ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

24.02.2025

ਸਿੱਖ ਕਤਲੇ-ਆਮ: ਸਰਕਾਰੀ ਵਕੀਲ ਨੇ ਸੱਜਣ ਕੁਮਾਰ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ।

ਸਲਵਾਨ ਜਲਾਦਾਂ ਨੂੰ ਆਖਦਾ, ਕਰ ਦਿਓ ਪੂਰਨ ਜਲਦ ਹਲਾਲ।

ਐਡਵੋਕੇਟ ਧਾਮੀ ਨੇ ਦਬਾਅ ਹੇਠ ਅਸਤੀਫ਼ਾ ਦਿਤਾ- ਗਿਆਨੀ ਹਰਪ੍ਰੀਤ ਸਿੰਘ

ਅਸੀਂ ਆਣ ਕੇ ਰੁਲ਼ਾਂਗੇ ਵਿਚ ਵਿਹੜੇ, ਸਾਡੀ ਕੋਈ ਨਾ ਲਵੇਗਾ ਸਾਰ ਹੀਰੇ।

ਹੁਣ ਪਤਾ ਲੱਗਿਐ ਕਿ ਅਕਾਲ ਤਖ਼ਤ ਦੇ ਹੁਕਮਨਾਮੇ ਸਿਰਫ਼ ਇਸ ਦੀ ਚਾਰ ਦੀਵਾਰੀ ਤੱਕ ਹੀ ਸੀਮਤ ਹੁੰਦੇ ਨੇ- ਜਥੇਦਾਰ ਰਘਬੀਰ ਸਿੰਘ

ਲੋਕਾਂ ਭਾਣੇ ਇਸ਼ਕ ਸੁਖਾਲਾ. ਇਸ਼ਕ ਨਾ ਛੱਡਦਾ ਫੱਕਾ ਕੁੜੇ।

ਕਿਸਾਨ ਚਿੰਤਾ ਨਾ ਕਰਨ, ਫ਼ਸਲਾਂ ਦੇ ਪੂਰੇ ਮੁੱਲ ਦਿਤੇ ਜਾਣਗੇ- ਸ਼ਿਵਰਾਜ ਚੌਹਾਨ

ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ।

ਕੈਨੇਡਾ ‘ਚ ਰੂਬੀ ਢੱਲਾ ਲਿਬਰਲ ਪਾਰਟੀ ਦੀ ਲੀਡਰਸ਼ਿੱਪ ਤੋਂ ਬਾਹਰ, ਦਿਤੀ ਅਯੋਗ ਕਰਾਰ- ਇਕ ਖ਼ਬਰ

ਬੀਬੀ ਆਵਾਸੀਆਂ ਨੂੰ ਕੱਢਦੀ ਕੱਢਦੀ ਆਪ ਹੀ ਅਯੋਗ ਕਰਾਰ ਹੋ ਗਈ।

ਮੈਂ ਕਿਸੇ ਨੂੰ ਵੀ ਨਹੀਂ ਬਖ਼ਸ਼ਾਂਗਾ, ਭਾਰਤ ਹੋਵੇ ਜਾਂ ਚੀਨ- ਟਰੰਪ

ਯਾਰੀ ਲੱਗੀ ਤੇ ਲਵਾ ‘ਤੇ ਤਖਤੇ, ਟੁੱਟੀ ‘ਤੇ ਚੁਗਾਠ ਪੁੱਟ ਲਈ।

ਹਰਿਆਣਾ ‘ਚ ਕਾਂਗਰਸ ਨੂੰ ਝਟਕਾ: ਚਾਰ ਵੱਡੇ ਆਗੂ ਭਾਜਪਾ ‘ਚ ਸ਼ਾਮਲ- ਇਕ ਖ਼ਬਰ

ਸੂਰਜ ਚੜ੍ਹਦੇ ਨੂੰ ਹੁੰਦੀਆਂ ਸਲਾਮਾਂ, ਡੁੱਬਦੇ ਨੂੰ ਕੌਣ ਪੁੱਛਦਾ।

ਅਹੁਦੇ ਦੀ ਸਹੁੰ ਚੁੱਕਣਗੇ ਨਵੇਂ ਚੁਣੇ ਗਏ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ- ਇਕ ਖ਼ਬਰ

ਸੰਨ 2029 ਤੱਕ ਭਾਜਪਾ ਨੂੰ ਹੁਣ ਮੌਜਾਂ ਹੀ ਮੌਜਾਂ।

ਅਕਾਲ ਤਖ਼ਤ ਦੇ ਜਥੇਦਾਰ ਨੇ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ- ਇਕ ਖ਼ਬਰ

ਜਥੇਦਾਰ ਜੀ, ਚੰਗਾ ਹੁੰਦਾ ਜੇ ਇਸ ਨੂੰ ਵਿਗਾੜੇ ਹੋਏ ਧੁਮੱਕੜ ਕੈਲੰਡਰ ਦਾ ਨਾਮ ਦਿੰਦੇ।

2027 ਦੀਆਂ ਚੋਣਾਂ ਲਈ ਭਾਜਪਾ ਅਕਾਲੀ ਦਲ ਨਾਲ ਗੱਠਜੋੜ ਨਹੀਂ ਕਰੇਗੀ- ਮਨਜਿੰਦਰ ਸਿਰਸਾ

ਸਿਰਸਾ ਸਾਹਿਬ, ਜਨਾਨੀ ਮਰਦ ਵਿਚ ਕਦੇ ਵੀ ਸੁਲ੍ਹਾ ਹੋ ਸਕਦੀ ਐ।

ਸਰਕਾਰ ਕਿਸਾਨਾਂ ਨਾਲ਼ ਗੱਲਬਾਤ ਕਰ ਰਹੀ ਹੈ ਤੇ ਅੱਗੇ ਵੀ ਕਰਦੀ ਰਹੇਗੀ- ਸ਼ਿਵਰਾਜ ਚੌਹਾਨ

ਗੱਲ ਮੁੱਕੀ ਨਾ ਸੱਜਣ ਨਾਲ ਮੇਰੀ, ਅੱਧੀ ਰਾਤੋਂ ਰਾਤ ਟੱਪ ਗਈ।

ਹੁਣ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖ਼ਲ ਹੋਣਾ ਅਸੰਭਵ- ਅਮਰੀਕੀ ਫੌਜੀ ਅਧਿਕਾਰੀ

ਪਿੰਡ ਪਹਿਰੇ ਲੱਗ ਗਏ ਵੇ, ਚੰਦਰਿਆ ਹੁਣ ਨਾ ਮਾਰੀਂ ਗੇੜੇ

ਪੰਥ ਨੂੰ ਸੰਕਟ ‘ਚੋਂ ਕੱਢਣ ਦੀ ਬਜਾਇ ਧਾਮੀ ਅਸਤੀਫ਼ਾ ਦੇ ਕੇ ਭੱਜੇ- ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਵਾਲਾ

ਸਾਨੂੰ ਵਿਚ ਕੰਡਿਆਂ ਦੇ ਛੱਡ ਕੇ, ਆਪ ਕਿੱਕਰ ‘ਤੇ ਚੜ੍ਹ ਗਿਆ ਨੀ।

ਰਾਕੇਸ਼ ਟਿਕੈਤ ਕਿਸਾਨਾਂ ਦਾ ਏਕਾ ਕਰਵਾਉਣ-ਚੜੂਨੀ

ਆਸ਼ਕ ਸੜਦੇ ਧੁੱਪੇ, ਕੁਆਰੀਏ ਛਾਂ ਕਰ ਦੇ।

ਸੀਨੀਅਰ ਅਕਾਲੀ ਆਗੂ ਐਡਵੋਕੇਟ ਧਾਮੀ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਪਹੁੰਚੇ- ਇਕ ਖ਼ਬਰ

ਅੜੀ ਵੇ ਅੜੀ ਨਾ ਕਰ ਬਹੁਤੀ ਤੂੰ ਅੜੀ, ਦੁੱਧ ਪੀ ਲੈ ਬਾਲਮਾਂ, ਵੇ ਮੈਂ ਕਦੋਂ ਦੀ ਖੜ੍ਹੀ।

==================================================================