦੇ ਹਿੱਸੇ ਆਇਆ।
ਇੱਕ ਧੀ ਤੋਂ ਬਾਅਦ ਹੋਰ ਕੋਈ ਔਲਾਦ ਨਾ ਹੋਈ,ਘਰ ਵਾਲੀ ਛੇਤੀ ਹੀ ਅਧਰੰਗ ਦੀ ਨਾ ਮੁਰਾਦ ਬੀਮਾਰੀ ਦਾ ਸ਼ਿਕਾਰ ਹੋ ਕੇ ਚੱਲ ਵੱਸੀ ,ਧੀ ਵਿਆਹ ਕੇ ਸਹੁਰੇ ਘਰ ਚਲੀ ਗਈ ਤੇ ਉਹ ਇਕੱਲਾ ਉਸ ਕੱਚੇ ਕੋਠ ਵਿੱਚ ਅਲਾਣੀ ਮੰਜੀ ਤੋ ਪਿਆ ਰਹਿੰਦਾ ਜਾਂ ਕਈ ਲੋੜ ਵੰਦਾਂ ਘਰਾਂ ਦਾ ਮਾੜਾ ਮੋਟਾ ਕੰਮ ਕਰਕੇ ਰੁੱਖੀ ਸੁੱਖੀ ਖਾ ਕੇ ਇਸ ਘੁਰਨੇ ਵਰਗੇ ਘਰ ਵਿੱਚ ਸਿਆਲੇ ਹੁਨਾਲੇ ਕੱਟਦਾ ਉਹ ਜਿੰਦਗੀ ਦੇ ਦਿਨਾਂ ਨੂੰ ਧੱਕਾ ਦੇ ਰਿਹਾ ਹੈ।
ਉਸ ਦੇ ਚੰਗੇ ਭਾਗਾਂ ਨੂੰ ਸੜਕ ਕਿਨਾਰੇ ਹੋਣ ਕਰਕੇ ਉਸ ਦਾ ਅੱਧਾ ਕੱਚਾ ਘਰ ਇਕ ਆਰ.ਐਮ .ਪੀ ਨੇ ਖਰੀਦ ਕੇ ਉਸ ਵਿੱਚ ਡਾਕਟਰੀ ਦੀ ਦੁਕਾਨ ਖੋਲ੍ਹ ਲਈ ,ਡਾਕਟਰ ਬੜੇ ਠੰਡੇ ,ਮਿੱਠੇ ਅਤੇ ਰਹਿਮ ਦਿੱਲ ਸੁਭਾਅ ਦਾ ਹੈ,ਜਦੋਂ ਵੀ ਉਹ ਜ਼ਰਾ ਢਿੱਲਾ ਮੱਠਾ ਹੋ ਜਾਂਦਾ ਹੈ ਉਸ ਦਾ ਦੁਵਾ ਦਾਰੂ ਮੁਫਤ ਕਰਦਾ ਹੈ।
ਵੇਚੇ ਘਰ ਦੀ ਰਕਮ ਉਸ ਨੇ ਆਪਣੀ ਧੀ ਨੂੰ ਦੇ ਦਿੱਤੀ ਤੇ ਹੌਲੇ ਭਾਰ ਹੋ ਗਿਆ।
ਹੁਣ ਇਹ ਬਚਦਾ ਘਰ ਹੀ ਉਸ ਦਾ ਮਰਣ ਜੀਣ ਹੈ,ਗਰੀਬੀ ਰੇਖਾ ਤੋਂ ਥੱਲੇ ਹੋਣ ਕਰਕੇ ਉਸ ਨੂੰ ਜੋ ਰਾਸ਼ਨ ਮਿਲਦਾ ਹੈ ਜਿਸ ਨੂੰ ਉਹ ਲੋੜ ਵੰਦ ਘਰਾਂ ਨੂੰ ਦੇ ਦੇਂਦਾ ਹੈ,ਤੇ ਪੱਕੀ ਪਕਾਈ ਰੋਟੀ ਉਨ੍ਹਾਂ ਘਰਾਂ ਤੋਂ ਉਸ ਨੂੰ ਮਿਲ ਜਾਂਦੀ ਹੈ।
ਪਰ ਕਈ ਵਾਰ ਏਸੇ ਆਸ ਵਿੱਚ ਉਸ ਨਾਲ ,ਬਹੁਤਿਆ ਘਰਾਂ ਦਾ ਪ੍ਰਾਹੁਣਾ ਭੁੱਖਾ, ਵਾਲੀ ਵੀ ਹੋ ਗੱਲ ਜਾਂਦੀ ਹੈ ਤੇ ਉਸ ਨੂੰ ਭੁਖੇ ਢਿਡ ਵੀ ਸੌਣਾ ਪੈਂਦਾ ।
ਇੱਕ ਦਿਨ ਭਰ ਸਿਆਲ ਦੀ ਰੁੱਤੇ ਉਹ ਆਪਣੇ ਘਰ ਦੇ ਨਿੱਕੇ ਜੇਹੇ ਵੇਹੜੇ ਦੀ ਕੰਧ ਨਾਲ ਢੋਅ ਲਾਈ ਧੁੱਪ ਸੇਕ ਰਿਹਾ ਸੀ ਕਿ ਕੋਈ ਬੰਦਾ ਆਇਆ ਤੇ ਉਸ ਦੀ ਤਰਸਯੋਗ ਹਾਲਤ ਵੇਖ ਕੇ ਕਾਲੇ ਰੰਗ ਦੀ ਜਾਕਿੱਟ ਉਸ ਨੂੰ ਦੇ ਕੇ ਚੁੱਪ ਚੁਪੀਤਾ ਚਲਾ ਗਿਆ। ਉਸ ਨੇ ਡੌਰ ਭੌਰੇ ਹੋਏ ਨੇ ਆਪਣੇ ਅੱਗੇ ਪਈ ਕਾਲੀ ਜੈਕਿਟ ਪਈ ਹੇਈ ਵੇਖੀ ਤੇ ਏਧਰ ਓਧਰ ਵੇਖਿਆ ਪਰ ਕੋਈ ਲਜ਼ਰ ਨਾ ਆਇਆ, ਉਸ ਨੇ ਜਾਕਿਟ ਗਲ ਪਾ ਲਈ ਤੇ ਉਸ ਦੀਆਂ ਦੋਹਾਂ ਜੇਬਾਂ ਵਿੱਚ ਹੱਥ ਪਾਈ ਉਹ ਕੰਧ ਨਾਲ ਢੋਅ ਲਾ ਕੇ ਬੈਠੇ ਨੂੰ ਜੈਕਿਟ ਦੇ ਨਿੱਘ ਕਰਕੇ ਪਤਾ ਹੀ ਨਾ ਲੱਗਾ ਕਦੋਂ ਨੀਂਦ ਆ ਗਈ।
ਉਸੇ ਦਿਨ ਹੀ ਉਸ ਦੀ 1500 / ਬੁਢੈਪਾ ਪੈਨਸ਼ਨ ਲੱਗਣ ਦਾ ਉਸ ਨੂੰ ਪਤਾ ਲੱਗਾ ।
ਉਹ ਪਹਿਲੀ ਵਾਰ ਜਦ ਬੈਂਕ ਪੈਨਸ਼ਨ ਲੈਣ ਲਈ ਗਿਆ ਤਾਂ ਪੈਨਸ਼ਨ ਦੀ ਕਾਪੀ ਰਕਮ ਸਮੇਤ ਕਿਤੇ ਸੁੱਟ ਆਇਆ।
ਭਰ ਸਿਆਲ ਦੀ ਧੁੰਦਲੀ ਸਵੇਰ ਨੂੰ ਉਹ ਸਾਮ੍ਹਣੇ ਸਬਜ਼ੀ ਦੀ ਦੁਕਾਨ ਕੋਲ ਨਿੱਮੋ ਝੂਣਾ ਹੋਇਆ ਜੈਕੀਟ ਪਾਈ ਅੱਖਾਂ ਮੀਟੀ ਪੱਬਾਂ ਭਾਰ ਬੈਠਾ, ਉਹ ਕੱਲ ਦੀ ਹੋਈ ਘਟਨਾਂ ਤੇ ਝੂਰ ਰਿਹਾ ਸੀ ਤੇ ਨਾਲੇ ਸੋਚਾਂ ਦੇ ਖੂਹ ਵਿੱਚ ਡੁੱਬਾ ਸੋਚ ਰਿਹਾ ਸੀ ਕਿ ਅੱਜ ਦੇ ਡੰਗ ਦੀ ਰੋਟੀ ਵਾਸਤੇ ਉਹ ਕਿਸ ਘਰ ਦਾ ਬੂਹਾ ਖੜਕਾਵੇ ।
ਏਨੇ ਨੂੰ ਕੋਈ ਅਣਜਾਣ ਬੰਦਾ ਉਸ ਕੋਲ ਆਇਆ ਤੇ ਉਸ ਦਾ ਮੋਢਾ ਝੰਜੋੜਦਾ ਹੋਇਆ ਬੋਲਿਆ,ਚੌਧਰੀ ਆਹ ਲੈ ਆਪਣੀ ਕਾਪੀ ਤੇ ਪੈਨਸ਼ਨ ਦੀ ਰਕਮ ਗਿਣ ਲੈ ਪੂਰੀ ਹੈ ਨਾ, ਕੱਲ ਰਾਹ ਵਿੱਚ ਪਈ ਮੈਨੂੰ ਮਿਲੀ ਸੀ।
ਉਸ ਨੇ ਅੱਖਾਂ ਖੋਲ੍ਹੀਆਂ ਤੇ ਏਧਰ ਓਧਰ ਝਾਕਿਆ,ਪਰ ਜਾਣ ਵਾਲਾ ਜਾ ਚੁਕਾ ਸੀ।
ਜੈਕਿਟ ਗਲ਼ ਪਾ ਕੇ ਉਹ ਜੇਬ ਵਿੱਚ ਬੈਂਕ ਦੀ ਪਾਸ ਬੁੱਕ ਤੇ ਰਕਮ ਪਾ ਕੇ ਸੋਚ ਰਿਹਾ ਸੀ ਕਿ ਅੱਜ ਦੇ ਡੰਗ ਦੀ ਰੋਟੀ ਕਿੱਥੋਂ ਖਾਣੀ ਹੈ, ਏਨੇ ਨੂੰ ਸਾਮ੍ਹਣਿਉਂ ਲੰਘਦੀ ਕੋਈ ਵਾਕਫ ਤੀਂਵੀਂ ਉਸ ਨੂੰ ਕਹਿ ਗਈ ਕਿ ਭਾਈਆ ਅੱਜ ਦੁਪਹਿਰ ਦੀ ਰੋਟੀ ਸਾਡੇ ਘਰ ਖਾਣੀ ਹੈ।
ਥੋੜੀ ਦੇਰ ਪਿੱਛੋਂ ਬਦਰੂ ਆਪਣੇ ਘਰ ਨੂੰ ਜੰਦਰਾ ਲਾ ਕੇ ਕਦੇ ਆਪਣੇ ਗਲ਼ ਪਾਈ ਕਾਲ਼ੀ ਜੈਕਿਟ ਦੇ ਕਮਾਲ ਵੱਲ, ਕਦੇ ਜੈਕਿਟ ਦੀ ਜੇਬ ਵਿੱਚ ਪਾਈ ਬੈਂਕ ਦੀ ਕਾਪੀ ਵੱਲ ਤੇ ਪੈਨਸ਼ਨ ਦੀ ਰਕਮ ਵੱਲ ਕਦੇ ਉਸ ਨੂੰ ਜੈਕਿਟ ਦੇਣ ਵਾਲੇ ਵੱਲ ,ਤੇ ਕਦੇ ਉਸ ਨੂੰ ਪੈਨਸ਼ਨ ਦੀ ਕਾਪੀ ਸਮੇਤ ਰਕਮ ਵਾਪਸ ਕਰਨ ਵਾਲੇ ਬਾਰੇ ਸੋਚ ਕੇ ਹੈਰਾਨ ਹੁੰਦਾ, ਰੋਟੀ ਖਾਣ ਵਾਲੇ ਘਰ ਵੱਲ ਨੂੰ ਜਾ ਰਿਹਾ ਸੀ।
ਰਵੇਲ ਸਿੰਘ
Brampton C.A