ਮਨੁੱਖਤਾ ਲਈ ਰਾਮਬਾਣ -ਮੋਰਲ ਸਪੋਰਟ - ਸੁਖਪਾਲ ਸਿੰਘ ਗਿੱਲ
ਮਨੁੱਖ ਸਮਾਜਿਕ ਪ੍ਰਾਣੀ ਹੈ।ਇਸ ਲਈ ਸਮਾਜ ਵਿੱਚ ਰਹਿੰਦਿਆਂ ਤਰ੍ਹਾਂ ਤਰ੍ਹਾਂ ਦੇ ਝਮੇਲਿਆਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਮਨੁੱਖ ਨੂੰ ਹਰ ਤਰ੍ਹਾਂ ਦੇ ਬੰਦਿਆਂ ਨਾਲ ਵਿਚਰ ਕੇ ਕਈ ਕਈ ਤਰ੍ਹਾਂ ਦੀਆਂ ਸਮੱਸਿਆਂਵਾਂ ਵਿੱਚੋਂ ਵੀ ਗੁਜ਼ਰਨਾ ਪੈਂਦਾ ਹੈ।ਮੋਰਲ ਸਪੋਰਟ ਜਿਸ ਨੂੰ ਪੰਜਾਬੀ ਵਿੱਚ ਨੈਤਿਕ ਸਮਰਥਨ ਕਿਹਾ ਜਾਂਦਾ ਹੈ ਇਹ ਮਨੁੱਖੀ ਜੀਵਨ ਵਿੱਚ ਇੱਕ ਸੰਜੀਵਨੀ ਬੂਟੀ ਦਾ ਰੁਤਬਾ ਰੱਖਦਾ ਹੈ। ਬਿਨਾਂ ਸੋਚੇ ਸਮਝੇ ਮੂੰਹੋਂ ਗੱਲ ਕੱਢ ਕੇ ਕਈ ਵਾਰ ਸਾਹਮਣੇ ਵਾਲੇ ਨੂੰ ਗੰਭੀਰ ਦੁਬਿਧਾ ਵਿੱਚ ਪਾ ਦਿੱਤਾ ਜਾਂਦਾ ਹੈ।ਇਹ ਵੀ ਕਹਿ ਲਿਆ ਜਾਵੇ ਕਿ "ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਘਰੋਂ ਕੱਢਦਾ ਹਾਂ" ਤਾਂ ਵੀ ਅਤਿਕਥਨੀ ਨਹੀਂ ਹੈ।ਇਸ ਲਈ ਮੂੰਹੋਂ ਸ਼ਬਦ ਗੰਭੀਰਤਾ ਨਾਲ ਸੋਚ ਵਿਚਾਰ ਕੇ ਉਸ ਦੇ ਖਰੇ ਖੋਟੇ ਪ੍ਰਭਾਵ ਘੋਖ ਕੇ ਹੀ ਕੱਢਣੇ ਚਾਹੀਦੇ ਹਨ।ਇਹੀ ਮਨੁੱਖ ਦਾ ਸਦਾਚਾਰ ਹੋਣਾ ਚਾਹੀਦਾ ਹੈ। ਨੈਤਿਕ ਸਮਰਥਨ ਦੀ ਜਾਂਚ ਜ਼ਰੂਰੀ ਹੈ।
ਕਿਸੇ ਨਾਲ ਗੱਲ ਕਰਨ ਤੋਂ ਪਹਿਲਾਂ ਉਸ ਦੀ ਭਾਵਨਾ ਪੜ੍ਹਨ ਦਾ ਸਲੀਕਾ ਹੋਣਾ ਚਾਹੀਦਾ ਹੈ। ਦੂਜੇ ਨਾਲ ਸੋਚ ਸਮਝ ਕੇ ਠਰ੍ਹੰਮੇ ਨਾਲ ਗੱਲ ਕਰਨੀ ਚਾਹੀਦੀ ਹੈ। ਹਮੇਸ਼ਾ ਨੈਤਿਕ ਸਮਰਪਣ ਵਿੱਚੋਂ ਹੀ ਨੈਤਿਕ ਸਮਰਥਨ ਉਪਜਦਾ ਹੈ।ਇਹ ਦੋਵੇਂ ਤੱਥ ਇੱਕ ਦੂਜੇ ਨਾਲ ਹੀ ਸੰਪੂਰਨ ਹੁੰਦੇ ਹਨ।ਸਮਝ ਲੈਣਾ ਚਾਹੀਦਾ ਹੈ ਕਿ ਨੈਤਿਕ ਸਮਰਥਨ ਆਸਰਾ ਦੇਣਾ ਹੁੰਦਾ ਹੈ। ਨੈਤਿਕ ਸਮਰਥਨ ਦੀ ਲੋੜ ਘੱਟ ਗਿਆਨਵਾਨ ਅਤੇ ਮਾਨਸਿਕ ਕੰਮਜ਼ੋਰ ਨੂੰ ਹੁੰਦੀ ਹੈ।ਜੋ ਹਾਲਾਤਾਂ ਤੋਂ ਭੱਜ ਜਾਂਦੇ ਹਨ ਮੁਕਾਬਲਾ ਨਹੀਂ ਕਰ ਸਕਦੇ, ਉਹਨਾਂ ਲਈ ਨੈਤਿਕ ਸਮਰਥਨ ਰਾਮਬਾਣ ਹੁੰਦਾ ਹੈ।ਸਮਾਜ ਵਿੱਚ ਵਿਚਰਦਿਆਂ ਨੈਤਿਕ ਸਮਰਥਨ ਦੀ ਲੋੜ ਰੋਗੀਆਂ, ਆਰਥਿਕ, ਸਮਾਜਿਕ ਕੰਮਜ਼ੋਰ ਅਤੇ ਮਾਨਸਿਕ ਕਮਜ਼ੋਰ ਨੂੰ ਪੈਂਦੀ ਹੈ। ਨੈਤਿਕ ਸਮਰਥਨ ਨਾਲ ਠਹਿਰਾਓ ਆ ਜਾਂਦਾ ਹੈ।ਡਿੱਗਣ ਤੋਂ ਬਚ ਕੇ ਸਹਾਰਾ ਮਿਲ ਜਾਂਦਾ ਹੈ। ਨੈਤਿਕ ਸਮਰਥਨ ਹਾਸਲ ਕਰਨ ਵਾਲਾ ਰਾਹਤ ਜ਼ਰੂਰ ਮਹਿਸੂਸ ਕਰਦਾ ਹੈ।ਉਹ ਆਪਣੇ ਆਪ ਨੂੰ ਢਾਲ ਲੈਂਦਾ ਹੈ।
ਜਿਸ ਮਨੁੱਖ ਕੋਲ ਕਾਰਜ ਸਮਰੱਥਾ, ਈਮਾਨਦਾਰੀ ਅਤੇ ਰਿਸ਼ਟ ਪੁਸ਼ਟ ਸਿਹਤ ਹੈ,ਪਰ ਹੋਵੇ ਸਮਝਦਾਰ ਉਸਨੂੰ ਨੈਤਿਕ ਸਮਰਥਨ ਦੀ ਲੋੜ ਨਹੀਂ ਹੁੰਦੀ ਬਲਕਿ ਉਹ ਮੋਰਲ ਸਪੋਰਟ ਦੇ ਕੇ ਸਾਹਮਣੇ ਵਾਲੇ ਨੂੰ ਦੁਬਿੱਧਾ ਵਿੱਚੋਂ ਬਾਹਰ ਕੱਢ ਦਿੰਦਾ ਹੈ।ਅੰਧਵਿਸ਼ਵਾਸੀ,ਅਗਿਆਨੀ ਅਤੇ ਆਤਮਵਿਸ਼ਵਾਸ ਦੀ ਕਮੀ ਵਾਲੇ ਨੂੰ ਨੈਤਿਕ ਸਮਰਥਨ ਦੀ ਅਤੀ ਲੋੜ ਹੁੰਦੀ ਹੈ। ਨੈਤਿਕ ਸਮਰਥਨ ਦੇਣ ਵੇਲੇ ਹੱਸੋ ਨਾ ਬਲਕਿ ਸਾਹਮਣੇ ਵਾਲੇ ਦੀ ਰਮਜ਼ ਪੜ੍ਹ ਕੇ ਉਸ ਨਾਲ ਸੁਰ ਮਿਲਾ ਕੇ ਗੱਲ ਕਰੋ। ਉਸਨੂੰ ਇਹ ਵੀ ਮਹਿਸੂਸ ਨਾ ਹੋਵੇ ਕਿ ਮੈਨੂੰ ਸਪੋਰਟ ਦੇ ਰਿਹਾ ਹੈ ਨਹੀਂ ਤਾਂ ਦਿੱਤਾ ਸਮਰਥਨ ਬੇਅਸਰ ਹੋ ਜਾਂਦਾ ਹੈ। ਜਿਸਨੇ ਆਪ ਨੈਤਿਕ ਸਮਰਥਨ ਹਾਸਲ ਕਰਕੇ ਦੁਬਿੱਧਾ ਪਛਾੜੀ ਹੋਵੇ ਉਹ ਵਧੀਆ ਤਰੀਕੇ ਸਲੀਕੇ ਨਾਲ ਸਪੋਰਟ ਦੇ ਸਕਦਾ ਹੈ। ਨੈਤਿਕ ਸਮਰਥਨ ਦੇਣ ਸਮੇਂ ਉਸ ਵਰਗੀਆਂ ਗੱਲਾਂ ਨਾ ਕਰੋ ਬਲਕਿ ਉਸਨੂੰ ਚੁਣੋਤੀ ਨਾਲ ਭਿੜਨ ਬਾਰੇ ਮਾਨਸਿਕ ਤੌਰ ਤੇ ਤਿਆਰ ਕਰੋ। ਜਦੋਂ ਕੋਈ ਵਿਅਕਤੀ ਦੁਬਿੱਧਾ ਵਿੱਚ ਫਸ ਜਾਂਦਾ ਹੈ ਤਾਂ ਉਹ ਤਾਂ ਵੀ ਸਹੀ ਰਹਿ ਸਕਦਾ ਹੈ ਜੇ ਉਸਨੂੰ ਦੁਬਿੱਧਾ ਦਾ ਨਤੀਜਾ ਨਾ ਪਤਾ ਹੋਵੇ। ਇੱਥੇ ਮੋਟੀ ਬੁੱਧੀ ਵਰਦਾਨ ਬੁੱਧੀ ਵੀ ਕੰਮ ਕਰ ਜਾਂਦੀ ਹੈ।
ਨੈਤਿਕ ਸਮਰਥਨ ਹਾਸਲ ਕਰਨ ਵਾਲਾ ਇੱਕ ਵਾਰ ਤਾਂ ਲੱਗੀ ਟਿਕ ਟਿਕੀ ਤੋਂ ਧਿਆਨ ਹਟਾ ਲੈਂਦਾ ਹੈ ਜਿਸ ਨਾਲ ਰਾਹਤ ਮਹਿਸੂਸ ਕਰਦਾ ਹੈ। ਗਿਆਨਵਾਨ ਤਾਂ ਚਿਹਰਾ ਪੜ੍ਹ ਕੇ ਸਪੋਰਟ ਦੇਣੀ ਸ਼ੁਰੂ ਕਰ ਦਿੰਦੇ ਹਨ।ਦਿ੍ੜ ਨਿਸ਼ਚਾ ਨੈਤਿਕ ਸਮਰਥਨ ਦਾ ਇੱਕ ਅਧਿਆਏ ਹੁੰਦਾ ਹੈ।ਜੇ ਨੈਤਿਕ ਸਮਰਥਨ ਦੇਣ ਵਾਲਾ ਸੋਚ ਲਵੇ ਕਿ ਮੈਂ ਸਾਰਥਿਕ ਤਰੀਕੇ ਨਾਲ ਸਹਾਇਤਾ ਕਰਨੀ ਹੈ ਤਾਂ ਸੌ ਤਾਲਿਆਂ ਨੂੰ ਇੱਕ ਚਾਬੀ ਲਾ ਸਕਦਾ ਹੈ। ਮੁੱਕਦੀ ਗੱਲ ਇਹ ਹੈ ਕਿ ਨੈਤਿਕ ਸਮਰਥਨ ਸਾਰੀਆਂ ਚਿੰਤਾਵਾਂ ਨੂੰ ਮੋੜਾ ਦੇ ਸਕਦਾ ਹੈ।ਇਹ ਜਾਨ ਪਾਉਣ ਦਾ ਕੰਮ ਕਰਦਾ ਹੈ।ਇਸ ਲਈ ਹੀ ਨੈਤਿਕ ਸਮਰਥਨ ਨੂੰ ਮਨੁੱਖ ਲਈ ਸੰਜੀਵਨੀ ਕਿਹਾ ਜਾਂਦਾ ਹੈ।"ਮਨ ਜੀਤੈ ਜਗੁ ਜੀਤੁ" ਦੇ ਫ਼ਲਸਫ਼ੇ ਤੋਂ ਬਿਨਾਂ ਨੈਤਿਕ ਸਮਰਥਨ ਅਧੂਰਾ ਰਹਿ ਜਾਂਦਾ ਹੈ। ਇਸਨੂੰ ਸੌ ਰੋਗਾਂ ਦੀ ਇੱਕ ਨੁਸਖ਼ੇ ਨੁਮਾ ਦਵਾਈ ਕਿਹਾ ਜਾਂਦਾ ਹੈ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445